Share on Facebook

Main News Page

ਜਥੇਦਾਰਾਂ ਵੱਲੋਂ ਸਿਆਸੀ ਦਬਾਅ ਅਧੀਨ ਦੋਸ਼ੀਆਂ ਪ੍ਰਤੀ ਲਏ ਜਾਂਦੇ ਢਿੱਲੇ ਫੈਸਲੇ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਾਰ-ਵਾਰ ਬੇਅਦਬੀ ਦਾ ਮੁੱਖ ਕਾਰਨ: ਦਾਦੂਵਾਲ

ਮੋਰਿੰਡਾ, (22 ਅਗਸਤ, ਰਾਜਪਾਲ ਸਿੰਘ): ਸਿੱਖੀ ਦਾ ਮੁਖੌਟਾ ਪਹਿਨ ਕੇ ‘ਪੰਥ ਖਤਰੇ ਵਿਚ ਹੈ' ਦਾ ਰਾਗ ਅਲਾਪਣ ਵਾਲੀਆਂ ਸਰਕਾਰਾਂ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਕੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਭੜਕਾਉਣ ਵਾਲੇ ਦੁਸਟ ਲੋਕਾਂ ਖਿਲਾਫ ਕੋਈ ਵੀ ਕਾਰਵਾਈ ਨਾ ਕਰਨਾ ਅਤਿ ਮੰਦਭਾਗਾ ਹੈ । ਅਜਿਹੀਆਂ ਘਿਨਾਉਣੀਆਂ ਹਰਕਤਾਂ ਕਰਨ ਦੀ ਹਿੰਮਤ ਇਨ੍ਹਾਂ ਲੋਕਾਂ ਦੀ ਤਾਂ ਹੀ ਪੈਂਦੀ ਹੈ ਜਦੋਂ ਸਾਡੇ ਅਖੌਤੀ ਅਕਾਲੀ ਆਗੂ ਸਿਰਫ ਸਿੱਖ ਕੌਮ ਹੀ ਨਹੀਂ ਸਗੋਂ ਮਨੁੱਖਤਾ ਦੇ ਦੁਸ਼ਮਣਾਂ ਭਨਿਆਰੇ, ਨੂਰਮਹਿਲੀਏ ਅਤੇ ਸਿਰਸੇ ਵਾਲੇ ਦੇ ਡੇਰਿਆਂ ਤੇ ਹਾਜ਼ਰੀਆਂ ਭਰ ਕੇ ਕੌਮ ਨਾਲ ਧ੍ਰੋਹ ਕਮਾਉਂਦੇ ਹਨ। ਜਥੇਦਾਰਾਂ ਵੱਲੋਂ ਸਿਆਸੀ ਦਬਾਅ ਅਧੀਨ ਲਏ ਜਾਂਦੇ ਢਿੱਲੇ ਫੈਸਲੇ ਹੀ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਵਾਰ-ਵਾਰ ਹੋ ਰਹੀ ਬੇਅਦਬੀ ਦਾ ਮੁੱਖ ਕਾਰਨ ਹਨ ।ਜੇਕਰ ਖ਼ਾਲਸਾ ਪੰਥ ਨਾਲ ਆਢਾ ਲਾਉਣ ਵਾਲੇ ਅਨਸਰਾਂ ਵਿਰੁੱਧ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਠੋਸ ਫੈਸਲੇ ਲੈ ਕੇ ਦੋਸ਼ੀਆਂ ਨੂੰ ਸਖਤ ਸਜ਼ਾਵਾਂ ਦਿੱਤੀਆਂ ਜਾਂਦੀਆਂ ਹੋਣ ਤਾਂ ਅੱਗੇ ਤੋਂ ਕੋਈ ਵੀ ਸ਼ਰਾਰਤੀ ਅਨਸਰ ਗੁਰੂ ਗ੍ਰੰਥ-ਪੰਥ ਦੀ ਬੇਅਦਬੀ ਬਾਰੇ ਸੋਚ ਕੇ ਵੀ ਕੰਬੇਗਾ ।

ਉਕਤ ਵਿਚਾਰਾਂ ਦਾ ਪ੍ਰਗਟਾਵਾ ਸੰਤ ਬਲਜੀਤ ਸਿੰਘ ਜੀ ਖ਼ਾਲਸਾ ਦਾਦੂਵਾਲ ਨੇ ਮੋਰਿੰਡਾ ਦੇ ਨੇੜਲੇ ਪਿੰਡ ਊਧਮਪੁਰ ਨੱਲਾਂ ਵਿਖੇ ਕਿਸੇ ਸ਼ਰਾਰਤੀ ਅਨਸਰ ਵੱਲੋਂ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਨੂੰ ਖੂਹ ਵਿਚ ਸੁੱਟ ਕੇ ਬੇਅਦਬੀ ਕੀਤੇ ਜਾਣ ਤੋਂ ਬਾਅਦ ਰੱਖੇ ਗਏ ਪਸ਼ਚਾਤਾਪ ਸਮਾਗਮ ਮੌਕੇ ਕੀਤਾ ।

ਉਨ੍ਹਾਂ ਪੰਥ ਦੀਆਂ ਮੁੱਖ ਤੌਰ ਤੇ ਜ਼ਿੰਮੇਵਾਰ ਹਸਤੀਆਂ ਤਖ਼ਤਾਂ ਦੇ ਜਥੇਦਾਰਾਂ ਅਤੇ ਅਖੌਤੀ ਅਕਾਲੀ ਸਰਕਾਰ ਤੇ ਰੋਸ ਜ਼ਾਹਿਰ ਕਰਦਿਆਂ ਕਿਹਾ ਕਿ ਤਖ਼ਤਾਂ ਦੇ ਹੁਕਮਨਾਮਿਆਂ ਨੂੰ ਮਹਾਰਾਜਾ ਰਣਜੀਤ ਸਿੰਘ ਵਰਗੇ ਰਾਜੇ ਵੱਲੋਂ ਸਿਰਮੌਰ ਮੰਨ ਕੇ ਸ੍ਰੀ ਅਕਾਲ ਤਖ਼ਤ ਤੇ ਪੇਸ਼ ਹੋਣਾ ਅਤੇ ਜਥੇਦਾਰ ਅਕਾਲੀ ਫੂਲਾ ਸਿੰਘ ਵਰਗੇ ਪੰਥ ਦੇ ਸਰਬ ਪ੍ਰਵਾਣਿਤ ਅਤੇ ਨਿਧੜਕ ਜਰਨੈਲ ਵੱਲੋਂ ਉਸਦੇ ਗੁਨਾਹ ਬਦਲੇ ਇਮਲੀ ਦੇ ਰੁੱਖ ਨਾਲ ਬੰਨ੍ਹ ਕੇ ਕੋੜੇ ਮਾਰਨ ਦੀ ਸਜ਼ਾ ਦੇਣੀ ਇਹ ਸਭ ਬੀਤੇ ਦੀਆਂ ਕਹਾਣੀਆਂ ਬਣ ਕੇ ਰਹਿ ਗਈਆਂ ਹਨ । ਅੱਜ ਸ੍ਰੀ ਅਕਾਲ ਤਖ਼ਤ ਦੇ ਸਾਹਮਣੇ ਇਮਲੀ ਦਾ ਰੁੱਖ ਵੀ ਉਹੀ ਹੈ ਤੇ ਅਕਾਲ ਤਖਤ ਵੀ ਉਹੀ ਹੈ ਪਰ ਅਫਸੋਸ ਇਸ ਗੱਲ ਦਾ ਹੈ ਕਿ ਸਿਆਸੀ ਲੋਕਾਂ ਦੀਆਂ ਕਠਪੁਤਲੀਆਂ ਬਣ ਚੁੱਕੇ ਇਹਨਾਂ ਜਥੇਦਾਰਾਂ ਵਿਚ ਕਿਸੇ ਵੀ ਪੰਥ ਦੋਖੀ ਨੂੰ ਬੇਖੌਫ ਹੋ ਕੇ ਸਜ਼ਾ ਦੇਣ ਦੀ ਜ਼ੁੱਰਅਤ ਨਹੀਂ ਹੈ।ਪਿੰਡ ਰਤਨਗੜ੍ਹ, ਧੱਲੇਕੇ (ਮੋਗਾ), ਜੱਸੋਵਾਲ, ਉਭਿਆਂਵਾਲਾ ਅਤੇ ਹੁਣ ਇਥੇ ਊਧਮਪੁਰ ਨੱਲਾਂ ਵਿਖੇ ਗੁਰੂ ਸਾਹਿਬ ਜੀ ਦੀ ਬੇਅਦਬੀ ਦੀਆਂ ਲਗਾਤਾਰ ਹੋ ਰਹੀਆਂ ਘਟਨਾਵਾਂ ਦਾ ਲਗਾਤਾਰ ਵਾਪਰਨਾ ਸਿੱਖ ਪੰਥ ਲਈ ਗੰਭੀਰ ਚਿੰਤਾ ਦਾ ਵਿਸ਼ਾ ਹੈ । ਜੇਕਰ ਉਪਰੋਕਤ ਵੱਖ-ਵੱਖ ਥਾਵਾਂ ਉਪਰ, ਸਿਰਸੇ, ਨੂਰਮਹਿਲੀਏ, ਭਨਿਆਰੇ ਅਤੇ ਕਾਹਨਾ ਢੇਸੀਆਂ ਵਾਲੇ ਸਾਧ ਦੀ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਪੇਸ਼ੀ ਮੌਕੇ ਕੋਈ ਠੋਸ ਫੈਸਲੇ ਲੈ ਕੇ ਦੋਸ਼ੀਆਂ ਨਾਲ ਕਰੜੇ ਹੱਥੀਂ ਨਿੱਬੜਿਆ ਜਾਂਦਾ ਤਾਂ ਅੱਜ ਸਾਡੇ ਸਾਹਮਣੇ ਇਹ ਚੁਨੌਤੀ ਵਾਰ-ਵਾਰ ਨਹੀਂ ਸੀ ਆਉਣੀ ।ਹੋਰਨਾਂ ਬੁਲਾਰਿਆਂ ਵੱਲੋਂ ਵਾਰ-ਵਾਰ ਸੰਤ ਦਾਦੂਵਾਲ ਦੇ ਇਨ੍ਹਾਂ ਵਿਚਾਰਾਂ ਦੀ ਪ੍ਰੋੜਤਾ ਕੀਤੀ ਗਈ।

