Share on Facebook

Main News Page

ਪੰਥਕ ਮੋਰਚੇ ਨੂੰ ਕਾਂਗਰਸ ਦੇ ਪਿੱਠੂ ਦੱਸਣ ਵਾਲਾ ਬਾਦਲ ਦੱਸੇ ਕਿ ਉਹ ਖ਼ੁਦ ਕਿਸ ਦਾ ਪਿੱਠੂ ਹੈ: ਭਾਈ ਸਿਰਸਾ

* ਵਿਰੋਧੀ ਵੀਚਾਰਧਾਰਾ ਵਾਲੇ ਗੁਰਸਿੱਖਾਂ ਨੂੰ ਕਾਂਗਰਸ ਦੇ ਪਿੱਠੂ ਦੱਸਣ ਵਾਲਾ ਪ੍ਰਕਾਸ਼ ਸਿੰਘ ਬਾਦਲ ਦੱਸੇ ਕਿ ਸਿੱਖ ਇਤਿਹਾਸ ਹਿੰਦੀ ਵਰਗੀਆਂ ਪੁਸਤਕਾਂ ਉਸ ਨੇ ਕਿਸ ਦਾ ਪਿੱਠੂ ਬਣ ਕੇ ਛਪਵਾਈਆਂ ਹਨ ਜਾਂ ਉਸ ਨੇ ਖ਼ੁਦ ਹੀ ਪੰਥਕ ਚੋਲ਼ਾ ਪਹਿਨ ਕੇ ਸਿੱਖੀ ਦੀਆਂ ਜੜ੍ਹਾਂ ਵਿੱਚ ਤੇਲ ਦੇਣ ਦਾ ਠੇਕਾ ਲਿਆ ਹੋਇਆ ਹੈ?
* ਸਿੱਖੀ ਨੂੰ ਖਤਮ ਕਰਨ ’ਤੇ ਤੁਲੀ ਹੋਈ ਆਰ.ਐੱਸ.ਐੱਸ ਦੇ ਕੁਹਾੜੇ ਵਿੱਚ ਦਸਤਾ ਬਣੇ ਹੋਏ ਪ੍ਰਕਾਸ਼ ਸਿੰਘ ਬਾਦਲ ਤੋਂ ਕਿਸੇ ਗੁਰਸਿੱਖ ਨੂੰ ਪੰਥਕ ਹੋਣ ਦਾ ਸਰਟੀਫਿਕੇਟ ਲੈਣ ਦੀ ਲੋੜ ਨਹੀਂ
* ਸਿਖੀ ਦੀ ਸੇਵਾ ਦੇ ਨਾਮ ’ਤੇ ਛਪਾਈ ਸਿੱਖ ਇਤਿਹਾਸ ਹਿੰਦੀ ਦੀ ਪੁਸਤਕ ਨੂੰ ਸਿੱਖ ਸੰਗਤਾਂ ਦੇ ਰੁਬਰੂ ਕਰਨ ਨਾਲ, ਸਿੱਖਾਂ ਦੇ ਮਨਾਂ ਵਿੱਚ ਗੁੱਸਾ ਇਸ ਕਦਰ ਉਬਾਲੇ ਖਾ ਰਿਹਾ ਹੈ ਕਿ ਇੱਥੋਂ ਉੱਠੀ ਹਨੇਰੀ ਬਾਦਲ ਦੇ ਬੋਹੜ ਰੂਪੀ ਵੱਡੇ ਦਰਖ਼ਤ ਦੀਆਂ ਜੜਾਂ ਉਖੇੜ ਕੇ ਰੱਖ ਦੇਵੇਗੀ

