Share on Facebook

Main News Page

ਦਿੱਲੀ ਦੇ ਰਾਮ ਲੀਲਾ ਮੈਦਾਨ ਵਿੱਚ ਖੇਡੀ ਜਾ ਰਹੀ “ਅੰਨਾ ਲੀਲ਼ਾ”

ਅੰਨਾ ਹਜ਼ਾਰੇ ਦੀ ਭੁੱਖ ਹੜਤਾਲ ਅੱਜ 7/8 ਵੇਂ ਦਿਨ ਵਿੱਚ ਪਹੁੰਚ ਗਈ ਹੈ। ਭਾਰਤ ਦੇ ਤਕਰੀਬਨ ਸਾਰੇ ਮੀਡੀਆ ਚੈਨਲ ਦਿਨ ਰਾਤ ਉਸ ਨੂੰ ਕਵਰੇਜ ਦੇ ਰਹੇ ਹਨ । ਕੁਝ ਦਿਨ ਪਹਿਲਾਂ ਤੱਕ ਦਾ ਇੱਕ ਸਾਧਾਰਨ “ਸਮਾਜ ਸੇਵਕ” ਅੱਜ ਇੱਕ ਨੈਸ਼ਨਲ ਤੇ ਇੰਟਰਨੈਸ਼ਨਲ ਹਸਤੀ ਬਣ ਚੁੱਕਾ ਹੈ। ਇਹ ਸਮਾਜ ਸੇਵਕ ਤੇ ਇਸ ਦੇ ਹਾਮੀ ਸਾਰੀ ਭਾਰਤੀ ਹਕੂਮੱਤ ਨੂੰ ਕੁਝ ਸਮੇਂ ਅੰਦਰ ਹੀ ਹਿਲਾ ਕੇ ਰੱਖ ਦੇਣ ਦੀ ਸਥਿੱਤੀ ਵਿੱਚ ਆ ਗਏ ਹਨ। ਪਰ ਕਿਵੇਂ ਇਹ ਸੋਚਣ ਦਾ ਵਿਸ਼ਾ ਹੈ !

ਇਹ ਕੋਈ ਬਹਿਸ ਦਾ ਵਿਸ਼ਾ ਨਹੀਂ ਹੈ ਕਿ ਭਾਰਤ ਵਿੱਚ ਭ੍ਰਿਸ਼ਟਾਚਾਰ ਹੈ ਜਾਂ ਨਹੀਂ। ਭ੍ਰਿਸ਼ਟਾਚਾਰ ਹੈ, ਹਰ ਪੱਧਰ ਤੇ ਹੈ, ਅਤੇ ਹਰ ਹਕੂਮੱਤ ਵਿੱਚ ਰਿਹਾ ਹੈ। ਅਤੇ ਕੋਈ ਵੀ ਇਹ ਨਹੀਂ ਕਹਿ ਸਕਦਾ ਕਿ ਇਸ ‘ਤੇ ਕਾਬੂ ਨਹੀਂ ਪਾਇਆ ਜਾਣਾ ਚਾਹੀਦਾ।

