Share on Facebook

Main News Page

ਸ਼੍ਰੋਮਣੀ ਕਮੇਟੀ ਦੀ ਹਰ ਸੀਟ ਦੀ ਕਮਾਨ ਉਸ ਹਲਕੇ ਵਾਲੇ, ਗੈਰ ਸਿਆਸੀ ਧਾਰਮਿਕ ਲੋਕਾਂ ਨੂੰ ਹੀ ਸੰਭਾਲਣੀ ਪਵੇਗੀ

ਇਸੁ ਪਉੜੀ ਤੇ ਜੋ ਨਰ ਚੂਕੈ ਸੋ ਆਇ ਜਾਇ ਦੁਖੁ ਪਾਇਦਾ ॥

ਹਾਲਾਂਕਿ ਗੁਰਬਾਣੀ ਦੀ ਇਹ ਤੁਕ, ਪਰਮਾਤਮਾ ਵਲੋਂ ਸਿਰਜੀਆਂ ਬਹੁਤ ਸਾਰੀਆਂ ਜੂਨਾਂ ਵਿਚੋਂ, ਮਨੁੱਖਾ ਜੂਨ ਨਾਲ ਸਬੰਧਿਤ ਹੈ। ਪਰ ਹਰ ਕਬੀਲੇ ਦੀ ਜ਼ਿੰਦਗੀ ਵਿਚ, ਹਰ ਧਰਮ ਦੀ ਜ਼ਿੰਦਗੀ ਵਿਚ, ਹਰ ਕੌਮ ਦੀ ਜ਼ਿੰਦਗੀ ਵਿਚ ਕੋਈ ਸਮਾਂ ਅਜਿਹਾ ਆਉਂਦਾ ਹੈ, ਜਿਸ ਦੀ ਸੰਭਾਲ ਕਰਨ ਨਾਲ ਇਤਿਹਾਸ ਬਦਲ ਜਾਂਦਾ ਹੈ। ਉਸ ਸਮੇਂ ਫੈਸਲਾ ਲੈਣ ਤੋਂ ਚੂਕ ਕਰਨ ਨਾਲ, ਕੌਮਾਂ ਦੀ ਹਸਤੀ, ਧਰਮਾਂ ਦੀ ਹਸਤੀ, ਕਬੀਲਿਆਂ ਦੀ ਹਸਤੀ, ਇਤਿਹਾਸ ਦੀ ਧੂੜ ਬਣ ਕੇ ਰਹਿ ਜਾਂਦੀ ਹੈ। ਬਾਕੀ ਬਚੇ ਲੋਕਾਂ ਦੇ ਪੱਲੇ ਪਛਤਾਵੇ ਤੋਂ ਛੁੱਟ ਕੁਝ ਵੀ ਨਹੀਂ ਰਹਿ ਜਾਂਦਾ। ਅਜਿਹਾ ਹੀ ਇਕ ਮੌਕਾ ਅੱਜ ਸਿੱਖਾਂ ਦੇ ਹੱਥ ਵਿਚ ਹੈ।

ਬੰਦਾ ਸਿੰਘ ਬਹਾਦਰ ਦੇ ਖਾਲਸਾ ਰਾਜ ਦੇ ਖਾਤਮੇ ਦੇ ਨਾਲ ਹੀ ਸਿੱਖਾਂ ਦਾ ਇਕ ਅਜਿਹਾ ਦੌਰ ਸ਼ੁਰੂ ਹੋਇਆ, ਜਿਸ ਵਿਚ ਸਿੱਖਾਂ ਨੂੰ ਬਚਣਾ ਵੀ ਮੁਸ਼ਕਿਲ ਹੋ ਗਿਆ। ਪਰ ਜਿਵੇਂ ਸਮਾਂ ਬਦਲਦਾ ਰਹਿੰਦਾ ਹੈ, ਸਿੱਖਾਂ ਦਾ ਵੀ ਸਮਾਂ ਬਦਲਿਆ, ਉਨ੍ਹਾਂ ਨੂੰ ਰਾਜ ਅਤੇ ਪੈਸੇ ਦੀ ਚਮਕ ਵਿਖਾਈ ਦਿੱਤੀ, ਅਤੇ ਉਹ ਰਾਜ-ਸੱਤਾ ਅਤੇ ਪੈਸੇ ਦੀ ਖਾਤਰ ਆਪਸ ਵਿਚ ਹੀ ਉਲਝ ਕੇ, ਇਕ ਦੂਸਰੇ ਦੇ ਖੂਨ ਦੇ ਪਿਆਸੇ ਹੋ ਗਏ। ਵਿਚ ਵਿਚ ਕੁਝ ਜਾਗ੍ਰਤੀ ਲਹਿਰਾਂ ਵੀ ਉਠੀਆਂ, ਪਰ ਆਪਸੀ ਏਕਤਾ ਦੀ ਘਾਟ ਕਾਰਨ, ਉਨ੍ਹਾਂ ਤੋਂ ਕੋਈ ਲਾਭ ਨਹੀਂ ਉਠਾਇਆ ਜਾ ਸਕਿਆ।

