Share on Facebook

Main News Page

ਸਰਕਾਰ ਕੁੜਿਕੀ ਵਿਚ ਫਸੀ, ਲੋਕਪਾਲ ਵਲੋਂ ਮੁੱਖ ਮੰਤਰੀ, ਬੀਬੀ ਜਾਗੀਰ ਕੌਰ ਅਤੇ ਕਈ ਹੋਰਨਾਂ ਵਿਰੁਧ ਪੜਤਾਲ ਦੇ ਹੁਕਮ

ਚੰਡੀਗੜ੍ਹ, 29 ਅਗੱਸਤ (ਜਗਤਾਰ ਸਿੰਘ ਭੁੱਲਰ) : ਦੇਸ਼ ਵਿਚ ਭ੍ਰਿਸ਼ਟਾਚਾਰ ਵਿਰੁਧ ਸ਼ੁਰੂ ਹੋਈ ਅੰਨਾ ਹਜ਼ਾਰੇ ਲਹਿਰ ਤੋਂ ਬਾਅਦ ਅੱਜ ਪੰਜਾਬ ਦੇ ਲੋਕਪਾਲ ਨੇ ਵੀ ਇਕ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਸ਼ਿਕਾਇਤ ’ਤੇ ਆਧਾਰਤ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਾਗੀਰ ਕੌਰ ਤੇ ਹੋਰਾਂ ਵਿਰੁਧ ਪੜਤਾਲ ਸ਼ੁਰੂ ਕਰ ਦਿਤੀ ਹੈ। ਇਨ੍ਹਾਂ ਹੁਕਮਾਂ ਪਿੱਛੋਂ ਸਰਕਾਰ ਬੁਰੀ ਤਰ੍ਹਾਂ ਘਿਰ ਗਈ ਹੈ ਕਿਉਂਕਿ ਭ੍ਰਿਸ਼ਟਾਚਾਰ ਵਿਰੁਧ ਦੇਸ਼-ਵਿਆਪੀ ਛਿੜੀ ਜੰਗ ਕਰ ਕੇ ਲੋਕਪਾਲ ਦੀ ਵੀ ਨੈਤਿਕਤਾ ਵੱਧ ਗਈ ਹੈ।

ਬੀਤੇ ਦਿਨ ਹੀ ਕੇਂਦਰ ਸਰਕਾਰ ਅਤੇ ਸਾਰੀਆਂ ਪਾਰਟੀਆਂ ਨੇ ਜਨ ਲੋਕਪਾਲ ਕਾਨੂੰਨ ਬਣਾਉਣ ਬਾਰੇ ਸਹਿਮਤੀ ਪ੍ਰਗਟਾਈ ਹੈ ਅਤੇ ਅੱਜ ਦੂਜੇ ਦਿਨ ਹੀ ਪੰਜਾਬ ਵਿਚ ਅਸਰ ਹੋਣਾ ਸ਼ੁਰੂ ਹੋ ਗਿਆ ਹੈ ਜਦਕਿ ਉਕਤ ਆਗੂਆਂ ਵਿਰੁਧ ਸ਼ਿਕਾਇਤ 24 ਅਗੱਸਤ ਨੂੰ ਹੋਈ ਸੀ ਪਰ ਅੱਜ ਅਮਲੀ ਰੂਪ ਵਿਚ ਕਾਰਵਾਈ ਲਈ ਸ਼ੁਰੂ ਹੋ ਗਈ ਹੈ। ਯਾਦ ਰਹੇ ਕਿ ਕਾਂਗਰਸੀ ਵਿਧਾਇਕ ਸ. ਸੁਖਪਾਲ ਸਿੰਘ ਖਹਿਰਾ ਦੀ ਨਿਗਰਾਨੀ ਹੇਠ ਇਕ ਪਿੰਡ ਬੇਗੋਵਾਲ ਦੇ ਹੀ ਜਾਰਜ ਨਾਮਕ ਵਿਅਕਤੀ ਨੇ ਪੰਜਾਬ ਦੇ ਲੋਕਪਾਲ ਜਸਟਿਸ ਡੀ.ਐਸ. ਧਾਲੀਵਾਲ ਕੋਲ ਮੁੱਖ ਮੰਤਰੀ, ਸ਼੍ਰੋਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਤੇ ਜ਼ਿਲ੍ਹਾ ਯੋਜਨਾ ਕਮੇਟੀ ਕਪੂਰਥਲਾ ਦੀ ਚੇਅਰਪਰਸਨ ਬੀਬੀ ਜਗੀਰ ਕੌਰ ਵਿਰੁਧ ਬੇਗੋਵਾਲ ਪਿੰਡ ਦੀ 12 ਏਕੜ ਪੰਚਾਇਤੀ ਜ਼ਮੀਨ ’ਤੇ ਕਬਜ਼ਾ ਕਰਨ ਸਬੰਧੀ ਸ਼ਿਕਾਇਤ ਕੀਤੀ ਸੀ। ਇਸੇ ਉਪਰ ਲੋਕਪਾਲ ਨੇ ਕਾਰਵਾਈ ਅਰੰਭੀ ਹੈ। ਲੋਕਪਾਲ ਨੇ ਆਈਜੀ