ਕਮਾਲ ਦੀ ਗੱਲ ਹੈ, ਕਿ ਜਿਸ ਮੁਲਕ ਵਿੱਚ ਕਈ ਵੱਡੀਆਂ ਸਿਆਸੀ ਜਮਾਤਾਂ, ਕਈ ਸਿਆਸੀ ਗਠਜੋੜ, ਤੇ ਪਤਾ ਨਹੀਂ ਕਿੰਨੀਆਂ ਸਮਾਜੀ ਸਖਸ਼ੀਅਤਾਂ ਤੇ ਜੱਥੇਬੰਦੀਆਂ ਹਨ, ਓਥੇ ਅੰਨਾਂ ਹਜ਼ਾਰੇ ਤੇ ਇਸ ਦੇ ਹਾਮੀਆਂ ਦਾ ਦਾਅਵਾ ਹੈ, ਕਿ ਉਹਨਾਂ ਦਾ ਤਿਆਰ ਕੀਤਾ ਹੋਇਆ “ਜਨ ਲੋਕਪਾਲ ਬਿੱਲ” ਹੀ ਠੀਕ ਹੈ, ਤੇ ਸਿਰਫ ਉਸ ਨੂੰ ਹੀ ਮਨਜ਼ੂਰ ਤੇ ਪਾਸ ਕੀਤਾ ਜਾਣਾ ਚਾਹੀਦਾ ਹੈ। ਇਸ ਮੰਗ ਦਾ ਮਤਲਬ ਹੈ ਕਿ ਉਹ ਬਾਕੀ ਸਾਰੇ ਮੁਲਕ ਦੀ, ਸਿਆਸੀ ਜਮਾਤਾਂ ਦੀ, ਤੇ ਹਕੂਮੱਤ ਦੀ ਸਮਝ ਨੂੰ, ਸੂਝ ਬੂਝ ਨੂੰ, ਤੇ ਸੰਜੀਦਗੀ ਨੂੰ ਸਿਰਿਓਂ ਹੀ ਰੱਦ ਕਰ ਰਿਹਾ ਹੈ। ਜਿਵੇਂ ਜਿਵੇਂ ਅੰਨਾ ਹਜ਼ਾਰੇ ਦੇ ਦੁਆਲੇ ਭੀੜ ਵੱਧਦੀ ਜਾਂਦੀ ਹੈ, ਉਸ ਦਾ ਰਵਈਆ ਹੋਰ ਸਖੱਤ ਹੁੰਦਾ ਜਾਂਦਾ ਹੈ। “ਸਿਰਫ ਮੈਂ ਠੀਕ ਹਾਂ” ਦੀ ਫਾਸੀਵਾਦੀ ਸੋਚ ਦਾ ਉਭਾਰ ਅੰਨਾ ਦੇ ਰੂਪ ਵਿੱਚ ਬਹੁਤ ਵਾਜ਼ਿਆ ਹੈ, ਪਰ ਭਾਰਤੀ ਹਕੂਮੱਤ ਦੇ ਵਿਰੋਧ ਵਿੱਚ ਅੱਖਾਂ ਬੰਦ ਕਰ ਕੇ ਅੱਗੇ ਵੱਧ ਰਹੀ ਭੀੜ, ਤੇ ਉਸ ਦੀ ਅਗਵਾਈ ਕਰ ਰਹੇ ਸਮਾਜ ਸੇਵਕਾਂ ਲਈ ਅੱਜ ਇਹ ਗੱਲ ਸ਼ਾਇਦ ਅਹਿਮ ਨਹੀਂ ਹੈ।

ਇੱਕ ਹੋਰ ਗੱਲ ਜੋ ਆਪਣੇ ਵੱਲ ਧਿਆਨ ਖਿੱਚਦੀ ਹੈ, ਉਹ ਹੈ, ਅੰਨਾਂ ਦੇ ਦੁਆਲੇ ਕੱਠੀ ਹੋ ਰਹੀ ਭੀੜ ਦੀ ਨਾਹਰੇਬਾਜ਼ੀ ਤੇ ਉਹਨਾਂ ਦਾ ਰਵਈਆ। ਸਾਹਮਣੇ ਤਿਰੰਗਾ ਝੰਡਾ ਤੇ ਗਾਂਧੀ ਟੋਪੀ ਹੈ, ਪਰ ਨਾਹਰੇ ਤੇ ਰਵਈਆ ਸਾਰਾ ਆਰ ਐਸ ਐਸ ਵਾਲਾ ਹੈ। ਅੰਨਾਂ ਦੇ ਆਲੇ ਦੁਆਲੇ ਦੇ ਇਕੱਠ ਦਾ ਹਿੰਦੂ ਰਾਸ਼ਟਰਵਾਦੀ ਰੰਗ ਬਹੁਤ ਸਾਫ ਹੈ। ਇਸ ਗੱਲ ਨੂੰ ਮਹਿਸੂਸ ਕੀਤਾ ਜਾ ਸਕਦਾ ਹੈ ਕਿ ਆਰ ਐਸ ਐਸ ਦਾ ਵਿਸ਼ਾਲ ਕੇਡਰ ਗਾਂਧੀ ਟੋਪੀ ਪਾ ਕੇ ਅੰਨਾਂ ਦੇ ਇਕੱਠ ਦੀ ਸ਼ੋਭਾ ਵਧਾ ਰਿਹਾ ਹੈ। ਸਟੇਜ ਉੱਤੇ ਅੰਨਾਂ ਤੇ ਉਸ ਦੀ ਟੀਮ ਦੇ ਤਿੰਨ ਚਾਰ ਬੰਦੇ ਹਨ, ਪਰ ਇਸ ਭੀੜ ਦਾ ਸੰਚਾਲਨ ਆਰ ਐਸ ਐਸ ਦਾ ਹੈਡ ਕੁਆਟਰ ਕਰ ਰਿਹਾ ਮਹਿਸੂਸ ਹੁੰਦਾ ਹੈ। ਇਹ ਤਾਕਤਾਂ ਲੋਕ ਤੰਤਰ ਦੀ ਬਜਾਏ “ਭੀੜ ਤੰਤਰ” ਰਾਹੀਂ ਆਪਣਾ ਲੁਕਿਆ ਮਕਸਦ ਹਾਸਿਲ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ।

