Share on Facebook

Main News Page

ਜੇ ਸਿਆਸੀ ਗਠਜੋੜ ਰਾਹੀਂ ਸੰਤ ਸਮਾਜ, ਸ਼੍ਰੋਮਣੀ ਕਮੇਟੀ ’ਤੇ ਕਾਬਜ਼ ਹੋ ਗਿਆ ਤਾਂ ਸਿੱਖ ਰਹਿਤ ਮਰਿਆਦਾ ਰੱਦ ਕਰਨ ਤੋਂ ਇਲਾਵਾ ਹੋਰ ਬਹੁਤ ਸਾਰੇ ਗੁਰਮਤਿ ਵਿਰੋਧੀ ਕਰਮਕਾਂਡ ਗੁਰਦੁਆਰਿਆਂ ਵਿੱਚ ਸ਼ੁਰੂ ਹੋ ਜਾਣਗੇ: ਪ੍ਰਿੰਸੀਪਲ ਗੁਰਬਚਨ ਸਿੰਘ ਪੰਨਵਾਂ

ਹਰ ਸਿੱਖ ਦਾ ਫਰਜ਼ ਬਣਦਾ ਹੈ ਕਿ ਉਹ ਸੋਚ ਸਮਝ ਕੇ, ਉਨ੍ਹਾਂ ਉਮੀਦਵਾਰਾਂ ਨੂੰ ਹੀ ਜਿਤਾਉਣ ਜਿਹੜੇ ਸਿੱਖ ਰਹਿਤ ਮਰਿਆਦਾ ਆਪ ਮੰਨਦੇ ਹਨ, ਤੇ ਕੌਮੀ ਇੱਕਸਾਰਤਾ ਤੇ ਏਕਤਾ ਲਈ ਲਾਗੂ ਕਰਵਾਉਣ ਲਈ ਸਮ੍ਰਪਤ ਹੋਣ, ਨਹੀਂ ਤਾਂ ਗੁਰਦੁਆਰਾ ਸੁਧਾਰ ਲਹਿਰ ਦੌਰਾਨ ਮਹੰਤਾਂ ਤੋਂ ਗੁਰਦੁਆਰੇ ਅਜ਼ਾਦ ਕਰਵਾਉਣ ਲਈ ਸ਼ਹੀਦੀਆਂ ਪਾਉਣ ਵਾਲੇ ਸ਼ਹੀਦਾਂ ਦੀਆਂ ਰੂਹਾਂ ਸਾਨੂੰ ਲਾਹਨਤਾਂ ਪਾਉਣਗੀਆਂ

ਬਠਿੰਡਾ, 28 ਅਗਸਤ (ਕਿਰਪਾਲ ਸਿੰਘ): ਬੇਸ਼ਕ ਮੇਰਾ ਚੋਣਾਂ ਨਾਲ ਬਹੁਤਾ ਸਬੰਧ ਨਹੀਂ ਹੈ ਪਰ ਗੁਰੂ ਘਰ ਦਾ ਪ੍ਰਚਾਰਕ ਹੋਣ ਦੇ ਨਾਤੇ ਸੰਗਤਾਂ ਨੂੰ ਸੁਚੇਤ ਕਰਨ ਦਾ ਮੇਰਾ ਫਰਜ਼ ਹੈ ਅਤੇ ਆਪਣੇ ਇਸ ਫਰਜ਼ ਦੀ ਪੂਰਤੀ ਕਰਦਾ ਹੋਇਆ ਮੈਂ ਅੱਜ ਇਸ ਸਟੇਜ਼ ਤੋਂ ਕਹਿ ਰਿਹਾ ਹਾਂ ਕਿ ਨਾਨਕਸ਼ਾਹੀ ਕੈਲੰਡਰ ਅੱਧਾ ਕੁ ਤਾਂ ਇਨ੍ਹਾਂ ਵਿਗਾੜ ਹੀ ਦਿੱਤਾ ਹੈ, ਪਰ ਜੇ ਸਿਆਸੀ ਗਠਜੋੜ ਰਾਹੀਂ ਸੰਤ ਸਮਾਜ, ਸ਼ਰੋਮਣੀ ਕਮੇਟੀ ’ਤੇ ਕਾਬਜ਼ ਹੋ ਗਿਆ, ਤਾਂ ਬਾਕੀ ਰਹਿੰਦਾ ਵੀ ਰੱਦ ਕਰਕੇ ਇਨ੍ਹਾਂ ਨੇ ਮੁੜ ਵਦੀਆਂ ਸੁਦੀਆਂ ਅਤੇ ਘਾਟੇ ਵਾਧੇ ਦੇ ਗੋਰਖਧੰਦੇ ਵਾਲਾ ਬਿਕ੍ਰਮੀ ਕੈਲੰਡਰ ਲਾਗੂ ਕਰ ਦੇਣਾ ਹੈ, ਜਿਸ ਨਾਲ ਸਾਨੂੰ ਇਹ ਹੀ ਪਤਾ ਨਹੀਂ ਲਗਣਾ ਕਿ ਸਾਡੇ ਮਹਾਨ ਗੁਰੂ ਸਾਹਿਬਾਨ ਦਾ ਗੁਰਪੁਰਬ ਕਿਸ ਦਿਨ ਹੈ।

ਇਹ ਸ਼ਬਦ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਦੇ ਪ੍ਰਿੰਸੀਪਲ ਗੁਰਬਚਨ ਸਿੰਘ ਪੰਨਵਾਂ (ਥਾਈਲੈਂਡ ਵਾਲਿਆਂ) ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਚੱਲ ਰਹੀ ਲੜੀਵਾਰ ਕਥਾ ਦੌਰਾਨ ਅੱਜ ਸਵੇਰੇ ਗੁਰਦੁਆਰਾ ਬੰਗਲਾ ਸਾਹਿਬ ਨਵੀਂ ਦਿੱਲੀ ਵਿਖੇ ਕਹੇ ਜਿਸ ਦਾ ਸਿੱਧਾ ਪ੍ਰਸਾਰਣ ਚੜ੍ਹਦੀਕਲਾ ਟਾਈਮ ਟੀਵੀ ਤੋਂ ਹੋ ਰਿਹਾ ਸੀ। ਉਨ੍ਹਾਂ ਕਿਹਾ ਕਿ ਹੋਰ ਕੰਮ ਜਿਹੜੇ ਇਨ੍ਹਾਂ ਦੇ ਏਜੰਡੇ ’ਤੇ ਹੋਣਗੇ ਉਨ੍ਹਾਂ ਵਿੱਚ ਸਿੱਖ ਵਿਦਵਾਨਾਂ ਵਲੋਂ 13 ਸਾਲ ਦੀ ਲੰਬੀ ਸੋਚ ਵੀਚਾਰ ਪਿੱਛੋਂ ਹੋਂਦ ਵਿੱਚ ਲਿਆਂਦੀ ਸਿੱਖ ਰਹਿਤ ਮਰਿਆਦਾ, ਜਿਹੜੀ ਕਿ ਅੱਜ ਤੱਕ ਇਨ੍ਹਾਂ ਨੇ ਮੰਨੀ ਨਹੀਂ, ਉਸ ਨੂੰ ਰੱਦ ਕਰਕੇ ਆਪਣੇ ਡੇਰਿਆਂ ਵਾਲੀ ਰਹਿਤ ਮਰਿਆਦਾ ਲਾਗੂ ਕਰਕੇ ਸ਼ਰੋਮਣੀ ਕਮੇਟੀ ਵਲੋਂ ਗਿਣਨਯੋਗ ਕੀਤੀ ਗਈ ਇੱਕੋ ਇੱਕ ਪ੍ਰਾਪਤੀ ’ਤੇ ਪਾਣੀ ਫੇਰ ਦੇਣਾ ਹੈ। ਗੁਰਦੁਆਰਿਆਂ ਵਿੱਚ ਗੁਰਪੁਰਬ ਮਨਾਉਣ ਦੀ ਥਾਂ ਆਪਣੇ ਮਰ ਚੁੱਕੇ ਡੇਰੇਦਾਰਾਂ ਦੀਆਂ ਬਰਸੀਆਂ ਮਨਾਉਣੀਆਂ ਸ਼ੁਰੂ ਕਰ ਦੇਣੀਆਂ ਹਨ। ਗੁਰਬਾਣੀ ਤੇ ਸਿੱਖ ਇਤਿਹਾਸ ਦੀ ਵਿਆਖਿਆ ਕਰਨ ਦੀ ਥਾਂ ਗੁਰਬਿਲਾਸ ਪਾਤਸ਼ਾਹੀ 6ਵੀਂ ’ਤੇ ਅਧਾਰਤ ਮਨਘੜਤ ਸਾਖੀਆਂ ਸੁਣਾਈਆਂ ਜਾਇਆ ਕਰਨਗੀਆਂ।