Share on Facebook

Main News Page

ਸਿੱਖ ਸੰਸਥਾਵਾਂ ‘ਗਦਰੀ ਸਿੱਖ ਬਾਬੇ ਸ਼ਤਾਬਾਦੀ’ ਮਨਾਉਣ ਲਈ ਕਮਰਕੱਸੇ ਕਰਨ: ਗਿਆਨੀ ਜਾਚਕ

ਬਠਿੰਡਾ, 15 ਅਗਸਤ (ਕਿਰਪਾਲ ਸਿੰਘ): ਦੇਸ਼-ਵਿਦੇਸ਼ ਦੀਆਂ ਸਿੱਖ ਸੰਸਥਾਵਾਂ ਸਾਹਮਣੇ ਇਸ ਵੇਲੇ ਮੁੱਖ ਚੁਨੌਤੀ ਤਾਂ ਭਾਵੇਂ ਸ਼੍ਰੋਮਣੀ ਕਮੇਟੀ ਨੂੰ ਬਿਪਰਵਾਦੀ ਡੇਰੇਦਾਰਾਂ ਦੇ ਚੁੰਗਲ ਵਿੱਚ ਫਸਣ ਤੋਂ ਬਚਾਉਣ ਦੀ ਹੈ; ਕਿਉਂਕਿ, ਸੱਤਾਧਾਰੀ ਪਾਰਟੀ ਨੇ ਪੰਜਾਬ ਦੇ ਰਾਜਨੀਤਕ ਤੇ ਧਾਰਮਿਕ ਮੰਚ ’ਤੇ ਆਪਣਾ ਕਬਜ਼ਾ ਜਮਾਈ ਰਖਣ ਲਈ ਡੇਰੇਦਾਰਾਂ ਨਾਲ ਇੱਕ ਗੈਰ ਸਿਧਾਂਤਕ ਸਮਝੌਤਾ ਕਰਦਿਆਂ ਸ਼੍ਰੋਮਣੀ ਕਮੇਟੀ ਦੀਆਂ 30 ਸੀਟਾਂ ਡੇਰੇਦਾਰ ਮਹੰਤਾਂ ਨੂੰ ਦੇ ਛੱਡੀਆਂ ਹਨ। ਪਰ, ਉਸ ਦੇ ਨਾਲ ਨਾਲ ਬਹੁਤ ਲਾਜ਼ਮੀ ਹੈ, ਕਿ ਅਗਲੇ ਵਰ੍ਹੇ ਅੰਤਰਾਸ਼ਟਰੀ ਪੱਧਰ ’ਤੇ ‘ਗਦਰੀ ਸਿੱਖ ਬਾਬੇ ਸ਼ਤਾਬਦੀ ਸਮਾਰੋਹ ਕਰਕੇ ਭਾਰਤ ਨੂੰ ਅਜ਼ਾਦ ਕਰਵਾਉਣ ਲਈ ਗਦਰੀ ਸਿੱਖ ਬਾਬਿਆਂ ਦੇ ਅਹਿਮ ਯੋਗਦਾਨ ਤੋਂ ਲੋਕਾਂ ਨੂੰ ਜਾਣੂ ਕਰਾਉਂਦਿਆਂ ਸਿੱਖ ਨੌਜਵਾਨਾਂ ਨੂੰ ਆਪਣੀ ਕੌਮੀ ਅਜ਼ਾਦੀ ਦੇ ਲੋਕਰਾਜੀ ਸਘੰਰਸ਼ ਲਈ ਤਿਆਰ ਕਰਨ ਲਈ ਹੁਣ ਤੋਂ ਕਮਰਕੱਸੇ ਕਰਕੇ ਪ੍ਰੋਗਰਾਮਾਂ ਦੀ ਵਿਉਂਤਬੰਦੀ ਸ਼ੁਰੂ ਕਰ ਦੇਣ। ਇਹ ਸ਼ਬਦ ਅੰਤਰਾਸ਼ਟਰੀ ਸਿੱਖ ਪ੍ਰਚਾਰਕ ਗਿਆਨੀ ਜਗਤਾਰ ਸਿੰਘ ਜਾਚਕ ਨੇ ਨਿਊਯਾਰਕ ਤੋਂ ਈਮੇਲ ਰਾਹੀਂ ਭੇਜੇ ਇੱਕ ਪ੍ਰੈਸ ਨੋਟ ਵਿੱਚ ਕਹੇ।