ਇਸ ਸਮਾਗਮ ਵਿਚ ਤਖ਼ਤ ਸ੍ਰੀ ਕੇਸਗੜ੍ਹ ਅਨੰਦਪੁਰ ਸਾਹਿਬ ਦੇ ਜਥੇਦਾਰ ਗਿਆਨੀ ਤਿਰਲੋਚਨ ਸਿੰਘ ਜੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਜੀ, ਜਥੇਦਾਰ ਅਵਤਾਰ ਸਿੰਘ ਮੱਕੜ, ਸ: ਸਿਮਰਨਜੀਤ ਸਿੰਘ ਮਾਨ, ਗਿਆਨੀ ਹਰਪਾਲ ਸਿੰਘ ਹੈੱਡ ਗ੍ਰੰਥੀ ਫਤਹਿਗੜ੍ਹ ਸਾਹਿਬ, ਬਾਬਾ ਚਰਨਜੀਤ ਸਿੰਘ, ਸੰਤ ਮਨਮੋਹਨ ਸਿੰਘ ਬਾਰਨ, ਭਾਈ ਅਮਰੀਕ ਸਿੰਘ ਜੀ ਦਮਦਮੀ ਟਕਸਾਲ ਅਜਨਾਲਾ, ਭਨਿਆਰ ਵਾਲੇ ਪਖੰਡੀ ਖਿਲਾਫ ਕੇਸ ਲੜਨ ਵਾਲੇ ਵਰਲਡ ਸਿੱਖ ਮਿਸ਼ਨ ਦੇ ਭਾਈ ਨਰਿੰਦਰ ਸਿੰਘ ਹਰਨੌਲੀ ਨੇ ਵੀ ਸੰਗਤਾਂ ਨੂੰ ਸੰਬੋਧਨ ਕੀਤਾ। ਆਪਣੇ ਸੰਬੋਧਨ ਦੌਰਾਨ ਜਥੇਦਾਰ ਗਿਆਨੀ ਗੁਰਬਚਨ ਸਿੰਘ ਜੀ ਨੇ ਇਹ ਕਹਿ ਕੇ ਪੱਲਾ ਛੁਡਾਉਣ ਦੀ ਕੋਸ਼ਿਸ਼ ਕੀਤੀ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਕਿਸੇ ਨੂੰ ਵੀ ਸਰੀਰਕ ਸਜ਼ਾ ਨਹੀਂ ਦਿੱਤੀ ਜਾ ਸਕਦੀ । ਇਸ ਮੌਕੇ ਹਜ਼ਾਰਾਂ ਸੰਗਤਾਂ ਤੋਂ ਇਲਾਵਾ ਭਾਈ ਹਰਪਾਲ ਸਿੰਘ ਚੀਮਾ, ਪੰਥਕ ਸੇਵਾ ਲਹਿਰ ਦੇ ਬਾਬਾ ਪ੍ਰਦੀਪ ਸਿੰਘ ਚਾਂਦਪੁਰਾ, ਬਾਬਾ ਰਾਜਾਰਾਜ ਸਿੰਘ ਨਿਹੰਗ ਸਿੰਘ, ਗਿਆਨੀ ਰਾਜਪਾਲ ਸਿੰਘ ਦਾਦੂ ਸਾਹਿਬ, ਗਿਆਨੀ ਕੁਲਦੀਪ ਸਿੰਘ ਢੈਂਠਲ ਆਦਿ ਹਾਜ਼ਰ ਸਨ।

Source: Punjab Spectrum


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top