Share on Facebook

Main News Page

ਮਾਤਾ ਦੇ ਦਰਬਾਰ ਵਿੱਚ ਹਾਜਰੀਆਂ ਭਰਨ ਵਾਲੇ ਵੀ ਸ਼ਰੋਮਣੀ ਕਮੇਟੀ ਦੀਆਂ ਚੋਣਾਂ ਲੜ ਰਹੇ ਹਨ, ਫੈਸਲਾ ਸੰਗਤਾਂ ਨੇ ਕਰਨਾ ਹੈ ਕਿ ਚੋਣ ਕਿਸ ਦੀ ਕਰਨੀ ਹੈ

ਬਠਿੰਡਾ, 27 ਅਗਸਤ (ਕਿਰਪਾਲ ਸਿੰਘ): ਆਸਟ੍ਰੇਲੀਆ ਵਿੱਚ ਇੱਕ ਪੰਜਾਬੀ ਦੇ ਹੋਏ ਕਤਲ ’ਤੇ ਚਿੰਤਾ ਪ੍ਰਗਟ ਕਰਦੇ ਹੋਏ ਉਪ ਮੁਖ ਮੰਤਰੀ ਪੰਜਾਬ ਸ: ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਇੰਝ ਪ੍ਰਤੀਤ ਹੋ ਰਿਹਾ ਹੈ ਜਿਵੇਂ ਕੇਂਦਰ ਵਿੱਚ ਸਰਕਾਰ ਨਾਂ ਦੀ ਕੋਈ ਚੀਜ ਹੀ ਨਹੀਂ ਹੈ। ਪੰਜਾਬੀਆਂ ਦੇ ਕਾਤਲਾਂ ਨੂੰ ਫੜਨ ਲਈ ਕੇਂਦਰ ਸਰਕਾਰ ਨੇ ਹੁਣ ਤੱਕ ਡਿਪਲੋਮੈਟਿਕ ਢੰਗ ਨਾਲ ਆਸਟ੍ਰੇਲੀਆਈ ਸਰਕਾਰ ’ਤੇ ਕੋਈ ਦਬਾਉ ਨਹੀਂ ਪਾਇਆ। ਕੇਂਦਰ ਸਰਕਾਰ ਵਿਦੇਸ਼ਾਂ ਵਿੱਚ ਆਪਣੇ ਸ਼ਹਿਰੀਆਂ ਦੀ ਜਾਨ ਮਾਲ ਦੀ ਸੁਰੱਖਿਆ ਕਰਨ ’ਚ ਬੁਰੀ ਤਰ੍ਹਾਂ ਫੇਲ ਹੋਈ ਹੈ। ਇਹ ਦਾਅਵਾ ਉਨ੍ਹਾਂ ਆਪਣੀ ਭੂਆ ਸਵ: ਹਰਪਾਲ ਕੌਰ ਪਤਨੀ ਸ: ਅਮਰਜੀਤ ਸਿੰਘ ਖਾਨਾ ਇੰਚਾਰਜ ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਦੇ ਭੋਗ ਅਤੇ ਅੰਤਿਮ ਅਰਦਾਸ ਤੋਂ ਵਾਪਸ ਪ੍ਰਤਦਿਆਂ ਇਥੇ ਸਰਕਟ ਹਾਊਸ ਵਿਖੇ, ਪ੍ਰੈੱਸ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕੇਂਦਰ ਸਰਕਾਰ ਹਰ ਫਰੰਟ ’ਤੇ ਫੇਲ ਹੋ ਚੁੱਕੀ ਹੈ ਤੇ ਇਹ ਘਪਲਿਆਂ ਦੀ ਸਰਕਾਰ ਬਣ ਕੇ ਰਹਿ ਗਈ ਹੈ। ਇਹ ਸਰਕਾਰ ਹੁਣ ਤੱਕ ਦੀ ਸਭ ਤੋਂ ਨਿਕੰਮੀ ਸਰਕਾਰ ਸਾਬਤ ਹੋਈ ਹੈ ਜਿਸ ਨੇ ਵੱਡੇ ਭ੍ਰਿਸ਼ਟਾਚਾਰੀਆਂ ਤੇ ਘਪਲੇਬਾਜ਼ਾਂ ਵਿਰੁਧ ਕੋਈ ਕਾਰਵਾਈ ਨਹੀਂ ਕੀਤੀ। ਜੋ ਹੁਣ ਕਾਰਵਾਈ ਕੀਤੀ ਜਾ ਰਹੀ ਹੈ ਉਹ ਸਰਕਾਰ ਵਲੋਂ ਨਹੀਂ ਬਲਕਿ ਅਦਾਲਤ ਵਲੋਂ ਕੀਤੀ ਜਾ ਰਹੀ ਹੈ।

ਪੁੱਛਿਆ ਗਿਆ ਕਿ ਵਿਦੇਸ਼ਾਂ ਵਿੱਚ ਪੰਜਾਬੀਆਂ ਦੀ ਜਾਨ ਮਾਲ ਦੀ ਸੁਰੱਖਿਆ ਸਬੰਧੀ ਤੁਹਾਡੇ ਵਲੋਂ ਆਵਾਜ਼ ਉਠਾਉਣੀ ਤਾਂ ਸ਼ਾਲਾਘਾਯੋਗ ਹੈ ਪਰ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਮਨੁਖੀ ਅਧਿਕਾਰ ਵਿੰਗ ਦੇ ਮੁਖੀ ਸਵ: ਜਸਵੰਤ ਸਿੰਘ ਖਾਲੜਾ ਸਮੇਤ ਕਿਤਨੇ ਹੀ ਹੋਰ ਸਿੱਖ ਨੌਜਵਾਨਾਂ ਨੂੰ ਘਰੋਂ ਚੁੱਕ ਕੇ ਖਪਾ ਦਿੱਤਾ ਗਿਆ ਹੈ, ਜਿਨ੍ਹਾਂ ਦੀ ਅੱਜ ਤੱਕ ਕੋਈ ਉਘ ਸੁੱਘ ਨਹੀਂ ਨਿਕਲੀ। ਸਗੋਂ ਅੱਜ ਵੀ ਪੰਜਾਬ ਵਿੱਚ ਨਿੱਤ ਦਿਹਾੜੇ ਕਤਲਾਂ ਤੋਂ ਇਲਾਵਾ ਹਿਰਾਸਤੀ ਮੌਤਾਂ ਵੀ ਹੋ ਰਹੀਆਂ ਹਨ। ਪੰਜਾਬ ਵਿੱਚ ਹੋ ਰਹੇ ਪੰਜਾਬੀਆਂ ਦੇ ਕਤਲਾਂ ਦੇ ਕਾਤਲਾਂ ਨੂੰ ਪੰਜਾਬ ਸਰਕਾਰ ਨੇ ਹੁਣ ਤੱਕ ਕੀ ਸਜਾ ਦਿੱਤੀ ਹੈ? ਜਸਵੰਤ ਸਿੰਘ ਦੇ ਕਤਲ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੀ ਦੋ ਵਾਰ ਸਰਕਾਰ ਬਣ ਚੁੱਕੀ ਹੈ। ਉਸ ਦੇ ਕਾਤਲਾਂ ਦਾ ਪਤਾ ਕਰਨ ਅਤੇ ਉਨ੍ਹਾਂ ਨੂੰ ਸਜਾ ਦੇਣ ਲਈ ਪੰਜਾਬ ਸਰਕਾਰ ਨੇ ਹੁਣ ਤੱਕ ਕੀ ਕਾਰਵਾਈ ਕੀਤੀ ਹੈ? ਇਸ ਸਬੰਧ ’ਚ ਸ: ਬਾਦਲ ਨੇ ਬਿਲਕੁਲ ਅਣਜਾਣਤਾ ਪ੍ਰਗਟ ਕੀਤੀ ਤਾਂ ਪੁੱਛਿਆ ਗਿਆ ਕਿ ਜਸਵੰਤ ਸਿੰਘ ਖਾਲੜਾ ਜੀ ਤੁਹਾਡੀ ਹੀ ਪਾਰਟੀ ਦੇ ਮਨੁੱਖੀ ਅਧਿਕਾਰ ਵਿੰਗ ਦੇ ਮੁਖੀ ਸਨ। ਜੇ ਉਨ੍ਹਾਂ ਦੇ ਕੇਸ ਬਾਰੇ ਵੀ ਤੁਹਾਨੂੰ ਕੋਈ ਜਾਣਕਾਰੀ ਨਹੀਂ ਹੈ ਤਾਂ ਆਮ ਪੰਜਾਬੀਆਂ ਦੀ ਜਾਨ ਮਾਲ ਕਿਤਨੀ ਕੁ ਸੁਰੱਖਿਅਤ ਹੋਵੇਗੀ? ਇਸ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਹੁਣ ਉਹ ਇਸ ਸਬੰਧੀ ਜਰੂਰ ਜਾਣਕਾਰੀ ਪ੍ਰਾਪਤ ਕਰਨਗੇ।

ਸ: ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਵਿੱਚ ਝੋਨੇ ਦੀ ਪ੍ਰਾਲ਼ੀ ਨਾਲ ਚੱਲਣ ਵਾਲੇ 10 ਤੋਂ 15 ਮੈਗਾਵਾਟ ਦੇ ਬਿਜਲੀ ਪ੍ਰੋਜੈਕਟ ਲਾ ਕੇ 3 ਤੋਂ 4 ਸੌ ਮੈਗਾਵਾਟ ਤੱਕ ਬਿਜਲੀ ਪੈਦਾ ਕੀਤੀ ਜਾਵੇਗੀ। ਇਸ ਨਾਲ ਤਿੰਨ ਫਾਇਦੇ ਹੋਣਗੇ। ਪਹਿਲਾ ਫਾਇਦਾ ਇਹ ਹੋਵੇਗਾ ਕਿ ਕਿਸਾਨਾਂ ਵਲੋਂ ਸਾੜੀ ਜਾ ਰਹੀ ਪ੍ਰਾਲ਼ੀ ਕਾਰਣ ਵਧ ਰਿਹਾ ਪ੍ਰਦੂਸ਼ਨ ਘਟੇਗਾ, ਦੂਜਾ ਫਾਇਦਾ ਇਹ ਹੋਵੇਗਾ ਕਿ ਹਰ ਕਿਸਾਨ ਨੂੰ ਦੋ ਤੋਂ ਤਿੰਨ ਹਜਾਰ ਰੁਪਏ ਦੀ ਮੁਫਤ ਵਿੱਚ ਆਮਦਨ ਹੋਵੇਗੀ ਅਤੇ ਤੀਜਾ ਫਾਇਦਾ ਹੋਵੇਗਾ ਕਿ ਪੰਜਾਬ ਵਿੱਚ ਬਿਜਲੀ ਦੀ ਥੁੜ ਪੂਰੀ ਹੋਵੇਗੀ ਪੰਜਾਬ ਸਿਰ ਚੜ੍ਹੇ ਕਰਜ਼ੇ ਸਬੰਧੀ ਗੱਲ ਕਰਦਿਆਂ ਸ: ਬਾਦਲ ਨੇ ਕਿਹਾ ਕਿ ਕਾਂਗਰਸੀ ਝੂਠ ਦੇ ਸਹਾਰੇ ’ਤੇ ਸਿਆਸਤ ਕਰ ਰਹੇ ਹਨ। ਪਹਿਲਾਂ ਜਗਮੀਤ ਸਿੰਘ ਬਰਾੜ ਵੱਡਾ ਗੱਪੀ ਸੀ ਹੁਣ ਕਾਂਗਰਸ ਪ੍ਰਧਾਨ ਝੂਠ ਮਾਰਨ ਵਿੱਚ ਉਨ੍ਹਾਂ ਤੋਂ ਵੀ ਅੱਗੇ ਨਿਕਲ ਗਿਆ ਹੈ। ਉਹ ਕਹਿ ਰਿਹਾ ਹੈ ਪੰਜਾਬ ਦੇ ਸਿਰ ਇੱਕ ਲੱਖ 60 ਹਜ਼ਾਰ ਕਰੋੜ ਰੁਪਏ ਕਰਜ਼ਾ ਹੈ। ਸ: ਬਾਦਲ ਨੇ ਕਿਹਾ ਕਿ ਇਸ ਤਰ੍ਹਾਂ ਝੂਠ ਬੋਲ ਕੇ ਉਹ ਪੰਜਾਬ ਨੂੰ ਬਦਨਾਮ ਕਰ ਰਿਹਾ ਹੈ। ਉਨ੍ਹਾਂ ਕਿਹਾ ਪੰਜਾਬ ਦੀ ਆਰਥਿਕਤਾ ਕਾਂਗਰਸੀ ਰਾਜ ਵਾਲੇ ਦੂਜੇ ਸੂਬਿਆਂ ਨਾਲੋਂ, ਇਥੋਂ ਤੱਕ ਕਿ ਕੇਂਦਰ ਸਰਕਾਰ ਨਾਲੋਂ ਵੀ ਬਿਹਤਰ ਹੈ। ਪੰਜਾਬ ਸਿਰ ਜਿੰਨਾ ਕਰਜ਼ਾ ਕਾਂਗਰਸ ਸਰਕਾਰ ਛੱਡ ਕੇ ਗਈ ਸੀ ਅੱਜ ਉਸ ਨਾਲੋਂ ਘੱਟ ਹੈ। ਕਾਂਗਰਸ ਪ੍ਰਧਾਨ, ਪੰਜਾਬ ਸਰਕਾਰ ਵਲੋਂ ਕਣਕ ਖਰੀਦਣ ਲਈ ਕੇਂਦਰ ਸਰਕਾਰ ਤੋਂ ਲਈ ਗਈ ਪੇਸ਼ਗੀ ਰਕਮ ਨੂੰ ਵੀ ਕਰਜ਼ਾ ਦੱਸ ਰਿਹਾ ਹੈ ਜਦੋਂ ਕਿ ਇਹ ਤਾਂ ਸਿਰਫ ਕੇਂਦਰ ਲਈ ਕਣਕ ਖ੍ਰੀਦਣ ਲਈ ਪੇਸ਼ਗੀ ਹੀ ਹੈ, ਤੇ ਇੰਨੀ ਰਕਮ ਦੀ ਕਣਕ ਖ੍ਰੀਦ ਕੇ ਕੇਂਦਰ ਨੂੰ ਦੇ ਦਿੱਤੀ ਜਾਵੇਗੀ।

ਪੁੱਛਿਆ ਗਿਆ ਕਿ ਜੇ ਪੰਜਾਬ ਸਰਕਾਰ ਦੀ ਆਰਥਿਕਤਾ ਬਿਹਤਰ ਹੈ ਤਾਂ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਕਿਉਂ ਨਹੀਂ ਦਿੱਤਾ ਜਾ ਰਿਹਾ? ਜਵਾਬ ਵਿੱਚ ਉਨ੍ਹਾਂ ਕਿਹਾ ਨਿਯਮਾਂ ਅਨੁਸਾਰ ਸਰਕਾਰ ਜਿੰਨੀ ਭਰਤੀ ਕਰ ਸਕਦੀ ਹੈ ਉਹ ਕਰ ਲਈ ਗਈ ਹੈ। ਹੁਣ ਤੱਕ ਪੰਜਾਬ ਵਿੱਚ ਇੱਕ ਲੱਖ ਬੇਰੁਜ਼ਗਾਰਾਂ ਨੂੰ ਪਾਰਦਰਸ਼ੀ ਢੰਗ ਨਾਲ ਰੁਜ਼ਗਾਰ ਦਿੱਤਾ ਜਾ ਚੁੱਕਾ ਹੈ, ਤੇ ਕੋਈ ਸਾਬਤ ਕਰੇ ਕਿ ਕਿਸੇ ਇੱਕ ਕੇਸ ਵਿੱਚ ਵੀ ਕੋਈ ਹੇਰਾਫੇਰੀ ਹੋਈ ਹੈ।

ਇਹ ਦੱਸਣਯੋਗ ਹੈ ਕਿ ਬਹੁਤੇ ਸਵਾਲਾਂ ਤੋਂ ਬਚਣ ਲਈ ਸਰਕਟ ਹਾਊਸ ਵਿੱਚ ਆਡੀਓ ਸਿਸਟਮ ਦੇ ਸਪੀਕਰ ਠੀਕ ਹਾਲਤ ਵਿੱਚ ਹੋਣ ਅਤੇ ਕਈ ਵਾਰ ਬੇਨਤੀ ਕੀਤੀ ਜਾਣ ਦੇ ਬਾਵਯੂਦ ਚਲਾਏ ਨਹੀਂ ਗਏ। ਪੱਤਰਕਾਰਾਂ ਨੇ ਆਪਣੇ ਆਪਣੇ ਸਵਾਲ ਪੁੱਛਣ ਲਈ ਆਪਣੀਆਂ ਸੀਟਾਂ ਤੋ ਉੱਠ ਕੇ ਉਪ ਮੁਖ ਮੰਤਰੀ ਦੁਆਲੇ ਝੁਰਮਟ ਮਾਰ ਲਿਆ। ਇਸ ਦਾ ਫਾਇਦਾ ਉਠਾਉਂਦਿਆ ਉਹ ਜਿਸ ਜਵਾਬ ਤੋਂ ਟਲਣਾ ਚਾਹੁੰਦੇ ਸਨ ਉਸ ਤੋਂ ਧਿਆਨ ਹਟਾ ਕੇ ਦੂਸਰੇ ਪੱਤਰਕਾਰ ਦੇ ਸਵਾਲ ਦਾ ਜਵਾਬ ਦੇਣਾ ਸ਼ੁਰੂ ਕਰ ਦਿੰਦੇ ਸਨ। ਜਦੋਂ ਤਿੱਖੇ ਸਵਾਲ ਪੁੱਛੇ ਜਾਣ ਲੱਗੇ ਤਾਂ ਉਨ੍ਹਾਂ ਮੀਡੀਆ ਪਰਸਨਜ਼ ਨੂੰ ਸਤਿ ਸ਼੍ਰੀ ਅਕਾਲ ਬੁਲਾਉਂਦਿਆਂ ਕਿਹਾ ਕਿ ਹੁਣ ਉਨ੍ਹਾਂ ਅਫ਼ਸਰਾਂ ਨਾਲ ਵੀ ਗੱਲ ਕਰਨੀ ਹੈ। ਇਸ ਸਮੇਂ ਉਨ੍ਹਾਂ ਦੀ ਪਤਨੀ ਤੇ ਬਠਿੰਡਾ ਤੋਂ ਲੋਕ ਸਭਾ ਮੈਂਬਰ ਬੀਬੀ ਹਰ ਸਿਮਰਤ ਕੌਰ ਬਾਦਲ ਤੋਂ ਇਲਾਵਾ ਬਠਿੰਡਾ ਵਿਧਾਨ ਸਭਾ ਹਲਕਾ ਇੰਚਾਰਜ਼ ਸ਼੍ਰੀ ਸਰੂਪ ਚੰਦ ਸਿੰਗਲਾ ਵੀ ਹਾਜ਼ਰ ਸਨ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top