Share on Facebook

Main News Page

ਗੁਰੂ ਅਮਰਦਾਸ ਜੀ ਵਲੋਂ ਕੀਤੀ ਵਸੀਹਤ ਨੂੰ ਅਸੀਂ ਆਪਣੇ ਜੀਵਨ ਵਿੱਚ ਲਾਗੂ ਕਰਨਾ ਹੈ: ਗਿਆਨੀ ਸ਼ਿਵਤੇਗ ਸਿੰਘ

ਬਠਿੰਡਾ, 2 ਸਤੰਬਰ (ਕਿਰਪਾਲ ਸਿੰਘ): ਗੁਰੂ ਅਮਰਦਾਸ ਜੀ ਵਲੋਂ ਕੀਤੀ ਵਸੀਹਤ ਨੂੰ ਅਸੀਂ ਆਪਣੇ ਜੀਵਨ ਵਿੱਚ ਲਾਗੂ ਕਰਨਾ ਹੈ। ਇਹ ਸ਼ਬਦ ਗੁਰਦੁਆਰਾ ਬੰਗਲਾ ਸਾਹਿਬ ਜੀ ਦੇ ਹੈੱਡ ਪ੍ਰਚਾਰਕ ਗਿਆਨੀ ਸ਼ਿਵਤੇਗ ਸਿੰਘ ਜੀ ਨੇ ਬੀਤੇ ਦਿਨ ਇੱਥੇ ਥਰਮਲ ਕਲੋਨੀ ਦੇ ਗੁਰਦੁਆਰਾ ਸਾਹਿਬ ਵਿਖੇ ਭਾਈ ਰਤਨ ਸਿੰਘ ਜੀ ਦੀ ਅੰਤਿਮ ਅਰਦਾਸ ਮੌਕੇ ਕੀਤੇ ਗਏ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਕਹੇ। ਉਨ੍ਹਾਂ ਕਿਹਾ ਕਿ ਆਪਣਾ ਅੰਤਮ ਸਮਾ ਨੇੜੇ ਜਾਣ ਕੇ ਗੁਰੂ ਅਮਰਦਾਸ ਜੀ ਨੇ ਆਪਣੇ ਸਾਰੇ ਪ੍ਰਵਾਰ ਨੂੰ ਆਪਣੇ ਪਾਸ ਬੁਲਾਇਆ ਤੇ ਉਨ੍ਹਾਂ ਨੂੰ ਸਿਖਿਆ ਦਿੱਤੀ ਕਿ ਉਨ੍ਹਾਂ ਨੂੰ ਅਕਾਲ ਪੁਰਖ ਦਾ ਸੱਦਾ ਆ ਗਿਆ ਹੈ ਤੇ ਇਹ ਮੋੜਿਆ ਨੇ ਜਾ ਸਕਦਾ।