19ਵੀਂ ਸਦੀ ਦੇ ਅਖੀਰ ਅਤੇ 20ਵੀਂ ਸਦੀ ਦੇ ਸ਼ੁਰੂ ਵਿਚ ਵੀ ਅਜਿਹੀ ਹੀ ਇਕ ਲਹਿਰ “ਸਿੰਘ ਸਭਾ” (ਗੁਰਦਵਾਰਾ ਸੁਧਾਰ) ਉੱਠੀ। ਹਾਲਾਂਕਿ ਵੇਖਣ ਨੂੰ ਇਹੀ ਜਾਪਦਾ ਹੈ ਕਿ ਇਹ ਲਹਿਰ ਕਾਮਯਾਬ ਰਹੀ, ਪਰ ਅਸਲ ਵਿਚ ਇਹ ਲਹਿਰ ਸਮਝੌਤਾ-ਵਾਦ ਦੀ ਭੇਂਟ ਚੜ੍ਹ ਕੇ, ਸਿੱਧੀ ਸਰਕਾਰ ਦੇ ਥੱਲੇ ਜਾ ਲੱਗੀ। ਜਿਸ ਸਿਰਾਂ ਦੀ ਗਿਣਤੀ ਦਾ, ਸਿੱਖੀ ਵਿਚ ਕੋਈ ਮਹੱਤਵ ਨਹੀਂ ਹੈ, ਇਸ ਲਹਿਰ ਰਾਹੀਂ ਸਿੱਖਾਂ ਦੇ ਗੁਰਦਵਾਰਿਆਂ ਦੇ ਪ੍ਰਬੰਧ ਦਾ ਆਧਾਰ ਹੀ ਸਿਰਾਂ ਦੀ ਗਿਣਤੀ (ਵੋਟਾਂ) ਬਣ ਕੇ ਰਹਿ ਗਿਆ। ਜਿਵੇਂ ਕਿ ਸਾਰੇ ਜਾਣਦੇ ਹਨ ਕਿ ਭਲੇ ਪੁਰਸ਼ਾਂ ਦੇ ਕਦੇ ਟੋਲੇ ਨਹੀਂ ਹੁੰਦੇ, ਟੋਲੇ ਹਮੇਸ਼ਾ ਅਸਮਾਜਕ ਬੰਦਿਆਂ ਦੇ ਹੁੰਦੇ ਹਨ। ਇਵੇਂ ਗੁਰਦਵਾਰਿਆਂ ਦਾ ਪ੍ਰਬੰਧ ਅਸਮਾਜਕ ਬੰਦਿਆਂ ਦੇ ਹੱਥ ਵਿਚ ਚਲੇ ਗਿਆ। ਅੱਜ ਪ੍ਰਤੱਖ ਵੇਖਿਆ ਜਾ ਸਕਦਾ ਹੈ ਕਿ, ਕਿਵੇਂ ਗੁਰਦਵਾਰਿਆਂ ਦੀਆਂ ਚੋਣਾਂ ਵਿਚ ਸ਼ਰਾਬ, ਪੈਸੇ, ਨਸ਼ਿਆਂ ਦੇ ਲਾਲਚ ਅਧੀਨ ਵੋਟਾਂ ਲਈਆਂ ਜਾਂਦੀਆਂ ਹਨ। ਅਜਿਹੇ ਢੰਗਾਂ ਨਾਲ ਜਿੱਤੇ ਬੰਦਿਆਂ ਨੇ ਗੁਰਦਵਾਰਿਆਂ ਦਾ ਕੀ ਸੁਧਾਰ ਕਰਨਾ ਹੈ?

