Share on Facebook

Main News Page

ਦਿੱਲੀ ਕਮੇਟੀ ਪੁਜਾਰੀਆਂ ਸਾਹਮਣੇ ਤਾਂ ਬਹੁਤ ਜਵਾਬਦੇਹ ਹੈ, ਗੁਰਮਤਿ ਪ੍ਰਤੀ ਕਦੋਂ ਜਵਾਬਦੇਹ ਬਣੇਗੀ?

ਕਿਸੇ ਵੀ ਸੰਸਥਾ ਦੇ ਸੁਚਾਰੂ ਰੂਪ ਵਿਚ ਚਲਣ ਲਈ ‘ਜਵਾਬਦੇਹੀ’ ਇਕ ਵੱਡਾ ਗੁਣ ਹੈ। ਸਾਂਝੇ ਧਾਰਮਿਕ ਅਦਾਰਿਆਂ ਦੇ ਪ੍ਰਬੰਧਕਾਂ ਲਈ ਤਾਂ ਇਸ ਦੀ ਜ਼ਰੂਰਤ ਹੋਰ ਵੀ ਜ਼ਿਆਦਾ ਹੈ। ਗੁਰਮਤਿ ਵੀ ਜਵਾਬਦੇਹੀ ਦੀ ਹਾਮੀ ਭਰਦੀ ਹੈ, ਇਸ ਲਈ ਸਿੱਖ ਅਦਾਰਿਆਂ ਦੇ ਪ੍ਰਬੰਧਕਾਂ ਲਈ ਤਾਂ ਇਹ ਲਾਜ਼ਮੀ ਹੋਣੀ ਚਾਹੀਦੀ ਹੈ। ਪਰ ਅਫਸੋਸ! ਸਿੱਖ ਗੁਰਦੁਆਰਾ ਪ੍ਰਬੰਧਕਾਂ ਵਿਚ ਇਸ ਦੀ ਮੁਕੰਮਲ ਘਾਟ ਹੈ। ਸਿੱਖ ਅਦਾਰਿਆਂ ਦੇ ਪ੍ਰਬੰਧਕਾਂ ਵਿਚ ਦੋ ਵੱਡੇ ਨਾਂ ਸ਼੍ਰੋਮਣੀ ਕਮੇਟੀ ਅਤੇ ਦਿਲੀ ਕਮੇਟੀ ਹਨ। ਸ਼੍ਰੋਮਣੀ ਕਮੇਟੀ ’ਤੇ ਕਾਬਜ਼ ਮੌਜੂਦਾ ਧੜੇ ਬਾਰੇ ਸ਼ਾਇਦ ਹੀ ਕਿਸੇ ਸੁਚੇਤ ਸਿੱਖ ਨੂੰ ਇਸ ਬਾਰੇ ਭੁਲੇਖਾ ਹੋਵੇ ਕਿ ਉਹ ਪੰਥ ਪ੍ਰਸਤ ਦੀ ਥਾਂ ਪੰਥ-ਦੋਖੀ ਵਜੋਂ ਵਿਚਰ ਰਹੇ ਹਨ। ਦਿੱਲੀ ਕਮੇਟੀ, ਸ਼੍ਰੋਮਣੀ ਕਮੇਟੀ ਦੇ ਮੁਕਾਬਲੇ ਥੋੜੀ ਠੀਕ ਮੰਨੀ ਜਾਂਦੀ ਹੈ।

