Share on Facebook

Main News Page

18 ਸਤੰਬਰ ਨੂੰ ਹੋਵੇਗਾ ਬਹੁਤ ਵੱਡਾ ਅਨਰਥ, ਪੰਥ ਦਰਦੀ ਤੇ ਸਿੱਖ ਚਿੰਤਕ ਬੇਵੱਸ/ਲਾਚਾਰ ਹੋ ਕੇ ਕੋਸਣਗੇ ਆਪਣੀ ਕਿਸਮਤ

* ਸਾਫ-ਸੁਥਰੇ ਕਿਰਦਾਰ ਵਾਲੇ ਉਮੀਦਵਾਰਾਂ ਨੂੰ ਦੇਖਣਾ ਪਵੇਗਾ ਹਾਰ ਦਾ ਮੂੰਹ!!

ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀਆਂ 18 ਸਤੰਬਰ ਨੂੰ ਹੋਣ ਵਾਲੀਆਂ ਆਮ ਚੋਣਾਂ ਮੌਕੇ ਇਕ ਬਹੁਤ ਵੱਡਾ ਅਨਰਥ ਹੋਵੇਗਾ, ਪੰਥ ਦਰਦੀ ਤੇ ਸਿੱਖ ਚਿੰਤਕ ਚਾਹੁੰਦੇ ਹੋਏ ਵੀ ਇਸ ਅਨਰਥ ਨੂੰ ਰੋਕ ਨਹੀਂ ਸਕਣਗੇ ਤੇ ਇਸ ਪੀੜਾ ਤੇ ਚੀਸ ਨੂੰ ਅਗਲੇ 5 ਸਾਲ ਹੋਰ ਪਿੰਡੇ ’ਤੇ ਹੰਢਾਉਣ ਲਈ ਖੁਦ ਨੂੰ ਤਿਆਰ ਕਰਨ ’ਚ ਰੁਝ ਜਾਣਗੇ। ਭਾਵੇਂ ਉਕਤ ਸਤਰਾਂ ਪਾਠਕਾਂ ਨੂੰ ਅਜੀਬ ਲੱਗਣ ਪਰ ਇਹ ਸੱਚਾਈ ਹੈ ਕਿ ਆਉਣ ਵਾਲੀ 18 ਸਤੰਬਰ ਨੂੰ ਬਾਦਲ ਦਲ ਵੱਲੋਂ ਸ਼੍ਰੋਮਣੀ ਕਮੇਟੀ ਚੋਣਾਂ ਲਈ ਮੈਦਾਨ ’ਚ ਉਤਾਰੇ

  1. ਦਾੜੀ ਰੰਗਣ ਵਾਲੇ 14 ਉਮੀਦਵਾਰ,
  2. ਅਪਰਾਧਿਕ ਮਾਮਲਿਆਂ ਦਾ ਸਾਹਮਣਾ ਕਰਨ ਵਾਲੇ 17 ਉਮੀਦਵਾਰ,
  3. ਬਿਨਾਂ ਅੰਮ੍ਰਿਤ ਛਕੇ ਬਾਹਰੋਂ ਗਾਤਰੇ ਪਾਉਣ ਵਾਲੇ 14 ਉਮੀਦਵਾਰ,
  4. ਪਤਿੱਤ ਔਲਾਦ ਦੇ ਮਾਤਾ-ਪਿਤਾ 68 ਉਮੀਦਵਾਰ
  5. ਤੇ ਕਿਸੇ ਵੀ ਢੰਗ ਨਾਲ ਨਸ਼ਾ ਕਰਦੇ ਰਹੇ 32 ਉਮੀਦਵਾਰਾਂ

