Share on Facebook

Main News Page

"ਸਹਿਜਧਾਰੀ ਸਿੱਖ ਫੈਡਰੇਸ਼ਨ ਦੇ ਪਰਮਜੀਤ ਰਾਣੂ" ਦੀਆਂ ਯਬਲੀਆਂ ਦਾ ਜਵਾਬ

2 ਸਿਤੰਬਰ ਰਾਤ ਨੂੰ "ਜੀ ਪੰਜਾਬੀ" ਚੈਨਲ ਵਿਚ ਸੁਪ੍ਰੀਮ ਕੋਰਟ ਦੇ ਵਕੀਲ ਐਚ.ਐਸ. ਫੁਲਕਾ, ਸ. ਦਲਜੀਤ ਸਿੰਘ ਚੀਮਾ, ਏਡਵਾਈਜਰ, ਚੀਫ ਮਨਿਸਟਰ, ਪੰਜਾਬ ਅਤੇ ਸਹਿਜਧਾਰੀ ਸਿੱਖ ਫੈਡਰੇਸ਼ਨ ਦੇ ਪਰਮਜੀਤ ਰਾਣੂ, ਇਕ ਟਾਕ ਸ਼ੋ ਵਿਚ , ਹਿੱਸਾ ਲੈ ਰਹੇ ਸਨ। ਸਹਿਜਧਾਰੀ ਸਿੱਖ ਫੇਡਰੇਸ਼ਨ ਦੇ ਪ੍ਰੇਜੀਡੇਂਟ ਪਰਮਜੀਤ ਰਾਣੂ ਨੇ ਜੋ ਅਪਣਾਂ ਪੱਖ ਪੇਸ਼ ਕੀਤਾ ਉਸ ਦਾ ਮਾਕੂਲ ਜਵਾਬ ਦੇਣ ਦੀ ਕੋਸ਼ਿਸ਼ ਦੋਹਾ ਵਿਦਵਾਨਾਂ ਨੇ ਅਪਣੀ ਸਮਰਥਾ ਅਨੁਸਾਰ ਕੀਤੀ। ਲੇਕਿਨ ਪਰਮਜੀਤ ਰਾਣੂ ਦੀਆਂ ਗਲਾਂ ਦਾ ਸਟੀਕ ਜਵਾਬ ਨਾਂ ਤੇ ਸ. ਫੁਲਕਾ ਦੇ ਸਕੇ ਤੇ ਨਾਂ ਹੀ ਸ. ਦਲਜੀਤ ਸਿੰਘ ਜੀ ਨੇ ਉਸ ਨੂੰ ਕੋਈ ਮਾਕੂਲ ਜਵਾਬ ਦਿਤਾ, ਜਦ ਕੇ ਪਰਮਜੀਤ ਰਾਣੂ ਅਪਣਾਂ ਪੱਖ ਰਖਣ ਲਈ ਬੇ ਸਿਰ ਪੈਰ ਦੀਆ ਗਲਾਂ ਕਰਦੇ ਰਹੇ। ਉਸ ਵੇਲੇ ਤੇ ਬਹੁਤ ਹੀ ਹਾਸੋਹੀਣੀ ਗਲ ਉਹ ਕਰ ਬੈਠੇ, ਜਦੋ ਉਨਾਂ ਨੇ ਅਪਣੇ ਪੱਖ ਵਿਚ ਭਾਈ ਕਾਨ੍ਹ ਸਿੰਘ ਨਾਭਾ ਦੀ ਮਹਾਨ ਕੋਸ਼ ਵਿਚ ਦਿਤੀ "ਸਹਿਜਧਾਰੀ" ਸ਼ਬਦ ਦੀ ਪਰਿਭਾਸ਼ਾ ਦਾ ਜਿਕਰ ਕੀਤਾ। ਦਾਸ ਕਲ ਵਾਲਾ ਲੇਖ ਪਹਿਲਾਂ ਹੀ ਪਬਲੀਕੇਸ਼ਨ ਲਈ ਭੇਜ ਚੁਕਾ ਸੀ, ਨਹੀਂਂ ਤਾਂ ਪਰਮਜੀਤ ਸਿੰਘ ਦੀਆਂ ਸਾਰੀਆਂ ਯਬਲੀਆਂ ਦਾ ਉਤਰ ਉਸ ਲੇਖ ਵਿਚ ਹੀ ਦੇ ਦੇਂਣਾਂ ਸੀ।