ਇਸ ਵਿਚ ਵੀ ਕੋਈ ਦੋ-ਰਾਇ ਨਹੀਂ ਕਿ ਦਿਲੀ ਕਮੇਟੀ ਦਾ ਵੀ ਇਹੀ ਨਿਸ਼ਾਨਾ ਹੈ ਕਿ ਕਿਸੇ ਤਰ੍ਹਾਂ ਕਬਜ਼ਾ ਬਣਿਆ ਰਹੇ। ਇਸ ਮਕਸਦ ਲਈ ਇਸ ਦੇ ਆਗੂ ਹਮੇਸ਼ਾਂ ਜੋੜ-ਤੋੜ ਵਿਚ ਹੀ ਲਗੇ ਰਹਿੰਦੇ। ਅੱਜ ਦੇ ਸਮੇਂ ਦੇ ਰਾਜਨੀਤਕਾਂ ਵਿਚਲੇ ਜ਼ਿਆਦਾਤਰ ਅਵਗੁਣ ਉਨ੍ਹਾਂ ਵਿਚ ਵੀ ਹਨ। ਉਸ ਨੂੰ ਸੰਗਤ ਤੋਂ ਸਸਤੀ ਸ਼ੋਹਰਤ ਪ੍ਰਾਪਤ ਕਰਨ ਵਾਲੇ ਕੰਮ ਬਹੁਤ ਭਾਉਂਦੇ ਹਨ। ਮਿਸਾਲ ਲਈ ਸੋਨੇ ਦੀ ਪਾਲਕੀ ਦਾ ਪਾਕਿਸਤਾਨ ਲਿਜਾਣਾ। ਪ੍ਰੋ. ਦਰਸ਼ਨ ਸਿੰਘ ਜੀ ਖਿਲਾਫ ਪੁਜਾਰੀਆਂ ਵਲੋਂ ਜਾਰੀ ਕੀਤੇ ਗਏ ‘ਕੂੜਨਾਮੇ’ ਤੋਂ ਬਾਅਦ ਦਿਲੀ ਕਮੇਟੀ ਨੇ ਇਕ ‘ਸਿੱਖ ਕਾਨਫਰਾਂਸ’ ਦਾ ਐਲਾਨ ਕੀਤਾ ਤਾਂ ਜਾਗਰੂਕ ਪੰਥ ਨੂੰ ਕੁਝ ਆਸ ਪੈਦਾ ਹੋਈ। ਪਰ ਐਲਾਨ ਦੇ ਨਾਲ-ਨਾਲ ਹੀ ਇਨ੍ਹਾਂ ਨੇ ਆਮ ਰਾਜਨੀਤਕਾਂ ਵਾਂਗੂ ਆਪਣੇ ਨਫੇ-ਨੁਕਸਾਨ ਦਾ ਹਿਸਾਬ ਲਾਉਣਾ ਸ਼ੁਰੂ ਕਰ ਦਿੱਤਾ। ਨਤੀਜਤਨ ਪੰਥਕ ਕਾਨਫਰੰਸ ਦੇ ਨਾਂ ਤੋਂ ਸ਼ੁਰੂ ਹੋਈ ਇਹ ਸਰਗਰਮੀ ‘ਪੁਜਾਰੀਆਂ ਦੀ ਕਾਨਫਰੰਸ’ ਬਣ ਕੇ ਰਹਿ ਗਈ ਅਤੇ ‘ਫਲਾਪ ਸ਼ੋ’ ਸਾਬਿਤ ਹੋਈ।