ਨੂੰ ਗੁੰਮਰਾਹ ਹੋਏ ਜਾਂ ਨਿੱਜੀ ਗਰਜਾਂ ’ਚ ਫਸੇ ਵੋਟਰ ਵੋਟਾਂ ਪਾ ਦੇਣਗੇ ਪਰ ਸਾਫ-ਸੁਥਰੇ ਕਿਰਦਾਰ ਵਾਲੇ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਤੀ ਪੂਰੀ ਆਸਥਾ ਰੱਖਣ ਵਾਲੇ ਪੰਥਕ ਉਮੀਦਵਾਰਾਂ ਨੂੰ ਹਾਰ ਦਾ ਮੂੰਹ ਦੇਖਣਾ ਪਵੇਗਾ। ਜੇਕਰ ਅਕਾਲ ਤਖਤ ਸਾਹਿਬ ਤੋਂ ਜਾਰੀ ਧਾਰਮਿਕ ਚੋਣ ਜਾਬਤੇ ਨੂੰ ਲਾਗੂ ਕਰਨ ਲਈ ਦਿੱਤੇ 6 ਦਿਸ਼ਾ-ਨਿਰਦੇਸ਼ਾਂ ਦੀ ਗੱਲ ਕੀਤੀ ਜਾਵੇ ਤਾਂ ਉਨਾਂ ’ਤੇ ਵੀ ਬਾਦਲ ਦਲ ਦੇ ਉਮੀਦਵਾਰ ਪੂਰੇ ਨਹੀਂ ਉਤਰਦੇ, ਕਿਉਂਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਮੁਖ ਸੇਵਾਦਾਰ ਗਿਆਨੀ ਗੁਰਬਚਨ ਸਿੰਘ ਨੇ ਚੋਣ ਲੜਨ ਵਾਲੇ ਹਰ ਉਮੀਦਵਾਰ ਦਾ ਅੰਮ੍ਰਿਤਧਾਰੀ ਹੋਣ ਤੇ ਪਤੀ-ਪਤਨੀ ਸਮੇਤ ਬੱਚਿਆਂ ਦਾ ਸਾਬਤ-ਸੂਰਤ ਹੋਣ ਦੀ ਸ਼ਰਤ ਰੱਖੀ ਹੈ। ਇਸ ਤੋਂ ਇਲਾਵਾ ਉਮੀਦਵਾਰ ਦਾ ਸਿੱਖ ਵਿਰੋਧੀ ਪਾਰਟੀ ਜਾਂ ਜੱਥੇਬੰਦੀ ਨਾਲ ਸਬੰਧਤ ਨਾ ਹੋਣ, ਗੁਰਮਤਿ ਵਿਰੋਧੀ ਗਤੀ-ਵਿਧੀਆਂ ’ਚ ਸ਼ਮੂਲੀਅਤ ਨਾ ਕਰਨ, ਗੁਰੂ ਪੰਥ ਵੱਲੋਂ ਗੁਰਸਿੱਖ ਹੋਣ ਦੇ ਮਾਣ ਤੋਂ ਵਾਂਝਾ ਤਨਖਾਹੀਆ ਨਾ ਹੋਣ, ਚੋਣ ਪ੍ਰਕਿਰਿਆ ਦੌਰਾਨ ਨਸ਼ੇ ਵੰਡਣ ਤੋਂ ਗੁਰੇਜ਼ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤ ਨੂੰ ਤਨ, ਮਨ ਤੋਂ ਸਮਰਪਿਤ ਹੋਣ ਦੀ ਸ਼ਰਤ ਰੱਖੀ ਗਈ ਹੈ ਪਰ ਧੜਾਧੜ ਬਣ ਰਹੇ ਨਵੇਂ ਪਤਿੱਤ ਵੋਟਰ, ਮਨਮੁਖ ਉਮੀਦਵਾਰਾਂ ਦੀ ਚੋਣ ਕਰਨਗੇ ਤੇ ਅਜਿਹੇ ਜੇਤੂ ਉਮੀਦਵਾਰਾਂ ਵੱਲੋਂ ਭਵਿੱਖ ’ਚ ਸਿੱਖੀ ਮਰਿਆਦਾ ਦਾ ਕੀਤਾ ਜਾਵੇਗਾ ਘਾਣ।

