Share on Facebook

Main News Page

ਜਿਹੜੇ ਕਹਿੰਦੇ ਸੀ ਨਿਭਾਂਗੇ ਨਾਲ ਤੇਰੇ, ਉਹ ਛੱਡ ਕੇ ਮੈਦਾਨ ਭੱਜ ਗਏ

ਅੰਮ੍ਰਿਤਸਰ, 24 ਅਗੱਸਤ (ਚਰਨਜੀਤ ਸਿੰਘ): ਅਗਾਮੀ ਸ਼੍ਰੋਮਣੀ ਕਮੇਟੀ ਚੋਣਾਂ ਵਿਚ ਜਿਵੇਂ ਪੰਥਕ ਮੋਰਚੇ ਦੀ ਟੁੱਟ ਭੱਜ ਹੋ ਰਹੀ ਹੈ ਉਹ ਸੰਕੇਤ ਹਨ ਕਿ ਮੋਰਚੇ ਵਿਚ ਸੱਭ ਅੱਛਾ ਨਹੀਂ ਹੈ। ਪੰਥਕ ਮੋਰਚਾ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਦੀ ਪਹਿਲ ਕਦਮੀ ’ਤੇ ਪਿਛਲੇ ਵਰ੍ਹੇ ਚੋਣਾਂ ਦੇ ਐਲਾਨ ਤੋਂ ਪਹਿਲਾਂ ਹੋਂਦ ਵਿਚ ਆਇਆ ਸੀ। ਇਸ ਵਿਚ ਜਿਥੇ ਬੇਹੱਦ ਨਰਮ ਸੁਰ ਰੱਖਣ ਵਾਲੇ ਸ. ਸੁਰਜੀਤ ਸਿੰਘ ਬਰਨਾਲਾ ਦੀ ਪਾਰਟੀ ਅਕਾਲੀ ਦਲ ਲੌਂਗੋਵਾਲ, ਅਕਾਲੀ ਦਲ 1920 ਦੇ ਨਾਲ ਨਾਲ ਕਾਂਗਰਸ ਨਾਲ ਨੇੜਤਾ ਰਖਣ ਵਾਲਾ ਅਕਾਲੀ ਦਲ ਦਿੱਲੀ ਵੀ ਸ਼ਾਮਲ ਸੀ ਉਥੇ ਕਾਂਗਰਸ ਨੂੰ ਸਿੱਖ ਵਿਰੋਧੀ ਪਾਰਟੀ ਦੱਸਣ ਵਾਲੇ ਅਕਾਲੀ ਦਲ ਪੰਚ ਪ੍ਰਧਾਨੀ ਖ਼ਾਲਸਾ ਐਕਸ਼ਨ ਕਮੇਟੀ ਅਤੇ ਤਿੱਖੀ ਸੁਰ ਰਖਣ ਵਾਲੀ ਧਿਰ ਦਲ ਖ਼ਾਲਸਾ ਨੂੰ ਵੀ ਸ਼ਾਮਲ ਕੀਤਾ ਗਿਆ। ਬਾਦਲ ਵਿਰੋਧੀਆਂ ਨੂੰ ਇਕ ਜੁੱਟ ਰੱਖ ਕੇ ਪੰਜਾਬ ਵਿਚ ਬਦਲ ਲਿਆਉਣ ਲਈ ਪੰਥਕ ਮੋਰਚੇ ਵਿਚ ਉਨ੍ਹਾਂ ਲੋਕਾਂ ਨੂੰ ਵੀ ਸ਼ਾਮਲ ਕਰ ਲਿਆ ਗਿਆ ਜਿਨ੍ਹਾਂ ਕੋਲ ਲੇਬਲ ਤਾਂ ਬਹੁਤ ਵੱਡੇ ਸਨ ਪਰ ਸਾਮਾਨ ਦੇ ਨਾਮ ’ਤੇ ਉਹ ਪੂਰੀ ਤਰ੍ਹਾਂ ਫਾਡੀ ਸਨ ਜਿਨ੍ਹਾਂ ਵਿਚ ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੇ ਆਪੂ ਬਣੇ ਪ੍ਰਧਾਨ ਮਨਜੀਤ ਸਿੰਘ ਭੋਮਾ, ਸਰਬਜੀਤ ਸਿੰਘ ਸੋਹਲ, ਜਸਬੀਰ ਸਿੰਘ ਘੁਮੰਣ ਆਦਿ ਪ੍ਰਮੁੱਖ ਸਨ।

