Share on Facebook

Main News Page

ਪੰਥਕ ਖਬਰ ਤਰਾਸ਼ੀ

ਖਬਰ:- ਪ੍ਰਧਾਨ ਮੰਤਰੀ ਤੋਂ ਕਰਤਾਰਪੁਰ ਸਾਹਿਬ ਜੀ ਦੇ ਲਾਂਘੇ ਦੀ ਮੰਗ: ਇਕ ਖਬਰ

ਟਿੱਪਣੀ:- ਬਾਬਾ ਨਾਨਕ ਜੀ ਦੇ ਇਤਿਹਾਸ ਨਾਲ ਜੁੜੇ ਸਥਾਨ ਲਈ ਪਿਆਰ ਇਕ ਹੱਦ ਤੱਕ ਤਾਂ ਠੀਕ ਦਾ ਮਹੱਤਵ ਤਾਂ ਹੈ, ਪਰ ਲੋੜ ਹੈ ਪਹਿਲਾਂ ਜਿਹੜੇ ‘ਗੁਰਦੁਆਰੇ’ ਸਾਡੇ ਪ੍ਰਬੰਧ ਹੇਠ ਹਨ, ਉਨ੍ਹਾਂ ਵਿਚ ਨਾਨਕ (ਫਲਸਫੇ) ਨੂੰ ਅੰਦਰ ਵਾੜ ਲਈਏ। ਅੱਜ ਦੀ ਹਾਲਤ ਇਹ ਹੈ ਕਿ ਅਸੀਂ ਨਾਨਕ (ਫਲਸਫੇ) ਨੂੰ ਬਾਹਰ ਕੱਢ ਕੇ ਪੁਜਾਰੀਵਾਦੀ ਕਰਮਕਾਂਡਾਂ ਨੂੰ ਅੰਦਰ ਵਾੜ ਲਿਆ ਹੈ।

ਦੂਜਾ ਪੱਖ, ਇਹ ਵੀ ਹੈ ਕਿ ਭਾਰਤ ਵਿਚਲੇ ਇਤਿਹਾਸਕ ਸਥਾਨਾਂ ਦੀ ‘ਇਤਿਹਾਸਕਤਾ’ ਤਾਂ ਕਾਰਸੇਵਾ ਵਾਲੇ ਅਖੌਤੀ ਬਾਬਿਆਂ ਨੇ ਸੋਨੇ ਅਤੇ ਸੰਗਮਰਮਰ ਲਗਾ ਕੇ ਮਿਟਾ ਛੱਡੀ ਹੈ, ਜੇ ਪਾਕਿਸਤਾਨ ਵਾਲਿਆਂ ਦੇ ਵਿਚ ਕੁਝ ਬਾਕੀ ਬਚੀ ਹੈ ਤਾਂ ਉਹ ਵੀ ਕਬਜ਼ੇ ਹੇਠ ਆਉਣ ਤੋਂ ਬਾਅਦ ਹੌਲੀ-ਹੌਲੀ ਮਿਟਾ ਦਿੱਤੀ ਜਾਵੇਗੀ।

ਖਬਰ:- ਸ਼੍ਰੋਮਣੀ ਕਮੇਟੀ ਖੋਜ ਕਾਰਜਾਂ ਲਈ ਵਿਦਿਆਰਥੀਆਂ ਨੂੰ ਭੇਜੇਗੀ ਨਿਉਜ਼ੀਲੈਂਡ

ਟਿੱਪਣੀ:- ਅੱਜ ਦੀ ਸ਼੍ਰੋਮਣੀ ਕਮੇਟੀ ਤਾਂ ਇਤਨੀ ਬਦਨਾਮ ਹੋ ਚੁੱਕੀ ਹੈ ਕਿ ਇਸ ਦੇ ਹਰ ਪ੍ਰਾਜੈਕਟ ਵਿਚੋਂ ਭ੍ਰਿਸ਼ਟਾਚਾਰ ਅਤੇ ਪੰਥ ਵਿਰੋਧ ਦੀ ਬੂ ਆਉਂਦੀ ਹੈ। ਇਸ ਪ੍ਰਾਜੈਕਟ ਵਿਚ ਵੀ ਹੋਰ ਪ੍ਰਾਜੈਕਟਾਂ ਵਾਂਗੂ ਭ੍ਰਿਸ਼ਟਾਚਾਰ, ਭਾਈ-ਭਤੀਜਾਵਾਦ ਹੀ ਭਾਰੂ ਰਹਿਣਾ ਹੈ।

