Share on Facebook

Main News Page

ਗਿਆਨੀ ਜਾਚਕ ਜੀ ਨੇ ਆਪਣੇ ਤਾਜਾ ਲਿਖੇ ਲੇਖ ਵਿੱਚ ਪੁਰਾਤਨ ਹੱਥ ਲਿਖਤ ਬੀੜਾਂ ਸਬੰਧੀ ਦਿੱਤੀ ਚੰਗੀ ਜਾਣਕਾਰੀ: ਕਿਰਪਾਲ ਸਿੰਘ ਬਠਿੰਡਾ

ਗਿਆਨੀ ਜਗਤਾਰ ਸਿੰਘ ਜਾਚਕ ਜੀ ਨੇ ਆਪਣੇ ‘ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਮਾਣੀਕਤਾ ਬਾਰੇ ਵਿਚਾਰ-ਚਰਚਾ ਦਾ ਅਧਾਰ ਅਤੇ ਉਸ ਦਾ ਸਦੀਵੀ ਹੱਲ’ ਸਿਰਲੇਖ ਹੇਠ ਤਾਜਾ ਲਿਖੇ ਲੇਖ ਵਿੱਚ ਪੁਰਾਤਨ ਹੱਥ ਲਿਖਤ ਬੀੜਾਂ ਸਬੰਧੀ ਬਹੁਤ ਸੋਹਣੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਇਸ ਲੇਖ ਵਿੱਚ ਦੱਸਿਆ ਹੈ ਕਿ ਸੰਨ 1974-76 ਦੌਰਾਨ ਜਦੋਂ ਉਹ ‘ਸ਼ਹੀਦ ਸਿੱਖ ਮਿਸ਼ਨਰੀ ਕਾਲਜ, ਸ੍ਰੀ ਅੰਮ੍ਰਤਿਸਰ' ਵਿਖੇ ਪ੍ਰਚਾਰਕ ਕਲਾਸ ਵਿੱਚ ਵਿਦਿਆ ਪ੍ਰਾਪਤ ਕਰ ਰਹੇ ਸਨ ਤਾਂ ਸ਼੍ਰੋਮਣੀ ਕਮੇਟੀ ਵਲੋਂ ਆਪਣੇ ਰੀਸਰਚ ਸਕਾਲਰ ਸ੍ਰ: ਰਣਧੀਰ ਸਿੰਘ ਅਤੇ ਦੋ ਹੋਰ ਖੋਜੀ ਸੱਜਣਾˆ ਗਿਆਨੀ ਕੁੰਦਨ ਸਿੰਘ ਤੇ ਨਿਹੰਗ ਭਾਈ ਗਿਆਨ ਸਿੰਘ ‘ਸੁਤੰਤਰ' 'ਤੇ ਅਧਾਰਿਤ ਇੱਕ ਸਬ-ਕਮੇਟੀ ਬਣਾਈ, ਤੇ ਉਸ ਦੇ ਜਿੰਮੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਦੋ ਭਾਗਾਂ ਵਿੱਚ ਛਪ ਰਹੀਆਂ ਸੰਥਿਆ-ਸੈਂਚੀਆਂ ਅਤੇ ਪੁਰਾਤਨ ਹੱਥ-ਲਿਖਤੀ ਬੀੜਾਂ ਦੇ ਪਾਠ ਮੇਲ ਕੇ ਪਾਠ-ਭੇਦਾਂ ਦੀ ਸੂਚੀ ਤਿਆਰ ਕਰਨ ਦਾ ਮਹਤਵ ਪੂਰਣ ਕੰਮ ਲਾਇਆ। ਉਹ ਸਬ-ਕਮੇਟੀ ਇਸ ਨਤੀਜੇ ਤੇ ਪਹੁੰਚੀ ਸੀ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਛਪ ਰਹੀ ਮੌਜੂਦਾ ਬੀੜ, ਕਰਤਾਰ ਪੁਰ ਦੇ ਸੋਢੀਆਂ ਕੋਲ ਮੌਜੂਦ ਬੀੜਾਂ ਵਿੱਚੋਂ ਇੱਕ ਬੀੜ ਨਾਲ ਮੇਲ ਖਾਂਦੀ ਹੈ, ਜਿਸ ਨੂੰ ਹੁਣ ਅਸੀਂ ਕਰਤਾਰਪੁਰੀ ਬੀੜ ਆਖਦੇ ਹਾਂ। ਪ੍ਰਿੰ: ਹਰਿਭਜਨ ਸਿੰਘ ਅਨੁਸਾਰ ਉਸ ਵਿਚਲੀ ‘ਸੁਧੁ ਕੀਚੈ' ਦੀ ਸੂਚਨਾ ਬੀੜ ਦੇ ਇਤਿਹਾਸਕ ਹੋਣ ਦਾ ਸਬੂਤ ਵੀ ਹੈ ਅਤੇ ਉਸ ਤੋਂ ਇਹ ਵੀ ਸਿੱਧ ਹੁੰਦਾ ਹੈ, ਕਿ ਗੁਰੂ ਅਰਜਨ ਸਾਹਿਬ ਜੀ ਨੇ ਬੀੜ ਦੀ ਸੰਪਾਦਨਾ ਦਾ ਮੁੱਢਲਾ ਕਾਰਜ ਆਪ ਕਰਵਾਇਆ।

ਉਸ ਸਬ ਕਮੇਟੀ ਨੂੰ ਜੋ ਪਾਠ-ਭੇਦ ਲੱਭੇ ਹਨ, ਉਹ 4784 ਹਨ ਤੇ 1430 ਪੰਨਿਆਂ ਵਿੱਚ ਇਹ ਕੋਈ ਛੋਟੀ ਗਿਣਤੀ ਨਹੀਂ। ਸਵਰਗੀ ਪ੍ਰਿੰਸੀਪਲ ਹਰਿਭਜਨ ਸਿੰਘ ਜੀ ਜੋ ਉਸ ਸਮੇਂ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਦੇ ਪ੍ਰਿੰਸੀਪਲ ਸਨ, ਨੇ ਆਪਣੇ ਵੀਚਾਰ ਪ੍ਰਗਟ ਕਰਦਿਆਂ ਕਿਹਾ ਸੀ ‘ਭਾਵੇਂ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਦਰਲੀ ਕੁੱਝ ਥੋੜੀ-ਬਹੁਤ ਬੇਤਰਤੀਬੀ ਅਤੇ ਅੱਖਰੀ ਤੇ ਲਗਮਾਤ੍ਰੀ ਪਾਠ-ਭੇਦ, ਗੁਰਬਾਣੀ ਦੀ ਵਿਚਾਰਧਾਰਾ ਨੂੰ ਕੋਈ ਵਧੇਰੇ ਪ੍ਰਭਾਵਤ ਨਹੀਂ ਕਰਦੇ ਤੇ ਇਨ੍ਹਾਂ ਦੇ ਰਹਿੰਦਿਆਂ ਸਾਡੀ ਕੋਈ ਸਿਧਾਂਤਕ ਹਾਨੀ ਨਹੀਂ ਹੁੰਦੀ। ਗੁਰੂ ਗ੍ਰੰਥ ਸਾਹਿਬ ਜੀ ਦੇ ਮੌਜੂਦਾ ਸਰੂਪ ਵਿੱਚ ਪਿਊ-ਦਾਦੇ ਦਾ ਜਿਹੜਾ ਖਜ਼ਾਨਾ ਸਾਨੂੰ ਪ੍ਰਾਪਤ ਹੈ, ਉਸ ਵਿੱਚ ਕੁੱਝ ਵੀ ਅਜਿਹਾ ਨਹੀਂ, ਜੋ ਸਾਨੂੰ ਗੁਰਮਤਿ ਮਾਰਗ ਤੋਂ ਭਟਕਾਉਣ ਦਾ ਕਾਰਨ ਬਣੇ।