ਭਾਰਤੀ ਆਬਾਦੀ ਦੀ ਇੱਕ ਵੱਡੀ ਗਿਣਤੀ ਅਖੌਤੀ ਨੀਵੀਆਂ ਜਾਤਾਂ, ਧਾਰਮਿੱਕ ਘੱਟ ਗਿਣਤੀਆਂ, ਤੇ ਸਵੈ ਨਿਰਣੇ ਦੇ ਹੱਕ ਲਈ ਸੰਘਰਸ਼ਸ਼ੀਲ ਕੌਮਾਂ ਦੀ ਹੈ। ਇਹਨਾਂ ਤਬਕਿਆਂ ਉੱਤੇ ਵੱਖ ਵੱਖ ਸਮਿਆਂ ਤੇ, ਵੱਖ ਵੱਖ ਥਾਵਾਂ ਤੇ ਅਨੇਕਾਂ ਵਾਰੀ ਅਸਿਹ ਤੇ ਅਕਿਹ ਕਿਸਮ ਦੇ ਜ਼ੁਲਮ ਹੁੰਦੇ ਰਹੇ ਹਨ। ਇਹਨਾਂ ਅਖੌਤੀ ਸਮਾਜ ਸੇਵਕਾਂ ‘ਚੋਂ ਕਦੇ ਕਿਸੇ ਦੀ ਜ਼ੁਬਾਨ ਤੇ ਆਵਾਜ਼ ਇਹਨਾਂ ਸਦੀਆਂ ਦੇ ਲਿਤਾੜੇ ਹੋਏ ਲੋਕਾਂ, ਹਿੰਦੂ ਰਾਸ਼ਟਰਵਾਦ ਦੇ ਹੰਕਾਰ ਵਿੱਚ ਆ ਕੇ ਕਤਲ ਕੀਤੇ ਗਏ ਧਾਰਮਿੱਕ ਘੱਟ ਗਿਣਤੀਆਂ ਦੇ ਲੋਕਾਂ, ਜਾਂ ਆਪਣੇ ਸਵੈਮਾਣ ਤੇ ਸਵੈ ਨਿਰਣੇ ਦੇ ਹੱਕ ਲਈ ਲੜਨ ਵਾਲੀਆਂ ਕੌਮਾਂ ਤੇ ਹੋਏ ਅਤਿਆਚਾਰਾਂ ਵੇਲੇ ਨਾ ਤਾਂ ਕਦੇ ਖੁੱਲ੍ਹੀ ਤੇ ਨਾ ਹੀ ਸੁਣੀ ਹੈ। ਇਹਨਾਂ ਦਾ ਪਿਛੋਕੜ ਧਿਆਨ ਵਿੱਚ ਰਖਿਆਂ, ਇਹਨਾਂ ਦਾ ਅੱਜ ਦਾ ਇਹ ਸਮਾਜ ਸੇਵਾ ਦਾ ਹੇਜ ਸਿਆਸੀ ਹਿੱਤਾਂ ਤੋਂ ਪ੍ਰੇਰਤ ਇੱਕ ਸਾਜਿਸ਼ ਦਿਸ ਰਿਹਾ ਹੈ। ਭਾਰਤ ਦੀਆਂ ਇਹਨਾਂ ਸੱਭ ਦੱਬੀਆਂ ਕੁੱਚਲੀਆਂ ਸ਼੍ਰੇਣੀਆਂ ਨੂੰ ਸਮਾਜ ਸੇਵਕਾਂ ਦੇ ਬੁਰਕੇ ਵਿੱਚ ਲੁਕੇ ਇਹਨਾਂ ਹਿੰਦੂ ਫਾਸਿਸਟਾਂ ਤੋਂ ਕੇਵਲ ਦੂਰ ਹੀ ਨਹੀਂ ਰਹਿਣਾ ਚਾਹੀਦਾ, ਬਲਕਿ ਇਹਨਾਂ ਦਾ ਖੁੱਲ੍ਹ ਕੇ ਵਿਰੋਧ ਵੀ ਕਰਨਾ ਚਾਹੀਦਾ ਹੈ।

