Share on Facebook

Main News Page

ਡੇਰਿਆਂ, ਮਨਮਤਾਂ, ਕਰਮਕਾਂਡਾਂ, ਧੜੇਬੰਦੀਆਂ ਦਾ ਤਿਆਗ ਕਰ ਕੇ ਹੀ ਕੌਮ ਦੀ ਚ੍ਹੜਦੀ ਕਲਾ ਹੋ ਸਕਦੀ ਹੈ: ਭਾਈ ਹਰਜਿੰਦਰ ਸਿੰਘ ਸਭਰਾਅ

21 ਅਗਸਤ/ ਰੋਮ/ ਇਟਲੀ: ਹਫਤਾਵਾਰੀ ਦੀਵਾਨ ਵਿਚ ਗੁਰਦੁਆਰਾ ਸਿੰਘ ਸਭਾ ਸੁਬੋਧੀਆ ਵਿਖੇ ਭਾਈ ਹਰਜਿੰਦਰ ਸਿੰਘ ਸਭਰਾਅ ਨੇ ਪੰਡਤ ਸ਼ਾਸ਼ਤ ਸਿਮ੍ਰਤ ਪੜ੍ਹਿਆ ਗਉੜੀ ਮਹਲਾ 4 ਸ਼ਬਦ ਦੀ ਵੀਚਾਰ ਕਰਦਿਆਂ ਕਿਹਾ ਕਿ ਮਨੁੱਖ ਨੇ ਆਪਣੀ ਆਪਣੀ ਮੱਤ ਨੂੰ ਮੁੱਖ ਰੱਖ ਕੇ ਸੱਚ ਰੂਪ ਪ੍ਰਮਾਤਮਾ ਨੂੰ ਪਾਉਣ ਦੀ ਕੋਸ਼ਿਸ਼ ਕੀਤੀ, ਪਰ ਗੁਰੂ ਜੀ ਕਹਿੰਦੇ ਹਨ ਕਿ ਉਨ੍ਹਾਂ ਦੇ ਇਹ ਸਾਰੇ ਕਾਰਜ ਹਉਮੈ ਦਾ ਕਾਰਣ ਹੀ ਬਣਦੇ ਰਹੇ।ਅਸਲ ਰਸਤਾ ਤਾਂ ਪ੍ਰਭੂ ਪ੍ਰਮਾਤਮਾ ਦੇ ਗੁਣਾਂ ਨੂੰ ਜੀਵਨ ਵਿਚ ਗੁਰਬਾਣੀ ਰਾਹੀਂ ਧਾਰਨ ਕਰਨ ਦਾ ਹੈ, ਜਿਸਤੋਂ ਧਰਮ ਮੁਖੀਆਂ ਤੇ ਧਰਮ ਪਹਿਰਾਵੇ ਤਕ ਸੀਮਤ ਰਹਿਣ ਵਾਲਿਆਂ ਨੇ ਲੋਕਾਈ ਨੂੰ ਦੂਰ ਰੱਖਿਆ ਹੈ। ਅੱਜ ਵੀ ਕੋਈ ਜਦੋਂ ਕੋਈ ਧਰਮ ਸਥਾਨ ਤੇ ਕੋਈ ਵਸਤੂ ਦਿੰਦਾ ਹੈ ਤਾਂ ਉਸ ਉਪਰ ਆਪਣਾ ਨਾਂ ਪਤਾ ਲਿਖਣ ਦੀ ਭੁੱਖ ਹੁੰਦੀ ਹੈ ਜੋ ਅਸਲ ਵਿਚ ਹਉਮੈਂ ਹੀ ਤਾਂ ਹੈ। ਸਿਖ ਧਰਮ ਵਿਚ ਵੰਡ ਛਕਣ ਦਾ ਸਿਧਾਂਤ ਹੈ ਦਾਨ ਦਾ ਨਹੀਂ ਕਿਉਂਕਿ ਦਾਨ ਸਿਰਫ ਗੁਰੂ ਪ੍ਰਮਾਤਮਾ ਹੀ ਦੇ ਸਕਦਾ ਹੈ ਮਨੁੱਖ ਨਹੀਂ। ਪਰ ਦਾਨ ਦੇ ਨਾਂ ਤੇ ਅਖੌਤੀ ਧਾਰਮਿਕ ਆਗੂਆਂ ਨੇ ਆਪਣੇ ਆਲੀਸ਼ਾਨ ਮਹਿਲ ਖੜੇ ਕਰ ਲਏ ਅਤੇ ਲੋਕਾਂ ਨੂੰ ਆਪਣੀਆਂ ਕੱਚੀਆਂ ਗੱਲਾਂ ਵਿਚ ਹੀ ਉਲਝਾਈ ਰੱਖਿਆ। ਜਿਵੇਂ ਸਿਖਾਂ ਵਿਚ ਅਖੌਤੀ ਬਾਬਿਆਂ ਤੇ ਸਾਧਾਂ ਨੇ ਦਾਨ ਦੇ ਨਾਂ ਤੇ ਸਿਖਾਂ ਦੇ ਹਰ ਵਰਗ ਤੋਂ ਭਾਵੇਂ ਉਹ ਦੁਕਾਨਦਾਰ ਹੈ ਜਾਂ ਕਿਸਾਨ ਹੈ ਜਾਂ ਮਜ਼ਦੂਰ ਹੈ ਦਾਨ ਦੇ ਨਾਂ ਤੇ ਖੂਬ ਕਮਾਈ ਕੀਤੀ ਹੈ ਪਰ ਲੋਕਾਂ ਦੀਆਂ ਮੁਸ਼ਕਲਾਂ ਦਾ ਅਤੇ ਕੌਮ ਦੀ ਸੇਵਾ ਦਾ ਕਦੇ ਧਿਆਨ ਨਹੀ ਕੀਤਾ।

