Share on Facebook

Main News Page

ਪੰਜਾਬ ਨਾਲੋਂ ਤਾਂ ਤਾਮਿਲਨਾਡੂ ਦੀ ਸਰਕਾਰ ਚੰਗੀ ਹੈ, ਜਿਸ ਨੇ ਰਾਜੀਵ ਗਾਂਧੀ ਦੇ ਕਾਤਲਾਂ ਦੀ ਫਾਂਸੀ ਦੀ ਸਜਾ ਮੁਆਫ਼ ਕਰਨ ਦਾ ਮਤਾ ਪਾਸ ਕਰ ਦਿੱਤਾ: ਪ੍ਰੋ. ਸਰਬਜੀਤ ਸਿੰਘ ਧੂੰਦਾ

* ਸੱਜਣ ਠੱਗ ਦੀਆਂ ਸਾਖੀਆਂ ਸੁਣਾਉਣ ਵਲੇ ਪ੍ਰਚਾਰਕ ਤੇ ਆਗੂ ਜਰਾ ਸੋਚਣ ਕਿ ਉਹ ਠੱਗ ਜਰੂਰ ਸੀ ਪਰ ਸਾਡੇ ਨਾਲੋਂ ਤੋਂ ਕਈ ਗੁਣਾਂ ਅੱਛਾ ਸੀ
* ਅਸਲ ਵਿੱਚ ਝੂਠ ਸੱਚ ਦੇ ਕਪੜੇ ਪਾ ਕੇ ਘੁੰਮ ਰਿਹਾ ਹੈ ਤੇ ਇਹ ਸਮਝ ਰਿਹਾ ਹੈ ਕਿ ਉਸ ਦੇ ਸੱਚ ਦਾ ਲਿਬਾਸ ਪਹਿਨਿਆਂ ਵੇਖ ਕੇ ਲੋਕ ਉਸ ਨੂੰ ਸੱਚ ਸਮਝ ਲੈਣਗੇ
* ਇਹ ਸਿਰਫ ਸ਼ੁਭਗੁਣ ਹੀ ਹਨ ਜਿਹੜੇ ਕਿ ਹਮੇਸ਼ਾਂ ਸਾਡੇ ਨਾਲ ਚੱਲ ਸਕਦੇ ਹਨ ਤੇ ਇਹ ਸ਼ੁਭ ਗੁਣ ਗੁਰੂ ਦੇ ਸ਼ਬਦ ਦੀ ਸਿਖਿਆ ਨੂੰ ਆਪਣੇ’ਤੇ ਢੁਕਾ ਅਤੇ ਉਸ’ਤੇ ਅਮਲ ਕਰਕੇ ਹੀ ਪ੍ਰਾਪਤ ਕੀਤੇ ਜਾ ਸਕਦੇ ਹਨ

ਬਠਿੰਡਾ, 3 ਸਤੰਬਰ (ਕਿਰਪਾਲ ਸਿੰਘ): ਪੰਜਾਬ ਨਾਲੋਂ ਤਾਂ ਤਾਮਿਲਨਾਡੂ ਦੀ ਸਰਕਾਰ ਹੀ ਚੰਗੀ ਹੈ ਜਿਸ ਨੇ ਰਾਜੀਵ ਗਾਂਧੀ ਦੇ ਕਾਤਲਾਂ ਦੀ ਫਾਂਸੀ ਦੀ ਸਜਾ ਮੁਆਫ਼ ਕਰਨ ਦਾ ਮਤਾ ਪਾਸ ਕਰ ਦਿੱਤਾ ਹੈ, ਪਰ ਪੰਜਾਬ ਸਰਕਾਰ ਤਾਂ ਪ੍ਰੋ: ਦਵਿੰਦਰ ਸਿੰਘ ਭੁੱਲਰ ਦੀ ਸਜਾ ਮੁਆਫ਼ੀ ਲਈ ਇਹ ਵੀ ਨਹੀਂ ਕਰ ਸਕੀ। ਇਹ ਸ਼ਬਦ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਦੇ ਪ੍ਰੋ. ਸਰਬਜੀਤ ਸਿੰਘ ਧੂੰਦਾ ਨੇ ਗੁਰਦੁਆਰਾ ਬੰਗਲਾ ਸਾਹਿਬ ਨਵੀਂ ਦਿੱਲੀ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੀ ਚੱਲ ਰਹੀ ਲੜੀਵਾਰ ਕਥਾ ਦੌਰਾਨ, ਕਥਾ ਕਰਦਿਆਂ ਅੱਜ ਸਵੇਰੇ ਕਹੇ ਜਿਸ ਦਾ ਸਿੱਧਾ ਪ੍ਰਸਾਰਣ ਚੜ੍ਹਦੀਕਲਾ ਟਾਈਮ ਟੀਵੀ ਤੋਂ ਰਿਹਾ ਸੀ। ਉਨ੍ਹਾਂ ਕਿਹਾ ਬਹੁਤ ਸਾਰੇ ਮਸਲੇ ਚੋਣਾਂ ਮੌਕੇ ਬੜੇ ਜੋਰ ਸ਼ੋਰ ਨਾਲ ਉਠਾਏ ਜਾਂਦੇ ਹਨ ਪਰ ਉਨ੍ਹਾਂ ਮਸਲਿਆਂ ਦੇ ਹੱਲ ਲਈ ਸਾਡੇ ਆਗੂ ਕਦੀ ਵੀ ਗੰਭੀਰ ਨਹੀਂ ਹੁੰਦੇ ਇਸੇ ਕਾਰਣ ਚੋਣਾਂ ਪਿੱਛੋਂ ਉਹ ਪੂਰੀ ਤਰ੍ਹਾਂ ਭੁਲਾ ਦਿੱਤੇ ਜਾਂਦੇ ਹਨ। ਪ੍ਰੋ: ਭੁੱਲਰ ਦਾ ਕੇਸ ਵੀ ਉਨ੍ਹਾਂ ਮੁੱਦਿਆਂ ਵਿੱਚ ਇੱਕ ਹੈ।

ਪ੍ਰੋ. ਧੂੰਦਾ ਨੇ ਕਿਹਾ ਕਿ ਸਿੱਖ ਕੌਮ ਭਿਖਾਰੀਆਂ ਦੀ ਕੌਮ ਨਹੀਂ ਹੈ ਜਿਹੜੀ ਕਿਸੇ ਰਿਆਇਤ ਦੀ ਭੀਖ ਮੰਗਦੀ ਹੋਵੇ। ਇਤਿਹਾਸ ਗਵਾਹ ਹੈ ਕਿ ਸਿੱਖ ਫਾਂਸੀ ਚੜ੍ਹਨ ਤੋਂ ਵੀ ਨਹੀਂ ਘਬਰਉਂਦੇ। ਜੇ ਸੁੱਖੇ ਜਿੰਦੇ ਨੇ ਜਨਰਲ ਵੈਦਿਆ ਨੂੰ ਸੋਧਾ ਲਾਇਆ ਤਾਂ ਉਨ੍ਹਾਂ ਅਦਾਲਤ ਵਿੱਚ ਬੜੇ ਨਿਰਭਉ ਹੋ ਕੇ ਕਬੂਲ ਕੀਤਾ ਕਿ ਉਨ੍ਹਾਂ ਦਰਬਾਰ ਸਾਹਿਬ ’ਤੇ ਚੜ੍ਹ ਕੇ ਆਏ ਹਮਲਾਵਰ ਨੂੰ ਮਾਰ ਕੇ ਆਪਣੇ ਫਰਜ਼ਾਂ ਦੀ ਪੂਰਤੀ ਕੀਤੀ ਹੈ। ਫਾਂਸੀ ਦੀ ਸਜਾ ਮਿਲਣ ’ਤੇ ਉਹ ਰੱਸੇ ਨੂੰ ਚੁੰਮ ਕੇ ਹੱਸ ਕੇ ਫਾਂਸੀ ਚੜ੍ਹੇ। ਪਰ ਪ੍ਰੋ: ਭੁੱਲਰ ਦਾ ਕੇਸ ਉਨ੍ਹਾਂ ਨਾਲੋਂ ਵਖਰਾ ਹ। ਜਿਸ ਨੂੰ ਮਾਰਨ ਲਈ ਉਸ ’ਤੇ ਹਮਲਾ ਕਰਨ ਦਾ ਦੋਸ਼ ਹੈ, ਉਹ ਤਾਂ ਜਿਉਂਦਾ ਫਿਰਦਾ ਹੈ ਪਰ ਬਿਨਾਂ ਸਬੂਤਾਂ ਦੇ ਪ੍ਰੋ: ਭੁੱਲਰ ਨੂੰ ਫਾਂਸੀ ਦੀ ਸਜਾ ਦਿੱਤੀ ਜਾ ਰਹੀ ਹੈ। ਸਾਡੇ ਆਗੂ ਸਿਰਫ ਸਿਆਸੀ ਲਾਹਾ ਲੈਣ ਲਈ ਬਿਆਨਬਾਜ਼ੀ ਕਰਨ ਤੱਕ ਸੀਮਤ ਹਨ। ਪ੍ਰੋ: ਧੂੰਦਾ ਨੇ ਕਿਹਾ ਕਿ ਜੇ ਇਹ ਸੱਚ ਮੁੱਚ ਪ੍ਰੋ: ਭੁੱਲਰ ਦੀ ਫਾਂਸੀ ਦੀ ਸਜਾ ਮੁਆਫ਼ ਕਰਵਾਉਣਾ ਚਾਹੁੰਦੇ ਹਨ, ਤਾਂ ਇਨ੍ਹਾਂ ਨੂੰ ਚਾਹੀਦਾ ਹੈ ਕਿ ਤਾਮਿਲਨਾਡੂ ਦੀ ਵਿਧਾਨ ਸਭਾ ਵਾਂਗ ਪੰਜਾਬ ਵਿਧਾਨ ਸਭਾ ਇਸ ਮਕਸਦ ਲਈ ਮਤਾ ਪਾਸ ਕਰਵਾ ਕੇ ਕੇਂਦਰ ਸਰਕਾਰ ਨੂੰ ਭੇਜੇ।

ਸੱਜਣ ਠੱਗ ਦੀਆਂ ਸਾਖੀਆਂ ਸੁਣਾਉਣ ਵਲੇ ਪ੍ਰਚਾਰਕ ਤੇ ਆਗੂ ਜਰਾ ਸੋਚਣ ਕਿ ਉਹ ਠੱਗ ਜਰੂਰ ਸੀ ਪਰ ਸਾਡੇ ਨਾਲੋਂ ਤੋਂ ਕਈ ਗੁਣਾਂ ਅੱਛਾ ਸੀ। ਉਹ ਤਾਂ ਗੁਰੂ ਨਾਨਕ ਤੋਂ ਇੱਕ ਸ਼ਬਦ ਸੁਣ ਕੇ ਠੱਗੀ ਨੂੰ ਛੱਡ ਕੇ ਭਾਈ ਸੱਜਣ ਬਣ ਗਿਆ ਪਰ ਇਹ ਸਾਖੀਆਂ ਸੁਣਾਉਣ ਵਾਲਿਆਂ ਨੇ ਤਾਂ ਪਤਾ ਨਹੀਂ ਕਿੰਨੇ ਅਖੰਡ ਪਾਠ ਕਰ ਤੇ ਸੁਣ ਛੱਡੇ ਹਨ, ਪਰ ਕਿਸੇ ਇੱਕ ਵੀ ਸ਼ਬਦ ਦੀ ਸਿੱਖਿਆ ਉਨ੍ਹਾਂ ਦੇ ਨੇੜੇ ਨਹੀਂ ਢੁਕਦੀ। ਪ੍ਰ: ਧੂੰਦਾ ਨੇ ਕਿਹਾ ਕਿ ਗੁਰਬਾਣੀ ਦੇ ਸ਼ਬਦ ਸਿਰਫ ਗਿਣਤੀ ਦੇ ਪਾਠ ਕਰਨ ਜਾਂ ਦੂਜਿਆਂ ਨੂੰ ਸੁਣਾਉਣ ਲਈ ਨਹੀਂ ਬਲਕਿ ਉਸ ਨੂੰ ਆਪਣੇ ’ਤੇ ਢੁਕਾ ਕੇ ਵੇਖਣ ਲਈ ਹਨ ਕਿ ਕਦੀ ਇਹ ਔਗੁਣ ਮੇਰੇ ਵਿੱਚ ਤਾਂ ਨਹੀਂ ਹਨ ਅਤੇ ਜੇ ਹੋਣ ਤਾਂ ਭਾਈ ਸੱਜਣ ਵਾਂਗ ਉਹ ਆਪਣੇ ਵਿੱਚੋਂ ਦੂਰ ਕਰਨੇ ਹਨ।

ਉਨ੍ਹਾਂ ਕਿਹਾ ਅਸਲ ਵਿੱਚ ਝੂਠ ਸੱਚ ਦੇ ਕਪੜੇ ਪਾ ਕੇ ਘੁੰਮ ਰਿਹਾ ਹੈ ਤੇ ਇਹ ਸਮਝ ਰਿਹਾ ਹੈ ਕਿ ਉਸ ਦੇ ਸੱਚ ਦਾ ਲਿਬਾਸ ਪਹਿਨਿਆਂ ਵੇਖ ਕੇ ਲੋਕ ਉਸ ਨੂੰ ਸੱਚ ਸਮਝ ਲੈਣਗੇ ਪਰ ਸੱਚ ਕਦੀ ਵੀ ਕਪੜਿਆਂ ਜਾਂ ਲਿਬਾਸ ਤੋਂ ਨਹੀਂ ਬਲਕਿ ਉਸ ਦੀ ਕਹਿਣੀ ਤੇ ਕਰਨੀ ਤੋਂ ਪਛਾਣਿਆਂ ਜਾਂਦਾ ਹੈ। ਇਸ ਲਈ ਝੂਠ, ਸੱਚ ਦੇ ਕਪੜੇ ਪਾ ਕੇ ਆਪਣੇ ਆਪ ਨੂੰ ਤਾਂ ਧੋਖਾ ਦੇ ਸਕਦਾ ਹੈ ਪਰ ਝੂਠ ਕਦੀ ਵੀ ਸੱਚ ਦੀ ਥਾਂ ਨਹੀਂ ਲੈ ਸਕਦਾ। ਉਨ੍ਹਾਂ ਕਿਹਾ ਝੂਠ ‘ਪਖਾ ਪਾਣੀ ਪੀਸਿ ਬਿਗਸਾ ਪੈਰ ਧੋਇ॥' (ਪੰਨਾ 518) ਦੇ ਅੱਖਰੀ ਅਰਥ ਕਰਕੇ ਆਪਣੇ ਪੈਰ ਧੋ ਧੋ ਕੇ ਤਾਂ ਅੰਨ੍ਹੇ ਸ਼ਰਧਾਲੂਆਂ ਨੂੰ ਪਿਆ ਸਕਦਾ ਹੈ ਪਰ ਉਨ੍ਹਾਂ ਨੂ ਜੀਵਨ ਦੀ ਸਹੀ ਸੇਧ ਨਹੀਂ ਦੇ ਸਕਦਾ। ਗੁਰਬਾਣੀ ’ਚੋ ਸੰਤ ਸ਼ਬਦ ਲੈ ਕੇ ਆਪਣੇ ਆਪਣੇ ਆਪ ਨੂੰ ਸੰਤ ਅਖਵਾਉਣ ਵਾਲਿਆਂ ਵਾਂਗ ਹੋ ਸਕਦਾ ਹੈ ਕਿ ‘ਸਾਜਨ ਤੇਰੇ ਚਰਨ ਕੀ ਹੋਇ ਰਹਾ ਸਦ ਧੂਰਿ॥' (ਪੰਨਾ 518) ਦੇ ਅਰਥ ਨੂੰ ਸਮਝੇ ਬਿਨਾਂ ਬਹੁਤੇਰੇ ਝੂਠੇ ਆਪਣਾ ਨਾਮ ਭਾਈ ਸੱਜਣ ਜਾਂ ਸੱਜਣ ਸਿੰਘ ਰਖਵਾ ਲੈਣ ਅਤੇ ਬਹੁਤ ਸਾਰੇ ਅੰਧ ਵਿਸ਼ਵਾਸ਼ੀ ਉਸ ਦੇ ਪੈਰਾਂ ਦੀ ਧੂੜ ਨੂੰ ਮੱਥੇ ’ਤੇ ਵੀ ਲਾਉਣ ਲੱਗ ਪੈਣ ਪਰ ਇਸ ਨਾਲ ਉਸ ਨੇ ਸੱਜਣ ਨਹੀਂ ਬਣ ਜਾਣਾ। ਜੇ ਇਹ ਗੱਲ ਹੁੰਦੀ ਤਾਂ ਗੁਰੂ ਸਾਹਿਬ ਜੀ ਨੂੰ 1430 ਪੰਨਿਆਂ ਦਾ ਗੁਰੂ ਗ੍ਰੰਥ ਸਾਹਿਬ ਲਿਖਣ ਦੀ ਲੋੜ ਨਹੀਂ ਸੀ ਪੈਣੀ। ਉਨ੍ਹਾਂ ਦੇ ਨਾਲ ਬਹੁਤੇਰੇ ਕਰਨੀ ਵਾਲੇ ਸਿੱਖ ਸਨ, ਉਨ੍ਹਾਂ ਨੂੰ ਲੈ ਕੇ ਉਨ੍ਹਾਂ ਤੁਰੇ ਰਹਿਣਾ ਸੀ ਤੇ ਲੋਕਾਂ ਨੂੰ ਕਹਿ ਦਿੰਦੇ ਉਨ੍ਹਾਂ ਦੇ ਪੈਰਾਂ ਨਾਲ ਲਗੀ ਮਿੱਟੀ ਨੂੰ ਮੱਥੇ ਨਾਲ ਲਾਈ ਜਾਵੋ। ਗੁਰੂ ਨਾਨਕ ਸਾਹਿਬ ਨੇ ਇਸ ਭੁਲੇਖੇ ਨੂੰ ਦੂਰ ਕਰਨ ਲਈ ਲਿਖ ਦਿੱਤਾ ਕਿ ਅਸਲੀ ਸੱਜਣ ਉਹ ਹਨ ਜਿਹੜੇ ਹਮੇਸ਼ਾਂ ਨਾਲ ਨਿਭ ਸਕਣ। ‘ਸਜਣ ਸੇਈ ਨਾਲਿ ਮੈ ਚਲਦਿਆ ਨਾਲਿ ਚਲੰਨ੍‍॥ ਜਿਥੈ ਲੇਖਾ ਮੰਗੀਐ ਤਿਥੈ ਖੜੇ ਦਿਸੰਨਿ॥1॥ ਰਹਾਉ ॥’ (ਪੰਨਾ 729)

ਪ੍ਰੋ: ਧੂੰਦਾ ਨੇ ਕਿਹਾ ਕੋਈ ਵੀ ਮਨੁੱਖ ਲੇਖਾ ਮੰਗਣ ਸਮੇਂ ਕਿਸੇ ਦੇ ਨਾਲ ਨਹੀਂ ਜਾ ਸਕਦਾ ਇਹ ਸਿਰਫ ਸ਼ੁਭਗੁਣ ਹੀ ਹਨ ਜਿਹੜੇ ਕਿ ਹਮੇਸ਼ਾਂ ਸਾਡੇ ਨਾਲ ਚੱਲ ਸਕਦੇ ਹਨ ਤੇ ਇਹ ਸ਼ੁਭ ਗੁਣ ਗੁਰੂ ਦੇ ਸ਼ਬਦ ਦੀ ਸਿਖਿਆ ਨੂੰ ਆਪਣੇ ’ਤੇ ਢੁਕਾ ਕੇ ਅਤੇ ਉਸ ’ਤੇ ਅਮਲ ਕਰਕੇ ਹੀ ਪ੍ਰਾਪਤ ਕੀਤੇ ਜਾ ਸਕਦੇ ਹਨ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top