ਉਨ੍ਹਾਂ ਨੇ ਸਮਝਾਇਆ ਕਿ ਉਨ੍ਹਾਂ ਦੇ ਪਿੱਛੋਂ ਗੁਰਮਤਿ ਅਨੁਸਾਰੀ ਕਿਹੜੇ ਕੰਮ ਕਰਨੇ ਹਨ ਤੇ ਅਨਮੱਤੀ ਲੋਕਾਂ ਵਲੋਂ ਕੀਤੇ ਜਾ ਰਹੇ ਕਿਹੜੇ ਬੇਲੋੜੇ ਕਰਮਕਾਂਡਾਂ ਨਹੀਂ ਕਰਨੇ। ਗੁਰੂ ਅਮਰਦਾਸ ਜੀ ਦੇ ਪੜਪੋਤੇ ਬਾਬਾ ਸੁੰਦਰ ਜੀ, (ਗੁਰੂ ਅਮਰਦਾਸ ਜੀ ਦੇ ਪੁੱਤਰ ਸਨ ਬਾਬਾ ਮੋਹਰੀ ਜੀ, ਬਾਬਾ ਮੋਹਰੀ ਦੇ ਪੁੱਤਰ ਸਨ ਬਾਬਾ ਆਨੰਦ ਜੀ ਅਤੇ ਬਾਬਾ ਆਨੰਦ ਜੀ ਦੇ ਪੁੱਤਰ ਸਨ ਬਾਬਾ ਸੁੰਦਰ ਜੀ) ਨੇ ਗੁਰੂ ਸਾਹਿਬ ਵਲੋਂ ਦਿੱਤਾ ਉਪਦੇਸ਼ ਕਲਮਬੰਦ ਕਰ ਲਿਆ ਤੇ ਗੁਰੂ ਅਰਜਨ ਸਾਹਿਬ ਜੀ ਨੇ ਸਾਡੀ ਅਗਵਾਈ ਲਈ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 923 ’ਤੇ ਰਾਮਕਲੀ ਸਦੁ ਸਿਰਲੇਖ ਹੇਠ ਦਰਜ਼ ਕਰ ਦਿੱਤਾ। ਇਸ ਬਾਣੀ ਦੀ ਚੌਥੀ ਪਾਉੜੀ ਵਿੱਚ ਗੁਰੂ ਸਾਹਿਬ ਜੀ ਹੁਕਮ ਕਰ ਰਹੇ ਹਨ: ‘ਸਤਿਗੁਰਿ ਭਾਣੈ ਆਪਣੈ ਬਹਿ ਪਰਵਾਰੁ ਸਦਾਇਆ ॥ ਮਤ ਮੈ ਪਿਛੈ ਕੋਈ ਰੋਵਸੀ ਸੋ ਮੈ ਮੂਲਿ ਨ ਭਾਇਆ ॥’ ਸੋ ਇਸ ਸ਼ਬਦ ਵਿੱਚ ਗੁਰੂ ਸਾਹਿਬ ਵਲੋਂ ਹਦਾਇਤ ਹੈ ਕਿ ਵਿਅਕਤੀ ਦੀ ਮੌਤ ’ਤੇ ਰੋਣਾ ਬਿਲਕੁਲ ਚੰਗਾ ਨਹੀਂ ਹੈ ਕਿਉਂਕਿ ਰੋਣ ਵਾਲੇ ਰੱਬ ਦਾ ਭਾਣਾ ਮੰਨਣ ਦੀ ਥਾਂ ਉਸ ਦਾ ਵਿਰੋਧ ਕਰ ਰਹੇ ਹੁੰਦੇ ਹਨ ਤੇ ਕਹਿ ਰਹੇ ਹੁੰਦੇ ਹਨ ਕਿ ਰੱਬ ਨੇ ਚੰਗਾ ਨਹੀਂ ਕੀਤਾ ਤੇ ਉਸ ਨੂੰ ਇਸ ਤਰ੍ਹਾਂ ਨਹੀਂ ਸੀ ਕਰਨਾ ਚਾਹੀਦਾ। ਪਰ ਅਕਾਲ ਪੁਰਖ ਦੇ ਭਾਣੇ ਨੂੰ ਨਾ ਮੰਨਣ ਵਾਲੇ ਗੁਰਮਤਿ ਵਿੱਚ ਪ੍ਰਵਾਨ ਨਹੀਂ ਹਨ।

ਫਿਰ ਕਰਨਾ ਕੀ ਹੈ ਇਹ ਪੰਜਵੀਂ ਪਾਉੜੀ ਵਿੱਚ ਸਮਝਾ ਰਹੇ ਹਨ ਕਿ ਮੇਰੇ ਪਿੱਛੋਂ ਅਕਾਲਪੁਰਖ ਦੀ ਸਿਫਤ ਸਾਲਾਹ ਵਿੱਚ ਨਿਰੋਲ ਕੀਰਤਨ ਹੀ ਕੀਤਾ ਜਾਵੇ:

ਅੰਤੇ ਸਤਿਗੁਰੁ ਬੋਲਿਆ ਮੈ ਪਿਛੈ ਕੀਰਤਨੁ ਕਰਿਅਹੁ ਨਿਰਬਾਣੁ ਜੀਉ॥’ ‘ਕੇਸੋ ਗੋਪਾਲ ਪੰਡਿਤ ਸਦਿਅਹੁ ਹਰਿ ਹਰਿ ਕਥਾ ਪੜਹਿ ਪੁਰਾਣੁ ਜੀਉ॥ ਹਰਿ ਕਥਾ ਪੜੀਐ ਹਰਿ ਨਾਮੁ ਸੁਣੀਐ ਬੇਬਾਣੁ ਹਰਿ ਰੰਗੁ ਗੁਰ ਭਾਵਏ॥ ਪਿੰਡੁ ਪਤਲਿ ਕਿਰਿਆ ਦੀਵਾ ਫੁਲ, ਹਰਿ ਸਰਿ ਪਾਵਏ॥