ਦਿੱਲੀ ਕਮੇਟੀ ਦੇ ਲਗਭਗ ਸਾਰੇ ਮੁੱਖ ਆਗੂ ਜਥੇਦਾਰਾਂ ਦੇ ਨਾਂ ’ਤੇ ਬੈਠੇ ਪੁਜਾਰੀਆਂ ਅੱਗੇ ਬਹੁਤ ਜਵਾਬਦੇਹ ਹਨ। ਸਰਨਾ ਭਰਾਵਾਂ ਨੂੰ ਅਕਾਲੀ ਦਲ ਬਾਦਲ ਦੇ ਵਿਰੋਧੀ ਮੰਨਿਆ ਜਾਂਦਾ ਹੈ। ਪੁਜਾਰੀਆਂ (ਅਖੌਤੀ ਜਥੇਦਾਰਾਂ) ਦੀ ਡੋਰ ਬਾਦਲ ਦੇ ਹੱਥ ਹੈ, ਸਭ ਜਾਣਦੇ ਹਨ। ਸੋ ਇਹ ਪੁਜਾਰੀ ਕਿਸੇ ਨਾ ਕਿਸੇ ਬਹਾਨੇ ‘ਸਰਨਾ ਭਰਾਵਾਂ’ (ਦਿੱਲੀ ਕਮੇਟੀ ਦੇ ਆਗੂਆਂ) ਨੂੰ ਆਪਣੀ ਕਚਹਿਰੀ ਵਿਚ ਬੁਲਾਉਂਦੇ ਹੀ ਰਹਿੰਦੇ ਹਨ। ਪੁਜਾਰੀਆਂ ਦੇ ਐਸੇ ‘ਬੁਲਾਵਿਆਂ’ ’ਤੇ ਇਹ ਆਗੂ ‘ਨਿਮਾਣੇ ਸਿੱਖ’ ਬਣ ਕੇ ਪੇਸ਼ ਹੋ ਜਾਂਦੇ ਹਨ ਅਤੇ ਉਨ੍ਹਾਂ ਪੁਜਾਰੀਆਂ ਨੂੰ ਮਾਨਤਾ ਦੇਣ ਦਾ ਗੁਨਾਹ ਕਰਦੇ ਹਨ। ਇਨ੍ਹਾਂ ਨੂੰ ਇਹੀ ਡਰ ਸਤਾਈ ਜਾਂਦਾ ਹੈ ਕਿ ਐਸੇ ਬੁਲਾਵਿਆਂ ਦਾ ਬਾਈਕਾਟ ਕਰਨ ’ਤੇ ਵਿਰੋਧੀ ਧਿਰ ਸੰਗਤਾਂ ਵਿਚ ਇਨ੍ਹਾਂ ਨੂੰ ‘ਅਕਾਲ ਤਖਤ ਦੇ ਦੋਖੀ’ ਹੀ ਨਾ ਪ੍ਰਚਾਰ ਦੇਣ। ਇੱਥੇ ਇਨ੍ਹਾਂ ਦੇ ਨਿਮਾਣੇਪਨ ਪਿੱਛੇ ਰਾਜਨੀਤਕ ਸਵਾਰਥ ਹੀ ਮੁੱਖ ਹੁੰਦਾ ਹੈ। ਸੋ ਕਿਹਾ ਜਾ ਸਕਦਾ ਹੈ ਕਿ ਮੌਜੂਦਾ ਦਿਲੀ ਕਮੇਟੀ ਆਗੂ ‘ਪੁਜਾਰੀਆਂ’ ਪ੍ਰਤੀ ਪੂਰੀ ਤਰ੍ਹਾਂ ਜਵਾਬਦੇਹ ਹਨ।

