Share on Facebook

Main News Page

‘ਲੰਡਨ ਗੁਰਦੁਆਰਾ ਸਥਾਪਨਾ ਸ਼ਤਾਬਦੀ’ ਸਾਲ 2008 ਹੈ ਜਾਂ 2011?

‘ਸੈਂਟਰਲ ਗੁਰਦੁਆਰਾ (ਖਾਲਸਾ ਜਥਾ) ਲੰਡਨ, ਯੂਰਪ ਦਾ ਸਭ ਤੋਂ ਪਹਿਲਾ ਤੇ ਇਤਿਹਾਸਕ ਗੁਰਦੁਆਰਾ ਸਾਹਿਬ ਹੈ, ਜਿਹੜਾ ਮਹਾਰਾਜਾ ਭੂਪਿੰਦਰ ਸਿੰਘ ਪਟਿਆਲਾ ਦੇ ਸਹਿਯੋਗ ਨਾਲ ਸਥਾਪਿਤ ਹੋਇਆ । ਇੰਟਰਨੈਟ ਤੋਂ ਪ੍ਰਾਪਤ ਜਾਣਕਾਰੀ ਮੁਤਾਬਿਕ ਉਸ ਦੀ ਸਥਾਪਨਾ 1908 ਵਿੱਚ ਦੱਸ ਕੇ ਸ਼ਤਾਬਦੀ ਸਾਲ 2008 ਮੰਨਿਆ ਗਿਆ ਹੈ । ਹੋ ਸਕਦਾ ਹੈ ਕਿ ਉਥੋਂ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 2008 ਵਿੱਚ ਸ਼ਤਾਬਦੀ ਸਮਾਰੋਹ ਕੀਤਾ ਵੀ ਹੋਵੇ, ਮੈਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ।

ਪਰ, ਗੁਰਦੁਆਰਾ ਸਾਹਿਬ ਦੀ ਸਥਾਪਨਾ ਸਬੰਧੀ ਉਪਰੋਕਤ ਜਾਣਕਾਰੀ ਇਤਿਹਾਸਕ ਸੱਚ ਨਹੀ ਹੈ। ਕਿਸੇ ਪ੍ਰਕਾਰ ਦਾ ਕੋਈ ਭੁਲੇਖਾ ਲੱਗ ਰਿਹਾ ਹੈ। ਕਿਉਂਕਿ, ਚਸ਼ਮਦੀਦ ਗਵਾਹ ਡਾ: ਧਰਮਾਨੰਤ ਸਿੰਘ ਮੁਤਾਬਿਕ ‘ਸੈਂਟਰਲ ਗੁਰਦੁਆਰਾ (ਖਾਲਸਾ ਜਥਾ) ਸ਼ੈਫਡਬੁਸ਼ ਲੰਡਨ’ ਦੀ ਅਰੰਭਕ ਰਸਮ 22 ਅਗਸਤ 1911 ਨੂੰ ਹੋਈ। ਅਗਸਤ 15 ਸੰਨ 1888 ਨੂੰ ਅੰਬਾਲੇ ਜਨਮੇ ਡਾ: ਧਰਮਾਨੰਤ ਸਿੰਘ ਜੀ ਉੱਚਕੋਟੀ ਦੇ ਗੁਰਸਿੱਖ ਵਿਦਵਾਨ ਹੋ ਗੁਜ਼ਰੇ ਹਨ। ਉਨ੍ਹਾਂ ਨੇ ਸੰਨ 1906 ਤੋਂ 1912 ਤੱਕ ਲੰਡਨ ਰਹਿ ਕੇ ਈਲੈਕਟ੍ਰੀਕਲ ਐਂਜੀਨੀਅਰਿੰਗ ਦੀ ਡਿਗਰੀ ਹਾਸਲ ਕੀਤੀ। ਪਰ, ਧਾਰਮਿਕ ਤੇ ਦਾਰਸ਼ਨਿਕ ਸੁਭਾਅ ਹੋਣ ਕਰਕੇ ਬੁਢੇਪੇ ਵਿੱਚ ਉਹ ਗੁਰਮਤਿ ਵਿਦਿਆਲਾ ਤਰਨਤਾਰਨ ਅਤੇ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਸ੍ਰੀ ਅੰਮ੍ਰਿਤਸਰ ਦੇ ਪ੍ਰਿੰਸੀਪਲ ਵੀ ਰਹੇ। ਅਰਬੀ, ਇੰਗਲਿਸ਼, ਲਾਤੀਨੀ ਤੇ ਸੰਸਕ੍ਰਿਤ ਭਾਸ਼ਾਵਾਂ ਪੱਖੋਂ ਸਮਕਾਲੀ ਵਿਦਵਾਨਾਂ ਵਿੱਚ ਉਨ੍ਹਾਂ ਦਾ ਕੋਈ ਸਾਨੀ ਨਹੀਂ ਸੀ। ਪ੍ਰਸਿੱਧ ਪੰਡਤ, ਮੁਲਾਣੇ ਤੇ ਪਾਦਰੀ ਵੀ ਉਨ੍ਹਾਂ ਨਾਲ ਗੱਲਬਾਤ ਕਰਨ ਤੋਂ ਝਿਜਕਦੇ ਸਨ। ਦਾਸ (ਜਗਤਾਰ ਸਿੰਘ ਜਾਚਕ) ਨੇ 1974-76 ਵਿੱਚ ਉਨ੍ਹਾਂ ਪਾਸੋਂ ਹਿੰਦੂ ਮੱਤ, ਬੁੱਧ ਮੱਤ, ਇਸਲਾਮ ਤੇ ਇਸਾਈ ਮੱਤ ਦੀ ਇਤਿਹਾਸਕ ਤੇ ਦਾਰਸ਼ਨਿਕ ਜਾਣਕਾਰੀ ਹਾਸਲ ਕੀਤੀ।