ਖਬਰ:- ਹੇਮਕੁੰਟ ਨੂੰ ਪੰਜਵਾਂ ਧਾਮ ਐਲਾਣਿਆ ਜਾਵੇ: ਝੀਂਡਾ

ਟਿੱਪਣੀ:- ਝੀਂਡਾ ਜੀ! ਅਕਸਰ ਤੁਸੀਂ ਵੀ ਦਰਸਾ ਦਿੰਦੇ ਹੋ ਕੇ ਤੁਸੀਂ ਸਿਰਫ ਗੁਰਦੁਆਰਿਆਂ ਦੀ ਗੋਲਕਾਂ ਲਈ ਜਾਂ ਚੌਧਰ ਲਈ ਹੀ ‘ਵੱਖਰੀ ਕਮੇਟੀ’ ਦਾ ਰਾਗ ਅਲਾਪ ਰਹੇ ਹੋ, ਵੈਸੇ ਤੁਹਾਨੂੰ ਗੁਰਮਤਿ ਨਾਲ ਸ਼ਾਇਦ ਕੋਈ ਲੈਣਾ ਦੇਣਾ ਨਹੀਂ ਹੈ। ਅਖੌਤੀ ‘ਦਸਮ ਗ੍ਰੰਥ’ ਦੀਆਂ ਗਪੌੜਾਂ (ਮਿਥਿਹਾਸ) ਦੇ ਆਧਾਰ ’ਤੇ ਬਣਾਏ ‘ਹੇਮਕੁੰਡ’ ਨਾਂ ਦੇ ਸਥਾਨ ’ਤੇ ਅੰਨ੍ਹੀ ਸ਼ਰਧਾ ਹੇਠ ਜਾ ਕੇ ਲੱਖਾਂ ਸਿੱਖ ਹਰ ਸਾਲ ਧਨ ਅਤੇ ਸਮਾਂ ਬਰਬਾਦ ਕਰ ਰਹੇ ਹਨ। ਇਸ ਬਾਰੇ ਜਾਗ੍ਰਤੀ ਲਿਆਉਣਾ ਤਾਂ ਦੂਰ ਰਿਹਾ, ਉਲਟਾ ਤੁਸੀਂ ਉੱਥੋਂ ਦੀ ਸਰਕਾਰ ਵਲੋਂ ਹਿੰਦੂ ਮੱਤ ਦੇ ਚਾਰ ਧਾਮਾਂ ਦੀ ਤਰਜ਼ ’ਤੇ ‘ਪੰਜਵਾਂ ਧਾਮ’ ਐਲਾਨਣ ਦੀ ਸਲਾਹ ਦੇ ਰਹੇ ਹੋ। ਕੋਈ ਹੈਰਾਨੀ ਨਹੀਂ ਕਲ ਨੂੰ ਤੁਸੀਂ ਉਨ੍ਹਾਂ ਮੰਦਿਰਾਂ (ਧਾਮਾਂ) ਦੀ ਤਰਜ਼ ’ਤੇ ਬ੍ਰਾਹਮਣੀ ਕਰਮਕਾਂਡ ਸ਼ੁਰੂ ਕਰਨ ਦੀ ਸੁਰ ਵੀ ਅਲਾਪਣ ਲੱਗ ਪੈਣਾ ਹੈ।