ਅੱਜ ਸਾਡੀ ਕੌਮ ਦੀ ਮਾੜੀ ਹਾਲਤ ਇਸੇ ਲਈ ਹੈ ਕੇ ਅਸੀਂ ਜਦੋਂ ਵੀ ਇਹੋ ਜਹੀ ਕੋਈ ਸੰਸਥਾ ਜਨਮ ਲੈਂਦੀ ਹੈ, ਉਸ ਵੇਲੇ ਤੇ ਅਸੀ ਅਵੇਸਲੇ ਹੋ ਕੇ ਸਭ ਕੁਝ ਵੇਖਦੇ ਰਹਿੰਦੇ ਹਾਂ ਤੇ, ਇਨ੍ਹਾਂ ਜਹਰੀਲੇ ਬੂਟਿਆ ਨੂੰ ਜੜੋਂ ਪੁਟਦੇ ਨਹੀਂ। ਜਦੋਂ ਇਹ ਪੂਰੇ ਪੇੜ ਬਨ ਜਾਂਦੇ ਨੇ ਫੇਰ ਇਨ੍ਹਾਂ ਦੇ ਜਹਰੀਲੇ ਫਲ ਕੌਮ ਨੂੰ ਖਾਣੇ ਪੈਂਦੇ ਨੇ, ਜਾਂ ਇਨ੍ਹਾਂ ਨੂੰ ਪੰਥ ਵਿਚ ਸਵਾਰਥੀ ਅਤੇ ਸਿਆਸੀ ਲੋਗ ਵਰਤਣ ਲਗ ਪੈਂਦੇ ਨੇ। ਭਾਵੇ ਪੰਜਾਬ ਦੇ ਡੇਰੇ ਹੋਣ, ਭਾਂਵੇਂ ਸਿੱਖ ਕੌਮ ਨੂੰ ਹਿੰਦੂ ਮਤ ਵਿਚ ਜਜਬ ਕਰ ਲੈਣ ਲਈ ਬ੍ਰਾਹਮਣਵਾਦੀਆਂ ਦੀ ਪੰਥ ਵਿਰੋਧੀ ਸੰਸਥਾ ਰਾਸ਼ਟ੍ਰੀਯ ਸਿੱਖ ਸੰਗਤ ਹੋਵੇ, ਭਾਵੇ ਅਖੌਤੀ ਸੰਤ ਸਮਾਜ ਨਾਮ ਦੀ ਸਿਧਾਂਤ ਹੀਣ ਗੁਟਬਾਜੀ ਹੋਵੇ, ਤੇ ਭਾਂਵੇ ਸਹਿਜਧਾਰੀ ਸਿੱਖ ਫੇਡਰੇਸ਼ਨ ਵਰਗੀ ਪਤਿਤ ਲੋਕਾਂ ਤੇ ਅਨਮਤੀਆਂ ਦੀ ਘੁਸਪੈਠ ਵਾਲੀ ਸੰਸਥਾ ਹੋਵੇ, ਜੋ ਸਿੱਖੀ ਦੇ ਨਿਆਰੇ ਤੇ ਵਿਲਖਣ ਰੂਪ ਨੂੰ ਹੀ ਰੋਲਣ ਤੇ ਲਗੀ ਹੋਈ ਹੈ।

