Share on Facebook

Main News Page

‘ਸਿੱਖ ਰਹਿਤ ਮਰਿਆਦਾ’ ਵਿਚ ਦਰਸਾਈਆਂ ਗੱਲਾਂ ’ਤੇ ਸ਼੍ਰੋਮਣੀ ਕਮੇਟੀ ਅਧਿਕਾਰੀ ਖ਼ੁਦ ਪੂਰੇ ਨਹੀਂ ਉਤਰਦੇ: ਪ੍ਰੋ. ਇੰਦਰ ਸਿੰਘ ਘੱਗਾ

ਕੋਟਕਪੂਰਾ, 24 ਅਗੱਸਤ (ਗੁਰਿੰਦਰ ਸਿੰਘ) : ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਪ੍ਰਵਾਨਗੀ ਉਪਰੰਤ ਹੋਂਦ ’ਚ ਲਿਆਂਦੀ ‘ਸਿੱਖ ਰਹਿਤ ਮਰਿਆਦਾ’ ਅਤੇ ਇਸ ਮਰਿਆਦਾ ਦੀਆਂ ਹੁਣ ਤਕ ਲੱਖਾਂ ਪੁਸਤਕਾਂ ਛਪਵਾ ਕੇ ਲੋਕਾਂ ’ਚ ਵੰਡ ਚੁੱਕੀ ਖ਼ੁਦ ਸ਼੍ਰੋਮਣੀ ਕਮੇਟੀ ਹੀ ਇਸ ’ਤੇ ਪੂਰੀ ਨਹੀਂ ਉਤਰਦੀ। ਪ੍ਰਸਿੱਧ ਪੰਥਕ ਵਿਦਵਾਨ ਅਤੇ ਸਿੱਖ ਚਿੰਤਕ ਪ੍ਰੋ. ਇੰਦਰ ਸਿੰਘ ਘੱਗਾ ਦਾ ਕਹਿਣਾ ਹੈ ਕਿ ਸਿੱਖ ਰਹਿਤ ਮਰਿਆਦਾ ਨਾਂ ਦੀ ਪੁਸਤਕ ਦੇ ਪੰਨਾ ਨੰ: 31 ’ਤੇ ਖ਼ੁਦ ਸ਼੍ਰੋਮਣੀ ਕਮੇਟੀ ਮੰਨਦੀ ਹੈ ਕਿ ਦਾੜ੍ਹਾ ਰੰਗਣ ਵਾਲਾ ਅਤੇ ਕੋਈ ਨਸ਼ਾ ਵਰਤਨ ਵਾਲਾ ਤਨਖ਼ਾਹੀਆ ਹੈ। ਇਸ ਤੋਂ ਇਲਾਵਾ ਗੁਰਮਤਿ ਵਿਰੁਧ ਕੋਈ ਸੰਸਕਾਰ ਕਰਨ/ਕਰਾਉਣ ਵਾਲਾ ਅਤੇ ਰਹਿਤ ’ਚ ਕੋਈ ਭੁੱਲ ਕਰਨ ਵਾਲਾ ਵੀ ਤਨਖ਼ਾਹੀਆ ਹੈ।

ਪ੍ਰੋ. ਘੱਗਾ ਅਨੁਸਾਰ ਅਕਾਲੀਆਂ ਦੇ ਪਰਵਾਰਾਂ ਦੇ ਅਨੇਕਾਂ ਮੈਂਬਰ ਦਾੜ੍ਹਾ ਰੰਗਦੇ ਹਨ ਅਤੇ ਅਕਾਲੀ ਆਗੂ ਤਾਂ ਦੂਰ ਦੀ ਗੱਲ, ਖ਼ੁਦ ਸ਼੍ਰੋਮਣੀ ਕਮੇਟੀ ਮੈਂਬਰ ਜਗਰਾਤਿਆਂ ’ਚ ਸ਼ਾਮਲ ਹੋ ਕੇ ਅਤੇ ਪਖੰਡੀ ਡੇਰੇਦਾਰਾਂ ਕੋਲ ਹਾਜ਼ਰੀਆਂ ਭਰ ਕੇ ਰਹਿਤ ਮਰਿਆਦਾ ਦੀਆਂ ਸ਼ਰੇਆਮ ਧੱਜੀਆਂ ਉਡਾਉਂਦੇ ਹਨ। ਉਨ੍ਹਾਂ ਕਿਹਾ ਕਿ ਜਦੋਂ ਤਕ ਦਾੜ੍ਹਾ ਰੰਗਣ ਵਾਲੇ ਇਹ ਅਕਾਲੀ ਆਗੂ, ਸ਼੍ਰੋਮਣੀ ਕਮੇਟੀ ਮੈਂਬਰ, ਜਗਰਾਤਿਆਂ ਜਾਂ ਹੋਰ ਗੁਰਮਤਿ ਵਿਰੋਧੀ ਕਾਰਜਾਂ ’ਚ ਸ਼ਾਮਲ ਹੋਣ ਵਾਲੇ ਪੰਜਾਂ ਪਿਆਰਿਆਂ ਸਾਹਮਣੇ ਪੇਸ਼ ਹੋ ਕੇ ਭੁੱਲ ਨਹੀ ਬਖ਼ਸ਼ਾਉਂਦੇ, ਉਦੋਂ ਤਕ ਉਨਾਂ ਨੂੰ ਪੰਥ ’ਚ ਸ਼ਾਮਲ ਨਹੀ ਗਿਣਿਆ ਜਾ ਸਕਦਾ। ਉਨ੍ਹਾਂ ਦੋਸ਼ ਲਾਇਆ ਕਿ ਇਸ ਵਾਰ ਬਾਦਲ ਦਲ ਨਾਲ ਸਬੰਧਤ 14 ਉਮੀਦਵਾਰ ਅਜਿਹੇ ਹਨ, ਜੋ ਖ਼ੁਦ ਦਾੜ੍ਹੀ ਰੰਗਦੇ ਹਨ।

ਸਿੱਖ ਰਹਿਤ ਮਰਿਆਦਾ ਕਿਤਾਬ ਪੜ੍ਹਨ ਤੋਂ ਬਾਅਦ ਪਤਾ ਲਗਦਾ ਹੈ ਕਿ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਰਹੁ-ਰੀਤ ਸਬ ਕਮੇਟੀ ਵਲੋਂ ਰਹੁ-ਰੀਤ ਦੇ ਖਰੜੇ ਦੀ ਪ੍ਰਵਾਨਗੀ ਠਸਰਬ ਹਿੰਦ ਸਿੱਖ ਮਿਸ਼ਨ ਬੋਰਡੂ ਨੇ ਅਪਣੇ ਮਤਾ ਨੰ: 1, ਮਿਤੀ 1-08-1936 ਰਾਹੀਂ ਅਤੇ ਸ਼੍ਰੋਮਣੀ ਕਮੇਟੀ ਨੇ ਅਪਣੇ ਮਤਾ ਨੰ: 149 ਮਿਤੀ 12-10-1936 ਦੁਆਰਾ ਦਿਤੀ ਅਤੇ ਮੁੜ ਸ਼੍ਰੋਮਣੀ ਕਮੇਟੀ ਦੀ ਧਾਰਮਕ ਸਲਾਹਕਾਰ ਕਮੇਟੀ ਨੇ ਅਪਣੀ ਇਕੱਤਰਤਾ 7-01-1945 ਵਿਚ ਇਸ ਨੂੰ ਵਿਚਾਰ ਕੇ ਇਸ ਵਿਚ ਕੁੱਝ ਵਾਧੇ-ਘਾਟੇ ਕਰਨ ਦੀ ਸ਼ਿਫਾਰਸ਼ ਕੀਤੀ। ਉਕਤ ਸਤਰਾਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵਲੋਂ ਹੁਣ ਤਕ ਲੱਖਾਂ ਦੀ ਗਿਣਤੀ ’ਚ ਛਾਪ ਕੇ ਸੰਗਤਾਂ ’ਚ ਮੁਫ਼ਤ ਵੰਡੀ ਗਈ ਪੁਸਤਕ ਠਸਿੱਖ ਰਹਿਤ ਮਰਿਆਦਾ ਦੇ ਪਹਿਲੇ ਪੰਨੇ ’ਤੇ ਅੰਕਿਤ ਹਨ। ਉਕਤ ਸਤਰਾਂ ਤੋਂ ਇਲਾਵਾ ਇਸ ਪੁਸਤਕ ਦੇ ਆਰੰਭ ’ਚ ਇਸ ਪੁਸਤਕ ਨੂੰ ਤਿਆਰ ਕਰਨ ਲਈ ਤਖ਼ਤਾਂ ਦੇ ਜਥੇਦਾਰ, ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰਾਂ ਤੋਂ ਇਲਾਵਾ ਅਨੇਕਾਂ ਸਿੱਖ ਵਿਦਵਾਨਾਂ/ਚਿੰਤਕਾਂ ਅਤੇ ਸਿੱਖ ਸੰਸਥਾਵਾ ਤੋਂ ਲਏ ਗਏ ਸਹਿਯੋਗ ਦਾ ਵੀ ਵਿਸਥਾਰ ਸਹਿਤ ਵਰਨਣ ਕੀਤਾ ਗਿਆ ਹੈ ਪਰ ਮਹਿਜ਼ 32 ਪੰਨਿਆਂ ਵਾਲੀ ਇਸ ਪੁਸਤਕ ਵਿਚ ਦਰਸਾਈ ਗਈ ਸਿੱਖ ਰਹਿਤ ਮਰਿਆਦਾ ਦੀਆਂ ਅਨੇਕਾਂ ਉਹ ਮਿਸਾਲਾਂ ਪੜ੍ਹਨ ਨੂੰ ਮਿਲਦੀਆਂ ਹਨ ਜਿਨ੍ਹਾਂ ’ਤੇ ਖ਼ੁਦ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ’ਤੇ ਕਾਬਜ਼ ਧਿਰ ਵੀ ਪੂਰੀ ਨਹੀਂ ਉਤਰਦੀ। ਪੰਨਾ ਨੰ: 13 ਦੇ ਸਿਰਲੇਖ ‘ਗੁਰਦਵਾਰੇ’ ਦੀ ਮੱਦ ‘ਹ’ ਅਤੇ ‘ਕ’ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਕਿਸੇ ਪੁਸਤਕ ਨੂੰ ਅਸਥਾਪਨ ਨਹੀਂ ਕਰਨਾ, ਗੁਰਦਵਾਰੇ ਵਿਚ ਕੋਈ ਮੂਰਤੀ ਪੂਜਾ ਜਾਂ ਹੋਰ ਗੁਰਮਤਿ ਦੇ ਵਿਰੁਧ ਕੋਈ ਰੀਤੀ-ਰਿਵਾਜ ਜਾਂ ਸੰਸਕਾਰ ਨਾ ਹੋਵੇ, ਨਾ ਹੀ ਕੋਈ ਅਨਮਤ ਦਾ ਤਿਉਹਾਰ ਮਨਾਇਆ ਜਾਵੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਘੂੜੇ ਦੇ ਪਾਵਿਆਂ ਨੂੰ ਮੁੱਠੀਆਂ ਭਰਨੀਆਂ, ਕੰਧਾਂ ਜਾਂ ਥੜ੍ਹਿਆਂ ’ਤੇ ਨੱਕ ਰਗੜਨਾ, ਮੰਜੀ ਸਾਹਿਬ ਹੇਠਾਂ ਪਾਣੀ ਰਖਣਾ, ਗੁਰੂ ਸਹਿਬਾਨ ਜਾਂ ਸਿੱਖ ਬਜ਼ੁਰਗਾਂ ਦੀਆਂ ਤਸਵੀਰਾਂ ਅੱਗੇ ਮੱਥੇ ਟੇਕਣੇ, ਇਹੋ ਜਿਹੇ ਕਰਮ ਮਨਮਤ ਹਨ। ਹੁਣ ਤਕ ਅਨੇਕਾਂ ਅਜਿਹੇ ਧਾਰਮਕ ਪ੍ਰੋਗਰਾਮ ਕਰਵਾਏ ਗਏ, ਜਿਥੇ ਨਿਹੰਗ ਸਿੰਘ ਜਥੇਬੰਦੀਆਂ ਜਾਂ ਸੰਪਰਦਾਈਆਂ ਵਲੋਂ ਉਸ ਮੌਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਪੁਸਤਕ ਦਸਮ ਗ੍ਰੰਥ ਦਾ ਪ੍ਰਕਾਸ਼ ਕੀਤਾ ਗਿਆ ਸੀ।