ਜਦੋਂ ਵੀ ਕੌਮ ਨੂੰ ਜ਼ਰੂਰਤ ਪੈਂਦੀ ਹੈ ਤਾਂ ਇਹ ਕਿਧਰੇ ਅਲੋਪ ਹੋ ਜਾਂਦੇ ਹਨ ਅਤੇ ਸੁਖਾਵੇਂ ਸਮਿਆਂ ਵਿਚ ਭੁਮੱਕੜਾਂ ਵਾਂਗ ਨਿਕਲ ਆਉਂਦੇ ਹਨ। ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਫਾਂਸੀ ਰੋਕਣ ਬਾਰੇ ਇਕ ਲਫਜ਼ ਤਕ ਨਾ ਕਹਿਣਾ, ਸਰਕਾਰਾਂ ਨਾਲ ਤਾਲਮੇਲ ਹੋਣ ਦੇ ਬਾਵਜੂਦ ਵੀ ਨਜ਼ਰਬੰਦ ਸਿਖਾਂ ਦੀ ਰਿਹਾਈ ਲਈ ਆਵਾਜ਼ ਤਕ ਨਾ ਕੱਢਣੀ, ਕਿਸਾਨਾਂ ਤੋਂ ਉਗਰਾਹੀਆਂ ਤਾਂ ਲੈ ਲੈਣੀਆਂ ਪਰ ਉਨ੍ਹਾਂ ਤੇ ਹੁੰਦੇ ਤਸ਼ੱਦਦ ਬਾਰੇ ਇਕ ਲਫਜ਼ ਤਕ ਨਾ ਬੋਲਣਾ ਇਨ੍ਹਾਂ ਦੇ ਖੋਟੇਪਨ ਦੀਆਂ ਗਵਾਹੀਆਂ ਹਨ। ਡੇਰੇ ਪੱਕੇ ਕਰਨ ਨੂੰ ਹੀ ਸਿੱਖੀ ਸਮਝ ਰੱਖਿਆ ਹੈ ਅਤੇ ਆਪਣੇ ਆਪ ਨੂੰ ਮਹਾਨ ਸਾਬਤ ਕਰਨ ਤੇ ਹੀ ਜ਼ੋਰ ਦੇਈ ਰੱਖਿਆ ਹੈ। ਅਗਿਆਨੀ ਲੋਕਾਂ ਨੇ ਇਨ੍ਹਾਂ ਦੀ ਪੂਜਾ ਤੇ ਭੇਟਾ ਦੀ ਬਹੁਤਾ ਕਰਕੇ ਇਨ੍ਹਾਂ ਦੀਆਂ ਜੜ੍ਹਾਂ ਮਜ਼ਬੂਤ ਕੀਤੀਆਂ ਹਨ।

ਭਾਈ ਹਰਜਿੰਦਰ ਸਿੰਘ ਨੇ ਕਿਹਾ ਕਿ ਅੱਜ ਸਭ ਤੋਂ ਵੱਡੀ ਬੀਮਾਰੀ ਨਸ਼ੇ ਦੀ ਹੈ ਜਿਸ ਵਿਚ ਕੌਮ ਦੀ ਜਵਾਨੀ ਬੁਰੀ ਤਰ੍ਹਾਂ ਬਰਬਾਦ ਹੋ ਰਹੀ ਹੈ। ਨਸ਼ਿਆਂ ਦਾ ਸੇਵਨ ਕਰਨ ਵਾਲੇ ਲੋਕ ਮਾਨਸਕ, ਸਰੀਰਕ, ਆਰਥਕ ਅਤੇ ਹਰ ਤਰ੍ਹਾਂ ਨਾਲ ਤਬਾਹ ਹੋ ਜਾਂਦੇ ਹਨ। ਅੱਜ ਰਾਜਨੀਤਕ ਲੋਕਾਂ ਤੇ ਅਖੌਤੀ ਧਾਰਮਕ ਲੋਕਾਂ ਵਲੋਂ ਅੰਦਰੋ ਅੰਦਰੀ ਸਿਖ ਕੌਮ ਦੀ ਜਵਾਨੀ ਨੂੰ ਨਸ਼ਿਆਂ ਵਿਚ ਗਾਲਣ ਲਈ ਅੱਡੀ ਚੋਟੀ ਦਾ ਜ਼ੋਰ ਲੱਗਾ ਹੋਇਆ ਹੈ। ਜੇਕਰ ਸਿਖ ਸੰਗਤਾਂ ਗੁਰੁ ਉਪਦੇਸ਼ ਅਨੁਸਾਰ ਜੀਵਨ ਬਤੀਤ ਕਰਨਗੀਆਂ ਤਾਂ ਹੀ ਕੌਮ ਦਾ ਭਵਿੱਖ ਉਜਲਾ ਹੋਵੇਗਾ। ਜਿਥੇ ਸਿਖ ਨੇ ਗੁਰਬਾਣੀ ਦਾ ਸਤਿਕਾਰ ਕਰਨਾ ਹੈ ਗੁਰੂ ਸਾਹਿਬਾਨ ਤੇ ਆਪਣੇ ਮਹਾਨ ਬਜ਼ੁਰਗਾਂ ਦੀ ਵਡਿਆਈ ਕਰਨੀ ਹੈ ਉਥੇ ਗੁਰੂਬਾਣੀ ਨੂੰ ਪੜ੍ਹਨਾ, ਸੁਨਣਾ, ਅਤੇ ਜੀਵਨ ਵਿਚ ਅਮਲੀ ਤੌਰ ਤੇ ਧਾਰਨ ਵੀ ਕਰਨਾ ਹੈ ਤਾਂ ਹੀ ਅਸੀਂ ਗੁਰਮੁਖਤਾਈ ਵਾਲਾ ਜੀਵਨ ਜਿਊ ਸਕਦੇ ਹਾਂ। ਗੁਰੂ ਸਾਹਿਬਾਨ ਨੇ ਸਾਨੂੰ ਗੁਰਦੁਆਰੇ ਦਿੱਤੇ ਸਨ ਸੰਗਤ ਕਰਨ ਅਤੇ ਭਾਈਚਾਰਾ ਪੱਕਾ ਕਰਨ ਲਈ ਅਤੇ ਗੁਰ ਉਪਦੇਸ਼ ਸਮਝਣ ਲਈ ਪਰ ਅਸੀਂ ਲੀਡਰੀਆਂ ਤੇ ਰਾਜਨੀਤਕ ਚਾਲਾਂ ਵਿਚ ਉਲਝ ਕੇ ਉਹ ਵੀ ਜਾਤਾਂ ਪਾਤਾਂ ਦੇ ਆਧਾਰ ਤੇ ਵੰਡ ਲਏ ਹਨ। ਗੁਰਮਤਿ ਸਾਨੂੰ ਧਰਮ ਦਾ ਧੜਾ ਬਣਾਉਣ ਦੀ ਗੱਲ਼ ਕਰਦੀ ਹੈ ਪਰ ਅਸੀਂ ਧੜੇ ਨੂੰ ਹੀ ਧਰਮ ਮੰਨ ਲਿਆ ਹੈ।ਸਾਨੂੰ ਸਮੂਹ ਸਿਖਾਂ ਨੂੰ “ਹਮਰਾ ਧੜਾ ਹਰ ਰਹਿਆ ਸਮਾਈ’’ ਦੇ ਉਪਦੇਸ਼ ਤੇ ਅਮਲ ਕਰਨਾ ਪਵੇਗਾ ਤਾਂ ਹੀ ਚੜ੍ਹਦੀ ਕਲਾ ਹੋ ਸਕਦੀ ਹੈ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top