ਅਜ ਇਸ ਟਾਕ ਸ਼ੋ ਵਿਚ ਹਿੱਸਾ ਲੈਂਦਿਆ ਪਰਮਜੀਤ ਰਾਣੂ ਨੇ ਇਹ ਕਹਿਆ ਕੇ ਅਸੀ ਕੇਸਾਂ ਦੀ ਰਹਿਤ ਨਹੀਂ ਰਖਦੇ, ਅਸੀਂ "ਸਹਿਜਧਾਰੀ ਸਿੱਖ" ਹਾਂ ਜਿਨਾਂ ਦੀ ਗਿਣਤੀ 85 % ਹੈ। ਅਸੀਂ ਵੀ ਸਿੱਖ ਪਰਿਵਾਰਾਂ ਵਿਚ ਜੰਮੇ ਹਾਂ, ਤੇ ਸਾਨੂੰ ਵੀ ਸਿੱਖੀ ਦੇ ਦਾਇਰੇ ਵਿਚ ਲਵੋ, ਸਾਨੂੰ ਵੀ ਵੋਟ ਦੇਣ ਦਾ ਅਧਿਕਾਰ ਦਿਉ।

ਰਾਣੂ ਜੀ, ਜੋ ਆਂਕੜਾ ਤੁਸੀਂ 85% ਦਾ ਦਿਤਾ ਹੈ ਉਹ ਪੰਜਾਬ ਦਾ ਤਾਂ ਹੋ ਸਕਦਾ ਹੈ, ਪੂਰੀ ਦੁਣੀਆਂ ਦੇ ਸਿੱਖਾਂ ਦਾ ਨਹੀਂ ਹੈ, ਤੇ ਇਹ ਗਿਣਤੀ ਵੀ ਤੁਹਾਡੇ ਵਰਗੇ ਪਤਿਤ "ਅਖੌਤੀ ਸਹਿਜਧਾਰੀਆਂ" ਅਤੇ ਕੌਮ ਦੇ ਅਵੇਸਲੇ "ਸਿਆਸੀ ਆਗੂਆਂ "ਦੀ ਹੀ ਦੇਣ ਹੈ। ਸਿੱਖ ਪਰਿਵਾਰ ਹੋਵੇ ਜਾਂ ਕੋਈ ਦੂਜੀ ਕੌਮ ਦਾ ਬੱਚਾਂ ਜਦੋਂ ਉਹ ਬਾਗੀ ਹੋ ਜਾਂਦਾ ਹੈ, ਤੇ ਉਸ ਨੂੰ, ਉਸ ਦਾ ਪਿਉ ਹੀ ਅਪਣੀ ਵਸੀਹਤ ਵਿਚੋ ਬੇਦਖਲ ਕਰ ਦੇਂਦਾ ਹੈ। ਪਹਿਲੀ ਗਲ ਤੇ ਰਾਣੂੰ ਜੀ ਆਪਜੀ ਨੂੰ ਇਹ ਸਮਝ ਲੈਣੀ ਚਾਹੀ ਦੀ ਹੈ ਕੇ "ਸਹਿਜਧਾਰੀ ਸਿੱਖ" ਜਾਂ "ਪਾਹੁਲਧਾਰੀ ਸਿੱਖ" ਤੁਹਾਡੇ ਵਾਂਗ ਮੋਨਾਂ ਜਾਂ ਕੇਸ ਕਤਲ ਕਰਨ ਵਾਲਾ ਸਿੱਖ ਨਹੀਂ ਹੁੰਦਾ। ਨਾਂ ਤੇ ਸਿੱਖ ਰਹਿਤ ਮਰਿਯਾਦਾ ਅਨੁਸਾਰ ਤੁਹਾਨੂੰ ਅਪਣੇ ਆਪ ਨੂੰ ਇਕ "ਸਹਿਜਧਾਰੀ ਸਿੱਖ" ਕਹਿਨ ਦਾ ਅਧਿਕਾਰ ਹੈ ਤੇ ਨਾਂ ਹੀ ਕਾਨੂੰਨੀ ਰੂਪ ਵਿਚ ਤੁਸੀਂ "ਸਹਿਜਧਾਰੀ ਸਿੱਖ" ਹੋ।" ਸਹਿਜਧਾਰੀ" ਨਾਮ ਦਾ ਕੋਈ, ਬੰਦਾ ਜਾਂ ਜਾਤਿ ਕੇਸਾਂ ਤੋਂ ਵੀਹੂਣੀ ਹੁੰਦੀ ਹੀ ਨਹੀਂ। ਇਹ ਤੇ ਇਕ ਗਲ ਪ੍ਰਚਲਿਤ ਕਰ ਦਿਤੀ ਗਈ ਕੇ ਕੋਈ ਵੀ ਕਲੀਨ ਸ਼ੇਵਨ ਬੰਦਾ ਗੁਰਦੁਆਰੇ ਆਉਦਾ ਹੋਵੇ ਤੇ ਅਸੀ ਉਸ ਨੂੰ "ਸਹਿਜਧਾਰੀ" ਸਿੱਖ ਕਹਿ ਦੇਂਦੇ ਹਾਂ। ਇਸ ਪ੍ਰਚਲਿਤ ਗਲਤ ਆਦਤ ਤੇ ਅਣਗਹਿਲੀ ਦਾ ਹੀ ਨਤੀਜਾ ਹੈ, ਕਿ ਅਜ "ਸਹਿਜਧਾਰੀ" ਸ਼ਬਦ ਦੀ ਦੁਰਵਰਤੋਂ ਹੋਣ ਲਗ ਪਈ। ਜਦ ਕੇ ਸਹਿਜਧਾਰੀ ਤੇ ਸਹਿਜੇ ਸਹਿਜੇ ਸਾਰੀਆਂ ਰਹਿਤਾਂ ਵਲ ਆਂਉਣ ਵਾਲੇ ਸਿੱਖ ਨੂੰ ਹੀ ਕਹਿਆ ਜਾਂਦਾ ਹੈ, ਰਾਣੂ ਵਰਗੇ ਕਲੀਨ ਸ਼ੇਵਨ ਬੰਦੇ ਨੂੰ "ਸਹਿਜਧਾਰੀ ਸਿੱਖ" ਨਹੀਂ ਕਹਿਆ ਜਾ ਸਕਦਾ।