ਗਿਆਨੀ ਜਗਤਾਰ ਸਿੰਘ ਵਲੋਂ ਆਪਣੇ ਲੇਖ ਵਿੱਚ ਦਿੱਤੀ ਜਾਣਕਾਰੀ ਅਨੁਸਾਰ ਉਸ ਸਬ ਕਮੇਟੀ ਵਲੋਂ ਪੁਰਾਤਨ ਹੱਥ ਲਿਖਤ ਅਤੇ ਛਾਪੇ ਵਾਲੀਆਂ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੀੜਾਂ ਵਿੱਚ ਪਾਠ ਭੇਦਾਂ ਅਤੇ ਅੰਦਰਲੀ ਤਰਤੀਬ ਦੀ ਤਿਆਰ ਕੀਤੀ ਸੂਚੀ ਦੀ ਛਪਣ ਵਾਲੀ ਪੁਸਤਕ ਦੀ ਭੂਮਿਕਾ ਲਿਖਣ ਤੋਂ ਪ੍ਰਿੰ: ਹਰਿਭਜਨ ਸਿੰਘ ਨੇ ਬੜੀ ਸਿਆਣਪ ਨਾਲ ਨਾਂਹ ਕਰਕੇ ਇਹ ਸਲਾਹ ਦਿੱਤੀ ਸੀ ਕਿ ਇਸ ਦੀ ਭੂਮਿਕਾ ਸਤਿਕਾਰਯੋਗ ਗਿਆਨੀ ਕ੍ਰਿਪਾਲ ਸਿੰਘ ਜੀ ਪਾਸੋਂ ਲਿਖਾਓ। ਕਿਉਂਕਿ ਇੱਕ ਤਾਂ ਉਹ ਸੰਪਰਦਾਈ ਪ੍ਰਵਾਰ ਵਿੱਚੋਂ ਹਨ ਤੇ ਦੂਜੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਹਨ। ਹੁਲੜਬਾਜ਼ ਟੋਲਾ ਵੀ ਉਨ੍ਹਾਂ ਦੀ ਕਹੀ ਗੱਲ ਨੂੰ ਕੁੱਝ ਹਦ ਤੱਕ ਜਰ ਜਾਏਗਾ। ਪ੍ਰਿੰ: ਹਰਿਭਜਨ ਸਿੰਘ ਦੀ ਇਸ ਦੂਰ ਦ੍ਰਿਸ਼ਟੀ ਤੇ ਸੂਝ ਭਰੀ ਵਿਦਵਤਾ ਵਾਲੀ ਸਲਾਹ ਪਿੱਛੋਂ ਗਿਆਨੀ ਕ੍ਰਿਪਾਲ ਸਿੰਘ ਜੀ ਨੇ 9 ਅਕਤੂਬਰ 1976 ਨੂੰ ਭੂਮਿਕਾ ਲਿਖੀ ਤੇ ਸ਼੍ਰੋਮਣੀ ਕਮੇਟੀ ਵਲੋਂ ਇਹ ਪੰਜੇ ਭਾਗ ਇੱਕੋ ਜਿਲਦ ਵਿੱਚ ਪਹਿਲੀ ਵਾਰ ਜਨਵਰੀ 1977 ਵਿੱਚ ਪ੍ਰਕਾਸ਼ਤ ਹੋਏ। ਇਸ ਪੋਥੀ ਦਾ ਨਾਮ ਹੈ “ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸੰਥਿਆਂ-ਪੋਥੀਆਂ ਅਤੇ ਪੁਰਾਤਨ ਹੱਥ ਲਿਖਤਾਂ ਦੇ ਪਰਸਪਰ ਪਾਠ ਭੇਦਾਂ ਦੀ ਸੂਚੀ”। ਗਿਆਨੀ ਕਿਰਪਾਲ ਸਿੰਘ ਹੈੱਡ ਗ੍ਰੰਥੀ ਜੀ ਨੇ ਭੂਮਿਕਾ ਵਿੱਚ ਲਿਖਿਆ ਹੈ:

‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਲਿਖਤੀ ਉਕਾਈਆਂ ਜੋ ਲਿਖਾਰੀਆਂ ਜਾਂ ਛਾਪੇ ਵਾਲਿਆਂ ਦੀ ਅਨਗਹਿਲੀ ਕਾਰਨ ਆ ਗਈਆਂ ਹਨ, ਦੀ ਪਰਖ-ਪੜਤਾਲ ਕੀਤੀ ਜਾਣੀ ਅਤਿ ਜ਼ਰੂਰੀ ਭਾਸਦੀ ਹੈ। ਗੁਰੂ ਕਰਤਾਰ ਤਾਂ ਅਭੁੱਲ ਹੈ, ਪਰ ਲਿਖਾਰੀਆਂ ਕੋਲੋਂ ਏਡੇ ਵੱਡੇ ਆਕਾਰ ਦੇ ਗ੍ਰੰਥ ਦਾ ਉਤਾਰਾ ਕਰਨ ਵਿੱਚ ਉਕਾਈਆਂ ਜ਼ਰੂਰ ਰਹੀਆਂ ਹਨ ਤੇ ਸੋਧ-ਸੁਧਾਈ ਅਜਿਹੀਆਂ ਉਕਾਈਆਂ ਦੀ ਹੀ ਲੁੜੀਂਦੀ ਹੈ।

ਵਿਦਵਾਨ ਤੇ ਖੋਜੀ ਸੱਜਣਾਂ ਦੀ ਸੇਵਾ ਵਿੱਚ ਪ੍ਰਾਰਥਨਾ ਹੈ, ਕਿ ਉਹ ਇਸ ਮਸਲੇ ਦੀ ਡੂੰਘਾਈ ਵਿੱਚ ਜਾ ਕੇ ਇਸ ਸੂਚੀ ਵਿੱਚ ਆਏ ਪਾਠ-ਭੇਦਾਂ ਬਾਰੇ ਵਿਚਾਰ ਕਰਨ, ਗੁਰਬਾਣੀ ਦੇ ਅੰਦਰਲੇ ਨੇਮਾਂ ਤੇ ਗੁਰਮਤਿ ਅਨੁਸਾਰ ਅਰਥ ਭਾਵਾਂ ਨੂੰ ਮੁੱਖ ਰੱਖ ਕੇ ਨਿਰਣਾ-ਜਨਕ ਵਿਚਾਰ ਦੇਣ ਕਿ ਇਨ੍ਹਾਂ ਪਾਠ-ਭੇਦਾਂ ਵਿਚੋਂ ਕਿਹੜਾ ਪਾਠ ਸ਼ੁਧ ਹੈ।’

ਦੁੱਖ ਦੀ ਗੱਲ ਇਹ ਹੈ ਕਿ ਗੁਰਮਤਿ ਅਨੁਸਾਰ ਅਰਥ ਭਾਵਾਂ ਨੂੰ ਮੁੱਖ ਰੱਖ ਕੇ ਸ਼ੁੱਧ ਪਾਠ ਦੀ ਖੋਜ ਕਰਨ ਦੀ ਥਾਂ ਕੁੱਝ ਵਿਦਵਾਨ ਕਰਤਾਰਪੁਰੀ ਬੀੜ ਨੂੰ ਨਕਲੀ ਤੇ ਜ਼ਾਲ੍ਹੀ ਸਿੱਧ ਕਰਨ ’ਤੇ ਤੁਲੇ ਹੋਏ ਹਨ। ਇਸ ਤੋਂ ਵੱਧ ਅਫਸੋਸ ਵਾਲੀ ਗੱਲ ਇਹ ਹੈ ਕਿ ਗਿਆਨੀ ਜਗਤਾਰ ਸਿੰਘ ਜੀ ਜਾਚਕ ਜਿਨ੍ਹਾਂ ਦੇ ਲੇਖ ਵਿੱਚੋਂ ਹੀ ਉਕਤ ਜਾਣਕਾਰੀ ਮਿਲੀ ਹੈ, ਉਹ ਇਸੇ ਲੇਖ ਵਿੱਚ ਕਰਤਾਰਪੁਰੀ ਬੀੜ ਨੂੰ ਨਕਲੀ ਤੇ ਜ਼ਾਲ੍ਹੀ ਸਿੱਧ ਕਰਨ ’ਤੇ ਤੁਲੇ ਹੋਏ ਵਿਦਵਾਨਾਂ ਦਾ ਪੱਖ ਪੂਰਦੇ ਹੋਏ ਲਿਖ ਰਹੇ ਹਨ: ‘ਪਿਛਲੇ ਇੱਕ ਮਹੀਨੇ ਤੋਂ ਜਾਗਰੂਕ ਅਖਵਾਉਂਦੀਆਂ ਧਿਰਾਂ ਵਿਚਲੇ ਕੁੱਝ ਖੋਜੀ ਵਿਦਵਾਨਾਂ ਤੇ ਜਜ਼ਬਾਤੀ ਕਿਸਮ ਦੇ ਉਲ੍ਹਾਰਵਾਦੀ ਸੱਜਣਾਂ ਵਲੋਂ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮੌਜੂਦਾ ਸਰੂਪ ਦੀ ਪ੍ਰਮਾਣੀਕਤਾ ਬਾਰੇ ਵਿਚਾਰ-ਚਰਚਾ ਚਲਾਈ ਜਾ ਰਹੀ ਹੈ। ਪਰ, ਦੁੱਖਦਾਈ ਪੱਖ ਇਹ ਹੈ ਕਿ ਕੁੱਝ ਵੀਰਾਂ ਦੀ ਅਸਭਿਅਕ ਤੇ ਭੜਕਾਊ ਸ਼ਬਦਾਵਲੀ ਕਾਰਨ ਇਹ ਲੁੜੀਂਦੀ ਤੇ ਅਹਿਮ ਚਰਚਾ, ਕੁਚਰਚਾ ਵਿੱਚ ਬਦਲ ਗਈ ਹੈ। ਮੰਨਿਆਂ ਜਾ ਰਿਹਾ ਹੈ ਕਿ ਮੌਜੂਦਾ ਚਰਚਾ ਦਾ ਆਧਾਰ ਬਣੇ ਹਨ ‘ਸਿੱਖ ਮਾਰਗ' ਵੈਬਸਾਈਟ 'ਤੇ ਪ੍ਰਕਾਸ਼ਿਤ ਹੋਇਆ ਡਾ: ਇਕਬਾਲ ਸਿੰਘ ਢਿੱਲੋਂ ਦਾ ਲਿਖਿਆ ਲੇਖ ‘ਕਰਤਾਰਪੁਰੀ ਬੀੜ ਦਾ ਸੱਚ’, ‘ਰੋਜ਼ਾਨਾ ਸਪੋਕਸਮੈਨ ਚੰਡੀਗੜ੍ਹ ਦੀ 20 ਜੁਲਾਈ ਦੀ ਸੰਪਾਦਕੀ’ ਅਤੇ ਪੱਤਰਕਾਰ ਵੀਰ ਭਾਈ ਕਿਰਪਾਲ ਸਿੰਘ ਬਠਿੰਡਾ ਵੱਲੋਂ ‘ਕਰਤਾਰਪੁਰੀ ਬੀੜ ਨੂੰ ਨਕਲੀ ਕਹਿਣ ਵਾਲੇ ਕੀ ਇਹ ਦੱਸਣਾ ਚਾਹ ਰਹੇ ਹਨ ਕਿ ਸਿੱਖਾਂ ਦਾ ਮੌਜੂਦਾ ਗੁਰੂ ਗ੍ਰੰਥ ਸਾਹਿਬ ਨਕਲੀ ਹੈ’! ਦੀ ਅਖ਼ਬਾਰੀ ਸੁਰਖੀ ਹੇਠ ਦਿੱਤੀ ਨੇਕ ਸਲਾਹ:

‘ਚੰਗਾ ਹੋਵੇ ਜੇ ਸਮੁਚੀ ਕਰਤਾਰਪੁਰੀ ਬੀੜ ਨੂੰ ਨਕਲੀ ਸਿੱਧ ਕਰਨ ਦੀ ਥਾਂ ਉਤਾਰੇ ਕਰਦੇ ਸਮੇਂ ਲਗ ਮਾਤਰਾ ਦਾ ਰਿਹਾ ਕੁੱਝ ਫ਼ਰਕ, ਮੰਗਲਾਚਰਨ ਸਿਰਲੇਖਾਂ ਤੋਂ ਪਹਿਲਾਂ ਹਨ ਜਾਂ ਪਿੱਛੋਂ ਅਤੇ ਦੋ ਸ਼ਬਦ ਭਗਤ ਸੂਰਦਾਸ ਦਾ ਸ਼ਬਦ “ਛਾਡਿ ਮਨ ਹਰਿ ਬਿਮੁਖਨ ਕੋ ਸੰਗੁ ॥” (ਪੰਨਾ 1253) ਅਤੇ ਮਹਲਾ ਪੰਜਵਾਂ ਦਾ ਛੰਤ “ਰਣ ਝੁੰਝਨੜਾ ਗਾਉ ਸਖੀ ਹਰਿ ਏਕੁ ਧਿਆਵਹੁ ॥ ਸਤਿਗੁਰੁ ਤੁਮ ਸੇਵਿ ਸਖੀ ਮਨਿ ਚਿੰਦਿਅੜਾ ਫਲੁ ਪਾਵਹੁ” (ਪੰਨਾ 927 ਰਾਗੁ ਰਾਮਕਲੀ ਮਹਲਾ 5) ਜਿਨ੍ਹਾਂ ਪਿੱਛੇ ਸ਼ਬਦਾਂ ਦਾ ਜੋੜ ਅੰਕ ਨਹੀਂ ਲਿਖਿਆ ਗਿਆ, ਸਿਰਫ ਇਨ੍ਹਾਂ ਬਾਰੇ ਹੀ ਖੋਜ ਕੀਤੀ ਜਾਵੇ ਕਿ ਇਹ ਫ਼ਰਕ ਕਿਉਂ ਹੈ ਤੇ ਕੀ ਇਹ ਠੀਕ ਕੀਤੇ ਜਾ ਸਕਦੇ ਹਨ ਜਾਂ ਨਹੀਂ”? (ਨੋਟ: ਮੇਰੇ ਇਹ ਵੀਚਾਰ ਸਬ ਕਮੇਟੀ ਦੀ ਰੀਪੋਰਟ ਜਿਸ ਦਾ ਗਿਆਨੀ ਜਾਚਕ ਜੀ ਨੇ ਹਵਾਲਾ ਦਿੱਤਾ ਹੈ ਅਤੇ ਪਿੰ: ਹਰਿਭਜਨ ਸਿੰਘ ਜੀ ਦੇ ਵੀਚਾਰਾਂ ਨਾਲ ਬਿਲਕੁਲ ਮੇਲ ਖਾਂਦੇ ਹਨ)

ਗਿਆਨੀ ਜਾਚਕ ਜੀ ਅੱਗੇ ਲਿਖ ਰਹੇ ਹਨ: ‘ਪਰ, ਦਾਸ (ਜਾਚਕ ਜੀ) ਦਾ ਖ਼ਿਆਲ ਹੈ ਕਿ ਪਹਿਲੇ ਦੋਹਾਂ ਲੇਖਕਾਂ ਨੂੰ ਮੌਕਾ ਦਿੱਤਾ ਹੈ ਸ੍ਰੀ ਅਕਾਲ ਤਖ਼ਤ ਦੇ ਮੁਖ ਸੇਵਾਦਾਰ (ਜਥੇਦਾਰ) ਭਾਈ ਗੁਰਬਚਨ ਸਿੰਘ ਜੀ ਵਲੋਂ 7 ਜੁਲਾਈ ਨੂੰ ਵਿਵਾਦਤ ਸੁਨਹਿਰੀ ਬੀੜਾਂ ਦੇ ਮਾਮਲੇ ਵਿੱਚ ਦਿੱਤੇ ਉਸ ਅਖ਼ਬਾਰੀ ਬਿਆਨ ਨੇ, ਜਿਸ ਵਿੱਚ ਉਨ੍ਹਾਂ ਮੰਨਿਆ ਹੈ: “ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੇ ਹੱਥ ਲਿਖਤ ਸਰੂਪਾਂ ਅਤੇ ਛਾਪੇ ਦੇ ਸਰੂਪਾਂ ਵਿਚਾਲੇ ਗੁਰਬਾਣੀ ਪਾਠਾਂ ਵਿੱਚ ਭੇਦ ਹੈ। ਅਸੀਂ ਕਈ ਵਾਰ ਯਤਨ ਕੀਤਾ ਹੈ ਕਿ ਘਟੋ-ਘੱਟ ਗੁਰੂ ਗ੍ਰੰਥ ਸਾਹਿਬ ਜੀ ਦਾ ਇੱਕ ਅਜਿਹਾ ਸਰੂਪ ਤਿਆਰ ਕਰ ਲਿਆ ਜਾਵੇ, ਜਿਸ ਵਿੱਚ ਪੁਰਾਤਨ ਸਰੂਪਾਂ ਤੇ ਛਾਪੇ ਦੇ ਸਰੂਪਾਂ ਵਿਚਲਾ ਭੇਦ ਖ਼ਤਮ ਹੋ ਜਾਵੇ”

ਗਿਆਨੀ ਜਾਚਕ ਜੀ ਇਸ ਤੋਂ ਅੱਗੇ ਲਿਖ ਰਹੇ ਹਨ: ‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਮਾਣਿਕਤਾ ਦਾ ਅਜਿਹਾ ਅਹਿਮ ਪੰਥਕ ਮਸਲਾ, ਅਖ਼ਬਾਰੀ ਬਿਆਨਬਾਜ਼ੀ ਨਾਲ ਹੱਲ ਹੋਣ ਵਾਲਾ ਨਹੀਂ ਤੇ ਇਸ ਪੱਖੋਂ ਹੌਲੇ ਪੱਧਰ ਦੀ ਚੁੰਝ-ਚਰਚਾ ਪੰਥ ਲਈ ਹਾਨੀਕਾਰਕ ਵੀ ਹੈ।’

ਜਾਚਕ ਜੀ ਦੇ ਲੇਖ ਵਿੱਚ ਦਿੱਤੀ ਜਾਣਕਾਰੀ ਅਨੁਸਾਰ ਪ੍ਰਿੰਸੀਪਲ ਹਰਿਭਜਨ ਸਿੰਘ ਜੀ ਦਾ ਮੰਨਣਾ ਹੈ: ‘ਗੁਰੂ ਅਰਜਨ ਸਾਹਿਬ ਜੀ ਮਹਾਰਾਜ ਵਲੋˆ ਭਾਈ ਗੁਰਦਾਸ ਜੀ ਦੁਆਰਾ ਲਿਖਾਈ ਤੇ ਸੰਪਾਦਿਤ ਕਰਵਾਈ ਗਈ ਬੀੜ ਦੇ ਹੁਣ ਤੱਕ ਦੀ ਹੋਈ ਖੋਜ ਤੇ ਮੇਰੀ ਤੁੱਛ ਬੁੱਧੀ ਮੁਤਾਬਿਕ ਕੇਵਲ ਦੋ ਹੀ ਨਿਕਟਵਰਤੀ ਉਤਾਰੇ ਹਨ; ਇੱਕ ਹੈ ਕਰਤਾਰਪੁਰੀ ਬੀੜ ਤੇ ਦੂਜੀ ਹੈ ਸਿੱਖ ਰੈਫਰੈਂਸ ਵਿੱਚਲੀ ਸ੍ਰੀ ਹਰਿਗੋਬਿੰਦ ਸਾਹਿਬ ਵਾਲੀ ਲਹੌਰੀ ਬੀੜ।......ਇਨ੍ਹਾਂ ਪੋਥੀਆਂ ਨੂੰ ਗਹੁ ਨਾਲ ਵਾਚਿਆਂ ਇਹ ਭੇਦ ਵੀ ਖੁੱਲ੍ਹਦਾ ਹੈ, ਕਿ ਭਾਈ ਗੁਰਦਾਸ ਜੀ ਦੀ ਮਿਸਲ ਦੀਆਂ ਬੀੜਾਂ, ਛਾਪੇ ਦੀਆਂ ਬੀੜਾਂ ਦਾ ਆਧਾਰ ਨਹੀ ਬਣ ਸਕੀਆਂ।’

ਉਕਤ ਸਾਰੀ ਵੀਚਾਰ ਤੋਂ ਇਹੀ ਸਿੱਟਾ ਨਿਕਲਦਾ ਹੈ ਕਿ ਬੇਸ਼ੱਕ ਕਰਤਾਰਪੁਰੀ ਬੀੜ ਭਾਈ ਗੁਰਦਾਸ ਜੀ ਦੀ ਹੱਥ ਲਿਖਤ ਨਾ ਵੀ ਹੋਵੇ, ਪਰ ਇਹ ਸਭ ਤੋਂ ਵੱਧ ਨਿਕਟਵਰਤੀ ਉਤਾਰਾ ਜਰੂਰ ਹੈ। ਇਸ ਲਈ ਇਸ ਨੂੰ ਨਕਲੀ ਤੇ ਜ਼ਾਲ੍ਹੀ ਕਹਿਣਾ ਬਿਲਕੁਲ ਉਚਿਤ ਨਹੀਂ ਹੈ। ਇਸ ਵਿੱਚ ਜੇ ਭੇਦ ਹੈ ਤਾਂ ਉਹ ਸਿਰਫ ਕੁਝ ਪਾਠ ਭੇਦਾਂ ਤੋਂ ਇਲਾਵਾ ਦੋ ਅਧੂਰੇ ਸ਼ਬਦ ਅਤੇ ਰਾਗਮਾਲਾ ਦਾ ਹੈ, ਜਿਸ ਦੀ ਖੋਜ ਉਪ੍ਰੰਤ ਸੁਧਾਈ ਕਰਨ ਵਿੱਚ ਪੰਥ ਦੇ ਵੱਡੇ ਹਿੱਸੇ ਨੂੰ ਕੋਈ ਇਤਰਾਜ਼ ਨਹੀਂ ਹੈ, ਤੇ ਇਹ ਗੱਲ ਮੈਂ (ਕਿਰਪਾਲ ਸਿੰਘ ਬਠਿੰਡਾ ਨੇ) ਵੀ ਆਪਣੇ ਇੱਕ ਲੇਖ ਵਿੱਚ ਮੰਨ ਲਈ ਹੈ, ਜਿਸ ਦਾ ਹਵਾਲਾ ਗਿਆਨੀ ਜਾਚਕ ਜੀ ਨੇ ਉਕਤ ਅਨੁਸਾਰ ਦਿੱਤਾ ਹੈ। ਪਰ ਜਾਚਕ ਜੀ ਦਾ ਵੀਚਾਰ (ਜਿਸ ਨੂੰ ਕਰਤਾਰਪੁਰੀ ਬੀੜ ਨੂੰ ਜ਼ਾਲ੍ਹੀ ਕਹਿਣ ਵਾਲਿਆਂ ਦੀ ਸਫ਼ਾਈ ਦੇਣ ਵਾਲਾ ਕਹਿਣਾ ਵੱਧ ਯੋਗ ਹੋਵੇਗਾ) ਬਿਲਕੁਲ ਜਾਇਜ਼ ਨਹੀਂ ਕਿ ਉਨ੍ਹਾਂ ਵਿਦਵਾਨਾਂ ਨੂੰ ਮੁੱਖ ਸੇਵਾਦਾਰ ਗਿਆਨੀ ਗੁਰਬਚਨ ਸਿੰਘ ਦੇ 7 ਜੁਲਾਈ ਵਾਲੇ ਬਿਆਨ ਨੇ ਹੀ ਮੌਕਾ ਦਿੱਤਾ ਹੈ। ਗਿਆਨੀ ਜਾਚਕ ਜੀ ਇਸ ਗੱਲ ਤੋਂ ਬਿਲਕੁਲ ਅਣਜਾਣ ਨਹੀਂ ਹਨ ਕਿ ਜੋਗਿੰਦਰ ਸਿੰਘ ਸਪੋਕਸਮੈਨ ਬੜੇ ਲੰਬੇ ਸਮੇਂ ਤੋਂ ਕਰਤਾਰਪੁਰੀ ਬੀੜ ਸਮੇਤ ਮੌਜੂਦਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਬਿਲਕੁਲ ਰੱਦ ਕਰਕੇ ਇਸ ਦੇ ਥਾਂ ਆਪਣੇ ਵੱਲੋਂ ਲੱਭੀ ਜਾਣ ਵਾਲੀ ਪੋਥੀ ਨੂੰ ਸਥਾਪਤ ਕਰਨਾ ਚਾਹ ਰਹੇ ਹਨ। ਇਸ ਦਾ ਖ਼ੁਲਾਸਾ ਡਾ: ਇਕਬਾਲ ਸਿੰਘ ਢਿੱਲੋਂ ਸਾਹਿਬ ਨੇ ਵੀ ਆਪਣੇ ਇੱਕ ਲੇਖ ‘ਬਾਬਾ ਨਾਨਕ ਬਨਾਮ ਉੱਚਾ ਦਰ---’ ਵਿੱਚ ਵੀ ਚੰਗੀ ਤਰ੍ਹਾਂ ਖੋਲ੍ਹ ਕੇ ਕਰ ਦਿੱਤਾ ਹੈ। ਜੋਗਿੰਦਰ ਸਿੰਘ ਸਪੋਕਸਮੈਨ ਦੀ ਸਫ਼ਾਈ ਦੇ ਰਹੇ ਗਿਆਨੀ ਜਾਚਕ ਜੀ ਦੱਸਣ ਕਿ 16 ਮਾਰਚ 2010 ਨੂੰ ਇਸੇ ਸਬੰਧ ਵਿੱਚ ਲਿਖੀ ਸੰਪਾਦਕੀ ਲਿਖਣ ਵੇਲੇ ਉਸ ਨੂੰ ਕਿਸ ਨੇ ਮੌਕਾ ਦਿੱਤਾ ਸੀ?

ਗਿਆਨੀ ਜਾਚਕ ਜੀ ਡਾ: ਇਕਬਾਲ ਸਿੰਘ ਢਿੱਲੋਂ ਜੀ ਨੂੰ ਵੀ ਖੋਜੀ ਵਿਦਵਾਨ ਮੰਨ ਰਹੇ ਹਨ ਇਸ ਲਈ ਉਹ ਡਾ: ਸਾਹਿਬ ਜੀ ਦੇ ਲੇਖ ‘ਬਾਬਾ ਨਾਨਕ ਬਨਾਮ ਉੱਚਾ ਦਰ---’ ਨਾਲ ਜਰੂਰ ਹੀ ਸਹਿਮਤ ਹੋਣਗੇ? ਜੇ ਨਹੀਂ ਤਾਂ ਅਸਹਿਮਤੀ ਦੇ ਕਾਰਣ ਦੱਸਣ ਦੀ ਕ੍ਰਿਪਾਲਤਾ ਕਰਨ ਜੀ। ਦੂਸਰੀ ਗੱਲ ਇਹ ਵੀ ਹੈ ਕਿ ਡਾ: ਸਾਹਿਬ ਜੀ ਨੇ ਜੋਗਿੰਦਰ ਸਿੰਘ ਵਲੋਂ ਕਰਤਾਰਪੁਰੀ ਬੀੜ ਨੂੰ ਨਕਲੀ ਤੇ ਜ਼ਾਲ੍ਹੀ ਲਿਖਣ ਪਿਛੇ ਉਸ ਦੇ ਵਰਤਮਾਨ ਤੇ ਭਵਿੱਖ ਦੇ ਟੀਚੇ ਬਾਰੇ ਤਾਂ ਪੂਰਾ ਚਾਨਣਾ ਪਾ ਦਿੱਤਾ ਹੈ। ਪਰ ਇਹੀ ਕੁਝ ਆਪ ਲਿਖ ਰਹੇ ਹਨ ਤਾਂ ਉਨ੍ਹਾਂ ਆਪਣੇ ਟੀਚੇ ਬਾਰੇ ਕੁਝ ਨਹੀਂ ਦੱਸਿਆ। ਜੇ ਉਨ੍ਹਾਂ ਦਾ ਭਾਵ ਸਿਰਫ ਸ਼ਬਦਜੋੜਾਂ ਦੇ ਪਾਠ ਭੇਦ, ਕੁਝ ਸ਼ਬਦਾਂ ਦੀ ਅੰਦਰਲੀ ਤਰਤੀਬ ਅਤੇ ਦੋ ਅਧੂਰੇ ਸ਼ਬਦਾਂ ਨੂੰ ਖੋਜ ਕੇ ਪੂਰੇ ਲਿਖਣ ਅਤੇ ਰਾਗਮਾਲਾ ਨੂੰ ਬਾਹਰ ਕੱਢਣ ਤੱਕ ਸੀਮਤ ਹੈ ਤਾਂ ਉਨ੍ਹਾਂ ਨੂੰ ਕਰਤਾਰਪੁਰੀ ਬੀੜ ਨੂੰ ਨਕਲੀ ਤੇ ਜ਼ਾਲ੍ਹੀ ਸਿੱਧ ਕਰਨ ਦੀ ਥਾਂ, ਪ੍ਰਿੰ: ਹਰਿਭਜਨ ਸਿੰਘ ਵਾਲੀ ਸਿਆਣਪ ਵਰਤ ਕੇ ਸ਼੍ਰੋਮਣੀ ਕਮੇਟੀ ਵੱਲੋਂ ਛਾਪੀ ਪੁਸਤਕ ‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸੰਥਿਆ-ਪੋਥੀਆਂ ਅਤੇ ਪੁਰਾਤਨ ਹੱਥ ਲਿਖਤਾਂ ਦੇ ਪਰਸਪਰ ਪਾਠ ਭੇਦਾਂ ਦੀ ਸੂਚੀ’ ਦੇ ਅਧਾਰ ’ਤੇ ਗਿਆਨੀ ਕਿਰਪਾਲ ਸਿੰਘ ਸਾਬਕਾ ਮੁੱਖ ਸੇਵਾਦਾਰ ਤੇ ਹੈੱਡ ਗ੍ਰੰਥੀ ਦਰਬਾਰ ਸਾਹਿਬ ਜੀ ਦੀ ਸਲਾਹ ਮੰਨ ਕੇ ਇਸ ਮਸਲੇ ਦੀ ਡੂੰਘਾਈ ਵਿੱਚ ਜਾ ਕੇ ਇਸ ਸੂਚੀ ਵਿੱਚ ਆਏ ਪਾਠ-ਭੇਦਾਂ ਬਾਰੇ ਵਿਚਾਰ ਕਰਕੇ, ਗੁਰਬਾਣੀ ਦੇ ਅੰਦਰਲੇ ਨੇਮਾਂ ਤੇ ਗੁਰਮਤਿ ਅਨੁਸਾਰ ਅਰਥ ਭਾਵਾਂ ਨੂੰ ਮੁੱਖ ਰੱਖ ਕੇ ਨਿਰਣਾ-ਜਨਕ ਵਿਚਾਰ ਦੇਣ ਚਾਹੀਦਾ ਸੀ ਕਿ ਇਨ੍ਹਾਂ ਪਾਠ-ਭੇਦਾਂ ਵਿਚੋਂ ਕਿਹੜਾ ਪਾਠ ਸ਼ੁਧ ਹੈ। ਪਰ ਉਨ੍ਹਾਂ ਨੇ ਐਸਾ ਨਹੀਂ ਕੀਤਾ। ਇਸ ਲਈ ਗਿਆਨੀ ਜਗਤਾਰ ਸਿੰਘ ਜਾਚਕ ਜੀ ਨੂੰ ਬੇਨਤੀ ਹੈ ਕਿ (ਉਨ੍ਹਾਂ ਦੇ ਸ਼ਬਦਾਂ ਵਿੱਚ) ਮੇਰੇ ਵਰਗੇ ਜਜ਼ਬਾਤੀ ਕਿਸਮ ਦੇ ਉਲ੍ਹਾਰਵਾਦੀ ਸੱਜਣਾˆ ਦੀ ਅਸਭਿਅਕ ਤੇ ਭੜਕਾਊ ਸ਼ਬਦਾਵਲੀ ਨਾਲ ਤਾਂ ਹੋ ਸਕਦਾ ਹੈ ਕਿ ਚੱਲ ਰਹੀ ਕੁਚਰਚਾ ਵਿੱਚ ਹੋਰ ਵਾਧਾ ਹੋ ਜਾਵੇ, ਇਸ ਲਈ ਉਹ ਹੀ ਕ੍ਰਿਪਾ ਕਰਕੇ ਆਪਣੀ ਸੱਭਿਅਕ ਭਾਸ਼ਾ ਵਿੱਚ ਡਾ: ਢਿੱਲੋਂ ਸਾਹਿਬ ਤੋਂ ਪੁੱਛ ਕੇ ਦੱਸਣ ਕਿ ਉਨ੍ਹਾਂ ਦਾ ਅਸਲੀ ਟੀਚਾ ਕੀ ਹੈ ਤੇ ਉਨ੍ਹਾਂ ਦੇ ਖ਼ਿਆਲ ਅਨੁਸਾਰ ਉਸ ਟੀਚੇ ਨੂੰ ਕਿਸ ਢੰਗ ਨਾਲ ਸਫਲਤਾ ਪੂਰਬਕ ਪੂਰਾ ਕੀਤਾ ਜਾ ਸਕਦਾ ਹੈ।