ਸ਼ਾਮ ਲਾਲ ਗੱਖੜ ਨੂੰ ਆਦੇਸ਼ ਦਿਤੇ ਹਨ ਕਿ ਇਸ ਮਾਮਲੇ ਦੀ ਜਾਂਚ- ਪੜਤਾਲ ਦੀ ਰੀਪੋਰਟ ਇਕ ਮਹੀਨੇ ਵਿਚ ਸੌਂਪੀ ਜਾਵੇ। ਸ਼ਿਕਾਇਤਕਰਤਾ ਜਾਰਜ ਨੇ ਸ਼ਿਕਾਇਤ ਵਿਚ ਮੁੱਖ ਮੰਤਰੀ ਨੂੰ ਇਸ ਕਰ ਕੇ ਪਾਰਟੀ ਬਣਾਇਆ ਸੀ ਕਿਉਂਕਿ ਉਨ੍ਹਾਂ ਦੀ ਨਿਗਰਾਨੀ ਵਿਚ ਹੀ ਬੀਬੀ ਜਾਗੀਰ ਕੌਰ ਨੇ ਪਿੰਡ ਦੀ 12 ਏਕੜ ਜ਼ਮੀਨ ਉਤੇ ਕਬਜ਼ਾ ਕੀਤਾ ਹੈ। ਸ਼ਿਕਾਇਤ ਵਿਚ ਦਸਿਆ ਗਿਆ ਕਿ ਬੀਬੀ ਜਾਗੀਰ ਕੌਰ ਵਲੋਂ ਪਿੰਡ ਬੇਗੋਵਾਲ ਦੀ 12 ਏਕੜ ਪੰਚਾਇਤੀ ਜ਼ਮੀਨ ’ਤੇ ਕੀਤੇ ਕਬਜ਼ੇ ਵਿਚੋਂ 2 ਏਕੜ ਜ਼ਮੀਨ ’ਤੇ ਸੰਤ ਪ੍ਰੇਮ ਸਿੰਘ ਸੋਸਾਇਟੀ ਦਾ ਸਕੂਲ ਚਲਾਇਆ ਜਾ ਰਿਹਾ ਹੈ ਅਤੇ ਬਾਕੀ 10 ਏਕੜ ਜ਼ਮੀਨ ਠੇਕੇ ’ਤੇ ਦਿਤੀ ਗਈ ਹੈ।

ਉਨ੍ਹਾਂ ਇਹ ਵੀ ਦਸਿਆ ਸੀ ਇਸ ਤੋਂ ਪਹਿਲਾਂ ਇਹ ਮਾਮਲਾ ਡਿਪਟੀ ਕਮਿਸ਼ਨਰ, ਮੁੱਖ ਸਕੱਤਰ ਪੰਜਾਬ ਤੇ ਮੁੱਖ ਮੰਤਰੀ ਦੇ ਧਿਆਨ ਵਿਚ ਵੀ ਲਿਆਂਦਾ ਗਿਆ ਸੀ ਪਰ ਹੁਣ ਤਕ ਕੋਈ ਕਾਰਵਾਈ ਨਹੀਂ ਕੀਤੀ ਗਈ ਜਿਸ ਕਰ ਕੇ ਉਸ ਨੂੰ ਪੰਜਾਬ ਦੇ ਲੋਕਪਾਲ ਦੇ ਦਰਬਾਰ ਵਿਚ ਪਹੁੰਚ ਕਰਨੀ ਪਈ। ਹੁਣ ਉਸ ਨੂੰ ਇਨਸਾਫ਼ ਦੀ ਆਸ ਬੱਝੀ ਹੈ। ਵਿਧਾਇਕ ਖਹਿਰਾ ਨੇ ਦਸਿਆ ਕਿ ਉਨ੍ਹਾਂ ਨੇ ਇਹ ਮਾਮਲਾ ਵਿਧਾਨ ਸਭਾ ਵਿਚ ਵੀ ਉਠਾਇਆ ਸੀ ਪਰ ਅਕਾਲੀ ਸਰਕਾਰ ਨੇ ਮਾਮਲਾ ਰੌਲੇ ਵਿਚ ਹੀ ਟਾਲ ਦਿਤਾ। ਦੂਜੇ ਪਾਸੇ ਵਿਧਾਇਕ ਬੀਬੀ ਜਾਗੀਰ ਕੌਰ ਨੇ ਕਿਹਾ ਕਿ ਸ੍ਰੀ ਖਹਿਰਾ ਅਪਣੀ ਆਦਤ ਅਨੁਸਾਰ ਬੇਬੁਨਿਆਦ ਤੇ ਤੱਥ ਤੋਂ ਬਗ਼ੈਰ ਇਲਜ਼ਾਮ ਲਗਾ ਰਹੇ ਹਨ। ਇਹ ਦੋਸ਼ ਕਦੇ ਵੀ ਸਾਬਤ ਨਹੀਂ ਹੋਣਗੇ।

ਰੋਜਾਨਾ ਸਪੋਕਸਮੈਨ ਤੋਂ ਧੰਨਵਾਦ ਸਹਿਤ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top