ਖਬਰ:- ਅਕਾਲ ਤਖਤ ਦੇ ਜਥੇਦਾਰ ਸਰੂਪਾਂ ਬਾਰੇ ਸੱਚਾਈ ਸਾਹਮਣੇ ਲਿਆਉਣ: ਕਲਕੱਤਾ

ਟਿੱਪਣੀ:- ਕਲਕੱਤਾ ਜੀ! ਝੋਟਿਆਂ ਕੋਲੋਂ ਲੱਸੀ ਮੰਗਣ ਦਾ ਕੀ ਫਾਇਦਾ ? ਉਨ੍ਹਾਂ ‘ਪੁਜਾਰੀਆਂ’ ਦੀ ਕੀ ਔਕਾਤ ਉਹ ਅਪਣੇ ‘ਮਾਲਕਾਂ’ ਦੀਆਂ ਕਰਤੂਤਾਂ ਦਾ ਸੱਚ ਜਗਜ਼ਾਹਿਰ ਕਰ ਸਕਣ। ਪਤਾ ਤਾਂ ਤੁਹਾਨੂੰ ਵੀ ਸਾਰਾ ਕੁਝ ਹੀ ਹੈ, ਕਿਉਂਕਿ ਤੂਸੀ ਆਪ ਵੀ ਤਾਂ ਉਸ ਭ੍ਰਿਸ਼ਟ ਸਿਸਟਮ ਦਾ ਕਾਫੀ ਲੰਮਾ ਸਮਾਂ ਹਿੱਸਾ ਰਹੇ ਹੋ। ਸ਼੍ਰੋਮਣੀ ਕਮੇਟੀ ਵਲੋਂ ਪੁਜਾਰੀਆਂ ਦੀ ਚੜ੍ਹਤ ਅਤੇ ਸਿੱਖੀ ਦੇ ਘਾਣ ਦੀ ਚਾਲ ਤੇਜ਼ ਤਾਂ ਗੁਰਚਰਨ ਸਿੰਘ ਟੋਹੜਾ ਦੀ ਪ੍ਰਧਾਨਗੀ ਨਾਲ ਹੀ ਹੋ ਗਈ ਸੀ, ਉਸ ਦਾ ਆਪ ਜੀ ਵੀ ਬਾਖੂਬੀ ਹਿੱਸਾ ਰਹੇ ਹੋ। ਬਿਆਨ ਲਵਾਉਣ ਖਾਤਿਰ ਇਹ ਮੰਗ ਠੀਕ ਹੈ ਪਰ ਅਸਲ ਵਿਚ ਹੈ, ਬੇਲੋੜੀ। ਤੁਹਾਡੀ ਇਸ ਆਸ (ਕਿ ਪੁਜਾਰੀ ਸੱਚ ਸਾਹਮਣੇ ਲਿਆਉਣ ਦੀ ਹਿੰਮਤ ਰੱਖਦੇ ਹਨ) ਬਾਰੇ ਤਾਂ ਇਤਨਾ ਹੀ ਕਹਿਣਾ ਹੈ ਕਿ ‘ਗਾਲਿਬ ਮਨ ਬਹਲਾਨੇ ਕੋ ਯੇ ਖਿਆਲ ਅੱਛਾ ਹੈ’। ਤੁਹਾਡੀ ਇਸ ਮੰਗ ’ਤੇ ਗੁਰਬਾਣੀ ਦੀ ਇਹ ਤੁੱਕ ਪੂਰੀ ਢੁੱਕਦੀ ਹੈ:

ਫਰੀਦਾ ਲੋੜੈ ਦਾਖ ਬਿਜਉਰੀਆਂ ਕਿਕਰਿ ਬੀਜੈ ਜਟੁ ॥ (ਪੰਨਾ 1379)

ਇਹ ਪੁਜਾਰੀਵਾਦ ਆਪ ਜੀ ਦੇ ਸਹਿਯੋਗ ਨਾਲ ਟੌਹੜਾ ਦੌਰ ਵਿਚ ਬੀਜਿਆ ਕਿੱਕਰ ਹੈ, ਇਸ ਨੇ ਦਾਖਾਂ ਕਿੱਥੋਂ ਦੇਣੀਆਂ ਹਨ।

ਖਬਰ:- ਸਰੂਪਾਂ ਦੇ ਮਾਮਲੇ ਤੇ ਸਰਨਾ ਨੂੰ ਸਿਆਸਤ ਕਰਨ ਤੋਂ ਬਾਜ਼ ਆਉਣਾ ਚਾਹੀਦਾ ਹੈ: ਭੁਪਿੰਦਰ ਸਿੰਘ ਸਾਧੂ

