Share on Facebook

Main News Page

ਸਿੱਖ ਰਹਿਤ ਮਰਯਾਦਾ ਦੇ ਧਾਰਨੀ ਪੰਥਕ ਉਮੀਦਵਾਰਾਂ ਨੂੰ ਜਿਤਾਉਣ ਲਈ ਅਮਰੀਕਾ ਤੇ ਕਨੇਡਾ ਦੀਆਂ ਸਿੱਖ ਜਥੇਬੰਦੀਆਂ ਦੀ ਸਾਂਝੀ ਅਪੀਲ

20 ਵੀਂ ਸਦੀ ਦੇ ਅਰੰਭਕ ਦੌਰ ਵਿੱਚ ਲੰਮੇ ਪੰਥਕ ਸਘੰਰਸ਼ ਦੁਆਰਾ ਦੁਨੀਆਂ ਭਰ ਵਿੱਚ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਕਾਇਮ ਕੀਤੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ, ਖ਼ਾਲਸਾ ਪੰਥ ਦੀ ਸ਼੍ਰੋਮਣੀ ਤੇ ਨਿਰੋਲ ਧਾਰਮਿਕ ਜਮਾਤ ਹੈ। ਇਹੀ ਕਾਰਣ ਹੈ ਕਿ ਕੇਂਦਰੀ ਸਰਕਾਰ ਅੰਦਰਲੀਆਂ ਬਿਪਰਵਾਦੀ ਸ਼ਕਤੀਆਂ ਦੀ ਮਿਲੀਭੁਗਤ ਨਾਲ ਅੱਜ-ਕੱਲ ਭਾਵੇਂ ਇਹਦਾ ਪੂਰਨ ਤੌਰ ‘ਤੇ ਰਾਜਸੀਕਰਣ ਹੋ ਚੁੱਕਾ ਹੈ; ਪਰ ਫਿਰ ਵੀ ਇਹਦੇ ਫੈਸਲੇ ਸਮੁੱਚੇ ਸਿੱਖ ਜਗਤ ਨੂੰ ਪ੍ਰਭਾਵਤ ਕਰਦੇ ਹਨ।ਇਸ ਲਈ ਸ਼੍ਰੋਮਣੀ ਕਮੇਟੀ ਦੀਆਂ ਹੋ ਰਹੀਆਂ ਪ੍ਰਤੀ ਚੋਣਾਂ ਪ੍ਰਤੀ ਦੁਨੀਆਂ ਭਰ ਦੇ ਸਿੱਖਾਂ ਦੀ ਦਿਲਚਪਸੀ ਹੋਣੀ ਸੁਭਾਵਿਕ ਹੈ।

ਅਮਰੀਕਾ, ਕਨੇਡਾ ਤੇ ਯੂਰਪ ਵਿੱਚ ਵੱਸਣ ਵਾਲੇ ਉਹ ਪੰਥ-ਦਰਦੀ ਸਿੱਖ, ਜਿਨ੍ਹਾਂ ਦਾ ਧੜਾ ਧਰਮ ਹੈ, ਉਨ੍ਹਾਂ ਦਾ ਮੰਨਣਾ ਹੈ ਕਿ ਸ਼੍ਰੋਮਣੀ ਕਮੇਟੀ ਦੀ ਮੈਂਬਰੀ ਲਈ ਉਮੀਦਵਾਰਾਂ ਦੀ ਚੋਣ ਵੇਲੇ ਯੋਗਤਾ ਪਰਖਣ ਲਈ ਉਨ੍ਹਾਂ ਦੀ ਸਿੱਖੀ ਪਰਪੱਕਤਾ, ਅਚਰਣਕ ਪਵਿਤਰਤਾ, ਵਿਦਿਅਕ ਯੋਗਤਾ, ਗੁਰਮਤਿ ਦੀ ਸਿਧਾਂਤਕ ਸੋਝੀ ਅਤੇ ਪੰਥਕ ਸੇਵਾ ਨੂੰ ਅਧਾਰ ਬਨਾਉਣਾ ਚਾਹੀਦਾ ਹੈ। ਪਰ, ਚੋਣ ਲੜ ਰਹੇ ਉਮੀਦਵਾਰਾਂ ਵੱਲ ਦੇਖ ਕੇ ਤਾਂ ਜਾਪਦਾ ਹੈ ਕਿ ਪਾਰਟੀਆਂ ਵੱਲੋਂ ਸੀਟ ਜਿੱਤਣ ਦੀ ਉਮੀਦ ਨਾਲ ਸਿਆਸੀ ਕੱਦ-ਕਾਠ, ਧੜੇਬੰਦਕ ਗਠਜੋੜ ਦੀ ਮਜ਼ਬੂਰੀ ਅਤੇ ਗੁੰਡਾ-ਸ਼ਕਤੀ ਅਧੀਨ ਹੀ ਮੁੱਖ ਰੱਖਿਆ ਗਿਆ ਹੈ। ਪੰਥਕ ਭਵਿੱਖ ਲਈ ਇਹ ਰੁਝਾਨ ਅਤਿਅੰਥ ਹਾਨੀਕਾਰਕ ਹੈ।ਇਸ ਲਈ ਅਮਰੀਕਾ ਤੇ ਕਨੇਡਾ ਦੀਆਂ ਹੇਠ ਲਿਖੀਆਂ ਗੁਰਮਤ ਪ੍ਰਚਾਰਕ ਸਿੱਖ ਸੰਸਥਾਵਾਂ ਮਹਿਸੂਸ ਕਰਦੀਆਂ ਹਨ ਕਿ ਸੱਤਾਧਾਰੀ ਦਲ ਤਾਂ ਰਾਜਸੀ ਮੱਦ ਕਾਰਣ ਨਾਨਕਸ਼ਾਹੀ ਕੈਲੰਡਰ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਦੇ ਉਪ-ਕੁਲਪਤੀ ਵਰਗੇ ਸਾਂਝੇ ਪੰਥਕ ਮਸਲਿਆਂ ਬਾਰੇ ਵੀ ਸਮੁਚੇ ਸਿੱਖ ਜਗਤ ਦੀਆਂ ਅਪੀਲਾਂ ਦੀ ਪ੍ਰਵਾਹ ਨਹੀਂ ਕਰਦਾ, ਉਸ ਨੇ ਸਾਡੀ ਕਿਥੋਂ ਸੁਣਨੀ ਹੈ।

