Share on Facebook

Main News Page

ਸਲਮਾਨ ਖੁਰਸ਼ੀਦ ਨੇ ਸਿੱਖਾਂ ਲਈ ਵਖਰਾ ਵਿਆਹ ਕਾਨੂੰਨ ਬਣਾਉਣ ਤੋਂ ਕੀਤਾ ਇਨਕਾਰ

* ਅਖੇ ਆਨੰਦ ਮੈਰਿਜ ਐਕਟ ਬਣਾਉਣ ਨਾਲ ਬਾਕੀ ਧਰਮਾਂ ਵਾਲੇ ਵੀ ਮੰਗਾਂ ਉਠਾਉਣ ਲੱਗ ਜਾਣਗੇ

ਨਵੀਂ ਦਿੱਲੀ, (29 ਅਗਸਤ, ਪੀ.ਐਸ.ਐਨ): ਕੇਂਦਰ ਸਰਕਾਰ ਨੇ ਸਿੱਖਾਂ ਲਈ ਵਖਰਾ ਵਿਆਹ ਕਾਨੂੰਨ ਬਣਾਉਣ ਤੋਂ ਇਨਕਾਰ ਕਰ ਦਿਤਾ ਹੈ ਅਤੇ 1909 ਦੇ ਅਨੰਦ ਮੈਰਿਜ ਐਕਟ ਵਿਚ ਸੋਧ ਦੇ ਪ੍ਰਸਤਾਵ ਨੂੰ ਵੀ ਤਿਆਗ ਦਿਤਾ, ਜਿਸ ਤਹਿਤ ਸਿੱਖਾਂ ਦੇ ਵਿਆਹ ਦਰਜ ਕੀਤੇ ਜਾ ਸਕਣ। ਰਾਜ ਸਭਾ ਵਿਚ ਅਕਾਲੀ ਦਲ ਦੇ ਸੁਖਦੇਵ ਸਿੰਘ ਢੀਂਡਸਾ ਦੇ ਸਵਾਲ ਦੇ ਲਿਖਤੀ ਜਵਾਬ ਵਿਚ ਕਾਨੂੰਨ ਮੰਤਰੀ ਸਲਮਾਨ ਖ਼ੁਰਸ਼ੀਦ ਨੇ ਸਪੱਸ਼ਟ ਕੀਤਾ ਕਿ ਸਿੱਖਾਂ ਵਿਚ ਹੁੰਦੇ ਹਰ ਤਰ੍ਹਾਂ ਦੇ ਵਿਆਹ ਅਨੰਦ ਐਕਟ ਦੇ ਘੇਰੇ ਵਿਚ ਨਹੀਂ ਆਉਂਦੇ।

ਉਨ੍ਹਾਂ ਕਿਹਾ, ‘‘ਸਿੱਖਾਂ ਨੂੰ ਹੋਰਨਾਂ ਸ਼੍ਰੇਣੀਆਂ (ਜੋ ਹਿੰਦੂ ਮੈਰਿਜ ਐਕਟ 1955 ਦੇ ਘੇਰੇ ਵਿਚ ਆਉਂਦੀਆਂ ਹਨ) ਤੋਂ ਵੱਖ ਕਰਨ ਨੂੰ ਨਿਆਂਸੰਗਤ ਨਹੀਂ ਠਹਿਰਾਇਆ ਜਾ ਸਕਦਾ ਕਿਉਂਕਿ ਇਸ ਨਾਲ ਹੋਰਨਾਂ ਧਰਮਾਂ ਵਲੋਂ ਵੀ ਮੰਗਾਂ ਉਠਣੀਆਂ ਸ਼ੁਰੂ ਹੋ ਜਾਣਗੀਆਂ ਅਤੇ ਇਹ ਵਿਧਾਨ ਦੀ ਧਾਰਾ 44 ਦੇ ਸਿਧਾਂਤਾਂ ਵਿਰੁਧ ਵੀ ਹੈ, ਜੋ ਇਕਸਾਰ ਸਿਵਲ ਕੋਡ ਲਾਗੂ ਕਰਨ ਦੀ ਵਕਾਲਤ ਕਰਦੀ ਹੈ।''

ਖ਼ੁਰਸ਼ੀਦ ਨੇ ਕਿਹਾ ਕਿ ਹਿੰਦੂ ਮੈਰਿਜ ਐਕਟ ਸਿਰਫ਼ ਸਿੱਖਾਂ ਨੂੰ ਹੀ ਨਹੀਂ ਬਲਕਿ ਬੋਧੀਆਂ, ਜੈਨੀਆਂ ਅਤੇ ਉਨ੍ਹਾਂ ਲੋਕਾਂ ਨੂੰ ਅਪਣੇ ਘੇਰੇ ਵਿਚ ਲੈਂਦਾ ਹੈ, ਜੋ ਮੁਸਲਮਾਨ, ਈਸਾਈ, ਪਾਰਸੀ ਜਾਂ ਯਹੂਦੀ ਨਹੀਂ ਹਨ। ਕਾਨੂੰਨ ਮੰਤਰੀ ਨੇ ਸੁਪਰੀਮ ਕੋਰਟ ਦੇ 2006 ਦੇ ਫ਼ੈਸਲੇ ਦੀ ਮਿਸਾਲ ਦਿਤੀ, ਜੋ ਸੀਮਾ ਬਨਾਮ ਅਸ਼ਵਨੀ ਕੁਮਾਰ ਦੇ ਮੁਕੱਦਮੇ ਵਿਚ ਆਇਆ ਸੀ ਅਤੇ ਜਿਸ ਵਿਚ ਸਾਰੀਆਂ ਸੂਬਾ ਸਰਕਾਰਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਵੱਖ-ਵੱਖ ਧਰਮਾਂ ਦੇ ਭਾਰਤੀ ਨਾਗਰਿਕਾਂ ਦੇ ਵਿਆਹ ਦਰਜ ਕਰਨਾ ਲਾਜ਼ਮੀ ਕੀਤੇ ਜਾਣ ਦੀਆਂ ਹਦਾਇਤਾਂ ਦਿਤੀਆਂ ਗਈਆਂ ਸਨ।

Source: Punjab Spectrum


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top