ਉਨ੍ਹਾਂ ਕਿਹਾ ਕਿ ਵੱਡੀ ਸੰਭਾਵਨਾ ਹੈ ਕਿ ਭਾਰਤ ਸਰਕਾਰ 1912-13 ਦਾ ਅਗਲਾ ਸਾਲ ‘ਗਦਰ ਪਾਰਟੀ ਸਥਾਪਨਾ ਸ਼ਤਾਬਦੀ’ ਨੂੰ ਸਮਰਪਤ ਕਰੇ ਅਤੇ ਗਦਰ ਤੋਂ ਗਦਾਰੀ ਤੱਕ ਦਾ ਸਫਰ ਕਰਨ ਵਾਲੇ ਲਾਲਾ ਹਰਦਿਆਲ ਨੂੰ ਉਸ ਦਾ ਮੋਢੀ ਸਥਾਪਤ ਕਰਕੇ ਗਦਰੀ ਸਿੱਖ ਬਾਬਿਆਂ ਦੇ 98 ਫੀਸਦੀ ਅਹਿਮ ਰੋਲ ਨੂੰ ਰੋਲਣ ਦਾ ਯਤਨ ਕਰੇ। ਜਦੋਂ ਕਿ ਗਦਰ ਲਹਿਰ ਦੇ ਪਹਿਲੇ ਸਾਜਿਸ਼ ਕੇਸ ਮੁਤਾਬਿਕ ਇਤਿਹਾਸਕ ਸੱਚ ਤਾਂ ਇਹ ਹੈ ਕਿ ਇਸ ਲਹਿਰ ਦਾ ਮੋਢੀ ਭਾਈ ਭਗਵਾਨ ਸਿੰਘ ਹੈ, ਜਿਸ ਨੇ ਭਾਰਤੀ ਭਾਈਚਾਰੇ ਨੁੰ ਅਜ਼ਾਦੀ ਦੀ ਲੜਾਈ ਲੜਣ ਵਾਸਤੇ ਤਿਆਰ ਕਰਨ ਲਈ 1912 ਦੇ ਅਖੀਰ ਵਿੱਚ ਵੈਨਕੂਵਰ ਵਿੱਖੇ ਲੈਕਚਰਾਂ ਦੀ ਲੜੀ ਸ਼ੁਰੂ ਕੀਤੀ; ਜਿਸ ਦੇ ਸਿੱਟੇ ਵਜੋਂ ਉਨ੍ਹਾਂ ਨੂੰ ਕਨੇਡਾ ਦੀ ਸਰਕਾਰ ਵੱਲੋਂ ਜਲਾਵਤਨ ਕੀਤਾ ਗਿਆ।

ਵੈਨਕੂਵਰ ਤੇ ਕੈਲੇਫੋਰਨੀਆਂ ਦੇ ਗੁਰਦੁਆਰੇ ਗਦਰੀ ਲਹਰਿ ਦਾ ਕੇਂਦਰ ਬਣੇ ਰਹੇ। ਰਾਜਿੰਦਰ ਸਿੰਘ ਰਾਹੀ ਦੀ ਖੋਜੀ ਨਿਸ਼ਾਨਦੇਈ ਮੁਤਾਬਿਕ 25 ਗ੍ਰੰਥੀ ਸਿੰਘਾਂ ਉਪਰ ਬਗਾਵਤੀ ਕੇਸ ਬਣੇ ਤੇ ਉਨ੍ਹਾਂ ਨੇ ਸਜਾਵਾਂ ਕੱਟੀਆਂ। ਗਦਰ ਪਾਰਟੀ ਦੇ 90 ਫੀਸਦੀ ਮੈਂਬਰ ਪੰਜਾਬੀ ਸਿੱਖ ਸਨ। ਜਿਵੇਂ ਸ੍ਰ: ਹਰਨਾਮ ਸਿੰਘ ਟੁੰਡੀਲਾਟ, ਸੰਤ ਵਸਾਖਾ ਸਿੰਘ ਦਦੇਹਰ, ਭਾਈ ਜਵਾਲਾ ਸਿੰਘ ਠੱਟੀਆਂ, ਭਾਈ ਕੇਸਰ ਸਿੰਘ ਠੱਠਗੜ, ਸ੍ਰ: ਸੋਹਣ ਸਿੰਘ ਭਕਨਾ, ਕਰਤਾਰ ਸਿੰਘ ਸਰਾਭਾ, ਬਾਬਾ ਗੁਰਮੁਖ ਸਿੰਘ ਲਲਤੋਂ, ਭਾਈ ਰਣਧੀਰ ਸਿੰਘ ਤੇ ਭਾਗ ਸਿੰਘ ਕਨੇਡੀਅਨ ਆਦਿਕ ਸੈਂਕੜੇ ਨਾਮ ਵਰਨਣ ਯੋਗ ਹਨ, ਜਿਨ੍ਹਾਂ ਨੇ ਭਾਰਤੀ ਅਜ਼ਾਦੀ ਲਈ ਫਾਂਸੀਆਂ ਦੇ ਰੱਸੇ ਚੁੰਮੇ, ਕਾਲੇ ਪਾਣੀ ਦੀਆਂ ਉਮਰਕੈਦਾਂ ਕੱਟੀਆਂ, ਆਪਣੀਆਂ ਜਾਇਦਾਦਾਂ ਕੁਰਕ ਕਰਾਈਆਂ ਤੇ ਹੋਰ ਤਸੀਹੇ ਸਹੇ।