ਇੱਕ ਗੱਲ ਹੋਰ ਧਿਆਨ ਵਿੱਚ ਰੱਖਣ ਵਾਲੀ ਹੈ। ਅੰਨਾਂ ਦਾ ਵਰਤ ਸ਼ੁਰੂ ਹੋਣ ਤੋਂ ਪਹਿਲਾਂ ਹੀ ਅਮਰੀਕਾ ਸਰਕਾਰ ਦੇ ਨੁਮਾਇੰਦੇ ਦਾ ਬਿਆਨ ਉਸ ਦੀ ਹਮਾਇਤ ਵਿੱਚ ਆ ਗਿਆ ਸੀ। ਇਸ ਬਿਆਨ ਵਿੱਚ ਭਾਰਤ ਸਰਕਾਰ ਨੂੰ ਅੰਨਾਂ ਨਾਲ ਡੀਲ ਕਰਦਿਆਂ ਅਹਿਤਿਆਤ ਤੋਂ ਕੰਮ ਲੈਣ ਲਈ ਕਿਹਾ ਗਿਆ ਸੀ। ਜਿਸ ਤਰਾਂ ਭਾਰਤ ਦੇ ਸਾਰੇ ਚੈਨਲ ਅੰਨਾਂ ਦੇ ਪਿੱਛੇ ਖੜੇ ਦਿੱਖ ਰਹੇ ਹਨ, ਇਹ ਬਿਨਾਂ ਕਿਸੇ ਅਦਿੱਖ ਸ਼ਕਤੀ ਦੀ ਭੂਮਿਕਾ ਦੇ ਨਹੀਂ ਹੋ ਸਕਦਾ। ਇਹ ਸਾਰੀ ਖੇਡ ਕਿਸੇ ਇੱਕ ਅਦਿੱਖ ਸ਼ਕਤੀ ਦੀ ਬਣਾਈ ਹੋਈ ਹੈ, ਜਾਂ ਇੱਕ ਤੋਂ ਵੱਧ ਅਦਿੱਖ ਸ਼ਕਤੀਆਂ ਦੇ ਤਾਲ ਮੇਲ ਨਾਲ ਬਣੀ ਹੈ, ਇਹ ਸੱਭ ਕੁਝ ਤਾਂ ਵਕਤ ਨਾਲ ਸਾਫ ਹੋਵੇਗਾ, ਪਰ ਇੱਕ ਗੱਲ ਯਕੀਨਨ ਕਹੀ ਜਾ ਸਕਦੀ ਹੈ, ਕਿ ਇਹ ਖੇਡ ਕੋਈ ਕੁਦਰਤੀ ਸਿਆਸੀ ਅਮਲ ਨਹੀਂ ਹੈ, ਬਲਕਿ ਸੋਚ ਸਮਝ ਕੇ ਤਿਆਰ ਕੀਤੀ ਗਈ ਯੋਜਨਾ ਤੇ ਆਧਾਰਤ ਹੈ।

