Share on Facebook

Main News Page

ਉਹ ਇਹੀ ਚਾਹੁੰਦੇ ਹੋਣਗੇ

ਪਿੰਡ ਉਧਮਪੁਰ ਨੱਲਾਂ (ਮੁਰਿੰਡਾ) ਦੀ ਘਟਨਾ ਨੂੰ ਤਹਿਲਕਾ ਬਣਾ ਕੇ ਪੇਸ਼ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਅਤੇ ਇਹੀ ਸਾਡੇ ਵਿਰੋਧੀ ਚਾਹੁੰਦੇ ਹਨ ਕਿ ਸਿੱਖ ਭਾਈਚਾਰੇ ਦੀ ਚੜ੍ਹਦੀ ਕਲਾ ਨੂੰ ਖੋਰਾ ਲਾਉਣ ਲਈ ਕਿਸੇ ਨਾਂ ਕਿਸੇ ਛੜਯੰਤਰ ਦੀ ਕੁਝ ਇਸ ਤਰ੍ਹਾਂ ਨਾਲ ਵਰਤੋਂ ਕੀਤੀ ਜਾਵੇ ਤਾਂ ਕਿ ਸਿੱਖ ਭਾਈਚਾਰਾ ਖੁਦ ਵਿਚ ਹੀ ਉਲਝ ਜਾਵੇ ਅਤੇ ਹਿੰਸਕ ਪ੍ਰਵਿਰਤੀਆਂ ਨੂੰ ਬੜਾਵਾ ਮਿਲੇ। ਸਿੱਖਾਂ ਨੂੰ ਅੱਤਵਾਦੀ ਕਰਾਰ ਦੇ ਕੇ ਕੌਮ ਨੂੰ ਜਿੰਨਾਂ ਕੁੱਟਿਆ ਅਤੇ ਬੇਪੱਤ ਕੀਤਾ ਗਿਆ ਹੈ ਉਹ ਸਭ ਨੂੰ ਪਤਾ ਹੈ ਪਰ ਅਸੀਂ ਬੀਤੇ ਤੋਂ ਸਬਕ ਨਹੀਂ ਲੈ ਰਹੇ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਜ ਸਰੂਪ ਇੱਕ ਖੂਹ ਵਿਚ ਸੁੱਟ ਕੇ ਜੋ ਕਾਰਾ ਉਧਮ ਪੁਰ ਨੱਲਾਂ ਵਿਚ ਕਿਸੇ ਨੇ ਕੀਤਾ ਹੈ ਉਹ ਨਿਰਸੰਦੇਹ ਸਿੱਖ ਹਿਰਦਿਆਂ ਨੂੰ ਵਲੂੰਧਰਨ ਵਾਲਾ ਹੈ। ਇਸ ਕਿਸਮ ਦੇ ਕਾਰਿਆਂ ਤੋਂ ਸਿੱਖ ਜਨਤਾ ਦਾ ਭੜਕਣਾਂ ਨਿਸ਼ਚਤ ਹੈ ਅਤੇ ਕਰਜਿਆਂ ਦੇ ਭਾਰ ਹੇਠ ਦੱਬੇ ਪੰਜਾਬ ਵਿਚ ਇਹੋ ਜਿਹੀ ਭੜਕਾਹਟ ਅਤੇ ਉਕਸਾਹਟ ਪੈਦਾ ਕਰਕੇ ਕਿਹੜੀਆਂ ਤਾਕਤਾਂ ਲਾਭ ਲੈਣ ਦੀ ਤਾਕ ਵਿਚ ਹੋ ਸਕਦੀਆਂ ਹਨ ਅੰਦਾਜ਼ਾ ਲਾਉਣਾਂ ਜਰੂਰੀ ਹੈ। ਅੱਜ ਇਸ ਜੰਗਲ ਦੀ ਅੱਗ ਵਾਂਗ ਫੈਲੀ ਖਬਰ ਦੀ ਤਪਸ਼ ਦੁਨੀਆਂ ਦੇ ਕੋਨੇ ਕੋਨੇ ਵਿਚ ਮਹਿਸੂਸ ਕੀਤੀ ਜਾ ਸਕਦੀ ਹੈ।
ਪਹਿਲਾਂ ਅਸੀਂ ਸ਼ੱਕ ਦੀ ਸੂਈ ਦੇ ਅਨੁਮਾਣ ਪੇਸ਼ ਕਰਦੇ ਹਾਂ:

  1. ਭਨਿਆਰੇ ਵਾਲੇ ਦੇ ਕੇਸ ਦਾ ਫੈਸਲਾ ਨੇੜੇ ਆ ਰਿਹਾ ਹੈ ਕੀ ਸਿੱਖਾਂ ਦਾ ਧਿਆਨ ਉਸ ਪਾਸਿਓਂ ਪਲਟਣ ਦੀ ਕੋਸ਼ਿਸ਼ ਵਿਚ ਇਹ ਸਿੱਖ ਵਿਰੋਧੀਆਂ ਦੀ ਗਿਣੀ ਮਿਥੀ ਚਾਲ ਤਾਂ ਨਹੀਂ?