ਇਕ ਪਾਸੇ ਤੇ ਤੁਸੀਂ ਪਤਿਤ ਹੋ, ਸਿੱਖ ਰਹਿਤ ਮਰਿਯਾਦਾ ਦੇ ਦੋਸ਼ੀ ਹੋ ਤੇ ਦੂਜੇ ਪਾਸੇ ਆਪ ਕੇਸ ਰਖਣਾਂ ਹੀ ਨਹੀਂ ਚਾਉਦੇ ਤੇ ਤੁਸੀਂ ਸਿੱਖ ਹੋਣ ਦਾ ਦਾਵਾ ਕਿਵੇ ਕਰ ਸਕਦੇ ਹੋ। ਇਹ ਗਲ ਠੀਕ ਹੈ ਕੇ ਸਿੱਖ ਪਰਿਵਾਰ ਵਿਚ ਪੈਦਾ ਹੋਣ ਦਾ ਤੁਹਾਨੂੰ ਸੁਭਾਗ ਪ੍ਰਾਪਤ ਹੋਇਆ ਹੈ, ਲੇਕਿਨ ਉਸ ਪਰਿਵਾਰ ਦੇ ਨਾਮ ਤੇ ਉਸ ਦੀ ਮਰਿਯਾਦਾ ਤੇ ਤੁਸੀਂ ਇਕ ਕਲੰਕ ਬਣਕੇ ਵਿਚਰ ਰਹੇ ਹੋ। ਕੀ ਕੌਮ ਤੁਹਾਨੂੰ ਇਸ ਰੂਪ ਵਿਚ ਇਕ ਸਿੱਖ ਪਰਿਵਾਰ ਦਾ ਹਿੱਸਾ ਬਣਾ ਕੇ ਸਾਰੀ ਕੌਮ ਨੂੰ ਹੀ ਇਹ ਮੇਸੇਜ ਨਹੀਂ ਦੇਵੇਗੀ, ਕਿ ਭਾਵੇ ਤੁਸੀਂ ਕੇਸ ਕਤਲ ਕਰ ਲਵੋ ਤੁਸੀਂ ਸਿੱਖੀ ਦਾ ਇਕ ਹਿੱਸਾ ਬਣਕੇ ਸਿੱਖ ਰਹਿਤ ਮਰਿਯਾਦਾ (ਕੋਡ ਆਫ ਕੰਡਕਟ) ਦਾ ਅਪਮਾਨ ਕਰ ਸਕਦੇ ਹੋ।

