Share on Facebook

Main News Page

ਗੁਰਬਾਣੀ ਗਿਆਨ ਦੇ ਚਾਨਣ ਵਿੱਚ ਚੱਲਣ ਦੀ ਲੋੜ: ਭਾਈ ਹਰਜਿੰਦਰ ਸਿੰਘ ‘ਸਭਰਾਅ’

4 ਸਤੰਬਰ/ ਕਾਰਤੋਨੋਵਾ, ਬੈਰਗਾਮੋ/ਇਟਲੀ-ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਕਾਰਤੋਨੋਵਾ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਐਤਵਾਰ ਵਿਖੇ ਮਨਾਇਆ ਗਿਆ ਜਿਸ ਵਿਚ ਭਾਈ ਹਰਜਿੰਦਰ ਸਿੰਘ ਸਭਰਾਅ ਨੇ ਗੁਰਬਾਣੀ ਦੀ ਮਹਾਨਤਾ ਦੇ ਵਿਸ਼ੇ ਤੇ ਸੰਗਤਾਂ ਨਾਲ ਗੁਰਮਤਿ ਵੀਚਾਰਾਂ ਦੀ ਸਾਂਝ ਪਾਈ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਸਾਹਿਬ ਜੀ ਨੇ ਜਿਥੇ ਆਪਣੀ ਬਾਣੀ ਨੂੰ ਆਪ ਸੰਭਾਲਿਆ ਉਥੇ ਪਹਿਲਾਂ ਹੋ ਚੁੱਕੇ ਅਤੇ ਸਮਕਾਲੀ ਮਹਾਂਪੁਰਖਾਂ ਦੀ ਬਾਣੀ ਨੂੰ ਆਪ ਆਪਣੀਆਂ ਪ੍ਰਚਾਰ ਫੇਰੀਆਂ ਦੌਰਾਨ ਇਕੱਤਰ ਕੀਤਾ ਅਤੇ ਬਾਣੀ ਦਾ ਇਹ ਅਮੁੱਲ ਵਿਰਸਾ ਅੱਗੇ ਤੋਂ ਅੱਗੇ ਚਲਦਾ ਗੁਰੂ ਅਰਜਨ ਸਾਹਿਬ ਜੀ ਤੱਕ ਪੁੱਜਾ। ਜਿਨ੍ਹਾਂ ਨੇ ਆਪ ਪੋਥੀ ਸਾਹਿਬ ਦੇ ਰੂਪ ਵਿਚ ਸੰਪਾਦਨਾ ਕੀਤੀ। ਗੁਰੂ ਸਾਹਿਬ ਵਲੋਂ ਇਹ ਇਕ ਕੀਮਤੀ ਖਜ਼ਾਨਾ ਮਨੁੱਖਤਾ ਨੂੰ ਦਿੱਤਾ ਗਿਆ ਅਤੇ ਨਾਲ ਹੀ ਇਹ ਆਗਿਆ ਵੀ ਕੀਤੀ ਗਈ ਕਿ ਇਸ ਨੂੰ ਆਪ ਵੀ ਜੀਵਨ ਵਿਚ ਵਰਤਣਾ ਹੈ ਅਤੇ ਨਾਲ ਨਾਲ ਹੋਰਾਂ ਮਨੁੱਖਾਂ ਨਾਲ ਵੀ ਇਸ ਦੀ ਸਾਂਝ ਪਾਉਣੀ ਹੈ।

ਪਰ ਅਫਸੋਸ! ਕਿ ਅਸੀਂ ਆਪ ਹੀ ਗੁਰਬਾਣੀ ਪੜ੍ਹਨ, ਸਮਝਣ ਅਤੇ ਕਮਾਉਣ ਤੋਂ ਅਵੇਸਲੇ ਹੋਏ ਬੈਠੇ ਹਾਂ। ਤਾਂ ਫਿਰ ਵੰਡਣ ਵਾਲੀ ਗੱਲ ਤਾਂ ਬਹੁਤ ਦੂਰ ਦੀ ਹੈ।ਅਸੀਂ ਗੁਰਬਾਣੀ ਦੇ ਬਾਹਰੀ ਸਤਿਕਾਰ ਦੀ ਗੱਲ ਤਾਂ ਬਾਰ ਬਾਰ ਕਰਦੇ ਹਾਂ ਪਰ ਇਸਦੇ ਸਿਧਾਤਾਂ ਨੂੰ ਹਰ ਵਾਰ ਅਣਗੌਲਿਆਂ ਕਰਕੇ ਬਾਣੀ ਦੇ ਹੁਕਮਾਂ ਦੀ ਬੇਅਦਬੀ ਕਰਦੇ ਹਾਂ।cਅੱਜ ਅਖੌਤੀ ਬਾਬਿਆਂ ਵਲੋਂ ਪੜ੍ਹੀਆਂ ਜਾਂਦੀਆਂ ਧਾਰਨਾ ਜਿਨ੍ਹਾਂ ਦਾ ਕਿ ਬਹੁਤੀ ਵਾਰ ਗੁਰਬਾਣੀ ਨਾਲ ਕੋਈ ਸਬੰਧ ਹੀ ਨਹੀਂ ਹੁੰਦਾ ਕੀਰਤਨ ਕਹਿ ਕੇ ਗਾਈਆਂ ਅਤੇ ਪ੍ਰਚਾਰੀਆਂ ਜਾਂਦੀਆਂ ਹਨ। ਕੀ ਅਜਿਹੇ ਲੋਕ ਉਨ੍ਹਾਂ ਅਖੌਤੀ ਚਾਰ ਭਗਤਾਂ ਦੀ ਕਾਨ੍ਹਾ, ਪੀਲੂ, ਛੱਜੂ, ਸ਼ਾਹ ਹੁਸੈਨ, ਜਿਨਾਂ ਦੀ ਕੱਚਘਰੜ ਰਚਨਾ ਗੁਰੂ ਸਾਹਿਬ ਜੀ ਨੇ ਪ੍ਰਵਾਨ ਨਹੀਂ ਸੀ ਕੀਤੀ, ਦੀ ਸੋਚ ਦੇ ਵਾਰਸ ਨਹੀਂ? ਇਹ ਤਾਂ ਗੁਰਮਤਿ ਵਿਰੋਧੀਆਂ ਨਾਲੋਂ ਵੀ ਅੱਗੇ ਲੰਘ ਗਏ ਹਨ ਕਿਉਂਕਿ ਉਨ੍ਹਾਂ ਸਿਖੀ ਭੇਸ ਬਣਾ ਕੇ ਕੋਈ ਗੱਲ ਨਹੀਂ ਸੀ ਕੀਤੀ ਅਤੇ ਸਿੱਧਾ ਹੀ ਗੁਰੂ ਸਾਹਿਬ ਤੋਂ ਵੱਖ ਰਹਿ ਕੇ ਵਿਰੋਧ ਕੀਤਾ ਸੀ ਪਰ ਇਹ ਸਾਧੜੇ ਸਿਖੀ ਭੇਸ ਵਿਚ ਗੁਰੂਬਾਣੀ ਦੀ ਬਰਾਬਰੀ ਤੇ ਨਿਰਾਦਰੀ ਕਰਦੇ ਹਨ।

