Share on Facebook

Main News Page

ਇਨ੍ਹਾਂ ਚੋਣਾਂ ਦਾ ਮਕਸਦ ਵਰਤਮਾਨ ਸ਼੍ਰੋਮਣੀ ਕਮੇਟੀ ਨੂੰ, ਬਾਦਲ ਦੇ ਪੰਜੇ ਵਿਚੋਂ ਮੁਕਤ ਕਰਾਉਂਣਾ ਹੈ: ਪਰਮਜੀਤ ਸਿੰਘ ਸਰਨਾ

ਅੰਮ੍ਰਿਤਸਰ, 26 ਅਗਸਤ (ਰਾਜਿੰਦਰ ਬਾਠ): 18 ਸਤੰਬਰ ਨੂੰ ਹੋਣ ਵਾਲੀਆਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਲਈ ਪੰਥਕ ਜਥੇਬੰਦੀਆਂ ਦੇ ਸਿਰਤਾਜ, ਕਾਂਗਰਸ ਸਮਰਥਕ ਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੂੰ ਪੰਥਕ ਜਥੇਬੰਦੀ ਦੇ ਉਮੀਦਵਾਰਾਂ ਵੱਲੋਂ ਲਗਾਤਾਰ ਸਰਨੇ ਨੂੰ ਪਿੱਛੋਂ ਦਿਖਾ ਕੇ, ਬਾਦਲ ਦੇ ਖੇਮੇ ਵਿਚ ਜਾਣ ਨਾਲ ਸਰਨਾ ਲਾਬੀ ਨੂੰ ਝੰਝੋੜ ਕੇ ਰੱਖ ਦਿੱਤਾ ਹੈ। ਮਾਝੇ ਵਿਚ ਲਗਾਤਾਰ 6 ਪੰਥਕ ਉਮੀਦਵਾਰ ਵੱਲੋਂ ਅਕਾਲੀ ਦਲ ਬਾਦਲ ਦੇ ਹੱਕ ਵਿਚ ਬੈਠਣ ਕਾਰਨ, ਮਾਝੇ ਵਿਚ ਪੰਥਕ ਅਕਾਲੀ ਦਲ ਦਾ ਤਕਰੀਬਨ ਸਫਾਇਆ ਹੋਣ ਦੇ ਬਰਾਬਰ ਹੈ। ਮਾਨ ਦਲ ਦੇ ਉਮੀਦਵਾਰਾਂ ਨੇ ਵਰਤਮਾਨ ਚੋਣਾਂ ਵਿਚ ਕੋਈ ਸਰਗਰਮੀ ਅਜੇ ਤੱਕ ਨਹੀਂ ਦਰਸਾਈ। ਪਰਮਜੀਤ ਸਿੰਘ ਸਰਨਾ ਵੱਲੋਂ ਪੰਥਕ ਉਮੀਦਵਾਰਾਂ ਦੇ ਮਨੋਬਲ ਨੂੰ ਚੁੱਕਣ ਤੇ ਬਿਨ੍ਹਾਂ ਮੁਕਾਬਲੇ ਅਕਾਲੀ ਦਲ ਬਾਦਲ ਦੇ ਉਮੀਦਵਾਰ ਨੂੰ ਜਿੱਤਣ ਤੋਂ ਰੋਕਣ ਲਈ, ਕੁਝ ਦਿਨਾਂ ਤੋਂ ਮਾਝੇ ਦਾ ਦੌਰਾ ਸ਼ੁਰੂ ਕੀਤਾ ਹੈ।

ਇਸ ਸੰਬੰਧ ਵਿਚ ਪੰਥਕ ਉਮੀਦਵਾਰ ਨੂੰ ਮਿਲਣ ਤੋਂ ਬਾਅਦ, ਪਰਮਜੀਤ ਸਿੰਘ ਸਰਨਾ ਨੇ ਅੰਮ੍ਰਿਤਸਰ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਚੋਣਾਂ ਸਿੱਖ ਕੌਮ ਵਾਸਤੇ ਅਹਿਮ ਹਨ ਤੇ ਇਨ੍ਹਾਂ ਚੋਣਾਂ ਨੇ ਹੀ ਸਿੱਖ ਕੌਮ ਦੇ ਮੋਜੂਦਾ ਸਰੂਪ ਦਾ ਫੈਸਲਾ ਕਰਨਾ ਹੈ। ਜਿਸ ਤਰ੍ਹਾਂ ਪਿਛਲੇ 10-15 ਸਾਲ ਤੋਂ ਜਿਸ ਤਰ੍ਹਾਂ ਸਿੱਖੀ ਦਾ ਘਾਣ ਹੋ ਰਿਹਾ ਹੈ ਤੇ ਨਸ਼ਿਆ ਦੀ ਵਰਤੋਂ ਪਿੰਡਾਂ ਤੋਂ ਲੈ ਕੇ ਸ਼ਹਿਰਾ ਤੱਕ ਵਧ ਕੇ ਪਹੁੰਚ ਗਈ ਹੈ, ਇਸ ਨਾਲ ਸਿੱਖ ਕੌਮ ਵਿਨਾਸ਼ ਦੇ ਕੰਢੇ ਤੇ ਪਹੁੰਚ ਗਈ ਹੈ ਜਿਸ ਨੂੰ ਰੋਕਣ ਲਈ ਸਿੱਖਾਂ ਨੂੰ ਇੱਕ ਮਜਬੂਤ ਲੀਡਰਸ਼ਿਪ ਦੀ ਲੋੜ ਹੈ। ਅਕਾਲੀ ਦਲ ਯੂਥ ਦੇ ਪ੍ਰਧਾਨ ਬਿਕਰਮਜੀਤ ਸਿੰਘ ਮਜੀਠੀਆ ਤੇ ਵਰਦਿਆਂ ਉਨ੍ਹਾਂ ਕਿਹਾ ਕਿ ਪੰਥਕ ਉਮੀਦਵਾਰਾਂ ਨੂੰ ਤਾਕਤ ਤੇ ਪੈਸੇ ਦੇ ਬਦਲੇ ਬਿਠਾਇਆ ਗਿਆ ਹੈ। ਉਨ੍ਹਾਂ ਨੇ ਮਜੀਠੀਏ ਨੂੰ ਵੰਗਾਰਦਿਆਂ ਕਿਹਾ ਕਿ ਉਹ ਹੋਰ ਉਮੀਦਵਾਰ ਤੋੜ ਕੇ ਵਿਖਾਣ, ਜਿਤਨੇ ਉਮੀਦਵਾਰ ਉਹ ਉਸਦੇ ਤੋੜੇਗਾ, ਉਸਤੋਂ ਦੁਗਨੇ ਅਕਾਲੀ ਦਲ ਦੇ ਉਮੀਦਵਾਰ ਉਹ ਤੋੜਨਗੇ।