ਰਾਣੂ ਨੇ ਇਕ ਥਾਂ ਤੇ ਬਹੁਤ ਹੀ ਹਾਸੋਹੀਣੀ ਦਲੀਲ ਦਿਤੀ ਕੇ ਭਾਈ ਕਾਨ੍ਹ ਸਿੰਘ ਨਾਭਾ ਦੇ ਮਹਾਨ ਕੋਸ਼ ਵਿਚ ਲਿਖਿਆ ਹੈ ਕੇ- ਸੁਖਾਲੀ ਰੀਤ ਅੰਗੀਕਾਰ ਕਰਨ ਵਾਲਾ ਸਿੱਖ ਜੋ ਰਹਿਤ ਨਹੀਂ ਰਖਦਾ ,ਤੇ ਗੁਰੂ ਗ੍ਰੰਥ ਸਾਹਿਬ ਤੇ ਦਸਾਂ ਗੁਰੂਆਂ ਤੋਂ ਅਲਾਵਾਂ ਕਿਸੇ ਹੋਰ ਨੂੰ ਨਹੀਂ ਮਣਦਾ ਉਹ "ਸਹਿਜਧਾਰੀ ਸਿੱਖ" ਅਖਵਾਂਦਾ ਹੈ।

ਰਾਣੂ ਜੀ ਪਤਾ ਨਹੀਂ ਤੁਸੀਂ ਇਹ "ਸਹਿਜਧਾਰੀ ਸਿੱਖ ਫੇਡਰੇਸ਼ਨ" ਕਿਸੇ ਅਜੇਂਸੀ ਲਈ ਬਣਾਈ ਹੈ ਜਾਂ ਅਪਣੇ ਸਵਾਰਥਾ ਦੀ ਪੂਰਤੀ ਲਈ ਬਣਾਂਈ ਹੈ।ਲੇਕਿਨ ਤੁਸੀਂ ਜੋ ਇਹ ਸੁਫਣਾਂ ਵੇਖ ਰਹੇ ਹੋ, ਉਹ ਕਦੀ ਪੂਰਾ ਨਹੀਂ ਹੋ ਸਕੇਗਾ।ਚੰਗਾ ਤੇ ਇਹ ਹੁੰਦਾ ਕੇ ਭਾਈ ਕਾਨ੍ਹ ਸਿੰਘ ਨਾਭਾ ਦੀ ਮਹਾਨਕੋਸ਼ ਵਿਚ ਦਿਤੀ ਗਈ ਪਰਿਭਾਸ਼ਾ ਨੂੰ ਤੋੜ ਭੰਨ ਕੇ ਪੇਸ਼ ਕਰਣ ਨਾਲੋਂ ਅਪਣੇ ਆਪ ਨੂੰ ਸਹਿਜਧਾਰੀ ਸਾਬਿਤ ਕਰਨ ਲਈ ਮੁੜ ਸਿੱਖ ਰਹਿਤ ਮਰਿਯਾਦਾ ਦੀਆ ਸ਼ਰਤਾਂ ਪੂਰੀਆ ਕਰਕੇ ਕੇਸਾਧਾਰੀ ਬਣ ਜਾਂਦੇ ਤੇ ਤੁਹਾਨੂੰ ਸੰਘ ਫਾੜ ਫਾੜ ਕੇ ਅਪਣੇ ਸਹਿਜਧਾਰੀ ਸਿੱਖ ਹੋਣ ਦਾ ਹਕ ਨਹੀਂ ਸੀ ਮੰਗਣਾਂ ਪੈਣਾਂ। ਸਿੱਖੀ ਵਿਚ ਪ੍ਰਵੇਸ਼ ਕਰਨਾਂ ਤੇ ਬਹੁਤ ਸੁਖਲਾ ਹੈ, ਇਸ ਲਈ ਕੋਈ ਸੰਘਰਸ਼ ਕਰਣ ਦੀ ਲੋੜ ਹੀ ਨਹੀਂ ਹੈ।