ਸ਼੍ਰੋਮਣੀ ਕਮੇਟੀ ਚੋਣਾਂ ਦਾ ਐਲਾਨ ਹੁੰਦੇ ਸਾਰ ਹੀ ਪੰਥਕ ਮੋਰਚੇ ਦੇ ਉਮੀਦਵਾਰੀ ਦੇ ਦਾਅਵੇਦਾਰਾਂ ਨੇ ਜਿਸ ਤਰ੍ਹਾਂ ਦੀ ਤੇਜ਼ੀ ਦਿਖਾਈ ਸੀ ਉਸ ਨੂੰ ਵੇਖ ਕੇ ਇਉਂ ਲਗਦਾ ਸੀ ਕਿ ਇਸ ਵਾਰ ਇਹ ਮੋਰਚਾ ਬਾਦਲ ਦਾ ਬਦਲ ਬਣ ਕੇ ਆਮ ਸਿੱਖ ਨੂੰ ਚੰਗੇ ਗੁਰਦਵਾਰਾ ਪ੍ਰਬੰਧ ਦੇਣ ਵਿਚ ਸਫ਼ਲ ਹੋਵੇਗਾ ਪਰ ਚੋਣਾਂ ਦਾ ਐਲ੍ਯਾਨ ਹੁੰਦੇ ਸਾਰ ਹੀ ਜਿਵੇ ਮੋਰਚੇ ਦੇ ਆਗੂਆਂ ਵਿਚ ਆਪੋ ਧਾਪੀ ਵਾਲਾ ਮਾਹੌਲ ਬਣਿਆ ਉਸ ਨੇ ਆਮ ਸਿੱਖ ਦੇ ਪੱਲੇ ਨਿਰਾਸ਼ਾ ਹੀ ਪਾਈ। ਰਹਿੰਦੀ ਕਸਰ ਬੀਤੇ ਦਿਨੀ ਪੰਥਕ ਮੋਰਚੇ ਦੇ ‘ਟਰੱਕ’ ’ਚੋਂ ਉਤਰ ਕੇ ਬਾਦਲ ਦੇ ‘ਟਰੈਕਟਰ’ ’ਤੇ ਸਵਾਰ ਹੋਣ ਵਾਲੇ ‘‘ਪੰਥਕ ਜਰਨੈਲਾਂ’’ ਨੇ ਪੂਰੀ ਕਰ ਦਿਤੀ। ਸ਼੍ਰੋਮਣੀ ਕਮੇਟੀ ਚੋਣਾਂ ਵਿਚ ਹਰ ਸਿੱਖ ਇਹ ਸੋਚ ਰਿਹਾ ਸੀ ਕਿ ਕਲ ਤਕ ਬਾਦਲਕਿਆਂ ਨੂੰ ਪਾਣੀ ਪੀ ਪੀ ਕੇ ਕੋਸਣ ਵਾਲੇ ‘ਪੰਥਕ ਜਰਨੈਲ’ ਮੌਕਾ ਆਉਣ ’ਤੇ ਬਾਦਲ ਦਲ ਦੇ ਉਮੀਦਵਾਰਾਂ ਦੀਆਂ ਜ਼ਮਾਨਤਾਂ ਜਬਤ ਕਰਵਾ ਦੇਣਗੇ ਪਰ ਹੋਇਆ ਇਸ ਤੋਂ ਪੂਰੀ ਤਰਾਂ ਉਲਟ। ਇਨ੍ਹਾਂ ‘ਪੰਥਕ ਜਰਨੈਲਾਂ’ ਦੀ ਅਕਾਲੀ ਦਲ ਬਾਦਲ ਵਿਚ ਵਾਪਸੀ ਦੀ ਕਾਹਲੀ ਸਾਬਤ ਕਰ ਰਹੀ ਹੈ ਜਿਵੇਂ ਇਹ ਅਕਾਲੀ ਦਲ ਬਾਦਲ ਕੋਲੋਂ ਡੈਪੂਟੇਸ਼ਨ ’ਤੇ ਆਏ ਹੋਣ ਤੇ ਬਾਦਲ ਵਿਰੋਧੀ ਧਿਰਾਂ ਦੀ ਜਾਸੂਸੀ ਕਰ ਕੇ ਵਾਪਸ ਚਲੇ ਗਏ ਹੋਣ।