ਇਕ ਸੱਚੇ ਸਿੱਖ ਆਗੂ ਲਈ ਸਭ ਤੋਂ ਵੱਧ ਜ਼ਰੂਰੀ ਗੁਣ ਗੁਰਮਤਿ ਨੂੰ ਜਵਾਬਦੇਹ ਹੋਣਾ ਹੈ। ਪਰ ਐਸਾ ਆਗੂ ਅੱਜ ਕਲ ਸ਼ਾਇਦ ਕੋਈ ਨਹੀਂ ਹੈ। ਦਿਲੀ ਕਮੇਟੀ ਵੀ ਇਸ ਕਸਵੱਟੀ ’ਤੇ ਫਾਡੀ ਹੀ ਸਾਬਿਤ ਹੁੰਦੀ ਹੈ। ਕੰਚਨ ਸਿਉ ਪਾਈਐ ਨਹੀ ਤੋਲਿ॥ ਮਨੁ ਦੇ ਰਾਮੁ ਲੀਆ ਹੈ ਮੋਲਿ ॥1॥ (ਪੰਨਾ 327) ਜਿਹੀਆਂ ਗੁਰਮਤਿ ਸੇਧਾਂ ਨੂੰ ਅੱਖੋਂ-ਪਰੋਖੇ ਕਰ ਕੇ ‘ਸੋਨੇ ਦੀ ਪਾਲਕੀ’ ਜਿਹੇ ਪ੍ਰਪੰਚ ਇਸ ਦੀ ਪੁੱਖਤਾ ਮਿਸਾਲ ਹਨ। ‘ਬੰਗਲਾ ਸਾਹਿਬ’ ਅਤੇ ਦਿਲੀ ਦੇ ਹੋਰ ਇਤਿਹਾਸਕ ਗੁਰਵਾਰਿਆਂ ਵਿਚ ‘ਪੁਜਾਰੀਆਂ’ ਵਲੋਂ ਅੰਧ-ਵਿਸ਼ਵਾਸ ਦਾ ਜਾਲ ਫੈਲਾਇਆ ਹੋਇਆ ਹੈ। ਲਛਮਨ ਚੇਲਾ ਰਾਮ ਵਲੋਂ ‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਦੇ ਸਰੂਪਾਂ ਦੀ ਬੇਅਦਬੀ ਦੇ ਤਾਰ, ਥੋੜੇ ਜਾਂ ਬਹੁਤ, ਦਿਲੀ ਕਮੇਟੀ ਨਾਲ ਵੀ ਜੁੜਦੇ ਹਨ। ਐਸੀਆਂ ਅਨੇਕਾਂ ਹੋਰ ਮਿਸਾਲਾਂ ਵੀ ਹਨ।