ਅਤੇ ਉਹ ਕੁਰੀਤੀਆਂ ਜਿਹੜੇ ਇਨ੍ਹਾਂ ਦੇ ਪੂਰਵਜ਼ ਮਹੰਤ ਕਰਦੇ ਰਹੇ ਹਨ ਉਹ ਮੁੜ ਗੁਰਦੁਅਰਿਆਂ ਵਿੱਚ ਸ਼ੁਰੂ ਜਾਣਗੀਆਂ। ਪ੍ਰਿੰ: ਪੰਨਵਾਂ ਨੇ ਕਿਹਾ ਇਸ ਲਈ ਹਰ ਸਿੱਖ ਦਾ ਫਰਜ਼ ਬਣਦਾ ਹੈ ਕਿ ਉਹ ਸੋਚ ਸਮਝ ਕੇ ਉਨ੍ਹਾਂ ਉਮੀਦਵਾਰਾਂ ਨੂੰ ਹੀ ਜਿਤਾਉਣ ਜਿਹੜੇ ਸਿੱਖ ਰਹਿਤ ਮਰਿਆਦਾ ਆਪ ਮੰਨਦੇ ਹਨ ਤੇ ਕੌਮੀ ਇੱਕਸਾਰਤਾ ਤੇ ਏਕਤਾ ਲਈ ਲਾਗੂ ਕਰਵਾਉਣ ਲਈ ਸਮ੍ਰਪਤ ਹੋਣ, ਨਹੀਂ ਤਾਂ ਗੁਰਦੁਆਰਾ ਸੁਧਾਰ ਲਹਿਰ ਦੌਰਾਨ ਮਹੰਤਾਂ ਤੋਂ ਗੁਰਦੁਆਰੇ ਅਜ਼ਾਦ ਕਰਵਾਉਣ ਲਈ ਸ਼ਹੀਦੀਆਂ ਪਾਉਣ ਵਾਲੇ ਸ਼ਹੀਦਾਂ ਦੀਆਂ ਰੂਹਾਂ ਸਾਨੂੰ ਲਾਹਨਤਾਂ ਪਾਉਣਗੀਆਂ।

ਪ੍ਰਿੰ: ਪੰਨਵਾਂ ਨੇ ਇਤਿਹਾਸਕ ਹਵਾਲੇ ਦਿੰਦੇ ਹੋਏ ਦੱਸਿਆ ਕਿ ਗੁਰੂ ਨਾਨਕ ਸਾਹਿਬ ਜੀ ਦੇ ਆਗਮਨ ਪੁਰਬ 1469 ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਲੋਕ ਗਵਨ 1708 ਤੱਕ ਸਿੱਖ ਇਤਿਹਾਸ ਵਿੱਚ ਬਾਬਾ ਬੁੱਢਾ ਜੀ, ਭਾਈ ਲਾਲੋ ਜੀ, ਭਾਈ ਗੁਰਦਾਸ ਜੀ, ਭਾਈ ਮੰਝ ਜੀ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਦਿਆਲਾ ਜੀ ਵਰਗੇ ਅਨੇਕਾਂ ਕਹਿਣੀ ਕਥਨੀ ਦੇ ਸੂਰੇ ਗੁਰਸਿੱਖ ਹੋਏ ਸਨ, ਜਿਨ੍ਹਾਂ ਵਿੱਚੋਂ ਕਿਸੇ ਇੱਕ ਦੇ ਨਾਲ ਵੀ ਸੰਤ ਸ਼ਬਦ ਨਹੀਂ ਲੱਗਿਆ। ਉਸ ਉਪ੍ਰੰਤ 1708 ਤੋਂ ਲੈ ਕੇ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਅਤੇ ਉਸ ਤੋਂ ਪਿੱਛੋਂ ਵੀ 1912 ਤੱਕ ਅਨੇਕਾਂ ਗੁਰਸਿੱਖ ਯੋਧੇ ਤੇ ਪ੍ਰਚਰਕ ਸਿੱਖ ਹੋਏ ਹਨ ਉਨ੍ਹਾਂ ਵਿੱਚੋਂ ਵੀ ਕਿਸੇ ਇੱਕ ਦੇ ਨਾਲ ਵੀ ਸੰਤ ਸ਼ਬਦ ਦੀ ਵਰਤੋਂ ਹੋਈ ਨਹੀਂ ਮਿਲਦੀ। ਉਸ ਪਿੱਛੋਂ 1984 ਤੱਕ ਸੰਤਾਂ ਦੀ ਚੋਖੀ ਗਿਣਤੀ ਵਧੀ ਪਰ 1984 ਵਿੱਚ ਸਿਖ ਕੌਮ ’ਤੇ ਭੀੜ ਪੈਣ ਸਮੇਂ 1992 ਤੱਕ ਇਨ੍ਹਾਂ ਸੰਤਾਂ ਦਾ ਪਤਾ ਨਹੀਂ ਲੱਗਾ ਕਿ ਇਹ ਕਿੱਥੇ ਛੁਪੇ ਰਹੇ, ਪਰ ਉਸ ਤੋਂ ਉਪ੍ਰੰਤ ਇਨ੍ਹਾਂ ਅਖੌਤੀ ਸੰਤਾਂ ਦੀ ਗਿਣਤੀ ਤੇਜੀ ਨਾਲ ਇਤਨੀ ਵਧੀ ਹੈ ਕਿ ਪੰਜਾਬ ਦੇ 12000 ਪਿੰਡਾਂ ਵਿੱਚ 25000 ਹਜ਼ਾਰ ਤੱਕ ਸੰਤਾਂ ਦੀ ਗਿਣਤੀ ਪਹੁੰਚ ਚੁੱਕੀ ਹੈ। ਪ੍ਰਿੰ: ਪੰਨਵਾਂ ਨੇ ਕਿਹਾ ਗੁਰਮਤਿ ਵਿੱਚ ਵਿਹਲੜ ਸੰਤਾਂ ਜਿਨ੍ਹਾਂ ਲਈ ਕਬੀਰ ਸਾਹਿਬ ਜੀ ਨੇ ਠੱਗ ਸ਼ਬਦ ਦੀ ਵਰਤੋਂ ਕਰਦੇ ਹੋਏ ਲਿਖਿਆ ਹੈ:

ਗਜ ਸਾਢੇ ਤੈ ਤੈ ਧੋਤੀਆ, ਤਿਹਰੇ ਪਾਇਨਿ ਤਗ ॥ ਗਲੀ ਜਿਨਾ ਜਪਮਾਲੀਆ, ਲੋਟੇ ਹਥਿ ਨਿਬਗ ॥ ਓਇ ਹਰਿ ਕੇ ਸੰਤ ਨ ਆਖੀਅਹਿ, ਬਾਨਾਰਸਿ ਕੇ ਠਗ ॥1॥ ਐਸੇ ਸੰਤ ਨ ਮੋ ਕਉ ਭਾਵਹਿ ॥ ਡਾਲਾ ਸਿਉ ਪੇਡਾ ਗਟਕਾਵਹਿ ॥1॥ ਰਹਾਉ ॥’ (ਪੰਨਾ 476)

ਪ੍ਰਿੰਸੀਪਲ ਪੰਨਵਾਂ ਨੇ ਕਿਹਾ ਕਿ ਗੁਰਮਤਿ ਸਾਨੂੰ ਭਗਤ ਨਾਮਦੇਵ ਜੀ ਦੇ ਸ਼ਬਦ ‘ਨਾਮਾ ਮਾਇਆ ਮੋਹਿਆ, ਕਹੈ ਤਿਲੋਚਨੁ ਮੀਤ ॥ ਕਾਹੇ ਛੀਪਹੁ ਛਾਇਲੈ ਰਾਮ ਨ ਲਾਵਹੁ ਚੀਤੁ ॥212॥ ਨਾਮਾ ਕਹੈ ਤਿਲੋਚਨਾ ਮੁਖ ਤੇ ਰਾਮੁ ਸੰਮਾਲਿ ॥ ਹਾਥ ਪਾਉ ਕਰਿ ਕਾਮੁ ਸਭੁ ਚੀਤੁ ਨਿਰੰਜਨ ਨਾਲਿ ॥213॥’ (ਪੰਨਾ 1375) ਤੋਂ ਸੇਧ ਲੈ ਕੇ ਪ੍ਰਭੂ ਦੇ ਗੁਣਾਂ ਨੂੰ ਮਨ ਵਿੱਚ ਵਸਾ ਕੇ ਪਵਿੱਤਰ ਕ੍ਰਿਤ ਕਾਰ ਕਰਨ ਦਾ ਉਪਦੇਸ਼ ਦਿੰਦੀ ਹੈ ਪਰ ਇਨ੍ਹਾਂ ਸੰਤਾਂ ਨੇ ਕਹਿਣਾ ਹੈ ਕਿ ਕੰਮ ਕਰਨ ਦੀ ਲੋੜ ਨਹੀਂ ਹੈ ਨਾਮ ਜਪੋ ਸਾਰੇ ਕੰਮ ਆਪੇ ਹੀ ਸਿੱਧ ਹੋ ਜਾਣਗੇ। ਪਰ ਖ਼ਿਆਲ ਕਰੋ ਕਿ ਜੇ ਕੋਈ ਕਿਸੇ ਖੂੰਜੇ ਵਿੱਚ ਅਤੇ ਕੋਈ ਕਿਸੇ ਖੂੰਜੇ ਵਿੱਚ ਬੈਠ ਕੇ ਘਰ ਦੇ ਸਾਰੇ ਜਣੇ ਨਾਮ ਹੀ ਜਪਣ ਲੱਗ ਪੈਣ, ਕੋਈ ਕਿਸਾਨ ਖੇਤ ਵਿੱਚ ਕੰਮ ਕਰਨ ਨਾ ਜਾਵੇ, ਕੋਈ ਦੁਕਾਨ ਦਾਰ ਦੁਕਾਨ ’ਤੇ ਨਾ ਜਾਵੇ ਕੋਈ ਕਾਮਾ ਕਾਰਖਾਨੇ ਵਿੱਚ ਕੰਮ ਕਰਨ ਨਾ ਜਾਵੇ ਤਾਂ ਜੀਵਨ ਨਿਰਵਾਹ ਕਿਸ ਤਰ੍ਹਾਂ ਹੋਵੇਗਾ? ਉਨ੍ਹਾਂ ਕਿਹਾ ‘ਕੰਮ ਹੀ ਪੂਜਾ ਹੈ’ (Work isWorship) ਦਾ ਅਸਲੀ ਭਾਵ ਹੈ ਕਿ ਕੰਮ ਕਰਦੇ ਹੋਏ ਪ੍ਰਭੂ ਨੂੰ ਹਮੇਸ਼ਾਂ ਹਾਜ਼ਰ ਨਾਜ਼ਰ ਜਾਣ ਕੇ ਕੰਮ ਨੂੰ ਪੂਜਾ ਵਾਂਗ ਪਵਿੱਤਰ ਸਮਝ ਕੇ ਕਰਨਾ ਹੈ। ਦਫ਼ਤਰ ਵਿੱਚ ਬੈਠਾ ਕ੍ਰਮਚਾਰੀ ਗਲਤ ਕੰਮ ਕਰਕੇ ਕਿਸੇ ਦਾ ਹੱਕ ਨਾ ਮਾਰੇ, ਕੰਮ ਕਰਨ ਬਦਲੇ ਰਿਸ਼ਵਤ ਦੀ ਮੰਗ ਨਾ ਕਰੇ। ਦੁਕਾਨਦਾਰ ਝੂਠ ਦਾ ਸਹਾਰਾ ਨਾ ਲਵੇ, ਘੱਟ ਨਾ ਤੋਲੇ ਤਾਂ ਸਮਝੋ ਉਹ ਕ੍ਰਿਤ ਕਾਰ ਕਰਦਾ ਹੋਇਆ ਵੀ ਨਾਮ ਜਪ ਰਿਹਾ ਹੈ ਤੇ ਇਹੀ ਸਿਧਾਂਤ ਸਾਨੂੰ ਗੁਰਮਤਿ ਸਿਖਾਉਂਦੀ ਹੈ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top