Share on Facebook

Main News Page

ਹੁਣ ਬਾਦਲਕਿਆਂ ਦੇ ਰਾਜ ਵਿੱਚ ਸਿੱਖਾਂ ਦੀ ਸਰਵ ਉਚ ਸੰਸਥਾ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵਿੱਚ ਮੁਸਲਮਾਨ ਵੀ ਵੋਟਾਂ ਪਾਉਣਗੇ
 

ਅੰਮ੍ਰਿਤਸਰ, (27 ਅਗਸਤ, ਪੀ.ਐਸ.ਐਨ): ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲੜਨ ਵਾਲੇ ਸਾਰੇ ਉਮੀਦਵਾਰਾਂ ਦੇ ਪਰਿਵਾਰਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਅੰਮ੍ਰਿਤਧਾਰੀ ਹੋਣ ਦੇ ਦਿੱਤੇ ਗਏ ਸੱਦੇ ਨੂੰ ਫਿਲਹਾਲ ਮੱਠਾ ਹੁੰਗਾਰਾ ਮਿਲਿਆ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਵੱਲੋਂ ਇਹ ਸੱਦਾ ਸੁਪਰੀਮ ਕੋਰਟ ਦੇ ਉੱਘੇ ਵਕੀਲ ਐਚ.ਐਸ. ਫੂਲਕਾ ਵੱਲੋਂ ਕੀਤੀ ਗਈ ਅਪੀਲ ਦੇ ਆਧਾਰ 'ਤੇ ਦਿੱਤਾ ਸੀ।

ਐਡਵੋਕੇਟ ਫੂਲਕਾ ਨੇ ਜਥੇਦਾਰ ਨਾਲ ਮੁਲਾਕਾਤ ਕਰਕੇ ਅਪੀਲ ਕੀਤੀ ਸੀ ਕਿ ਇਹ ਨਿਰੋਲ ਧਾਰਮਿਕ ਚੋਣਾਂ ਹਨ। ਇਸ ਲਈ ਸਮੂਹ ਉਮੀਦਵਾਰਾਂ ਦੇ ਪਰਿਵਾਰਕ ਮੈਂਬਰਾਂ ਦਾ ਅੰਮ੍ਰਿਤਧਾਰੀ ਹੋਣਾ ਜ਼ਰੂਰੀ ਹੈ। ਉਨ੍ਹਾਂ ਵੱਲੋਂ ਚੋਣਾਂ ਵਿੱਚ ਨਸ਼ਿਆਂ ਦੀ ਵਰਤੋਂ ਰੋਕਣ ਲਈ ਵੀ ਮੁਹਿੰਮ ਅਰੰਭੀ ਗਈ ਹੈ। ਇਸ ਬਾਰੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਸਮੂਹ ਉਮੀਦਵਾਰਾਂ ਨੂੰ ਅਪੀਲ ਕੀਤੀ ਸੀ ਕਿ ਉਹ ਤੇ ਉਨ੍ਹਾਂ ਦੇ ਪਰਿਵਾਰਾਂ ਦੇ ਮੈਂਬਰ 25 ਅਗਸਤ ਤੱਕ ਅੰਮ੍ਰਿਤਧਾਰੀ ਬਣਨ। ਇਸ ਬਾਰੇ ਇੱਛੁਕ ਪਰਿਵਾਰ ਅੰਮ੍ਰਿਤ ਸੰਚਾਰ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਵੀ ਆ ਸਕਦੇ ਹਨ।

ਸ਼੍ਰੋਮਣੀ ਕਮੇਟੀ ਦੀਆਂ ਕੁਲ 170 ਸੀਟਾਂ ਲਈ ਪੰਜਾਬ, ਹਰਿਆਣਾ, ਹਿਮਾਚਲ ਤੇ ਚੰਡੀਗੜ੍ਹ ਵਿੱਚੋਂ ਇਸ ਵਾਰ 1110 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਭਰੇ ਹਨ। ਇਨ੍ਹਾਂ ਵਿੱਚ 1011 ਉਮੀਦਵਾਰ ਪੰਜਾਬ ਤੋਂ, 75 ਹਰਿਆਣਾ, 14 ਚੰਡੀਗੜ੍ਹ ਤੇ 10 ਹਿਮਾਚਲ ਪ੍ਰਦੇਸ਼ ਤੋਂ ਸ਼ਾਮਲ ਹਨ। ਇਹ ਸਮੂਹ ਉਮੀਦਵਾਰਾਂ ਵਿੱਚੋਂ ਫਿਲਹਾਲ ਕੁਝ ਗਿਣਤੀ ਦੇ ਹੀ ਉਮੀਦਵਾਰਾਂ ਨੇ ਆਪਣੇ ਪਰਿਵਾਰ ਨੂੰ ਅੰਮ੍ਰਿਤਧਾਰੀ ਬਣਾਉਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨਾਲ ਸੰਪਰਕ ਕੀਤਾ। ਇਸ ਬਾਰੇ ਗੱਲ ਕਰਦਿਆਂ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਦੱਸਿਆ ਕਿ ਹੁਣ ਤੱਕ ਪੰਜ-ਛੇ ਮੈਂਬਰਾਂ ਦੇ ਪਰਿਵਾਰ ਅੰਮ੍ਰਿਤਧਾਰੀ ਬਣੇ ਹਨ। ਕੁਝ ਨੇ ਆਪਣੇ ਪੱਧਰ 'ਤੇ ਵੀ ਅੰਮ੍ਰਿਤ ਛਕਿਆ ਹੈ ਤੇ ਕੁਝ ਐਤਵਾਰ ਨੂੰ ਅੰਮ੍ਰਿਤਧਾਰੀ ਹੋਣ ਲਈ ਆ ਰਹੇ ਹਨ। ਉਨ੍ਹਾਂ ਦੱਸਿਆ ਕਿ ਕੈਬਨਿਟ ਮੰਤਰੀ ਸੁੱਚਾ ਸਿੰਘ ਲੰਗਾਹ ਜੋ ਸ਼੍ਰੋਮਣੀ ਕਮੇਟੀ ਮੈਂਬਰ ਵੀ ਹਨ, ਦਾ ਪਰਿਵਾਰ ਅੰਮ੍ਰਿਤਧਾਰੀ ਬਣਿਆ ਹੈ।