  2. ਕੀ ਇਹ ਕਿਸੇ ਪਾਗਲ ਵਿਅਕਤੀ ਦਾ ਕਾਰਾ ਹੈ ? ਭਾਵੇਂ ਕਿ ਗ੍ਰਿਫਤਾਰ ਕੀਤੇ ਗਏ ਵਿਅਕਤੀ ਲਖਵੀਰ ਸਿੰਘ ਬਾਰੇ ਸਿਰਫ ਏਨਾਂ ਹੀ ਪਤਾ ਚਲਦਾ ਹੈ ਕਿ ਉਸ ਦਾ ਪਿੰਡ ਵਿਚ ਕਿਸੇ ਕਮੇਟੀ ਨਾਲ ਝਗੜਾ ਹੋਇਆ ਸੀ ਜਿਸ ਦੀ ਅਧਾਰ ਤੇ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

  3. ਕਿਧਰੇ ਇਹ ਗੱਲ ਕਿਸੇ ਪਾਸਿਓਂ ਸੌਦੇ ਵਾਲੇ ਨਾਲ ਤਾਂ ਨਹੀਂ ਜੁੜਦੀ ਕਿਓਂਕਿ ਕਾਂਗਰਸੀਆਂ ਨਾਲ ਉਸ ਦੀ ਕੁੜਮਾਂਚਾਰੀ ਹੈ ਅਤੇ ਉਹ ਪੰਜਾਬ ਦੀ ਰਾਜਨੀਤੀ ਤੇ ਆਪਣੇ ਇਲਾਕੇ ਵਿਚ ਭਾਰੀ ਹੈ।

  4. ਕੀ ਇਹ ਭਾਰਤ ਤੋਂ ਬਾਹਰ ਬੈਠੀ ਕਿਸੇ ਤਾਕਤ ਦਾ ਕਾਰਾ ਤਾਂ ਨਹੀਂ ਤਾਂ ਕਿ ਜੰਗਜੂ ਸੁਭਾ ਰੱਖਣ ਵਾਲੀ ਕੌਮ ਨੂੰ ਭਾਰਤ ਦੇ ਅਮਨ ਕਾਨੂੰਨ ਨਾਲ ਉਲਝਾ ਕੇ ਕੋਈ ਰਾਜਨੀਤਕ ਲਾਹਾ ਖੱਟਿਆ ਜਾਵੇ?

ਇਸ ਸਬੰਧ ਵਿਚ ਬਹੁਤ ਜਰੂਰੀ ਗੱਲ ਸਮਝਣ ਵਾਲੀ ਇਹ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਸਮੁੱਚੀ ਮਨੁੱਖਤਾ ਦੇ ਰਹਿਬਰ ਹਨ ਅਤੇ ਕੋਈ ਗਿਆ ਗੁਜਰਿਆ ਸਿੱਖ ਤਾਂ ਕੀ ਸਗੋਂ ਕਿਸੇ ਵੀ ਦੂਸਰੇ ਧਰਮ ਦਾ ਹੋਸ਼ ਹਵਾਸ ਰੱਖਣ ਵਾਲਾ ਵਿਅਕਤੀ ਐਸਾ ਕਾਰਾ ਨਹੀਂ ਕਰ ਸਕਦਾ। ਇਹ ਕਾਰਾ ਸਿਰਫ ਦਿਮਾਗੀ ਸੰਤੁਲਨ ਗਵਾ ਚੁੱਕਾ ਵਿਅਕਤੀ ਹੀ ਕਰ ਸਕਦਾ ਹੈ ਅਤੇ ਇਹ ਗੱਲ ਵੱਖਰੀ ਹੈ ਕਿ ਨਫਰਤ, ਈਰਖਾ ਅਤੇ ਵੈਰ ਵਿਰੋਧ ਵਿਚ ਚੰਗੇ ਭਲੇ ਵਿਅਕਤੀ ਵੀ ਦਿਮਾਗੀ ਸੰਤੁਲਨ ਖੋਹ ਬੈਠਦੇ ਹਨ। ਇਹ ਗੱਲ ਅਸੀਂ ਸਾਰੇ ਜਾਣਦੇ ਹਾਂ ਕਿ ਇੱਕ ਦੋ ਵੇਰ ਨਹੀਂ ਸਗੋਂ ਸੈਂਕੜੇ ਵੇਰ ਐਸੀ ਕਰਤੂਤ ਹੋਈ ਹੈ ਜਦੋਂ ਕਿ ਗੁਰਦੁਆਰਾ ਕਮੇਟੀਆਂ ਵਾਲੇ ਆਪਸੀ ਵੈਰ ਵਿਰੋਧ ਕਾਰਨ ਆਪਣੇ ਗੁਰੂ ਸਾਹਿਬ ਅਤੇ ਗੁਰਦੁਆਰਾ ਸਾਹਿਬ ਦਾ ਨਿਰਾਦਰ ਦੁਨੀਆਂ ਵਿਚ ਸ਼ਰੇਆਮ ਕਰਦੇ ਦੇਖੇ ਗਏ ਹਨ।