ਸ਼੍ਰੋਮਣੀ ਕਮੇਟੀ ਦੀ ਅਧੀਨਗੀ ਵਾਲੇ ਅਨੇਕਾਂ ਗੁਰਦਵਾਰਿਆਂ ’ਚ ਸੰਗਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਘੂੜੇ ਦੇ ਪਾਵਿਆਂ ਨੂੰ ਮੁੱਠੀਆਂ ਭਰਦੀਆਂ, ਕੰਧਾਂ ਜਾਂ ਥੜ੍ਹਿਆਂ ’ਤੇ ਨੱਕ ਰਗੜਦੀਆਂ ਆਮ ਦੇਖੀਆਂ ਜਾ ਸਕਦੀਆਂ ਹਨ ਅਤੇ ਅਨੇਕਾਂ ਗੁਰਦਵਾਰਿਆਂ ’ਚ ਸੰਗਰਾਂਦ, ਮੱਸਿਆ, ਪੁੰਨਿਆ ਆਦਿ ਦਿਨਾਂ ਨੂੰ ਅਨਮਤ ਦਾ ਤਿਉਹਾਰ ਬਣਾ ਕੇ ਮਨਾਇਆ ਜਾ ਰਿਹਾ ਹੈ। ਪੰਨਾ ਨੰ: 19 ਦੇ ਸਿਰਲੇਖ ਗੁਰਬਾਣੀ ਦੀ ਕਥਾ ਦੀ ਮੱਦ ‘ਸ’ ’ਚ ਜ਼ਿਕਰ ਹੈ ਕਿ ਗੁਰਦਵਾਰੇ ’ਚ ਗੁਰਮਤਿ ਤੋਂ ਵਿਰੁਧ ਕੋਈ ਵਿਖਿਆਣ ਨਹੀਂ ਹੋ ਸਕਦਾ। ਜਦ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਚਾਰਕ ਮਿਥਿਹਾਸਕ ਸਾਖੀਆਂ ਆਮ ਸੰਗਤ ਨੂੰ ਸ਼ਰੇਆਮ ਸੁਣਾ ਕੇ ਖ਼ੁਦ ਰਹਿਤ ਮਰਿਆਦਾ ਦੀਆਂ ਧੱਜੀਆਂ ਉਡਾ ਰਹੇ ਹਨ। ਇਸੇ ਪੰਨੇ ’ਤੇ ਸਿਰਲੇਖ ਠਗੁਰਮਤਿ ਦੀ ਰਹਿਣੀੂ ਦੀ ਮੱਦ ‘ੳ’, ‘ਸ’, ‘ਙ’ ਅਤੇ ‘ਚ’ ਵਿਚ ਦਰਸਾਈਆਂ ਗਈਆਂ ਗੱਲਾਂ ’ਤੇ ਵੀ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰ, ਮੁਲਾਜ਼ਮ ਅਤੇ ਪ੍ਰਚਾਰਕ ਪੂਰੇ ਨਹੀਂ ਉਤਰਦੇ। ਇਸੇ ਤਰ੍ਹਾਂ ਪੰਨਾ ਨੰ: 22 ਦੇ ਸਿਰਲੇਖ ਆਨੰਦ ਸੰਸਕਾਰ ਦੀ ਮੱਦ ‘ਖ’, ‘ਗ’ ਅਤੇ ਪੰਨਾ ਨੰ: 25 ਦੇ ਸਿਰਲੇਖ ਮ੍ਰਿਤਕ ਸਸਕਾਰ ਦੀ ਮੱਦ ‘ਕ’ ਰਾਹੀਂ ਵੀ ਆਮ ਸਿੱਖ ਸੰਗਤਾਂ ਨੂੰ ਪ੍ਰੇਰਤ ਕਰਨ ਲਈ, ਜੋ ਸ਼ਬਦਾਵਲੀ ਅੰਕਿਤ ਕੀਤੀ ਗਈ ਹੈ, ਉਸ ਤੋਂ ਵੀ ਇਸ ਕਿਤਾਬ ਦੇ ਪ੍ਰਕਾਸ਼ਕ ਖ਼ੁਦ ਕੋਹਾਂ ਦੂਰ ਹਨ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top