ਇਸ ਪਉੜੀ ਵਿਚ ਵਰਤੇ ਗਏ ਚਾਰ ਲਫ਼ਜ਼: (1) ਕੇਸੋ ਗੋਪਾਲ ਪੰਡਿਤ, (2) ਪੜਹਿ, (3) ਹਰਿਸਰਿ, (4) ਪਾਵਏ,  ਤੋਂ ਬਹੁਤ ਸਾਰੇ ਪ੍ਰਚਾਰਕ ਵੀ ਟਪਲਾ ਖਾ ਜਾਂਦੇ ਹਨ ਤੇ ਸਮਝ ਬੈਠਦੇ ਹਨ ਕਿ ਗੁਰੂ ਸਾਹਿਬ ਇਥੇ ਆਪ ਹੀ ਹਦਾਇਤ ਕਰ ਗਏ ਹਨ ਕਿ ਉਨ੍ਹਾਂ ਪਿੱਛੋਂ ਕਿਸੇ ਕੇਸੋ ਗੁਪਾਲ ਨਾਮ ਦੇ ਪੰਡਿਤ ਨੂੰ ਸੱਦਿਆ ਜਾਵੇ ਤੇ ਉਹ ਗਰੁੜ ਪੁਰਾਣ ਦੀ ਕਥਾ ਕਰੇ ਤੇ ਉਸ ਦੀਆਂ ਅਸਥੀਆਂ (ਫੁੱਲ) ਚੁਣ ਕੇ ਹਰਿਦੁਆਰ ਪਾਏ ਜਾਣ। ਗਿਆਨੀ ਸ਼ਿਵਤੇਗ ਸਿੰਘ ਜੀ ਨੇ ਗੁਰਬਾਣੀ ਦੇ ਪ੍ਰਮਾਣ ਦੇ ਕੇ ਸਮਝਾਇਆ ਕਿ ਕੇਸੋ ਗੁਪਾਲ ਦਾ ਅਰਥ ਹੈ ਅਕਾਲ ਪੁਰਖ। ਪੰਡਿਤ ਦਾ ਅਰਥ ਹੈ ਅਕਾਲ ਪੁਰਖ ਦੀ ਸਿਫਤ ਸਾਲਹ ਕਰਨ ਵਾਲੇ ਵਿਦਵਾਨ। ਅਤੇ ਹਰਿਸਰ ਦਾ ਭਾਵ ਹਰਿਦੁਆਰ ਨਹੀਂ ਅਕਾਲ ਪੁਰਖ਼ ਦਾ ਸਰੋਵਰ ਹੈ ਅਤੇ ਅਕਾਲ ਪੁਰਖ਼ ਦੇ ਸਰੋਵਰ ਦਾ ਭਾਵ ਹੈ ਗੁਰੂ ਦੀ ਹਜੂਰੀ ਵਿੱਚ ਜੁੜੀ ਉਹ ਸੰਗਤ ਹੈ ਜਿਥੇ ਅਕਾਲ ਪੁਰਖ ਦੇ ਗੁਣ ਗਾਇਣ ਕਰਕੇ ਉਸ ਦੀ ਸਿਫਤ ਸਾਲਾਹ ਕੀਤੀ ਜਾ ਰਹੀ ਹੋਵੇ।