ਦੇਸ਼-ਵਿਦੇਸ਼ ਦੀਆਂ ਸਿੱਖ ਸੰਸਥਾਵਾਂ ਨੂੰ ਚਾਹੀਦਾ ਹੈ ਕਿ ਉਹ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਪਤਰ ਲਿਖ ਕੇ ਜ਼ੋਰ ਦੇਣ ਕਿ ਉਹ ਰਾਸ਼ਟਰੀ ਪੱਧਰ ’ਤੇ ਗਦਰ ਪਾਰਟੀ ਸਥਾਪਨਾ ਸ਼ਤਾਬਦੀ ਸਾਂਝੇ ਤੌਰ ’ਤੇ ਜ਼ਰੂਰ ਮਨਾਉਣ। ਕਿਉਂਕਿ, ਇਸ ਪ੍ਰਕਾਰ ਵੀ ਸਾਨੂੰ ਕੁਝ ਨਾ ਕੁਝ ਲਾਭ ਹੋਣ ਦੀਆਂ ਸੰਭਾਵਨਾਵਾਂ ਦਿਸਦੀਆਂ ਹਨ। ਭਾਰਤ ਸਰਕਾਰ ਨਾਲ ਅਜਿਹਾ ਜ਼ੋਰਦਾਰ ਚਿੱਠੀ ਪਤਰ ਕਰਨ ਕਿ ਅਜ਼ਾਦੀ ਦੀ ਲੜਾਈ ਵਿੱਚ ਨਿਭਾਏ ਕੌਮੀ ਰੋਲ ਨੂੰ ਇਤਿਹਾਸਕ ਸ਼ਤਾਬਦੀ ਸਮਾਰੋਹਾਂ ਅਤੇ ਲਿਖੀਆਂ ਜਾਣ ਵਾਲੀਆਂ ਪੁਸਤਕਾਂ ਵਿੱਚ ਅਨਗੌਲਿਆਂ ਨਾ ਕੀਤਾ ਜਾ ਸਕੇ। ਭਾਰਤੀ ਏਅਰਪੋਟਾਂ, ਰੇਲਵੇ ਸ਼ਟੇਸ਼ਨਾਂ ਤੇ ਬਸ ਸਟੈਂਡਾਂ ਦੇ ਨਾਮ ਸਿੱਖ ਸ਼ਹੀਦਾਂ ਤੇ ਲੀਡਰਾਂ ਦੇ ਨਾਮ ’ਤੇ ਰੱਖੇ ਜਾਣ।

ਦੂਜੇ, ਉਹ ਇਕੱਠੇ ਹੋ ਕੇ ਆਪਣੇ ਬਲ-ਬੂਤੇ ਦਿੱਲੀ ਵਿੱਚ ‘ਗਦਰੀ ਸਿੱਖ ਬਾਬੇ ਸ਼ਤਾਬਦੀ’ ਸਮਾਰੋਹ ਦੇ ਨਾਮ ਹੇਠ ਇੱਕ ਸ਼ਾਨਦਾਰ ਅੰਤਰਾਸ਼ਟਰੀ ਸਮਾਗਮ ਕਰਕੇ ਆਪਣੇ ਬਜ਼ੁਰਗਾਂ ਦੇ ਰੋਲ ਨੂੰ ਉਭਾਰਨ ਤੇ ਸਰਕਾਰ ਪਾਸੋਂ ਉਨ੍ਹਾਂ ਦੀ ਵਿਸ਼ੇਸ਼ ਯਾਦਗਾਰਾਂ ਸਥਾਪਿਤ ਕਰਨ ਦੀ ਅਪੀਲ ਕਰਨ। ਇਸ ਵਿਸ਼ੇ ਉੱਪਰ ਅੰਗਰੇਜ਼ੀ, ਹਿੰਦੀ ਤੇ ਪੰਜਾਬੀ ਵਿੱਚ ਕਿਤਾਬਾਂ ਲਿਖਵਾ ਕੇ ਵੰਡਣ। ਸ਼੍ਰੋਮਣੀ ਕਮੇਟੀ ਤੇ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਇਸ ਕਾਰਜ ਵਿੱਚ ਅਹਿਮ ਰੋਲ ਅਦਾ ਕਰ ਸਕਦੀਆਂ ਹਨ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top