ਟਿੱਪਣੀ:- ਸਾਧੂ ਜੀ! ਰਾਜਨੀਤਕ ਲੋਕਾਂ ਦਾ ਕੰਮ ਹੁੰਦਾ ਹੈ, ਵਿਰੋਧੀਆਂ ਦੀਆਂ ਗਲਤੀਆਂ ਨੂੰ ਉਭਾਰਨਾ। ਸਰਨਾ ਜੀ ਉਹੀ ਕਰ ਰਹੇ ਹਨ। ਐਸੇ ਵਿਰੋਧ ਦਾ ਫਾਇਦਾ ਇਹ ਹੁੰਦਾ ਹੈ ਕਿ ਵਿਰੋਧੀ ਧਿਰ ਦੀ ਆਲੋਚਨਾ ਦੇ ਡਰੋਂ ਗਲਤ ਕੰਮ ਨਹੀਂ ਕਰਦੇ ਜਾਂ ਚੋਰੀ ਛੁਪੇ ਕਰਦੇ ਹਨ। ਪਰ ਅੱਜ ਕੱਲ ਦੇ ਰਾਜਨੀਤਕ ਵੀ ਢੀਠ ਅਤੇ ਬੇਸ਼ਰਮ ਹੋ ਗਏ ਹਨ, ਉਹ ਗਲਤ ਕੰਮ ਵੀ ਕਰਦੇ ਹਨ ਅਤੇ ਉਨ੍ਹਾਂ ਦਾ ਵਿਰੋਧ ਕਰਨ ਵਾਲਿਆਂ ਨੂੰ ਧਮਕੀ ਵੀ ਦਿੰਦੇ ਹਨ। ਅਜੋਕੀ ਸ਼੍ਰੋਮਣੀ ਕਮੇਟੀ ਇਸੇ ਦੀ ਇਕ ਮਿਸਾਲ ਹੈ। ਜਾਣਬੁਝ ਕੇ ਅੱਖੀਂ ਮੀਟੀ ਬੈਠੇ ਜਾਂ ਸਵਾਰਥੀ ਅਤੇ ਚਾਪਲੂਸ ਲੋਕਾਂ ਤੋਂ ਇਲਾਵਾ ਹਰ ਸਿੱਖ ਇਸ ਕਮੇਟੀ ਦੀ ਕਾਰਗੁਜ਼ਾਰੀਆਂ ਤੋਂ ਸਮਝ ਗਿਆ ਹੈ ਕਿ ਇਹ ਪੰਥ ਵਿਰੋਧੀ ਤਾਕਤਾਂ ਦਾ ਏਜੰਟ ਬਣ ਚੁੱਕੀ ਹੈ। ਆਪ (ਭਾਂਵੇ ਸਿਆਸਤ ਕਾਰਨ ਹੀ ਸਹੀ) ਸੱਚ ਸਾਹਮਣੇ ਲਿਆਉਣ ਵਾਲਿਆਂ ਦਾ ਵਿਰੋਧ ਕਰ ਰਹੇ ਹੋ। ਆਪ ਜੀ ਦੀ ਇਹ ਗੱਲ ਸਹੀ ਹੋ ਸਕਦੀ ਹੈ ਕਿ ਸਰਨਾ ਕਮੇਟੀ ਇਸ ਮਾਮਲੇ ਵਿਚ ਸਿਆਸਤ ਕਰ ਰਹੀ ਹੈ, ਕਿਉਂਕਿ ਉਹ ਸਿਆਸਤੀ ਹਨ। ਪਰ ਆਪ ਜੀ ਦੀ ਇਹ ਬਿਆਨਬਾਜ਼ੀ ਵੀ ਦਰਸਾ ਰਹੀ ਹੈ ਕਿ ਆਪ ਵੀ ਸਵਾਰਥ ਹੇਠ ‘ਚਾਪਲੂਸੀ’ ਹੀ ਕਰ ਰਹੇ ਹੋ।