ਬਠਿੰਡਾ, 31 ਅਗਸਤ (ਕਿਰਪਾਲ ਸਿੰਘ): ਪੰਥਕ ਮੋਰਚੇ ਨੂੰ ਕਾਂਗਰਸ ਦੇ ਪਿੱਠੂ ਦੱਸਣ ਵਾਲਾ ਸ: ਪ੍ਰਕਾਸ਼ ਸਿੰਘ ਬਾਦਲ ਦੱਸੇ ਕਿ ਉਹ ਖ਼ੁਦ ਕਿਸ ਦਾ ਪਿੱਠੂ ਹੈ। ਇਹ ਸ਼ਬਦ ਅਜਨਾਲਾ ਹਲਕੇ ਤੋਂ ਪੰਥਕ ਮੋਰਚੇ ਦੇ ਸਾਂਝੇ ਉਮੀਦਵਾਰ ਅਤੇ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਵਿਸ਼ੇਸ਼ ਸਕੱਤਰ ਭਾਈ ਬਲਦੇਵ ਸਿੰਘ ਸਿਰਸਾ ਨੇ ਇਸ ਪੱਤਰਕਾਰ ਨਾਲ ਗੱਲ ਕਰਦਿਆਂ ਕਹੇ। ਉਨ੍ਹਾਂ ਕਿਹਾ ਕਿ ਉਹ ਆਪਣੇ ਹਲਕੇ ਦੇ ਹਰ ਇੱਕ ਸਿੱਖ ਕੋਲ ਸਿੱਖ ਹੋਣ ਦੇ ਨਾਤੇ ਵੋਟ ਮੰਗਣ ਲਈ ਜਾ ਰਿਹਾ ਹੈ ਨਾ ਕਿ ਕਿਸੇ ਵਿਸ਼ੇਸ਼ ਪਾਰਟੀ ਦੇ ਵਰਕਰ ਹੋਣ ਦੇ ਨਾਤੇ।

ਉਨ੍ਹਾਂ ਕਿਹਾ ਕਿ ਉਹ ਆਪਣੀ ਚੋਣ ਮੁਹਿੰਮ ਦੌਰਾਨ ਹਰ ਗੁਰਸਿੱਖ ਨੂੰ ਪੰਥ ਦੀ ਆਪੂੰ ਬਣੀ ਠੇਕੇਦਾਰ ਬਾਦਲ ਕਮੇਟੀ (ਸ਼੍ਰੋਮਣੀ ਕਮੇਟੀ) ਵਲੋਂ ਆਰਐੱਸਐੱਸ ਤੇ ਭਾਜਪਾ ਨੂੰ ਖੁਸ਼ ਕਰਨ ਲਈ ਛਪਵਾਈ ਸਿੱਖ ਇਤਿਹਾਸ ਹਿੰਦੀ ਦੀ ਪੁਸਤਕ ਦੇ ਕੁਝ ਪੰਨੇ ਪੜ੍ਹ ਕੇ ਸੁਣਾਉਂਦੇ ਹਨ, ਜਿਸ ਵਿੱਚ ਕਿਧਰੇ ਵੀ ਸਿੱਖ ਗੁਰੂ ਸਾਹਿਬਾਨ ਦੇ ਨਾਮ ਨਾਲ ਸਤਿਕਾਰ ਪ੍ਰਗਟ ਕਰਨ ਲਈ ਗੁਰੂ ਸ਼ਬਦ ਦੀ ਵਰਤੋਂ ਨਹੀਂ ਕੀਤੀ ਗਈ। ਉਸ ਵਿਚ ਲਿਖਿਆ ਹੈ ਜਬ ਨਾਨਕ ਕੀ ਮੌਤ ਹੂਈ ਤੋ ਅੰਗਦ ਆ ਗਿਆ, ਅੰਗਦ ਕੇ ਮਰਨੇ ਪਰ ਅਮਰਦਾਸ ਔਰ ਅਮਰਦਾਸ ਕੇ ਬਾਅਦ ਰਾਮਦਾਸ ਨੇ ਅਗਵਾਈ ਸੰਭਾਲੀ। ਗੁਰੂ ਅਰਜਨ ਸਾਹਿਬ ਜੀ ਨੂੰ ਇਸ ਪੁਸਤਕ ਵਿੱਚ ਡਰਪੋਕ ਸਿੱਧ ਕਰਨ ਲਈ ਲਿਖਿਆ ਹੈ ਕਿ ਤਸੀਹੋਂ ਸੇ ਡਰਤੇ ਹੂਏ ਉਨਹੋਂ ਨੇ ਰਾਵੀ ਦਰਿਆ ਮੇ ਛਲਾਂਗ ਲਗਾ ਕਰ ਆਤਮ ਹੱਤਿਆ ਕਰ ਲੀ। ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਮਜ਼ਾਕ ਉਡਾਉਂਦੇ ਹੋਏ ਲਿਖਿਆ ਹੈ : ’ਏਕ ਦਿਨ ਏਕ ਬ੍ਰਾਹਮਣ ਨੇ ਹਰਿਗੋਬਿੰਦ ਸੇ ਕਹਾ, ਆਪ ਕਹਿਤੇ ਹੈਂ ਕਿ ਵਿਸ਼ਵ ਸੰਸਾਰ ਕੇ ਸਭੀ ਜੀਵ ਏਕ ਸਮਾਨ ਹੀ ਹੈਂ ਔਰ ਸਭ ਹੀ ਕੋ ਈਸ਼ਵਰ ਨੇ ਬਣਾਇਆ ਹੈ। ਥੋਹੜੀ ਦੂਰ ਗਧਾ ਚਰਤਾ ਫਿਰਤਾ ਹੈ। ਆਪ ਗੁਰੂ ਹੋ ਕਰ, ਕੀ ਇਸ ਗਧੇ ਕੇ ਬਰਾਬਰ ਹੋ? ਬ੍ਰਾਹਮਣ ਕੇ ਇਸ ਵਾਕਯ ਕਹਿਨੇ ਪਰ ਹਰਗੋਬਿੰਦ ਕੇਵਲ ਹੰਸ ਦੀਏ’। ਗੁਰੂ ਹਰਿ ਰਾਏ ਸਾਹਿਬ ਬਾਰੇ ਲਿਖਿਆ ਹੈ, ’ਇਨ ਕੇ ਦੋ ਪੁੱਤਰ ਰਾਮ ਰਾਏ ਔਰ ਹਰਿ ਰਾਏ ਥੇ। ਰਾਮ ਰਾਏ ਨੌਕਰਾਣੀ ਕੇ ਪੇਟੋਂ ਹੋਣੇ ਕੇ ਕਾਰਣ ਗੱਦੀ 6 ਸਾਲ ਕੇ ਬਾਲਕ ਹਰਿ ਰਾਏ ਕੋ ਸੌਂਪ ਦੀ।

ਭਾਈ ਸਿਰਸਾ ਨੇ ਕਿਹਾ ਜਦੋਂ ਸ਼੍ਰੋਮਣੀ ਕਮੇਟੀ ਵਲੋਂ ਛਪਵਾਈ ਪੁਸਤਕ ਵਿੱਚੋਂ ਗੁਰੂ ਸਾਹਿਬਾਨ ਦੀ ਤੌਹੀਨ ਕਰਨ ਵਾਲੀਆਂ ਅਜੇਹੀਆਂ ਸਤਰਾਂ ਸਿੱਖਾਂ ਨੂੰ ਪੜ੍ਹ ਕੇ ਸੁਣਾਈਆਂ ਜਾਦੀਆਂ ਹਨ, ਤਾਂ ਭਾਵੇਂ ਉਹ ਕਿਸੇ ਵੀ ਪਾਰਟੀ ਨਾਲ ਸਬੰਧਤ ਹੋਵੇ, ਸੁਣ ਕੇ ਉਨ੍ਹਾਂ ਦੀਆਂ ਭੁੱਬਾਂ ਨਿਕਲ ਜਾਂਦੀਆਂ ਹਨ ਤੇ ਬਾਦਲ ਵਿਰੁੱਧ ਗੁੱਸੇ ਦੀ ਲਹਿਰ ਉੱਠ ਖੜ੍ਹਦੀ ਹੈ। ਉਨ੍ਹਾਂ ਕਿਹਾ ਬਾਦਲ ਕਮੇਟੀ ਵਲੋਂ ਸਿਖੀ ਦੀ ਸੇਵਾ ਦੇ ਨਾਮ ’ਤੇ ਛਪਾਈ ਸਿੱਖ ਇਤਿਹਾਸ ਹਿੰਦੀ ਦੀ ਪੁਸਤਕ ਨੂੰ ਸਿੱਖ ਸੰਗਤਾਂ ਦੇ ਰੁਬਰੂ ਕਰਨ ਨਾਲ ਸਿੱਖਾਂ ਦੇ ਮਨਾਂ ਵਿੱਚ ਗੁੱਸਾ ਇਸ ਕਦਰ ਉਬਾਲੇ ਖਾ ਰਿਹਾ ਹੈ ਕਿ ਇੱਥੋਂ ਉੱਠੀ ਹਨੇਰੀ ਬਾਦਲ ਦੇ ਬੋਹੜ ਰੂਪੀ ਵੱਡੇ ਦਰਖ਼ਤ ਦੀਆਂ ਜੜਾਂ ਉਖੇੜ ਕੇ ਰੱਖ ਦੇਵੇਗੀ।