ਅੱਜ ਜਿਥੇ ਪਿੰਡ ਉਧਮ ਪੁਰ ਵਿਚ ਹੋਈ ਘਟਨਾਂ ਦੇ ਦੋਸ਼ੀਆਂ ਨੂੰ ਲੋਕਾਂ ਦੀ ਕਚਿਹਰੀ ਵਿਚ ਨੰਗਿਆਂ ਕਰਨਾ ਜ਼ਰੂਰੀ ਹੈ, ਉਥੇ ਦੁਨੀਆਂ ਭਰ ਦੇ ਸਿੱਖਾਂ ਨੂੰ ਇਹ ਗੱਲ ਯਕੀਨੀ ਬਣਾਉਣੀ ਜਰੂਰੀ ਹੈ, ਕਿ ਉਹ ਗੁਰਦਵਾਰਿਆਂ ਵਿਚ ਕਬਜੇ ਅਤੇ ਚੌਧਰ ਦੀ ਭਾਵਨਾਂ ਵਿਚ ਖੁਦ ਐਸੇ ਕੁਕਰਮ ਕਰਨ ਦੇ ਭਾਗੀ ਨਾਂ ਬਣਨ।

ਨੌਵੇਂ ਪਾਤਸ਼ਾਹ ਅਤੇ ਕਬੀਰ ਜੀ ਮਹਾਂਰਾਜ ਨੇ ਆਪਣੀ ਬਾਣੀ ਵਿਚ ਇੱਕ ਗੱਲ ਬੜੀ ਸਪੱਸ਼ਟ ਲਿਖੀ ਹੈ ਕਿ ਵਿਅਕਤੀ ਜੋ ਜੋ ਕਰਮ ਲਾਲਚ ਵਸ ਹੋ ਕੇ ਕਰਦਾ ਹੈ ਉਹ ਉਹਨਾਂ ਵਿਚ ਹੀ ਫਸ ਜਾਂਦਾ ਹੈ ਅਤੇ ਫਿਰ ਉਹ ਉਸ ਦੇ ਗੱਲ ਪੈ ਜਾਂਦੇ ਹਨ। ਇਹ ਗੱਲ ਦੁਨੀਆਂ ਦੇ ਹਰ ਵਿਅਕਤੀ ਤੇ ਬਰਾਬਰ ਹੀ ਢੁਕਦੀ ਹੈ। ਇਸ ਲਈ ਇਸ ਦੁੱਖ ਦੇ ਸਮੇਂ ਵਿਚ ਕਿਸੇ ਵੀ ਮੀਡੀਏ ਨੂੰ ਇਸ ਮੁੱਦੇ ਤੇ ਤੂਲ ਦੇ ਕੇ ਕੌਮ ਵਿਚ ਫੁੱਟ ਪਾਉਣ ਅਤੇ ਨੋਜਵਾਨਾਂ ਨੂੰ ਉਕਸਾਉਣ ਭੜਕਾਉਣ ਤੋਂ ਗਰੇਜ ਕਰਨਾਂ ਚਾਹੀਦਾ ਹੈ।

ਅਖੀਰ ਤੇ ਅਸੀ ਸਿੱਖ ਕੌਂਸਲ ਵਲੋਂ ਜਾਰੀ ਪ੍ਰੈਸ ਨੋਟ ਵਿਚ ਜੋ ਸ੍ਰੀ ਅਕਾਲ ਤਖਤ ਨੂੰ ਬੇਨਤੀ ਕੀਤੀ ਗਈ ਹੈ ਕਿ ਜਾਗਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਰ ਗੁਰਦੁਆਰੇ ਵਿਚ ਅਦਬ ਸਤਿਕਾਰ ਸਬੰਧੀ ਸਿੱਖ ਕਮੇਟੀਆਂ, ਸ਼੍ਰੋਮਣੀ ਕਮੇਟੀ ਅਤੇ ਪਿੰਡਾਂ ਦੇ ਪੰਚਾਂ ਸਰਪੰਚਾਂ ਨੂੰ ਜਵਾਬ ਦੇ ਬਣਾਇਆ ਜਾਣਾਂ ਚਾਹੀਦਾ ਹੈ ਅਤੇ ਦੇਸ਼ ਦੇ ਕਾਨੂੰਨ ਵਿਚ ਬੇਅਦਬੀ ਕਰਨ ਵਾਲਿਆਂ ਲਈ ਕਰੜੀ ਸਜ਼ਾ ਨਿਸਚਿਤ ਹੋਣੀ ਜਰੂਰੀ ਹੈ।

ਕੁਲਵੰਤ ਸਿੰਘ ਢੇਸੀ, ਕਾਵੈਂਟਰੀ, ਯੂ.ਕੇ.
kulwantsinghdhesi@hotmail.com


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top