ਭਾਵੇਂ ਪੰਥ ਦਰਦੀ ਚੀਕ-ਚੀਕ ਕੇ ਕਹਿ ਰਹੇ ਹਨ ਕਿ ਬਾਦਲ ਦਲ ਵੱਲੋਂ ਅਜਿਹੇ 68 ਉਮੀਦਵਾਰਾਂ ਨੂੰ ਗੁਰਦਵਾਰਾ ਚੋਣਾਂ ਲੜਨ ਲਈ ਮੈਦਾਨ ’ਚ ਉਤਾਰਿਆ ਗਿਆ ਹੈ, ਜਿਨਾਂ ਦੇ ਘਰ ’ਚ ਸਿੱਖੀ ਅਜੇ ਤੱਕ ਨਹੀਂ ਪਹੁੰਚ ਸਕੀ ਤੇ ਉਨਾਂ ਦੀ ਔਲਾਦ ਘੋਨ-ਮੋਨ ਜਾਂ ਪਤਿੱਤ ਹੈ ਤੇ ਨਸ਼ਿਆਂ ਸਮੇਤ ਹੋਰ ਸਮਾਜਿਕ ਕੁਰੀਤੀਆਂ ’ਚ ਗ੍ਰਸੀ ਹੋਈ ਹੈ। ਅਜਿਹੇ ਉਮੀਦਵਾਰਾਂ ਦੀ ਪਤਿੱਤ ਔਲਾਦ ਦੀਆਂ ਤਸਵੀਰਾਂ, ਕੁਝ ਉਮੀਦਵਾਰਾਂ ਦੇ ਬੱਚਿਆਂ ਦੇ ਵਿਆਹਾਂ ਮੌਕੇ ਲੱਚਰ ਗਾਣੇ, ਮੀਟ-ਸ਼ਰਾਬ ਦੀ ਬਹੁਤਾਤ, ਕੁਝ ਵੱਲੋਂ ਸ਼ਿਵਲਿੰਗ ਦੀ ਪੂਜਾ, ਜਗਰਾਤਿਆਂ ’ਚ ਸ਼ਮੂਲੀਅਤ, ਹਵਨ ਕਰਾਉਣ ਤੇ ਖੁਦ ਵੱਲੋਂ ਨਸ਼ਾ ਕਰਨ ਸਮੇਤ ਹੋਰ ਸਿੱਖ ਰਹਿਤ ਮਰਿਆਦਾ ਖਿਲਾਫ ਕੀਤੀਆਂ ਕਾਰਵਾਈਆਂ ਦੀਆਂ ਖਬਰਾਂ ਅਖਬਾਰਾਂ ਦੀਆਂ ਸੁਰਖੀਆਂ ਬਣਦੀਆਂ ਰਹੀਆਂ। ਇਸ ਤੋਂ ਇਲਾਵਾ ਇਕ ਅਜਿਹੇ ਬਾਦਲ ਦਲ ਦੇ ਉਮੀਦਵਾਰ ਦੇ ਪਤਿੱਤ ਪੁੱਤਰ ਦੇ ਵਿਆਹ ਮੌਕੇ ਮੀਟ-ਸ਼ਰਾਬ, ਆਰਕੈਸਟਰਾ ਸਮੇਤ ਹੋਰ ਖਾਣ-ਪੀਣ ਵਾਲੀਆਂ ਸਟਾਲਾਂ ਦੇ ਨਾਲ-ਨਾਲ ਤੰਬਾਕੂ ਦੀ ਲੱਗੀ ਸਟਾਲ ਦੀ ਵੀ ਚਰਚਾ ਹੁੰਦੀ ਰਹੀ ਪਰ ਧੰਨ ਹਨ, ਉਹ ਗੁਰੂ ਦੇ ਸਿੱਖ ਜੋ ਸਭ ਕੁਝ ਜਾਣਦੇ ਹੋਏ ਵੀ ਬਾਦਲ ਦਲ ਦੇ ਉਮੀਦਵਾਰਾਂ ਨੂੰ ਵੋਟਾਂ ਪਾਉਣ ਦੀ ਜੁਰਅੱਤ ਕਰਨਗੇ।