ਕਿਸੇ ਮੀਡੀਏ ਜਾਂ ਅਦਾਲਤ ਵਿਚ ਅੱਗੋਂ ਤੋਂ ਭਾਈ ਕਾਨ੍ਹ ਸਿੰਘ ਨਾਭਾ ਦੀ ਇਸ ਸਹਿਜਧਾਰੀ ਬਾਰੇ ਕੀਤੀ ਗਈ ਪਰਿਭਾਸ਼ਾ ਦਾ ਵੇਰਵਾਂ ਭੁਲ ਕੇ ਵੀ ਨਾਂ ਦੇ ਦੇਣਾਂ।ਕਿਉਕੇ ਭਾਈ ਕਾਨ੍ਹ ਸਿੰਘ ਨਾਭਾ ਦੀ ਦਿਤੀ ਇਹ ਪਰਿਭਾਸ਼ਾਂ ਹੀ ਤੇ ਤੁਹਾਡੇ ਮਨਸੂਬਿਆਂ ਦੇ ਤੰਬੂੰ ਨੂੰ ਲਾਂਬੂ ਲਾਉਣ ਵਾਲੀ ਹੈ।ਇਸ ਵਿਚ ਕਿਤੇ ਵੀ ਇਹ ਮੇਨਸ਼ਨ ਨਹੀਂ ਹੈ ਕੇ "ਸਹਿਜਧਾਰੀ" ਸਿੱਖ ਕੇਸਾਂ ਤੋ ਰਹਿਤ ਹੁੰਦਾ ਹੈ ਜਾਂ, ਉਹ ਕੋਈ ਵੀ ਰਹਿਤ ਨਹੀਂ ਰਖਦਾ। ਇਸ ਵਿਚ ਉਚੇਚੇ ਤੌਰ ਤੇ ਦੋ ਕਕਾਰਾਂ ਦਾ ਜਿਕਰ ਭਾਈ ਕਾਨ੍ਹ ਸਿੰਘ ਨਾਭਾਂ ਜੀ ਨੇ ਕੀਤਾ ਹੈ-ਤੇ ਉਹ ਹਨ "ਕੱਛ ਤੇ ਕਿਰਪਾਣ ਦੀ ਰਹਿਤ"।ਆਉ ਤੁਹਾਡੇ ਵਰਗੇ ਹੋਰ ਅਖੌਤੀ ਸਹਿਜਧਾਰੀਆਂ ਲਈ ਉਸ ਪਰਿਭਾਸ਼ਾ ਨੂੰ ਹੂ ਬ ਹੂ ਫੇਰ ਦੋਹਰਾ ਲਈਏ-

  1. ਸਹਿਜਧਾਰੀ- ਵਿ-ਸਹਜ (ਗਯਾਨ) ਧਾਰਣਾ ਵਾਲਾ, ਵਿਚਾਰਵਾਨ

  2. ਸੁਖਾਲੀ ਧਾਰਣਾਂ ਵਾਲਾ। ਸੌਖੀ ਰੀਤਿ ਅੰਗੀਕਾਰ ਕਰਨ ਵਾਲਾ

  3. ਸੰਗਯਾ- ਸਿੱਖਾਂ ਦਾ ਇਕ ਅੰਗ, ਜੋ ਖੰਡੇ ਦਾ ਅੰਮ੍ਰਿਤਪਾਨ ਨਹੀਂ ਕਰਦਾ ਅਤੇ ਕੱਛ ਕਿਰਪਾਣ ਦੀ ਰਹਿਤ ਨਹੀਂ ਰਖਦਾ, ਪਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਬਿਨਾਂ ਆਪਣਾਂ ਹੋਰ ਧਰਮਸੂਚਕ ਨਹੀਂ ਮੰਨਦਾ