ਪੰਥਕ ਮੋਰਚੇ ਦਾ ਤਾਸ਼ ਦਾ ਕਿਲ੍ਹਾ ਢਹਿ ਜਾਣ ਪਿਛੇ ਪੰਥਕ ਮੋਰਚੇ ਦੇ ਆਗੂਆਂ ਦੀ ਅਪਣੀ ਹਉਮੈ ਦਾ ਵੀ ਵੱਡਾ ਰੋਲ ਹੈ। ਪੰਥਕ ਮੋਰਚੇ ਦੇ ਆਗੂ ਦੂਜੇ ਆਗੂ ਨੂੰ ਅਪਣੇ ਬਰਾਬਰ ਦਾ ਮੰਨਣ ਨੂੰ ਤਿਆਰ ਹੀ ਨਹੀਂ ਜਿਸ ਦੇ ਸਿੱਟੇ ਵਜੋ ਜਦ ਮੋਰਚੇ ਨੇ 170 ਸੀਟਾਂ ਲਈ ਟਿਕਟਾਂ ਦੀ ਵੰਡ ਕੀਤੀ ਤਾਂ ਸੱਭ ਤੋਂ ਪਹਿਲਾਂ ਪਹਿਲੀ ਕਤਾਰ ਦੇ ਉਹ ਲੋਕ ਵੀ ਭੱਜ ਗਏ ਜਿਨ੍ਹਾਂ ਨੂੰ ਮੋਰਚੇ ਦੇ ਇਕ ਵੱਡੇ ਆਗੂ ਦਾ ਆਸ਼ੀਰਵਾਦ ਪ੍ਰਾਪਤ ਸੀ। ਇਨ੍ਹਾਂ ਪੰਥਕ ਭਗੌੜਿਆਂ ਵਿਚ ਉਹ ਵੀ ਸ਼ਾਮਲ ਹੋ ਗਏ ਜੋ ਕਲ ਤਕ ਪੰਥਕ ਮੋਰਚੇ ਦੇ ਨਾਲ ਜਿਉਣ ਮਰਨ ਦੀਆਂ ਕਸਮਾਂ ਖਾਂਦੇ ਸਨ। ਪੰਥਕ ਮੋਰਚਾ ਮੂਲ ਰੂਪ ਵਿਚ ਸਵੈ ਵਿਰੋਧੀ ਵਿਚਾਰਾਂ ਤੇ ਇਕ ਦੂਜੇ ਨੂੰ ਠਿੱਬੀਆਂ ਮਾਰਨ ਵਾਲਿਆਂ ਦਾ ਮੋਰਚਾ ਬਣ ਕੇ ਆਮ ਸਿੱਖ ਭਾਵਨਾਵਾਂ ’ਤੇ ਖਰਾ ਉਤਰਨ ਵਿਚ ਨਾਕਾਮ ਰਿਹਾ ਹੈ। ਪੰਥਕ ਮੋਰਚਾ ਅੱਜ ਅਕਾਲੀ ਦਲ ਬਾਦਲ ’ਤੇ ਇਹ ਦੋਸ਼ ਲਾ ਰਿਹਾ ਹੈ ਕਿ ਬਾਦਲ ਦਲ ਸਾਡੇ ਆਗੂਆਂ ਦੀ ਖ਼ਰੀਦੋ ਫ਼ਰੋਖ਼ਤ ਕਰ ਰਿਹਾ ਹੈ ਪਰ ਇਕ ਕੌੜਾ ਸੱਚ ਇਹ ਵੀ ਹੈ ਕਿ ਮੋਰਚੇ ਦੇ ਕਈ ਵੱਡੇ ਆਗੂ ਚੰਗੀ ਕੀਮਤ ਮਿਲਣ ’ਤੇ ਖ਼ੁਦ ਨੂੰ ਵੇਚਣ ਲਈ ਤਿਆਰ ਬਰ ਤਿਆਰ ਹਨ। ਸ਼੍ਰੋਮਣੀ ਕਮੇਟੀ ਚੋਣਾਂ ਲਈ ਪੰਥਕ ਮੋਰਚੇ ਦੇ ਆਗੂਆਂ ਦੀ ਗੰਭੀਰਤਾ ਦਾ ਅੰਦਾਜਾ ਇਸ ਗੱਲ ਤੋ ਵੀ ਲੱਗ ਜਾਂਦਾ ਹੈ ਕਿ ਕਰੀਬ ਇਕ ਸਾਲ ਤੋਂ ਸੰਘ ਪਾੜ ਪਾੜ ਕੇ ਚੋਣ ਕਰਵਾਉਣ ਦੇ ਵੱਡੇ ਵੱਡੇ ਅਖ਼ਬਾਰੀ ਬਿਆਨ ਦੇਣ ਵਾਲੇ ਚੋਣ ਪ੍ਰਤੀਕਿਰਿਆ ਦਾ ਐਲਾਨ ਹੁੰਦੇ ਸਾਰ ਹੀ ਪੰਥਕ ਮੰਚ ਤੋਂ ਇਕ ਪਾਸੇ ਜਿਹੇ ਹੋ ਗਏ। ਅੱਜ ਵੀ ਉਨ੍ਹਾਂ ਵਿਚੋਂ ਬਹੁਤੇ ਅਜਿਹੇ ਆਗੂ ਹਨ ਜੋ ਚੋਣ ਪ੍ਰਕਿਰਿਆ ਤੋਂ ਪਹਿਲਾਂ ਬਾਦਲ ਦਲ ਤੋਂ ਗੁਰਧਾਮ ਆਜ਼ਾਦ ਕਰਵਾਉਣ ਦੀ ਗੱਲ ਤਾਂ ਕਰਦੇ ਸੀ ਪਰ ਅੱਜ ਸਮਾਂ ਆਉਣ ’ਤੇ ਉਹ ਖ਼ੁਦ ਹੀ ਲਾਪਤਾ ਹਨ। ਅਜਿਹੇ ਹਲਾਤ ਵਿਚ ਇਸ ਮੋਰਚੇ ਤੋਂ ਆਮ ਸਿੱਖ ਨੂੰ ਬਹੁਤੀ ਆਸ ਨਹੀਂ ਰਖਣੀ ਚਾਹੀਦੀ।

Source: Rozana Spokesman


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top