ਇਸ ਲਈ ਅਸੀਂ ਪੰਥਕ ਮੋਰਚੇ ਸਮੇਤ ਬਾਕੀਆਂ ਦੀਆਂ ਸਾਰੀਆਂ ਪੰਥਕ ਧਿਰਾਂ ਨੂੰ ਨਿਮਰਤਾ ਸਹਿਤ ਬੇਨਤੀ ਕਰਦੇ ਹਾਂ ਕਿ ਜਿਵੇਂ ਉਨ੍ਹਾਂ ਨੇ ਗਿਆਨੀ ਕਰਤਾਰ ਸਿੰਘ ਜੀ ਭਿੰਡਰਾਂਵਾਲੇ ਦੀਆਂ ਪੰਥਕ ਸੇਵਾਵਾਂ ਨੂੰ ਮੁਖ ਰੱਖ ਕੇ ਉਨ੍ਹਾਂ ਦੇ ਬੇਟੇ ਅਤੇ ਸੱਤਾਧਾਰੀ ਬਾਦਲ ਦਲ ਤੇ ਡੇਰੇਦਾਰਾਂ ਵਾਲੇ ਸਾਂਝੇ ਗੱਠ-ਜੋੜ ਦੇ ਉਮੀਦਾਵਾਰ ਭਾਈ ਮਨਜੀਤ ਸਿੰਘ ਦੇ ਟਾਕਰੇ ‘ਤੇ ਭਿੱਖੀਵਿੰਡ ਹਲਕੇ ਵਿੱਚ ਆਪਣੇ ਉਮੀਦਵਾਰ ਖੜੇ ਨਹੀਂ ਕੀਤੇ, ਤਿਵੇਂ ਹੀ ਸ੍ਰੀ ਅਨੰਦਪੁਰ ਸਾਹਿਬ ਦੇ ਰੀਜਰਵ ਹਲਕੇ ਤੋਂ ਖੜੇ ਪਿੰਸੀਪਲ ਸੁਰਿੰਦਰ ਸਿੰਘ ਦੀ ਵਿਦਿਅਕ ਯੋਗਤਾ, ਗੁਰਮਤਿ ਦੀ ਸਿਧਾਂਤਕ ਸੋਝੀ ਅਤੇ ਸਿੱਖ ਮਿਸ਼ਨਰੀ ਕਾਲਜ ਦੇ ਪ੍ਰਿਸੀਪਲ ਵਜੋਂ ਪਿਛਲੇ 30 ਸਾਲ ਦੀਆਂ ਪੰਥਕ ਤੇ ਪ੍ਰਚਾਰ ਖੇਤਰ ਦੀ ਸੇਵਾਵਾਂ ਨੂੰ ਮੁੱਖ ਰੱਖ ਕੇ ਆਪਣੇ ਆਪਣੇ ਉਮੀਦਵਾਰਾਂ ਨੂੰ ਉਨ੍ਹਾਂ ਦੇ ਟਾਕਰੇ ਤੋਂ ਪਿੱਛੇ ਹਟਾ ਲੈਣ ਅਤੇ ਇੱਕ ਦੇ ਮੁਕਾਬਲੇ ਇੱਕ ਉਮੀਦਵਾਰ ਹੀ ਖੜਾ ਕੀਤਾ ਜਾਵੇ। ਅਸੀਂ ਸਮਝਦੇ ਹਾਂ ਕਿ ਪ੍ਰਿੰਸੀਪਲ ਸੁਰਿੰਦਰ ਸਿੰਘ ਅਨੰਦਪੁਰ ਵਰਗੇ ਉਮੀਦਵਾਰਾਂ ਨੂੰ ਬਿਨਾਂ ਮੁਕਾਬਲੇ ਜਿਤਾਉਣਾ ਵਿੱਚ ਹੀ ਪੰਥ ਦੀ ਸ਼ਾਨ ਹੈ।