ਉਨ੍ਹਾਂ ਕਿਹਾ ਕਿ ਬਾਦਲ ਸਰਕਾਰ ਨੇ ਆਪਣੇ ਹੱਕ ਵਿਚ ਭੁਗਤਾਨ ਲਈ 3 ਲੱਖ ਵੋਟਾਂ ਜਾਅਲੀ ਬਣਵਾ ਕੇ ਪਹਿਲਾਂ ਹੀ ਰੱਖੀਆਂ ਹੋਈਆਂ ਤੇ ਅੱਜ ਵੀ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਅਜਿਹੀਆਂ ਵੋਟਾਂ ਬਣਾ ਰਹੇ ਹਨ, ਜਿਹਨਾਂ ਦੀ ਬਦੋਲਤ ਉਹ ਆਪਣੇ ਉਮੀਦਵਾਰਾਂ ਨੂੰ ਜਿਤਾਉਂਣ ਦੀ ਕੋਸ਼ਿਸ਼ ਕਰਨਗੇ। ਉਨ੍ਹਾਂ ਸਵੀਕਾਰ ਕੀਤਾ ਕਿ ਉਹ ਮਾਲੀ ਪੱਖੋਂ ਬਾਦਲ ਦੇ ਮੁਕਾਬਲੇ ਕਮਜੋਰ ਹਨ। ਸ਼੍ਰੀ ਸਰਨਾ ਨੂੰ ਇਸ ਪੱਤਰਕਾਰ ਵੱਲੋਂ ਇਹ ਪੁਛਣ ਤੇ ਕਿ ਕੀ ਤੁਸੀਂ ਆਸ ਕਰਦੇ ਹੋ ਕਿ ਆਉਂਣ ਵਾਲੀ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਤੇ ਤੁਹਾਡਾ ਕਬਜਾ ਹੋਵੇਗਾ ? ਸਰਨਾ ਸਾਹਿਬ ਨੇ ਕਿਹਾ ਕਿ, ਕਬਜਾ ਇਹ (ਅਕਾਲੀ ਦਲ ਬਾਦਲ) ਕਰਨਗੇ ਤੇ ਸੇਵਾ ਅਸੀਂ ਕਰਾਂਗੇ, ਪਰ ਨਾਲ ਹੀ ਉਨ੍ਹਾਂ ਫਿਰ ਕਿਹਾ ਕਿ ਇਨ੍ਹਾਂ ਚੋਣਾਂ ਦਾ ਮਕਸਦ ਵਰਤਮਾਨ ਸ਼੍ਰੋਮਣੀ ਕਮੇਟੀ ਨੂੰ, ਬਾਦਲ ਦੇ ਪੰਜੇ ਵਿਚੋਂ ਮੁਕਤ ਕਰਾਉਂਣਾ ਹੈ। ਉਨ੍ਹਾਂ ਨੇ ਕਿਹਾ ਕਿ ਉਹ ਜਲਦੀ ਹੀ ਉਹ ਸਾਰੇ ਪੰਜਾਬ, ਹਰਿਆਣਾ, ਹਿਮਾਚਲ ਤੇ ਚੰਡੀਗੜ੍ਹ ਦਾ ਦੌਰਾ ਪੰਥਕ ਉਮੀਦਵਾਰਾਂ ਦੇ ਮਨੋਬਲ ਨੂੰ ਉਚਾ ਚੁੱਕਣ ਲਈ ਕਰਨਗੇ। ਆਉਂਦੇ ਦਿਨਾਂ ਵਿਚ ਸਾਰੀਆਂ ਪਾਰਟੀਆਂ ਦੇ ਉਮੀਦਵਾਰਾਂ ਦੀ ਜਿੱਤ ਦਾ ਰੁਖ ਕਿਸ ਪਾਸੇ ਵੱਲ ਹੁੰਦਾ ਹੈ ਇਹ ਤਸਵੀਰ ਜਲਦੀ ਹੀ ਸਾਫ ਹੋ ਜਾਵੇਗੀ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top