ਇਸ ਦੇ ਨਾਲ ਹੀ ਗਿਆਨੀ ਜਾਚਕ ਜੀ ਇਹ ਵੀ ਦੱਸਣ ਦੀ ਕ੍ਰਿਪਾਲਤਾ ਕਰਨ ਕਿ ‘ਸਿੱਖਾਂ ਦੇ ਗਿਆਰ੍ਹਵੇਂ ਗੁਰੂ ਸਾਹਿਬ’ ਸਿਰਲੇਖ ਹੇਠ ਲਿਖੇ ਲੇਖ ਵਿੱਚ ਡਾ: ਇਕਬਾਲ ਸਿੰਘ 14 ਦਲੀਲਾਂ ਦਿੰਦੇ ਹੋਏ ਇਹ ਸੁਝਾਉ ਦੇ ਰਹੇ ਹਨ ਕਿ ‘ਗੁਰੂ ਗ੍ਰੰਥ ਸਾਹਿਬ ਜੀ’ ਸਿੱਖਾਂ ਦੀ ਧਾਰਮਿਕ ਪੁਸਤਕ ਹੈ ਨਾ ਕਿ ‘ਗੁਰੂ’। ਉਨ੍ਹਾਂ ਦਾ ਕਹਿਣਾ ਹੈ ਕਿ ਸਾਡਾ ਗੁਰੂ ਤਾਂ ਇਸ ਪੁਸਤਕ ਵਿੱਚ ਦਰਜ਼ ਗੁਰਬਾਣੀ ਦਾ ਗਿਆਨ ਹੈ ਇਸ ਲਈ ਇਸ ਪੁਸਤਕ ਨੂੰ ਗੁਰੂ ਕਹਿਣਾ ਵਾਜ਼ਬ ਨਹੀਂ ਹੈ। ਇਹੋ ਡਾ: ਢਿੱਲੋਂ ਸਾਹਿਬ ‘ਬਾਬਾ ਨਾਨਕ ਬਨਾਮ ਉੱਚਾ ਦਰ--’ ਲੇਖ ਵਿੱਚ ਗੁਰੂ ਨਾਨਕ ਸਾਹਿਬ ਨੂੰ ‘ਗੁਰੂ’ ਪਦ ਨਾਲ ਸੰਬੋਧਨ ਕਰਨ ਦੇ ਹੱਕ ਵਿੱਚ ਹਨ ਤੇ ਉਨ੍ਹਾਂ ਨੂੰ ‘ਬਾਬਾ’ ਜਾਂ ‘ਪਾਤਸ਼ਾਹ’ ਵਰਗੇ ਲਕਬਾਂ ਨਾਲ ਸੰਬੋਧਨ ਕਰਨ ਵਾਲਿਆਂ ਨੂੰ ਗਲਤ ਦੱਸ ਰਹੇ ਹਨ। ਜੇ ਡਾ: ਸਾਹਿਬ ਦੇ ਪਹਿਲੇ ਲੇਖ ਵਾਲੇ ਸਿਧਾਂਤ ਨੂੰ ਦੂਸਰੇ ਲੇਖ ਵਿੱਚ ਲਾਗੂ ਕਰ ਕੇ ਵੇਖੀਏ ਤਾਂ ਉਹ ਖ਼ੁਦ ਹੀ ਗਲਤ ਸਾਬਤ ਹੋ ਜਾਂਦੇ ਹਨ। ਡਾ: ਸਾਹਿਬ ਜੀ ਭਲੀ ਭਾਂਤ ਜਾਣਦੇ ਹਨ ਕਿ ਗੁਰੂਆਂ ਦੇ ਸਰੀਰਾਂ ਨੂੰ ਸਿੱਖ ਆਪਣਾ ਗੁਰੁ ਨਹੀਂ ਮੰਨਦਾ ਬਲਕਿ ਉਨ੍ਹਾਂ ਸਰੀਰਾਂ ਰਾਹੀਂ ਉਤਰੀ ਗੁਰਬਾਣੀ ਜਿਸ ਰਾਹੀਂ ਸਾਨੂੰ ਸ਼ਬਦ ਗੁਰੂ ਦੀ ਸੋਝੀ ਹੋਈ, ਕਾਰਣ ਹੀ ਅਸੀਂ ਉਨ੍ਹਾਂ ਨੂੰ ਗੁਰੂ ਕਹਿੰਦੇ ਹਾਂ। ਕੀ ਉਹ ਦੱਸ ਸਕਦੇ ਹਨ ਕਿ ਜੇ ਗੁਰੂ ਨਾਨਕ ਦੇ ਸਰੀਰ ਰਾਹੀਂ ਸ਼ਬਦ ਗੁਰੂ ਦੀ ਸੋਝੀ ਹੋਣ ਕਾਰਣ ਉਨ੍ਹਾਂ ਨੂੰ ਗੁਰੂ ਕਹਿਣਾ ਜਾਇਜ਼ ਹੈ, ਤਾਂ ਜਿਸ ਗ੍ਰੰਥ ਵਿੱਚ ਉਨ੍ਹਾਂ ਦੇ ਮੁਖਾਰਬਿੰਦ ’ਚੋਂ ਉਚਾਰਣ ਕੀਤੀ ਹੋਈ ਲਿਖੀ ਗੁਰਬਾਣੀ ਕਾਰਣ ਸਾਨੂੰ ਸ਼ਬਦ ਗੁਰੂ ਦੀ ਸੋਝੀ ਹੋ ਰਹੀ ਹੈ, ਤਾਂ ਉਸ ਗ੍ਰੰਥ ਨੂੰ ਗੁਰੂ ਕਹਿਣ ਵਿੱਚ ਕਿਹੜੇ ਸਿਧਾਂਤ ਦਾ ਖੰਡਨ ਹੋ ਜਾਵੇਗਾ? ਉਕਤ ਦੋਵਾਂ ਲੇਖਾਂ ਵਿੱਚ ਪ੍ਰਗਟ ਕੀਤੇ ਗਏ ਆਪਾ ਵਿਰੋਧੀ ਵੀਚਾਰਾਂ ਤੋਂ ਪਤਾ ਲਗਦਾ ਹੈ ਕਿ ਡਾ: ਸਾਹਿਬ ਖ਼ੁਦ ਹੀ ਸਿਧਾਂਤ ਪ੍ਰਤੀ ਸਪਸ਼ਟ ਨਹੀਂ ਹਨ ਤੇ ਮਨ ਵਿੱਚ ਉਤਪਨ ਹੋ ਰਹੇ ਖ਼ਿਆਲਾਂ ਦੇ ਖਿੰਡਰਾਉ ਵਿੱਚ ਹਨ ਤੇ ਇਸੇ ਕਾਰਣ ਉਨ੍ਹਾਂ ਦੇ ਲੇਖ, ਜਿਨ੍ਹਾਂ ਨੂੰ ਖੋਜ ਦਾ ਨਾਮ ਦਿੱਤਾ ਜਾ ਰਿਹਾ ਹੈ, ਸਗੋਂ ਪੰਥ ਵਿੱਚ ਨਵੀਂ ਦੁਬਿਧਾ ਪੈਦਾ ਕਰ ਰਹੇ ਹਨ। ਪਰ ਹੈਰਾਨੀ ਹੈ ਕਿ ਇਨ੍ਹਾਂ ਪ੍ਰਤੀ ਸਪਸ਼ਟੀਕਰਨ ਮੰਗਣ ਵਾਲੇ ਵੀਰਾਂ ਨੂੰ ਜਜ਼ਬਾਤੀ ਕਿਸਮ ਦੇ ਉਲ੍ਹਾਰਵਾਦੀ ਹੋਣ ਕਰਕੇ ਅਸਭਿਅਕ ਤੇ ਭੜਕਾਊ ਸ਼ਬਦਾਵਲੀ ਵਰਤਣ ਵਾਲੇ ਸੱਜਣ ਦੱਸ ਕੇ ਕਿਉਂ ਭੰਡਿਆ ਜਾ ਰਿਹਾ ਹੈ?