ਧਰਮ ਪ੍ਰਚਾਰ ਕਮੇਟੀ ਦਿੱਲੀ ਦੇ ਚੈਅਰਮੈਨ ਇਸ ਵੇਲੇ ਤਰਸੇਮ ਸਿੰਘ ਜੀ ਹਨ। ਤਰਸੇਮ ਸਿੰਘ ਜੀ ਜਾਗਰੂਕ ਪੰਥ ਦੀ ਇਕ ਜਾਣੀ ਪਹਿਚਾਣੀ ਸ਼ਖਸੀਅਤ ਹਨ। ਇਸ ਲਈ ਆਸ ਕੀਤੀ ਜਾਂਦੀ ਹੈ ਕਿ ਦਿਲੀ ਕਮੇਟੀ ਦੇ ਧਾਰਮਿਕ ਪ੍ਰੋਗਰਾਮਾਂ ਵਿਚ ਗੁਰਮਤਿ ਦਾ ਅੰਸ਼ ਭਾਰੂ ਹੋਵੇਗਾ। ਪਰ ਇਹ ਵੀ ਸ਼ਾਇਦ ਇਕ ਭੁਲੇਖਾ ਮਾਤਰ ਹੀ ਹੈ। ਇਸ ਦੀ ਜਿੰਦਾ ਮਿਸਾਲ ਦਿਲੀ ਕਮੇਟੀ ਵਲੋਂ 22-23 ਜੁਲਾਈ ਨੂੰ ਅੱਠਵੇਂ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਵੇਲੇ ਕੀਤੇ ਸਮਾਗਮ ਹਨ। ਇਨ੍ਹਾਂ ਸਮਾਗਮਾਂ ਵਿਚ ਜਾਗਰੂਕ ਪੰਥ ਵਲੋਂ ‘ਬਲੈਕ-ਲਿਸਟ’ ਕੀਤੇ ‘ਰਾਗੀ’ ਪ੍ਰਮੁੱਖਤਾ ਨਾਲ ਬੁਲਾਏ ਗਏ। ਇਨ੍ਹਾਂ ਵਿਚ ਮੁੱਖ ਹਨ, ਗੁਰਇਕਬਾਲ ਸਿੰਘ ਮਾਤਾ ਕੌਲਾਂ, ਚਮਨਪ੍ਰੀਤ ਸਿੰਘ ਲਾਲ, ਮਨਪ੍ਰੀਤ ਸਿੰਘ ਕਾਨਪੁਰੀ। ਗੁਰਇਕਬਾਲ ਸਿੰਘ ਜੀ ਬਾਰੇ ਹਰ ਸੁਚੇਤ ਸਿੱਖ ਜਾਣਦਾ ਹੈ ਕਿ ਉਹ ਭੋਲੀ ਭਾਲੀ ਲੁਕਾਈ ਨੂੰ ਵਹਿਮਾਂ ਭਰਮਾਂ ਵਿਚ ਫਸਾ ਕੇ ਆਪਣਾ ਡੇਰਾ ਚਲਾ ਰਿਹਾ ਹੈ। ਚਮਨਪ੍ਰੀਤ ਸਿੰਘ ਲਾਲ ਦਾ ਬ੍ਰਾਹਮਣੀ ਰੀਤਾਂ ਨਾਲ ਪਿਆਰ ਕਿਸੇ ਤੋਂ ਛੁਪਿਆ ਨਹੀਂ ਹੈ। ਐਸੀਆਂ ਮਿਲਗੋਭਾ ਸਟੇਜਾਂ ਤੋਂ ਉਸ ਦੇ ਕੀਰਤਨ ਦੀਆਂ ਤਸਵੀਰਾਂ ਅਤੇ ਵੀਡੀਉ ਇੰਟਰਨੈਟ ’ਤੇ ਆਮ ਵੇਖੇ ਜਾ ਸਕਦੇ ਹਨ। ਉੱਧਰ ਮਨਪ੍ਰੀਤ ਸਿੰਘ ਜੀ ਕਾਨਪੁਰੀ ਦੇ ‘ਦਸਮ ਗ੍ਰੰਥ’ ਪ੍ਰਤੀ ਪਿਆਰ ਤੋਂ ਬਹੁਤੇ ਸਿੱਖ ਵਾਕਿਫ ਹਨ। ਐਸੇ ਰਾਗੀਆਂ ਨੂੰ ਆਪਣੇ ਸਮਾਗਮਾਂ ਵਿਚ ਬੁਲਾ ਕੇ ਗਲਤ ਸੰਦੇਸ਼ ਹੀ ਦਿੱਤਾ ਗਿਆ ਹੈ। ਤਰਸੇਮ ਸਿੰਘ ਜੀ ਦੇ ਧਰਮ ਪ੍ਰਚਾਰ ਕਮੇਟੀ ਦੇ ਪ੍ਰਧਾਨ ਹੁੰਦੇ ਹੋਏ, ਐਸਾ ਹੋਣਾ ਬਹੁਤ ਅਫਸੋਸਜਨਕ ਹੈ।

ਐਸੀ ਪਹੁੰਚ ਦਰਸਾਉਂਦੀ ਹੈ ਕਿ ਦਿਲੀ ਕਮੇਟੀ ਦੇ ਮੌਜੂਦਾ ਆਗੂ ਰਾਜਨੀਤਕ ਸਵਾਰਥਾਂ ਕਾਰਨ ‘ਪੁਜਾਰੀਆਂ’ ਪ੍ਰਤੀ ਤਾਂ ਪੂਰਨ ਰੂਪ ਵਿਚ ਜਵਾਬਦੇਹ ਹਨ, ਪਰ ‘ਗੁਰਮਤਿ’ ਪ੍ਰਤੀ ਜਵਾਬਦੇਹੀ ਦੀ ਬੇਹਦ ਘਾਟ ਹੈ।

ਨਿਸ਼ਕਾਮ ਨਿਮਰਤਾ ਸਹਿਤ

ਤੱਤ ਗੁਰਮਤਿ ਪਰਿਵਾਰ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top