ਖਬਰ:- ਸ਼ਿਵ ਸੈਨਾ ਦੇ ਗੁੰਡਿਆਂ ਨੇ ਕੀਤੀ ਚਰਚ ਦੀ ਭੰਨਤੋੜ, ਪਾਦਰੀ ਦੀ ਕੀਤੀ ਕੁਟਾਈ

ਟਿੱਪਣੀ:- ਧਰਮ ਦੇ ਨਾਂ ’ਤੇ ਅੰਨ੍ਹੇ ਹੋਏ ਫਿਰਕਾਪ੍ਰਸਤਾਂ ਤੋਂ ਕਿਸੇ ਚੰਗੇ ਦੀ ਆਸ ਵੀ ਕੀਤੀ ਜਾ ਸਕਦੀ ਹੈ ? ਇਹ ਖੁਦ ਇਤਿਹਾਸ ਵਿਚ ਪੜ੍ਹਾਉਂਦੇ ਹਨ ਕਿ ਮੁਸਲਿਮ ਸ਼ਾਸ਼ਕਾਂ ਨੇ ਧਾਰਮਿਕ ਜਨੂੰਨ ਕਾਰਨ ਹਿੰਦੂਆਂ ਖਿਲਾਫ ਹਿੰਸਾਤਮਕ ਤੇ ਹੋਰ ਅਤਿਆਚਾਰ ਕੀਤੇ। ਪਰ ਇਹ ਆਪ ਵੀ ਤਾਂ ਉਹੀ ਕਰ ਰਹੇ ਹਨ। ਫਿਰਕਾਪ੍ਰਸਤ ਅਤੇ ਜਨੂੰਨੀ ਭਾਂਵੇ ਕਿਸੇ ਮੱਤ ਦਾ ਵੀ ਹੋਵੇ, ਹੁੰਦਾ ਉਹ ਮਨੁੱਖਤਾ ਲਈ ਇਕ ਸ਼ਰਾਪ ਹੀ ਹੈ। ਆਪ ਤਾਂ ਇਹ ਆਪਣੇ ਹੀ ਮੱਤ ਦੇ ਲੋਕਾਂ ਨੂੰ ‘ਸ਼ੁਦਰ’, ਨੀਚ ਕਹਿ ਕੇ ਦੁਰਕਾਰਦੇ ਹਨ। ਜਦੋਂ ਦੂਜੇ ਮੱਤ ਵਾਲੇ ਇਨ੍ਹਾਂ ਕਮਜ਼ੋਰੀਆਂ ਦਾ ਪ੍ਰਚਾਰ ਕਰਕੇ ਲੋਕਾਂ ਨੂੰ ਅਪਣੇ ਮੱਤ ਵਿਚ ਲੈ ਜਾਂਦੇ ਹਨ ਤਾਂ ਇਹ ਆਪਣੇ ਵਿਚ ਸੁਧਾਰ ਕਰਨ ਦੀ ਥਾਂ ਉਨ੍ਹਾਂ ਦੇ ਪ੍ਰਚਾਰਕਾਂ ਪਿੱਛੇ ਲੱਠ ਲੈ ਕੇ ਪੈ ਜਾਂਦੇ ਹਨ। ਪੰਜਾਬ ਵਿਚ ਐਸਾ ਹੋਣਾ ਅਤੇ ਇਨ੍ਹਾਂ ਨੂੰ ਨੱਥ ਪਾਉਣ ਲਈ ਯੋਗ ਕਾਰਵਾਈ ਨਾ ਕਰਨਾ ਇਹ ਸਪਸ਼ਟ ਕਰਦਾ ਹੈ ਕਿ ਸਰਕਾਰ ਕਿਸ ਦੇ ਇਸ਼ਾਰਿਆਂ ਤੇ ਕੰਮ ਕਰ ਰਹੀ ਹੈ। ਪੰਜਾਬ ਦੀ ਸ਼ਾਂਤੀ ਲਈ ਐਸੀ ਗੁੰਡਾਗਰਦੀ ਖਤਰਾ ਹੈ ਅਤੇ ਇੱਥੇ ਦੀ ਜਨਤਾ ਨੂੰ ਇਸ ਗੁੰਡਾਗਰਦੀ ਦਾ ਵਿਰੋਧ ਕਰਨਾ ਚਾਹੀਦਾ ਹੈ।

ਤੱਤ ਗੁਰਮਤਿ ਪਰਿਵਾਰ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top