ਡਾ: ਸਾਹਿਬ ਨੇ ਆਪਣੀ ਲਿਖੀ ‘ਵੇਦਿਕ ਗੁਰਮਤਿ’ ਨਾਮੀ ਪੁਸਤਕ (ਪਹਿਲੀ ਐਡੀਸ਼ਨ-1965) ਦੇ 286 ਤੋਂ 299 ਪੰਨਿਆਂ ਦਰਮਿਆਨ ਸੰਨ 1907 ਤੋਂ 1912 ਤੱਕ ਦੀਆਂ ਲੰਡਨ ਵਿੱਚਲੀਆਂ ਅੱਖੀਂ ਡਿੱਠੀਆਂ ਕੁੱਝ ਮਹੱਤਵ ਪੂਰਨ ਘਟਨਾਵਾਂ ਨੂੰ ਤਰਤੀਬਵਾਰ ਅੰਕਿਤ ਕੀਤਾ ਹੈ।

ਜਿਵੇਂ ਸੰਨ 1907 ਵਿਖੇ ‘ਇੰਡੀਆ ਹਾਊਸ’ ਲੰਡਨ ਵਿੱਚ 1857 ਦੇ ‘ਹਿੰਦੁਸਤਾਨੀ ਗਦਰ’ ਦੀ ਯਾਦ ਦੀ ਪੰਚਾਸਵੀਂ ਵਰ੍ਹੇ ਗੰਢ ਮਨਾਉਣੀ।

29 ਦਸੰਬਰ 1908 ਮੰਗਲਵਾਰ ਨੂੰ ਸੀ. ਵਿਨਾਯਕ ਦਾਮੋਦਰ ਸਾਵਰਕਰ ਤੇ ਉਨ੍ਹਾਂ ਦੇ ਸਾਥੀਆਂ ਵਲੋਂ ‘ਵਿਸ਼ਾਲ ਜਨਤਾ ਭਵਨ’ ਲੰਡਨ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਆਗਮਨ ਪੁਰਬ ਮਨਾਉਣਾ ਅਤੇ ਵਿਸ਼ਵ ਪ੍ਰਸਿੱਧ ਲੇਖਕ ਡਾਕਟਰ ਸਰ ਗੋਕਲਚੰਦ ਨਾਰੰਗ ਦਾ ਉਥੇ ਵਖਿਆਨ ਕਰਨਾ।

8 ਅਗਸਤ ਸੰਨ 1909 ਐਤਵਾਰ ਦੀ ਸ਼ਾਮ ਨੂੰ ਅੰਮ੍ਰਿਤਸਰ ਦੇ ਵਿਦਿਆਰਥੀ ਮਦਨ ਲਾਲ ਧਿੰਗੜਾ ਨੂੰ ਪ੍ਰਸਿੱਧ ਅੰਗਰੇਜ਼ ਸਰ ਕਰਜ਼ਨ ਵਾਇਲੀ ਤੇ ਮਲਾਇਆ ਦੇ ਇੱਕ ਪਾਦਰੀ ਨੂੰ ਕਤਲ ਕਰਨ ਬਦਲੇ ਇੰਪੀਰੀਅਲ ਇਨਸਟੀਟਿਊਟ, ਲੰਡਨ ਚੋਂ ਗ੍ਰਿਫਤਾਰ ਕਰਨਾ ਤੇ ਫਿਰ 19 ਅਕਤੂਬਰ 1909 ਨੂੰ ਸਵੇਰੇ 7 ਵਜੇ ਲੰਡਨ ਦੇ ‘ਪੈਨਟਨਵਿਲ ਪ੍ਰਿਜ਼ਨ’ ਵਿੱਚ ਉਸ ਦੇ ਖਿੜੇ ਮੱਥੇ ਸ਼ਹਾਦਤ ਦੀ ਵੇਦੀ ਪਰ ਚੜ੍ਹਣ ਤੋਂ ਇੱਕ ਦਿਨ ਪਹਿਲਾਂ ਡਾ: ਸਾਹਿਬ ਵਲੋਂ ਮੁਲਾਕਾਤ ਲਈ ਜਾਣਾ।

ਜੂਨ 1911 ਵਿੱਚ ਜਾਰਜ ਪੰਚਮ ਦੀ ਤਾਜਪੋਸ਼ੀ ਦੇ ਸ਼ਾਹੀ ਜਲੂਸ ਦਾ ਅਲੌਕਿਕ ਦ੍ਰਿਸ਼ ਦੇਖਣਾ ਅਤੇ 22 ਅਗਸਤ 1911 ਨੂੰ ਲੰਡਨ ਵਿੱਚ ਪਹਿਲਾ ਗੁਰਦੁਆਰਾ ਸਥਾਪਿਤ ਹੋਣਾ।

ਗੁਰਦੁਆਰਾ ਸਾਹਿਬ ਦੀ ਸਥਾਪਤੀ ਸਬੰਧੀ ਲਿਖੀ ਵਾਰਤਾ ਦੇ ਕੁਝ ਅੰਸ਼ ਇਸ ਪ੍ਰਕਾਰ ਹਨ:

“ਗੁਰਦੁਆਰਾ ਲੰਡਨ ਦੀ ਇਮਾਰਤ ਲਈ ਮਹਾਰਾਜਾ ਭੂਪਿੰਦਰ ਸਿੰਘ ਜੀ, ਪਟਿਆਲਾ-ਪਤੀ ਨੇ ਅੱਠ ਹਜ਼ਾਰ ਪੌਂਡ (ਇੱਕ ਲੱਖ ਵੀਹ ਹਜ਼ਾਰ ਰੁਪੈ) ਦਿੱਤੇ ਤੇ 22 ਅਗਸਤ 1911 ਨੂੰ ਮੇਰੇ ਸਾਹਮਣੇ ਇਸਦੀ ਆਰੰਭਿਕ ਰਸਮ ਅਦਾ ਹੋਈ। ਇਹ ਅਤਿ ਸਾਦਾ ਪਰ ਅਤਿਅੰਤ ਸ਼ਾਨਦਾਰ, ਤੇ ਕਦੇ ਨ ਭੁਲਣਵਾਲਾ ਸਮਾ ਸੀ। ਮਹਾਰਾਜਾ ਸਾਹਿਬ ਦੀ ਆਯੂ ਇਸ ਸਮੇਂ ਕੇਵਲ 19 ਸਾਲ 10 ਮਹੀਨੇ ਦੀ ਸੀ । ਇਸ ਤੋਂ ਉਨ੍ਹਾਂ ਦੇ ਸਿੱਖੀ ਸਿਦਕ ਦਾ ਭਲੀ ਪ੍ਰਕਾਰ ਅੰਦਾਜ਼ਾ ਲਾਇਆ ਜਾ ਸਕਦਾ ਹੈ।……….

ਲੰਡਨ ਵਿੱਚ ਉਸ ਸਮੇਂ ਜੋ ਸਿੱਖ ਵਿਦਿਆਰਥੀ ਸਨ, ਉਨ੍ਹਾਂ ਵਿਚੋਂ ਇਸ ਸ੍ਰੇਸ਼ਟ ਕਾਰਜ ਦੀ ਮਹਾਨ ਸਫਲਤਾ ਦਾ ਸਭ ਤੋਂ ਵੱਡਾ ਹਾਰ ਸ੍ਰਦਾਰ ਨਰੈਣ ਸਿੰਘ ਜੀ (ਸ਼ਾਹਪੁਰੀਏ, ਹੁਣ ਬੈਰਿਸਟਰ, ਅੰਮ੍ਰਿਤਸਰ) ਦੇ ਪਵਿਤ੍ਰ ਗਲੇ ਵਿੱਚ ਹੀ ਸ਼ੋਭਦਾ ਹੈ।…….”

ਡਾ: ਸਾਹਿਬ ਜੀ ਨੇ ਇਸ ਚਸ਼ਮਦੀਦ ਵਾਰਤਿਕ ਗਵਾਹੀ ਦੇ ਸਾਹਮਣੇ ਮਹਾਰਾਜਾ ਸਾਹਿਬ ਦੀ ਆਪਣੇ ਅਹਿਲਕਾਰਾਂ ਤੇ ਸਿੱਖ ਵਿਦਿਆਰਥੀਆਂ ਨਾਲ ਉਸ ਵੇਲੇ ਦੀ ਫੋਟੋ ਵੀ ਲਗਾਈ ਹੋਈ ਹੈ ਅਤੇ ਇਹ ਵੀ ਲਿਖਿਆ ਹੈ ਕਿ ਮਹਾਰਾਜਾ ਸਾਹਿਬ ਆਏ ਤਾਂ ਅਸਲ ਵਿੱਚ 22 ਜੂਨ 1911 ਨੂੰ ਜਾਰਜ ਪੰਜਮ ਦੀ ਤਾਜਪੋਸ਼ੀ ਦੇ ਸ਼ਾਹੀ ਜਲੂਸ ਤੇ ਹੋਰ ਸਮਾਗਮਾਂ ਵਿੱਚ ਭਾਗ ਲੈਣ ਲਈ ਸੀ, ਪਰ ਇਹ ਉਨ੍ਹਾਂ ਦੀ ਹੀ ਨੇਕ ਜ਼ਾਤ ਦਾ ਨੇਕ ਅਮਲ ਸੀ ਕਿ ਏਸ ਸ਼ੁਭ ਸਮੇਂ ਲੰਡਨ ਵਿੱਚ ਗੁਰਦੁਆਰਾ ਕਾਇਮ ਹੋ ਗਿਆ।