ਸਤਿਕਾਰਯੋਗ ਗਿਆਨੀ ਜਾਚਕ ਜੀ ਨੇ ਬੜਾ ਚੰਗਾ ਸੁਝਾਉ ਦਿੱਤਾ ਹੈ ਕਿ ‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਮਾਣਿਕਤਾ ਦਾ ਅਜਿਹਾ ਅਹਿਮ ਪੰਥਕ ਮਸਲਾ, ਅਖ਼ਬਾਰੀ ਬਿਆਨਬਾਜ਼ੀ ਨਾਲ ਹੱਲ ਹੋਣ ਵਾਲਾ ਨਹੀਂ ਤੇ ਇਸ ਪੱਖੋਂ ਹੌਲੇ ਪੱਧਰ ਦੀ ਚੁੰਝ-ਚਰਚਾ ਪੰਥ ਲਈ ਹਾਨੀਕਾਰਕ ਵੀ ਹੈ।’ ਇਸ ਲਈ ਉਨ੍ਹਾਂ ਨੂੰ ਨਿਮ੍ਰਤਾ ਸਹਿਤ ਇਹ ਵੀ ਬੇਨਤੀ ਹੈ ਕਿ ਉਹ ਸਾਨੂੰ ਇਹ ਸੇਧ ਵੀ ਬਖ਼ਸ਼ਣ, ਕਿ ਕੀ ਉਹ ਇਸ ਅਹਿਮ ਮਸਲੇ ਸਬੰਧੀ ਸੰਪਾਦਕੀਆਂ ਲਿਖਣ ਵਾਲੇ ਸੰਪਾਦਕ ਅਤੇ ਲੇਖ ਲਿਖਣ ਵਾਲੇ ਖੋਜੀ ਵਿਦਵਾਨ, ਜਿਨ੍ਹਾਂ ਨੇ ਹੁਣ ਤੱਕ ਉਨ੍ਹਾਂ ਪਾਠ ਭੇਦਾਂ ਜਿਨ੍ਹਾਂ ਕਾਰਣ ਗੁਰਮਤਿ ਸਿਧਾਂਤ ਨੂੰ ਖੋਰਾ ਲੱਗ ਰਿਹਾ ਹੈ, ਸਬੰਧੀ ਸੇਧ ਦੇਣ ਵਾਲਾ ਕੋਈ ਲੇਖ ਨਹੀਂ ਲਿਖਿਆ, ਨੂੰ ਵੀ ਅਖ਼ਬਾਰੀ ਬਿਆਨਬਾਜ਼ੀ ਲਈ ਦੋਸ਼ੀ ਮੰਨਦੇ ਹਨ ਜਾਂ ਸਿਰਫ ਉਨ੍ਹਾਂ ਤੋਂ ਕੁਝ ਸਵਾਲ ਪੁੱਛਣ ਵਾਲੇ ਕੁਝ ਉਲਾਰ ਕਿਸਮ ਦੇ ਸੱਜਣ ਹੀ ਦੋਸ਼ੀ ਹਨ?

ਗਿਆਨੀ ਜਾਚਕ ਸਾਹਿਬ ਜੀ! ਆਪ ਜੀ ਨੇ ਬਹੁਤ ਹੀ ਨੇਕ ਸਲਾਹ ਦਿੱਤੀ ਹੈ ਕਿ ਅਸੀਂ ਨੀਤੀ ਓਹੀ ਅਪਨਾਈਏ, ਜਿਹੜੀ ਸਿੱਖ ਮਿਸ਼ਨਰੀ ਕਾਲਜਾਂ ਦੀ ਹੈ। ਪਰ ਸ਼ਾਇਦ ਮੈਨੂੰ ਹੀ ਸ਼ੰਕਾ ਹੈ ਜਾਂ ਸੱਚ ਹੈ, ਇਹ ਤਾਂ ਤੁਸੀਂ ਹੀ ਬਿਹਤਰ ਸਪਸ਼ਟ ਕਰ ਸਕਦੇ ਹੋ, ਪਰ ਮੇਰਾ ਅੰਦਾਜ਼ਾ ਇਹ ਹੈ ਕਿ ਤੁਸੀਂ ਹਮੇਸ਼ਾਂ ਹੀ ਪੱਖ ਉਨ੍ਹਾਂ ਵਿਦਵਾਨਾਂ ਦਾ ਪੂਰ ਰਹੇ ਹੁੰਦੇ ਹੋ ਜਿਹੜੇ ਸਿੱਖ ਮਿਸ਼ਨਰੀ ਕਾਲਜਾਂ ਨੂੰ ਜਾਗਰੂਕ ਧਿਰਾਂ ਦੇ ਟੀਚੇ ਪੂਰੇ ਕਰਨ ਵਿੱਚ ਸਭ ਤੋਂ ਵੱਡੇ ਰੋੜੇ ਸਮਝ ਰਹੇ ਹਨ ਤੇ ਸਿੱਖ ਮਿਸ਼ਨਰੀ ਕਾਲਜਾਂ ਵਾਲੀ ਨੀਤੀ ਅਪਨਾਉਣ ਵਾਲਿਆਂ ਨੂੰ ਜਜ਼ਬਾਤੀ ਕਿਸਮ ਦੇ ਉਲ੍ਹਾਰਵਾਦੀ ਸੱਜਣਾਂ ਦੱਸ ਰਹੇ ਹੋ। ਪਰ ਜੇ ਹੁਣ ਤੁਸੀਂ ਆਪਣੀ ਨੀਤੀ ਵਿੱਚ ਸੁਧਾਰ ਕਰ ਲਿਆ ਹੈ, ਤੇ ਤਾਜ਼ਾ ਸਥਿਤੀ ਬਦਲਣ ਕਰਕੇ ਤੁਸੀਂ ਸਹੀ ਸ਼ਬਦਾਂ ਦੀ ਹੀ ਚੋਣ ਨਹੀਂ ਕਰ ਸਕੇ, ਜਾਂ ਮੈਂ ਹੀ ਤੁਹਾਡੀ ਸ਼ਬਦਾਵਲੀ ਸਮਝਣ ਵਿੱਚ ਗਲਤੀ ਕਰ ਬੈਠਾ ਹਾਂ ਤਾਂ ਮੈਂ ਆਪਣੀ ਗਲਤੀ ਸਵੀਕਾਰ ਕਰਦਾ ਹਾਂ।

ਕਿਰਪਾਲ ਸਿੰਘ ਬਠਿੰਡਾ
+91 98554 80797


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top