ਅੱਜ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਉਂਦਿਆਂ ਸਾਨੂੰ ਸੋਚਣਾ ਹੋਵੇਗਾ ਕਿ ਕੀ ਅਸੀਂ ਗੁਰਬਾਣੀ ਦੇ ਪ੍ਰਕਾਸ਼ ਤੋਂ ਕੋਈ ਸੇਧ ਲਈ? ਕਿ ਜਾਂ ਅਜੇ ਵੀ ਅਗਿਆਨਤਾ, ਵਹਿਮ ਭਰਮ ਅਤੇ ਕਲਰਮਕਾਂਡਾਂ ਦੇ ਹਨੇਰੇ ਵਿਚ ਟੱਕਰਾਂ ਹੀ ਖਾ ਰਹੇ ਹਾਂ। ‘ਗੁਰਬਾਣੀ ਇਸ ਜਗ ਮਹਿ ਚਾਨਣ’ ਤੋਂ ਸੇਧ ਲੈ ਕੇ ਹੀ ਸਾਡਾ ਭਲਾ ਹੋ ਸਕਦਾ ਹੈ। ਸੰਗਤ ਨੂੰ ਅਪੀਲ ਕਰਦਿਆਂ ਕਿਹਾ ਕਿ ਅੱਜ ਤੋਂ ਬਾਅਦ ਕਿਸੇ ਡੇਰੇ ਨਾ ਜਾਉ, ਕਿਸੇ ਸਾਧ ਦੇ ਗੋਡੀਂ ਪੈਰੀਂ ਹੱਥ ਨਾ ਲਾਉ, ਕਿਸੇ ਤਸਵੀਰ, ਮੜ੍ਹੀ, ਕਬਰ,ਥੜ੍ਹਾ,ਦਰਖਤ ਆਂਦਿ ਨੂੰ ਮੱਥਾ ਨਾ ਟੇਕੋ। ਕਿਉਂਕਿ ਧਾਰਮਿਕ ਪੁਜਾਰੀਆਂ ਨੇ ਸਾਨੂੰ ਉਲਝਾ ਕੇ ਗੁਰੂ ਗ੍ਰੰਥ ਸਾਹਿਬ ਤੋਂ ਦੂਰ ਕਰਨ ਦਾ ਯਤਨ ਕੀਤਾ ਹੈ ਅਤੇ ਫੋਕੇ ਅਡੰਬਰਾਂ ਵਿਚ ਲਾ ਕੇ ਸਾਡੀ ਸ਼ਰਧਾ ਦਾ ਨਾਜਾਇਜ਼ ਫਾਇਦਾ ਲਿਆ ਹੈ। ਅੱਜ ਸਾਡੇ ਕੋਲ ਅਨਗਿਣਤ ਸਾਧਨ ਹਨ ਜਿਨ੍ਹਾਂ ਦੁਆਰਾ ਗੁਰਬਾਣੀ ਵੀਚਾਰ ਨਾਲ ਸਾਂਝ ਪਾਈ ਜਾ ਸਕਦੀ ਹੈ। ਉਨ੍ਹਾਂ ਸੰਗਤ ਨੂੰ ਅਪੀਲ ਕੀਤੀ ਕਿ ਸਾਰੇ ਦਿਨ ਵਿਚ ਘੱਟੋ ਘੱਟ ਇਕ ਸ਼ਬਦ ਅਰਥਾਂ ਸਹਿਤ ਜ਼ਰੂਰ ਪੜ੍ਹੋ ਤਾਂ ਕਿ ਸਾਨੂੰ ਆਪ ਪਤਾ ਲੱਗ ਸਕੇ ਕਿ ਗੁਰਬਾਣੀ ਦੁਆਰਾ ਸਾਨੂੰ ਕੀ ਸੇਧ ਦਿੱਤੀ ਗਈ ਹੈ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top