Share on Facebook

Main News Page

ਇਸ ਵਾਰ ਅਕਾਲੀ ਦਲ ਦੇ ਰਿਸ਼ਤੇਦਾਰ ਹੀ ਬਣਾਉਣਗੇ ‘ਮਿੰਨੀ ਸਿੱਖ ਪਾਰਲੀਮੈਂਟ’

ਚੰਡੀਗੜ੍ਹ, 10 ਅਗੱਸਤ (ਜਗਤਾਰ ਸਿੰਘ ਭੁੱਲਰ) : ਇਸ ਵਾਰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੁਨੀਆਂ ਭਰ ਵਿਚ ਵਸਦੇ ਸਿੱਖਾਂ ਦੀ ਅਗਵਾਈ ਵਾਲੀ ਨਹੀਂ ਬਲਕਿ ਅਕਾਲੀ ਦਲ ਦੇ ਜਥੇਦਾਰਾਂ ਦੇ ਸਕੇ-ਸਬੰਧੀਆਂ ਅਤੇ ਖ਼ਾਸ ਰਿਸ਼ਤੇਦਾਰਾਂ ਦੀ ਬਣੇਗੀ। ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਸ਼੍ਰੋਮਣੀ ਕਮੇਟੀ ਦੀਆਂ 18 ਸਤੰਬਰ ਨੂੰ ਪੈਣ ਵਾਲੀਆਂ ਵੋਟਾਂ ਲਈ ਹੁਣ ਤਕ ਮੈਦਾਨ ਵਿਚ ਉਤਾਰੇ ਅਕਾਲੀ ਦਲ ਦੇ 170 (30 ਸੀਟਾਂ ਸੰਤ ਸਮਾਜ ਵਾਲੀਆਂ ਵੀ ਸ਼ਾਮਲ ਹਨ) ਉਮੀਦਵਾਰਾਂ ਵਿਚੋਂ ਬਹੁਤੇ ਉਮੀਦਵਾਰ ਮੰਤਰੀਆਂ, ਵਿਧਾਇਕਾਂ ਅਤੇ ਹੋਰ ਜ਼ਿਲ੍ਹਾ ਜਥੇਦਾਰਾਂ ਦੇ ਪਰਵਾਰਕ ਮੈਂਬਰ ਹੀ ਹਨ। ਕਈ ਤਾਂ ਖ਼ੁਦ ਮੰਤਰੀ ਟਿਕਟ ਲੈਣ ਵਿਚ ਕਾਮਯਾਬ ਹੋ ਗਏ ਪਰ ਕਈ ਅਪਣੀਆਂ ਧੀਆਂ, ਪਤਨੀਆਂ ਅਤੇ ਮੁੰਡਿਆਂ ਨੂੰ ਟਿਕਟਾਂ ਦਿਵਾਉਣ ਵਿਚ ਕਾਮਯਾਬ ਹੋ ਗਏ। ਇਸ ਕਰ ਕੇ ਇਸ ਵਾਰ ਸ਼੍ਰੋਮਣੀ ਕਮੇਟੀ ਵਿਚ ਸਿੱਖਾਂ ਦੀ ਨੁਮਾਇੰਦਾ ਜਮਾਤ ਨਹੀਂ ਸਗੋਂ ਰਿਸ਼ਤੇਦਾਰੀਆਂ ਦਾ ਵਿਹੜਾ ਬਣੇਗਾ। ਹਰ ਮੀਟਿੰਗ ਵਿਚ ਤੇਜਾ ਸਿੰਘ ਸਮੁੰਦਰੀ ਹਾਲ ਵਿਚ ਰਿਸ਼ਤੇਦਾਰਾਂ ਦੇ ਮੇਲੇ ਲਗਣਗੇ। ਇਸ ਨਾਲ ਆਮ ਸਿੱਖਾਂ ਦੀ ਗੱਲ ਕਰਨ ਵਾਲਾ ਕੋਈ ਵਿਰਲਾ ਹੀ ਹੋਵੇਗਾ ਜਦਕਿ ਸ਼੍ਰੋਮਣੀ ਕਮੇਟੀ ਨੂੰ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਦਾ ਦਰਜਾ ਮਿਲਿਆ ਹੋਇਆ ਹੈ ਪਰ ਇਸ ਵਾਰ ਰਿਸ਼ਤੇਦਾਰਾਂ ਦੀ ਮਿੰਨੀ ਪਾਰਲੀਮੈਂਟ ਦਾ ਖ਼ਿਤਾਬ ਮਿਲਣਾ ਯਕੀਨੀ ਹੈ।