ਅੱਜ ਫਿਰ ਸਿੱਖ ਅਜਿਹੇ ਹੀ ਇਕ ਮੋੜ ਤੇ ਖੜੇ ਹਨ, ਜਿਥੋਂ ਉਹ 1920 ਵੇਲੇ ਦੀਆਂ ਪਰਾਪਤੀਆਂ ਨੂੰ ਸੁਧਾਰ ਵੱਲ ਵੀ ਲਿਜਾ ਸਕਦੇ ਹਨ। ਅਤੇ ਨਾਕਾਮਯਾਬ ਰਹਿਣ ਦੀ ਸੂਰਤ ਵਿਚ, ਨਿਘਾਰ ਦਾ ਸਫਰ, ਅਪਣੀ ਆਖਰੀ ਮੰਜ਼ਿਲ ਤਕ ਪਹੁੰਚਣ ਦੀ ਵੀ ਬੜੀ ਪਰਬਲ ਸੰਭਾਵਨਾ ਹੈ। ਇਸ ਵੇਲੇ ਦੀ ਵਿਲੱਖਣਤਾ ਇਹ ਹੈ ਕਿ, ਇਸ ਸਮੇਂ ਦਾ ਘੌਲ, ਕਿਸੇ ਪਾਰਟੀ ਜਾਂ ਲੀਡਰ ਦੀ ਅਗਵਾਈ ਵਿਚ ਨਹੀਂ ਹੋਣ ਵਾਲਾ। ਸਿੱਖਾਂ ਨੇ ਇਹ ਘੋਲ ਆਪਣੇ ਬਲ-ਬੂਤੇ ਤੇ ਲੜਨਾ ਹੈ, ਜਿਸ ਵਿਚ ਵੱਡਾ ਯੋਗ-ਦਾਨ ਆਪਸੀ ਸਾਂਝ, ਸੁਹਿਰਦਤਾ ਅਤੇ ਈਮਾਨਦਾਰੀ ਦਾ ਹੋਣਾ ਹੈ।

ਇਕ ਪਾਸੇ ਬਾਦਲ ਧਿਰ ਹੈ, ਜਿਸ ਦੇ ਨਾਲ ਸਿੱਖੀ ਨੂੰ ਡੋਬਣ ਦੇ ਚਾਹਵਾਨ, ਸੰਤ-ਯੂਨੀਅਨ ਅਤੇ ਆਰ. ਐਸ. ਐਸ. (ਰਾਸ਼ਟਰੀ ਸਿੱਖ ਸੰਗਤ) ਹੈ। ਦੂਸਰੇ ਪਾਸੇ ਅਕਾਲੀ ਦਲਾਂ ਦੇ ਨਾਮ ਤੇ ਉਹ ਟੋਲੇ ਹਨ, ਜਿਨ੍ਹਾਂ ਦਾ ਆਪਣਾ ਨਾ ਕੋਈ ਏਜੈਂਡਾ ਹੈ, ਨਾ ਹੀ ਕੋਈ ਵਜੂਦ ਹੈ। ਹਰ ਕੋਈ ਗੁਰਦਵਾਰਿਆਂ ਦੀਆਂ ਗੋਲਕਾਂ ਵਿਚਲੀ ਲੁੱਟ ਦੀ ਭਾਈਵਾਲੀ ਦਾ ਚਾਹਵਾਨ ਹੈ। ਭਾਵੇਂ ਉਹ ਭਾਈਵਾਲੀ ਬਾਦਲ ਨਾਲ ਸਿੱਧਾ ਸਮਝੌਤਾ ਕਰ ਕੇ ਹੋ ਜਾਵੇ, ਭਾਵੇਂ ਅੰਦਰ-ਖਾਤੇ ਸਮਝੌਤਾ ਕਰ ਕੇ ਹੋ ਜਾਵੇ। ਇਕ-ਅੱਧ ਮਿੱਨੀ ਪਾਰਟੀ ਅਜਿਹੀ ਵੀ ਹੈ, ਜਿਸ ਨੂੰ ਸ਼ਾਇਦ ਗੋਲਕ ਦੀ ਲੁੱਟ ਦੇ ਮਾਲ ਦੀ ਚਾਹ ਨਾ ਹੋਵੇ, ਪਰ ਉਸ ਦਾ ਦੂਸਰਿਆਂ ਨਾਲੋਂ, ਵੱਖ ਰਹਿਣ ਦਾ ਫੈਸਲਾ ਹੀ ਬਾਦਲ ਨੂੰ ਫਾਇਦਾ ਪਹੁੰਚਾਵੇਗਾ।