ਉਨ੍ਹਾਂ ਕਿਹਾ ਇਸ ਤੁਕ ਵਿੱਚ ਅਰਧ ਵਿਸ਼ਰਾਮ ਦੀਵੇ ਤੋਂ ਬਾਅਦ ਨਹੀਂ ਫੁਲ ਤੋਂ ਬਾਅਦ ਹੈ ਜਿਸ ਦਾ ਭਾਵ ਹੈ ਕਿ ਮ੍ਰਿਤਕ ਪ੍ਰਾਣੀ ਦੇ ਉਧਾਰ ਲਈ ਸਮਝ ਕੇ ਕੀਤੀ ਕਿਰਿਆ ਦੌਰਾਣ ਪਿੰਡੁ, ਪਤਲਿ ਦੀਵੇ ਦੀ ਵਰਤੋਂ ਅਤੇ ਹਰਿਦੁਆਰ ਨਦੀ ਵਿੱਚ ਪਾਏ ਗਏ ਫੁਲਾਂ ਦਾ ਲਾਭ ਮ੍ਰਿਤਕ ਪ੍ਰਾਣੀ ਦੀ ਆਤਮਾਂ ਲਈ ਮੰਨਿਆ ਗਿਆ ਹੈ, ਉਹ ਗੁਰਸਿੱਖ ਨੂੰ ਪ੍ਰਭੂ ਦੀ ਸਿਫਤ ਸਾਲਾਹ ਵਿੱਚੋਂ ਹੀ ਪ੍ਰਾਪਤ ਹੋ ਜਾਂਦਾ ਹੈ। ਉਨ੍ਹਾਂ ਕਿਹਾ ਪਿੰਡ (ਰਸਤੇ ਵਿੱਚ ਰੂਹ ਦੀ ਖੁਰਾਕ ਰੱਖੇ ਗਏ ਜੌਆਂ ਦੇ ਆਟੇ ਦੇ ਪੇੜੇ) ਪੱਤਲ ਅਤੇ ਕਿਰਿਆ ਹਰਿਦੁਆਰ ਵਿੱਚ ਪਾਉਣ ਵਾਲੀਆਂ ਵਸਤੂਆਂ ਨਹੀਂ ਬਲਕਿ ਇੱਥੇ ਹੀ ਕੀਤੀਆਂ ਜਾਂਦੀਆਂ ਹਨ ਜਿਨ੍ਹਾਂ ਦਾ ਗੁਰਮਿਤ ਅਨੁਸਾਰ ਕੋਈ ਲਾਭ ਨਹੀਂ ੳਤੇ ਇਸੇ ਤਰ੍ਹਾਂ ਹਰਿਦੁਆਰ ਜਾਂ ਉਸ ਦੇ ਬਦਲ ਕੀਰਤਪੁਰ ਵਿਖੇ ਫੁੱਲ ਪਾਉਣ ਦਾ ਵੀ ਕੋਈ ਲਾਭ ਨਹੀਂ ਹੈ। ਉਨ੍ਹਾਂ ਕਿਹਾ ਕਿ ਸਦ ਬਾਣੀ ਵਿਚ ਗੁਰੂ ਸਾਹਿਬ ਜੀ ਆਪਣੀ ਵਸੀਹਤ ਲਿਖ ਗਏ ਹਨ ਜਿਹੜੀ ਕਿ ਗੁਰੂ ਦੇ ਸਿੱਖ ਅਖਵਾਉਣ ਵਾਲਿਆਂ ਨੂੰ ਮੰਨਣੀ ਜਰੂਰੀ ਹੈ।

ਗਿਆਨੀ ਸ਼ਿਵਤੇਗ ਸਿੰਘ ਨੇ ਗੁਰਸਿੱਖ ਦੇ ਅੰਤਿਮ ਸੰਸਕਾਰ ਮੌਕੇ ਕੀਤੀ ਜਾਣ ਵਾਲੀ ਗੁਰਮਤਿ ਰੀਤ ਵੀ ਵਿਸਥਾਰ ਨਾਲ ਸਮਝਾਈ। ਇਸ ਮਕਸਦ ਲਈ ਸਿੱਖ ਮਿਸ਼ਨਰੀ ਕਾਲਜ ਵਲੋਂ ਪ੍ਰਚਾਰ ਹਿੱਤ ਛਪਵਾਇਆ ਗਿਆ ਛੋਟਾ ਕਿਤਾਬਚਾ ਵੀ ਸ: ਰਤਨ ਸਿੰਘ ਦੇ ਪ੍ਰਵਾਰ ਵਲੋਂ ਸੰਗਤ ਨੂੰ ਵੱਡੀ ਗਿਣਤੀ ਵਿੱਚ ਵੰਡਿਆ ਗਿਆ। ਪ੍ਰਵਾਰ ’ਤੇ ਇਹ ਸ: ਰਤਨ ਸਿੰਘ ਦੀ ਸਿਖਿਆ ਦਾ ਹੀ ਇਹ ਅਸਰ ਸੀ ਕਿ ਉਨ੍ਹਾਂ ਪਿਛੋਂ ਕੋਈ ਵੀ ਮਨਮਤੀ ਕਰਮਕਾਂਡ ਨਹੀਂ ਕੀਤਾ ਤੇ ਸਾਰੀ ਰੀਤ ਗੁਰਮਤਿ ਅਨੁਸਾਰ ਹੀ ਕੀਤੀ ਗਈ। ਇਸ ਮੌਕੇ ’ਤੇ ਭਾਈ ਰਤਨ ਸਿੰਘ ਦੀ ਯਾਦ ਵਿੱਚ ਪ੍ਰਵਾਰ ਵਲੋਂ 2000 ਰੁਪਏ ਸਿੱਖ ਮਿਸ਼ਨਰੀ ਕਾਲਜ ਨੂੰ ਪ੍ਰਚਾਰ ਹਿੱਤ ਅਤੇ 2000 ਰੁਪਏ ਪਿੰਗਲਵਾੜਾ ਅੰਮ੍ਰਿਤਸਰ ਨੂੰ ਸਹਾਇਤਾ ਵਜੋਂ ਦਿੱਤੇ ਗਏ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top