ਭਾਵੇਂ ਕੁਝ ਜਾਗਦੀ-ਜ਼ਮੀਰ ਵਾਲੇ ਸਿੱਖਾਂ ਨੇ ਵੋਟਾਂ ਮੰਗਣ ਆਏ ਉਮੀਦਵਾਰਾਂ ਨੂੰ ਸਵਾਲ-ਜਵਾਬ ਅਤੇ ਖੁਦ ਦਾ ਪਰਿਵਾਰ ਸਾਬਤ-ਸੂਰਤ ਹੈ ਜਾਂ ਨਹੀਂ, ਵਰਗੇ ਪ੍ਰਸ਼ਨ ਕਰਨੇ ਸ਼ੁਰੂ ਕਰ ਦਿੱਤੇ ਹਨ ਤੇ ਕੁਝ ਜਾਗਦੀ ਜ਼ਮੀਰ ਵਾਲੀਆਂ ਜੱਥੇਬੰਦੀਆਂ ਨੇ ਆਮ ਲੋਕਾਂ ਨੂੰ ਇਨਾਂ ਚੋਣਾਂ ’ਚ ਸੁਚੇਤ ਕਰਨ ਦਾ ਬੀੜਾ ਚੁੱਕਿਆ ਹੈ ਪਰ ਫਿਰ ਵੀ ਬਾਦਲ ਵਿਰੋਧੀ ਪੰਥਕ ਜੱਥੇਬੰਦੀਆਂ ਦੇ ਇਕ ਸੀਟ ਤੋਂ ਦੋ ਜਾਂ ਇਸ ਤੋਂ ਵੀ ਵੱਧ ਖੜੇ ਉਮੀਦਵਾਰਾਂ ਨੇ ਪੰਥ ਦਰਦੀਆਂ ਨੂੰ ਨਿਰਾਸ਼ ਕਰ ਦਿੱਤਾ ਹੈ। ਉਕਤ ਵਰਤਾਰੇ ਦਾ ਦਿਲਚਸਪ, ਦੁਖਦਾਇਕ ਤੇ ਹੈਰਾਨੀਜਨਕ ਪਹਿਲੂ ਇਹ ਹੈ ਕਿ ਬਾਦਲ ਦਲ ਵੱਲੋਂ ਅਜਿਹੇ ਉਮੀਦਵਾਰਾਂ ਨੂੰ ਵੀ ਟਿਕਟਾਂ ਦਿੱਤੀਆਂ ਗਈਆਂ ਹਨ, ਜੋ ਦੇਹਧਾਰੀਆਂ ਦੇ ਸਮਾਗਮਾਂ ’ਚ ਸ਼ਾਮਲ ਹੋਣ, ਅੰਮ੍ਰਿਤਧਾਰੀ ਹੋ ਕੇ ਸ਼ਿਵਲਿੰਗ ਦੀ ਪੂਜਾ, ਹਵਨ ਕਰਾਉਣ ਤੇ ਜਗਰਾਤਿਆਂ, ਝੰਡਿਆਂ ਆਦਿ ’ਚ ਸ਼ਾਮਲ ਹੋ ਕੇ ਗੁਰਮਤਿ ਸਿਧਾਂਤ ਨਾਲ ਸ਼ਰੇਆਮ ਖਿਲਵਾੜ ਕਰਨ ’ਚ ਮੋਹਰੀ ਰੋਲ ਨਿਭਾਉਂਦੇ ਰਹੇ ਹਨ। ਜੇਕਰ ਗੁਰਦਵਾਰਾ ਚੋਣਾਂ ’ਚ ਸਾਫ-ਸੁਥਰੇ ਕਿਰਦਾਰ ਵਾਲੇ ਉਮੀਦਵਾਰਾਂ ਨੂੰ ਵੋਟਾਂ ਪਾਉਣ ਸਬੰਧੀ ਵੋਟਰਾਂ ਨੂੰ ਪ੍ਰੇਰਿਤ ਕਰਨ ਲਈ ਯਤਨਸ਼ੀਲ ਵੱਖ-ਵੱਖ ਜੱਥੇਬੰਦੀਆਂ ਕਾਮਯਾਬ ਰਹੀਆਂ ਤਾਂ ਇਨਕਲਾਬ ਆ ਸਕਦਾ ਹੈ, ਨਹੀਂ ਤਾਂ 18 ਸਤੰਬਰ ਨੂੰ ਸ਼ਰੇਆਮ ਅਨਰਥ ਹੋਵੇਗਾ ਅਤੇ ਪੰਥ ਦਰਦੀ ਤੇ ਸਿੱਖ ਚਿੰਤਕ ਬੇਵੱਸ, ਲਾਚਾਰ ਮੁਦਰਾ ’ਚ ਸਿੱਖ ਕੌਮ ਦੀ ਕਿਸਮਤ ਨੂੰ ਕੋਸਣ ਤੋਂ ਇਲਾਵਾ ਕੁਝ ਵੀ ਨਹੀਂ ਕਰ ਸਕਣਗੇ।

ਗੁਰਿੰਦਰ ਸਿੰਘ ਕੋਟਕਪੂਰਾ
98728-10153


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top