ਅਜਿਹੀ ਹਾਲਤ ਵਿਚ ਸ਼ਰੋਮਣੀ ਕਮੇਟੀ ਦੀ ਹਰ ਸੀਟ ਦੀ ਕਮਾਨ ਉਸ ਹਲਕੇ ਵਾਲੇ, ਗੈਰ ਸਿਆਸੀ ਧਾਰਮਿਕ ਲੋਕਾਂ ਨੂੰ ਹੀ ਸੰਭਾਲਣੀ ਪਵੇਗੀ। ਇਸ ਵਿਚ ਕਾਂਗਰਸ ਨਾਲ ਸਬੰਧਤ ਲੋਕਾਂ ਨੂੰ ਵੀ ਆਪਣਾ ਧਾਰਮਿਕ ਫਰਜ਼ ਪਛਾਨਣ ਦੀ ਲੋੜ ਹੈ। ਇਸ ਤਰ੍ਹਾਂ ਉਨ੍ਹਾਂ ਦਾ ਇਕ ਮਹੀਨੇ ਲਈ ਘਰੇਲੂ ਕੰਮ ਦਾ ਨੁਕਸਾਨ ਤਾਂ ਹੋਵੇਗਾ, ਪਰ ਜੇ ਉਹ ਅਜਿਹਾ ਕਰ ਲੈਂਦੇ ਹਨ ਇਹ ਸਿੱਖੀ ਦੀ, ਬਾਬੇ ਨਾਨਕ ਦੇ ਫਲਸਫੇ ਦੀ ਜਿੱਤ ਹੋ ਨਿਬੜੇਗੀ। ਥੋੜਾ ਜਿਹਾ ਹਉਮੈ ਦਾ ਤਿਆਗ ਕਰ ਕੇ, ਜਿਨ੍ਹਾਂ ਲੋਕਾਂ ਨੇ ਨਾਮਜ਼ਦਗੀ ਦੇ ਪਰਚੇ ਭਰੇ ਹੋਏ ਹਨ, ਉਨ੍ਹਾਂ ਵਿਚੋਂ ਕਿਸੇ ਇਕ ਯੋਗ ਵਿਅਕਤੀ ਨੂੰ ਹੀ ਜਿਤਾਉਣ ਦਾ ਸੰਕਲਪ ਕਰਦੇ ਹੋਏ, ਦੂਸਰਿਆਂ ਨੂੰ ਬੈਠਣ ਲਈ ਪਰੇਰੋ। ਜੇ ਕਿਸੇ ਚਲਾਕੀ ਹੇਰਾ-ਫੇਰੀ ਤੋਂ ਰਹਿਤ ਹੋ ਕੇ ਇਹ ਫੈਸਲਾ ਕੀਤਾ ਜਾਵੇਗਾ ਤਾਂ ਜ਼ਰੂਰ ਕਾਮਯਾਬੀ ਮਿਲੇਗੀ। ਦੂਸਰੇ ਹਲਕੇ ਵਾਲਿਆਂ ਨਾਲ ਸਹਿਯੋਗ ਕਰ ਕੇ ਉਨ੍ਹਾਂ ਦੀ ਮਦਦ ਕੀਤੀ ਵੀ ਜਾ ਸਕਦੀ ਹੈ, ਮਦਦ ਲਈ ਵੀ ਜਾ ਸਕਦੀ ਹੈ।

ਇਸ ਘੋਲ ਵਿਚੋਂ ਹੀ ਨਵੇਂ ਲੀਡਰ ਪੈਦਾ ਹੋਣਗੇ, ਜੋ ਅੱਗੇ ਚਲ ਕੇ ਪੰਥ ਦੀ ਹਾਲਤ ਸੁਧਾਰ ਸਕਣਗੇ। ਇਸ ਘੋਲ ਵਿਚ ਹੀ ਬਹੁਤ ਸਾਰੇ ਉਹ ਬੰਦੇ ਨੰਗੇ ਵੀ ਹੋਣਗੇ, ਜੋ ਅੰਦਰ ਖਾਤੇ ਬਾਦਲ ਦਲ ਦੀ ਮਦਦ ਕਰ ਹਰੇ ਹੋਣਗੇ, ਉਨ੍ਹਾਂ ਤੋਂ ਹਮੇਸ਼ਾ ਲਈ ਸਾਵਧਾਨ ਰਹਣ ਦੀ ਲੋੜ ਹੈ।

ਗੁਰੂ ਮੇਹਰ ਕਰੇਗਾ, ਤੁਹਾਡੀ ਮੇਹਨਤ ਨੂੰ ਫਲ ਲਗੇਗਾ।

ਅਮਰਜੀਤ ਸਿੰਘ ਚੰਦੀ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top