ਪ੍ਰੋਫੈਸਰ ਹਰਿਭਜਨ ਸਿੰਘ ਸਾਊਥਾਲ (ਲੰਡਨ) ਵਾਲੇ (ਜਿਹੜੇ ਕੁਝ ਸਮਾਂ ਗੁਰਦੁਆਰਾ ਸਾਊਥਾਲ ਦੇ ਮੈਨੇਜਰ ਵੀ ਰਹੇ) ਉਨ੍ਹਾਂ ਦੇ ਵਿਦਿਆਰਥੀ ਵੀ ਰਹੇ ਅਤੇ ਸਿੱਖ ਇਤਿਹਾਸ ਦੇ ਪ੍ਰੋਫੈਸਰ ਸਾਥੀ ਵੀ, ਉਨ੍ਹਾਂ ਪਾਸੋਂ ਡਾ: ਸਾਹਿਬ ਜੀ ਵਿੱਦਿਆ ਤੇ ਸੰਜਮੀ ਜੀਵਨ ਬਾਰੇ ਹੋਰ ਵੀ ਜਾਣਕਾਰੀ ਪ੍ਰਾਪਤ ਹੋ ਸਕਦੀ ਹੈ। ਹੋ ਸਕਦਾ ਕਿ ਇਹ ਪੁਸਤਕ ਵੀ ਉਨ੍ਹਾਂ ਪਾਸ ਹੋਵੇ, ਜਿਸ ਵਿਚੋਂ ਉਪਰੋਕਤ ਵਾਰਤਾ ਪੂਰੀ ਪੜ੍ਹੀ ਜਾ ਸਕਦੀ ਹੈ। ਗੁਰਦੁਆਰਾ ਸਾਹਿਬ ਸੈਫਡਬੁਸ਼ ਦੀ ਪ੍ਰਬੰਧਕ ਕਮੇਟੀ ਅਤੇ ਉਥੋਂ ਇਤਿਹਾਸਕ ਖੋਜੀਆਂ ਨੂੰ ਇਸ ਬਾਰੇ ਵਿਚਾਰ ਕਰਨੀ ਚਾਹੀਦੀ ਹੈ ਅਤੇ ਜੇ ਇਹ ਸੱਚ ਹੈ ਤਾਂ ਸੰਨ 2008 ਨੂੰ ਸ਼ਤਾਬਦੀ ਸਾਲ ਮੰਨਣ ਵਾਲੀ ਗਲਤੀ ਨੂੰ ਸੁਧਾਰਦਿਆਂ ਯੂ.ਕੇ. ਦੀਆਂ ਸਿੱਖ ਸੰਸਥਾਵਾਂ ਨੂੰ ਮਿਲ ਕੇ ‘ਲੰਡਨ ਗੁਰਦੁਆਰਾ ਸਥਾਪਨਾ ਸ਼ਤਾਬਦੀ’ (2011) ਦੇ ਸਮਾਗਮ ਸ਼ੁਰੂ ਕਰਨੇ ਚਾਹੀਦੇ ਹਨ ਅਤੇ ਇੱਕ ਵਿਸ਼ੇਸ਼ ਸਮਾਰੋਹ ਕਰਕੇ ਬਰਤਾਨੀਆਂ ਨੂੰ ਆਪਣੇ ਇਤਿਹਾਸਕ ਵਿਰਸੇ ਤੋਂ ਜਾਣੂ ਕਰਾਉਣਾ ਚਾਹੀਦਾ ਹੈ। ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਨੂੰ ਇੱਸ ਪੱਖੋਂ ਮੋਹਰੀ ਰੋਲ ਅਦਾ ਕਰਨਾ ਚਾਹੀਦਾ ਹੈ। ਭੁੱਲ-ਚੁੱਕ ਮੁਆਫ਼।

ਉੱਤਰ ਦੀ ਉਡੀਕ ਵਿੱਚ: ਜਗਤਾਰ ਸਿੰਘ ਜਾਚਕ, ਨਿਊਯਾਰਕ
ਫੋਨ: 001-631-592-4335,
Jachakji@gmail.com


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top