ਦਿੱਲੀ ਦੇ ਰਾਮ ਲੀਲਾ ਮੈਦਾਨ ਵਿੱਚ ਖੇਡੀ ਜਾ ਰਹੀ ਇਸ “ਨਵੀ ਅੰਨਾਂ ਲੀਲਾ” ਦਾ ਅੰਤਲਾ ਸੀਨ ਕੀ ਹੋਵੇਗਾ, ਇਹ ਕਹਿਣਾ ਤਾਂ ਹਾਲੇ ਮੁਸ਼ਕਿਲ ਹੈ। ਕੀ ਸਰਕਾਰ ਕਿਸੇ ਕੂਟਨੀਤੀ ਨਾਲ, ਤਾਕਤ ਨਾਲ ਜਾਂ ਸਾਜ਼ਿਸ਼ ਨਾਲ ਇਸ ਨੂੰ ਡੀਲ ਕਰਨ ਵਿੱਚ ਕਾਮਯਾਬ ਹੋ ਜਾਵੇਗੀ, ਜਾਂ ਫਿਰ ਇਹ ਅੰਨਾਂ ਟੀਮ ਦੀ “ਸਿਰਫ ਮੈਂ ਠੀਕ” ਹਾਂ ਦੀ ਸੋਚ, ਤੇ ਉਸ ਦੇ ਪਿੱਛੇ ਖੜੀ ਭੀੜ ਸਰਕਾਰ ਦੀ ਬਲੀ ਲੈ ਲਵੇਗੀ, ਇਹਨਾਂ ਸਵਾਲਾਂ ਦੇ ਜਵਾਬ ਹਾਲੇ ਭਵਿੱਖ ਦੇ ਗਰਭ ਵਿੱਚ ਹਨ। ਇਹਨਾਂ ਦੋਹਾਂ ਵਿਰੋਧੀ ਧਿਰਾਂ ਦੀਆ ਜ਼ਿਆਦਤੀਆਂ ਤੇ ਜ਼ੁਲਮ ਦਾ ਬਾਰ ਬਾਰ ਸ਼ਿਕਾਰ ਹੁੰਦੇ ਰਹੇ ਦੱਬੇ, ਕੁੱਚਲੇ, ਤੇ ਲਿਤਾੜੇ ਗਏ ਲੋਕ ਆਪਣੇ ਘਰਾਂ ਵਿੱਚ ਬੈਠ ਕੇ ਸਿਰਫ ਇੰਤਜ਼ਾਰ ਹੀ ਕਰ ਸਕਦੇ ਹਨ।

ਅੱਜ ਇਸ ਅੰਨਾਂ ਲੀਲਾ ਦੀ ਭੀੜ ਵੱਲੋਂ “ਅੰਨਾਂ ਇਜ਼ ਇੰਡੀਆ, ਤੇ ਇੰਡੀਆ ਇਜ਼ ਅੰਨਾ” ਦਾ ਨਾਹਰਾ ਵੀ ਮਾਰਿਆ ਜਾ ਰਿਹਾ ਹੈ, ਤੇ ਇਹ ਨਾਹਰਾ ਇੰਦਰਾ ਗਾਂਧੀ ਤੋਂ ਹਿਟਲਰ ਤੱਕ ਦੀ ਯਾਦ ਤਾਜ਼ਾ ਕਰਨ ਵਾਲਾ ਹੈ। ਇਹ ਨਾਹਰਾ ਅੰਨੀ ਸਖਸ਼ੀਅਤ ਪ੍ਰਸਤੀ, ਵਿਅਕਤੀ ਪੂਜਾ, ਤੇ ਵਿਅਕਤੀ ਹੈਂਕੜ ਤੇ ਹੰਕਾਰ ਦਾ ਪ੍ਰਤੀਕ ਹੈ। ਇਸ ਨਾਹਰੇ ਦੇ ਮਾਰਨ ਤੇ ਮਰਵਾਓਣ ਵਾਲਿਆਂ ਦਾ ਹਸ਼ਰ ਇਤਹਾਸ ਵਿੱਚ ਕਦੇ ਚੰਗਾ ਨਹੀਂ ਹੋਇਆ। ਦੇਖਦੇ ਹਾਂ, ਇੱਤਹਾਸ ਆਪਣੇ ਆਪ ਨੂੰ ਦੁਹਰਾਂਓਦਾ ਹੈ, ਜਾਂ ਫਿਰ ਕੋਈ ਨਵਾਂ ਮੋੜ ਕੱਟਦਾ ਹੈ।

ਗਜਿੰਦਰ ਸਿੰਘ, ਦਲ ਖਾਲਸਾ

gajinder5singh@yahoo.com
23.8.2011


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top