ਰਾਣੂ ਜੀ ਜਰਾ ਗਹੁ ਨਾਲ ਨਜਰ ਮਾਰ ਲਵੋ, ਕੇ ਕੇਸਾਂ ਦੀ ਰਹਿਤ ਦੀ ਗਲ ਕਿਤੇ ਵੀ ਨਹੀਂ ਕੀਤੀ ਗਈ ਹੈ। ਸਗੋਂ ਉਚੇਚੇ ਤੌਰ ਤੇ "ਕੱਛ ਤੇ ਕਿਰਪਾਣ ਦੀ ਰਹਿਤ" ਨੂੰ ਮੇਂਨਸ਼ਨ ਕੀਤਾ ਗਇਆ ਹੈ। ਅਪਣੇ ਮੰਨ ਦੇ ਭੁਲੇਖੇ ਇਸ ਪਰਿਭਾਸ਼ਾਂ ਨੂੰ ਚੰਗੀ ਤਰ੍ਹਾਂ ਪੜ੍ਹ ਕੇ ਕੱਢ ਲਵੋ ਤੇ ਜੇ ਆਪ ਜੀ ਤੇ ਆਪ ਜੀ ਵਰਗੇ ਹੋਰ ਬੰਦਿਆ ਦਾ ਭੁਲੇਖਾ ਇਸ ਪਰਿਭਾਸ਼ਾ ਨਾਲ ਦੂਰ ਨਾਂ ਹੁੰਦਾ ਹੋਵੇ ਤੇ ਇਸੇ ਮਹਾਨ ਕੋਸ਼ ਵਿਚ ਛਪੀ ਹੋਈ "ਸਹਿਜਧਾਰੀ ਸਿੱਖ" ਦੀ ਫੋਟੋ ਵੀ ਵੇਖ ਲੈਣਾਂ, ਜੋ ਤੁਹਾਡੇ ਵਰਗਾ ਮੋਨਾਂ, ਪਤਿਤ ਤੇ ਕਲੀਨ ਸ਼ੇਵਨ ਸਿੱਖ ਨਹੀਂ ਹੈ। ਇਹ ਫੋਟੋ ਇਸ ਮਹਾਨ ਕੋਸ਼ ਵਿਚ "ਸਹਿਜਧਾਰੀ" ਦੇ ਮੋਨੇ ਤੇ ਕਲੀਨ ਸ਼ੇਵਨ ਹੋਣ ਦੇ ਭੁਲੇਖੇ ਨੂੰ ਦੂਰ ਕਰਨ ਲਈ ਹੀ ਦਿਤੀ ਗਈ ਹੈ। ਇਹ ਫੋਟੋ ਇਸ ਲੇਖ ਦੇ ਨਾਲ ਹੀ ਭੇਜ ਰਿਹਾ ਹਾਂ ਜੋ ਭਾਈ ਸਾਹਿਬ ਦੇ ਇਸ ਮਹਾਨਕੋਸ਼ ਦਾ ਹੀ ਇਕ ਹਿੱਸਾ ਹੈ।