ਭਾਈ ਸਿਰਸਾ ਨੇ ਕਿਹਾ ਆਪਣੇ ਵਿਰੋਧੀ ਵੀਚਾਰਧਾਰਾ ਵਾਲੇ ਗੁਰਸਿੱਖਾਂ ਨੂੰ ਕਾਂਗਰਸ ਦੇ ਪਿੱਠੂ ਦੱਸਣ ਵਾਲਾ ਪ੍ਰਕਾਸ਼ ਸਿੰਘ ਬਾਦਲ ਦੱਸੇ ਕਿ ਸਿੱਖ ਇਤਿਹਾਸ ਹਿੰਦੀ ਵਰਗੀਆਂ ਪੁਸਤਕਾਂ ਉਸ ਨੇ ਕਿਸ ਦਾ ਪਿੱਠੂ ਬਣ ਕੇ ਛਪਵਾਈਆਂ ਹਨ ਜਾਂ ਉਸ ਨੇ ਖ਼ੁਦ ਹੀ ਪੰਥਕ ਚੋਲ਼ਾ ਪਹਿਨ ਕੇ ਸਿੱਖੀ ਦੀਆਂ ਜੜ੍ਹਾਂ ਵਿੱਚ ਤੇਲ ਦੇਣ ਦਾ ਠੇਕਾ ਲਿਆ ਹੋਇਆ ਹੈ? ਉਨ੍ਹਾਂ ਕਿਹਾ ਕਿ ਸਿੱਖੀ ਨੂੰ ਖਤਮ ਕਰਨ ’ਤੇ ਤੁਲੀ ਹੋਈ ਆਰਐੱਸਐੱਸ ਦੇ ਕੁਹਾੜੇ ਵਿੱਚ ਦਸਤਾ ਬਣੇ ਹੋਏ ਪ੍ਰਕਾਸ਼ ਸਿੰਘ ਬਾਦਲ ਤੋਂ ਕਿਸੇ ਗੁਰਸਿੱਖ ਨੂੰ ਪੰਥਕ ਹੋਣ ਦਾ ਸਰਟੀਫਿਕੇਟ ਲੈਣ ਦੀ ਲੋੜ ਨਹੀਂ, ਤੇ ਸ਼੍ਰੋਮਣੀ ਕਮੇਟੀ ਵਲੋਂ ਪ੍ਰਚਾਰ ਦੇ ਨਾਮ ’ਤੇ ਛਪਵਾਈਆਂ ਸਿੱਖ ਇਤਿਹਾਸ ਵਰਗੀਆਂ ਗੁਰੂ ਨਿੰਦਕ ਪੁਸਤਕਾਂ ਪੜ੍ਹ ਕੇ ਖ਼ੁਦ ਅੰਦਾਜ਼ਾ ਲਗਾ ਸਕਦੇ ਹਨ ਕਿ ਕੌਣ ਕਿਸ ਦਾ ਪਿੱਠੂ ਹੈ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top