ਬੇਨਤੀ ਕਰਤਾ:-
ਸ੍ਰੀ ਗੁਰੂ ਗ੍ਰੰਥ ਪ੍ਰਚਾਰ ਦਲ ਨਿਊਯਾਰਕ, ਸਵਾ ਲੱਖ ਨੌਜਵਾਨ ਸਭਾ ਨਿਊਯਾਰਕ, ਸ੍ਰ. ਤਰਲੋਚਨ ਸਿੰਘ ਦੁਪਾਲਪੁਰ ਸਾਬਕਾ ਮੈਂਬਰ ਸ਼੍ਰੋਮਣੀ ਕਮੇਟੀ-ਉੱਘੇ ਪੱਤ੍ਰਕਾਰ ਅਤੇ ਲਿਖਾਰੀ ਸੈਨਹੋਜੇ, ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਆਫ ਯੂ.ਐਸ.ਏ. ਦੇ ਭਾ. ਅਵਤਾਰ ਸਿੰਘ ਮਿਸ਼ਨਰੀ, ਬੀਬੀ ਹਰਸਿਮਰਤ ਕੌਰ ਖ਼ਾਲਸਾ ਅਤੇ ਡਾ. ਗੁਰਮੀਤ ਸਿੰਘ ਬਰਸਾਲ, ਸਿੰਘ ਸਭਾ ਇੰਟ੍ਰਨੈਸ਼ਨਲ ਦੇ ਸਰਵਜੀਤ ਸਿੰਘ, ਪ੍ਰੋ. ਮੱਖਨ ਸਿੰਘ ਸੈਕਰਾਮੈਂਟੋ ਅਤੇ ਸ੍ਰ. ਕੁਲਦੀਪ ਸਿੰਘ ਯੂਬਾ ਸਿਟੀ, ਸਿੰਘ ਸਭਾ ਇੰਟ੍ਰਨੈਸ਼ਨਲ ਕਨੇਡਾ ਦੇ ਸ੍ਰ. ਗੁਰਚਰਨ ਸਿੰਘ ਜਿਉਣਵਾਲਾ ਅਤੇ ਸਾਥੀ ਕਨੇਡਾ, ਮਿਸ਼ਨਰੀ ਸਰਕਲ ਸੈਕਰਾਮੈਂਟੋ ਦੇ ਸ੍ਰ. ਗਿਆਨ ਸਿੰਘ, ਹਾਕਮ ਸਿੰਘ ਅਤੇ ਸ੍ਰ. ਕਰਨੈਲ ਸਿੰਘ ਔਜਲਾ, ਰਾਚਿਸਟਰ ਤੋਂ ਸ੍ਰ. ਦਲਜੀਤ ਸਿੰਘ ਅਤੇ ਅਮਰੀਕ ਸਿੰਘ, ਸਾਕਾ ਜਥੇਬੰਦੀ ਨਿਊਯਾਰਕ ਦੇ ਸ੍ਰ. ਜਸਮਿੱਤਰ ਸਿੰਘ ਮੁਜੱਫਰਪੁਰ ਅਤੇ ਸ੍ਰ. ਇੰਦ੍ਰਜੀਤ ਸਿੰਘ ਉਮਰਪੁਰੀ, ਇੰਡਿਆਨਾ ਤੋਂ ਪ੍ਰਿੰ. ਜਸਬੀਰ ਸਿੰਘ ਅਤੇ ਗਿ. ਰਣਜੀਤ ਸਿੰਘ ਮਸਕੀਨ ਕਥਾਵਾਚਕ ਆਦਿਕ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top