ਰਾਣੂ ਜੀ, ਜੇ ਤੁਸੀਂ ਕਿਸੇ ਸਿੱਖ ਵਿਰੋਧੀ ਅਜੇਂਸੀ ਦੇ ਹਥ ਠੋਕੇ ਬਣਕੇ ਕੰਮ ਕਰ ਰਹੇ ਹੋ ਤੇ ਉਸ ਨੂੰ ਕਹਿ ਦਿਉ ਕੇ ਭਾਈ ਕਾਨ੍ਹ ਸਿੰਘ ਨਾਭਾ ਦੀ "ਸਹਿਜਧਾਰੀ" ਦੀ ਪਰਿਭਾਸ਼ਾ, ਜਿਸਨੂੰ ਮੈਂ ਉਸ ਟਾਕ ਸ਼ੋ ਵਿਚ ਅਪਣੇ "ਸਹਿਜਧਾਰੀ ਸਿੱਖ " ਹੋਣ ਦਾ ਮਜਬੂਤ ਆਧਾਰ ਸਮਝ ਰਿਹਾ ਸੀ, ਉਹ ਤੇ ਸਾਡੇ ਮਿਸ਼ਨ ਦੇ ਪੜਖੱਚੇ ਉਡਾਉਣ ਲਈ ਇਕੱਲੀ ਹੀ ਕਾਫੀ ਹੈ। ਜੇ ਤੁਸੀਂ ਸਿਆਸਤ ਲਈ ਇਹ ਸਿੱਖ ਵਿਰੋਧੀ ਮੁਹਿਮ ਚਲਾਈ ਹੋਈ ਹੈ, ਤੇ ਫੌਰਨ ਉਸ ਮਹਿਮ ਨੂੰ ਬੰਦ ਕਰਕੇ ਸਿੱਖ ਰਹਿਤ ਮਰਿਯਾਦਾ ਅਨੁਸਾਰ ਸਿੰਘ ਸੱਜ ਕੇ ਪੰਥ ਦੇ ਵੇੜ੍ਹੇ ਵਿਚ ਵਾਪਸ ਆ ਜਾਉ। ਪੰਥ ਤੁਹਾਨੂੰ ਗਲਵਕੜੀਆਂ ਵਿਚ ਲੈ ਲਵੇਗਾ। ਜੇ ਇਹ ਤੁਹਾਨੂੰ ਮੰਨਜੂਰ ਨਹੀਂ ਤੇ ਫੇਰ ਭਾਈ ਕਾਨ੍ਹ ਸਿੰਘ ਨਾਭਾ ਦੀ "ਸਹਿਜਧਾਰੀ" ਦੀ ਇਹ ਪਰਿਭਾਸ਼ਾ ਤੇ ਉਸ ਵਿਚ ਦਿਤੀ ਗਈ "ਸਹਿਜਧਾਰੀ ਸਿੱਖ " ਦੀ ਤਸਵੀਰ ਵਿਚ ਦਿਤਾ ਉਸ ਦਾ ਰੂਪ ਤੁਹਾਡੀ ਇਸ ਮੁਹਿਮ ਦੇ ਤਾਬੂਤ ਲਈ ਆਖਿਰੀ ਕਿਲ ਸਾਬਿਤ ਹੋਵੇਗਾ।

ਪੰਥ ਦਰਦੀਆਂ, ਵਿਦਵਾਨਾਂ ਤੇ ਆਗੂਆਂ ਨੂੰ ਦਾਸ ਨੇ ਕਲ ਵੀ ਇਕ ਲੇਖ ਰਾਹੀਂ ਇਹ ਬੇਨਤੀ ਕੀਤੀ ਸੀ, ਕਿ ਇਨ੍ਹਾਂ ਅਖੌਤੀ ਸਹਿਜਧਾਰੀਆਂ ਦੇ ਮੰਨਸੂਬਿਆ ਤੇ ਕੋਈ ਪਾਣੀ ਫੇਰ ਸਕਦਾ ਹੈ, ਤੇ ਉਹ ਹੈ ਭਾਈ ਕਾਨ੍ਹ ਸਿੰਘ ਨਾਭਾਂ ਦਾ 'ਮਹਾਨਕੋਸ਼" ਤੇ ਉਸ ਵਿਚ ਦਿਤੀ ਗਈ "ਸਹਿਜਧਾਰੀ ਸਿੱਖ" ਦੀ ਸਟੀਕ ਪਰਿਭਾਸ਼ਾ।

Click here to view the video: http://www.youtube.com/playlist?list=PLEE9BB440B957D816

ਇੰਦਰ ਜੀਤ ਸਿੰਘ, ਕਾਨਪੁਰ
ਨੋਟ: ਉਸ ਟਾਕ ਸ਼ੋ ਦੀਆਂ ਵੀਡੀਉ ਦੇ ਲਿੰਕ ਹੇਠ ਦੇ ਰਿਹਾ ਹਾਂ ਜੀ-


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top