ਇਸੇ ਤਰ੍ਹਾਂ ਸੁਖਦਰਸ਼ਨ ਸਿੰਘ ਬਰਾੜ ਦੇ ਪਰਿਵਾਰਕ ਮੈਂਬਰ ਅੰਮ੍ਰਿਤਧਾਰੀ ਬਣੇ ਹਨ ਜਦੋਂਕਿ ਰਣਜੀਤ ਸਿੰਘ ਕਾਹਲੋਂ ਦੇ ਪਰਿਵਾਰ ਦੇ ਮੈਂਬਰ ਐਤਵਾਰ ਨੂੰ ਅੰਮ੍ਰਿਤਧਾਰੀ ਬਣਨਗੇ। ਉਨ੍ਹਾਂ ਕਿਹਾ ਕਿ ਜਿਹੜੇ ਉਮੀਦਵਾਰਾਂ ਦੇ ਪਰਿਵਾਰ ਅੰਮ੍ਰਿਤਧਾਰੀ ਹੋਣ ਤੋਂ ਰਹਿ ਜਾਣਗੇ, ਉਨ੍ਹਾਂ ਨੂੰ ਮੁੜ ਅਪੀਲ ਕੀਤੀ ਜਾਵੇਗੀ ਤੇ ਇਸ ਤੋਂ ਬਾਅਦ ਉਨ੍ਹਾਂ ਦੇ ਹਲਕਿਆਂ ਵਿੱਚ ਜਾ ਕੇ ਦੀਵਾਨ ਸਜਾ ਕੇ ਪਰਿਵਾਰਾਂ ਦੇ ਜੀਆਂ ਨੂੰ ਅੰਮ੍ਰਿਤਧਾਰੀ ਹੋਣ ਲਈ ਪ੍ਰੇਰਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਚੋਣ ਪ੍ਰਚਾਰ ਦੌਰਾਨ ਨਸ਼ੇ ਵੰਡਣ ਬਾਰੇ ਕੋਈ ਸ਼ਿਕਾਇਤ ਨਹੀਂ ਪੁੱਜੀ। ਉਨ੍ਹਾਂ ਅਨੁਸਾਰ ਨਸ਼ੇ ਨਾ ਵੰਡਣ ਬਾਰੇ ਕੀਤੀ ਅਪੀਲ ਦਾ ਆਮ ਲੋਕਾਂ 'ਤੇ ਵੀ ਅਸਰ ਪਿਆ ਹੈ ਤੇ ਲੋਕ ਖੁਦ ਵੀ ਗੁਰਦੁਆਰਾ ਚੋਣਾਂ ਨੂੰ ਨਸ਼ਿਆਂ ਤੋਂ ਮੁਕਤ ਰੱਖਣਾ ਚਾਹੁੰਦੇ ਹਨ। ਇਸ ਬਾਰੇ ਸ੍ਰੀ ਐਚ.ਐਸ. ਫੂਲਕਾ ਨੇ ਦੱਸਿਆ ਕਿ ਉਹ ਨਸ਼ਾ ਮੁਕਤ ਪੰਜਾਬ ਬਣਾਉਣ ਲਈ ਤੇ ਗੁਰਦੁਆਰਾ ਚੋਣਾਂ ਵਿੱਚ ਨਸ਼ਿਆਂ ਦੀ ਵਰਤੋਂ ਰੋਕਣ ਲਈ ਵੱਖ-ਵੱਖ ਜ਼ਿਲ੍ਹਿਆਂ ਦਾ ਦੌਰਾ ਕਰ ਰਹੇ ਹਨ ਤੇ ਜ਼ਿਲ੍ਹਾ ਪੱਧਰ 'ਤੇ ਕਮੇਟੀਆਂ ਵੀ ਬਣਾ ਰਹੇ ਹਨ। ਉਨ੍ਹਾਂ ਦੱਸਿਆ ਕਿ ਜਲਦੀ ਹੀ ਉਹ ਮੁੜ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨਾਲ ਮੁਲਾਕਾਤ ਕਰਨਗੇ ਤੇ ਉਨ੍ਹਾਂ ਰਾਹੀਂ ਉਮੀਦਵਾਰਾਂ ਨੂੰ ਸੰਗਤਾਂ 'ਚ ਆ ਕੇ ਨਸ਼ੇ ਨਾ ਵੰਡਣ ਬਾਰੇ ਪ੍ਰਣ ਲੈਣ ਲਈ ਆਖਿਆ ਜਾਵੇਗਾ। ਉਨ੍ਹਾਂ ਦੋਸ਼ ਲਾਇਆ ਕਿ ਕਈ ਥਾਂਵਾਂ 'ਤੇ ਗ਼ੈਰ ਸਿੱਖਾਂ ਜਿਨ੍ਹਾਂ ਵਿੱਚ ਮੁਸਲਮਾਨ ਤੇ ਹਿੰਦੂ ਵੀ ਸ਼ਾਮਲ ਹਨ, ਦੀਆਂ ਵੋਟਾਂ ਬਣਾਈਆਂ ਗਈਆਂ ਹਨ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top