ਕੈਬਨਿਟ ਮੰਤਰੀ ਸ. ਸੁੱਚਾ ਸਿੰਘ ਲੰਗਾਹ, ਸਿਖਿਆ ਮੰਤਰੀ ਸ. ਸੇਵਾ ਸਿੰਘ ਸੇਖਵਾਂ, ਵਿਧਾਇਕ ਬਲਬੀਰ ਸਿੰਘ ਘੁੰਨਸ ਅਤੇ ਸਾਬਕਾ ਮੰਤਰੀ ਤੋਤਾ ਸਿੰਘ ਤਾਂ ਖ਼ੁਦ ਹੀ ਟਿਕਟ ਲੈਣ ਵਿਚ ਸਫ਼ਲ ਰਹੇ ਪਰ ਬਾਕੀਆਂ ਨੂੰ ਖ਼ੁਦ ਤਾਂ ਟਿਕਟ ਨਹੀਂ ਮਿਲੀ ਜਦਕਿ ਉਹ ਪਰਵਾਰਕ ਮੈਂਬਰਾਂ ਨੂੰ ਟਿਕਟ ਦਿਵਾਉਣ ਵਿਚ ਕਾਮਯਾਬ ਰਹੇ। ਇਨ੍ਹਾਂ ਵਿਚ ਕੈਬਨਿਟ ਮੰਤਰੀ ਸ. ਗੁਲਜ਼ਾਰ ਸਿੰਘ ਰਣੀਕੇ ਅਪਣੇ ਪੁੱਤਰ ਗੁਰਿੰਦਰਪਾਲ ਸਿੰਘ ਰਣੀਕੇ, ਕੈਬਨਿਟ ਮੰਤਰੀ ਰਣਜੀਤ ਸਿੰਘ ਬ੍ਰਹਮਪੁਰਾ ਅਪਣੇ ਭਾਣਜੇ ਅਲਵਿੰਦਰਪਾਲ ਸਿੰਘ ਪੱਖੋਕੇ ਨੂੰ, ਲੋਕ ਸਭਾ ਮੈਂਬਰ ਰਤਨ ਸਿੰਘ ਅਜਨਾਲਾ ਅਪਣੀ ਪਤਨੀ ਜਸਬੀਰ ਕੌਰ ਅਜਨਾਲਾ ਨੂੰ ਟਿਕਟ ਦਿਵਾਉਣ ਵਿਚ ਕਾਮਯਾਬ ਰਹੇ। ਬਨੂੜ ਹਲਕੇ ਤੋਂ ਵਿਧਾਇਕ ਜਸਜੀਤ ਸਿੰਘ ਬੰਨੀ ਅਪਣੀ ਪਤਨੀ ਸਨਜੀਤ ਕੌਰ, ਸਾਬਕਾ ਵਿਧਾਇਕ ਹਰਬੰਸ ਸਿੰਘ ਦਾਤੇਵਾਸ ਦੀ ਜਸਬੀਰ ਕੌਰ, ਸਾਬਕਾ ਵਿਧਾਇਕ ਤੇ ਜ਼ਿਲ੍ਹਾ ਅੰਮ੍ਰਿਤਸਰ ਯੋਜਨਾ ਕਮੇਟੀ ਦੇ ਚੇਅਰਮੈਨ ਵੀਰ ਸਿੰਘ ਲੋਪੋਕੇ, ਅਕਾਲੀ ਆਗੂ ਹਰਮੇਲ ਸਿੰਘ ਟੌਹੜਾ ਦੀ ਪਤਨੀ ਕੁਲਦੀਪ ਕੌਰ ਨੂੰ ਵੀ ਟਿਕਟ ਦਿਤੀ ਗਈ ਹੈ।

ਅਕਾਲੀ ਦਲ ਦੇ ਸਾਬਕਾ ਪ੍ਰਧਾਨ ਜਗਦੇਵ ਸਿੰਘ ਤਲਵੰਡੀ ਦੇ ਪੁੱਤਰ ਜਗਜੀਤ ਸਿੰਘ ਤਲਵੰਡੀ, ਸਾਬਕਾ ਮੰਤਰੀ ਗੁਰਦੇਵ ਸਿੰਘ ਬਾਦਲ ਦੇ ਪੁੱਤਰ ਕੇਵਲ ਸਿੰਘ ਬਾਦਲ, ਅਕਾਲੀ ਆਗੂ ਅਵਤਾਰ ਸਿੰਘ ਜ਼ੀਰਾ ਦੀ ਪਤਨੀ ਜਸਵਿੰਦਰ ਕੌਰ ਜ਼ੀਰਾ, ਸਾਬਕਾ ਮੰਤਰੀ ਜਗਦੀਸ਼ ਗਰਚਾ ਦੇ ਪੁੱਤਰ ਹਰਪ੍ਰੀਤ ਸਿੰਘ ਗਰਚਾ ਅਤੇ ਸਾਬਕਾ ਕਮੇਟੀ ਮੈਂਬਰ ਰਣਧੀਰ ਸਿੰਘ ਅਪਣੇ ਪੁੱਤਰ ਸੁਖਪ੍ਰੀਤ ਸਿੰਘ ਨੂੰ ਟਿਕਟ ਦਿਵਾਉਣ ਵਿਚ ਸਫ਼ਲ ਹੋ ਗਏ। ਮੋਹਾਲੀ ਔਰਤਾਂ ਦੀ ਰਾਖਵੀਂ ਸੀਟ ਤੋਂ ਵੀ ਅਕਾਲੀ ਆਗੂ ਦੀ ਪਤਨੀ ਪਰਮਜੀਤ ਕੌਰ ਲਾਂਡਰਾਂ ਨੂੰ ਟਿਕਟ ਮਿਲੀ ਹੈ। ਬਾਕੀ ਉਮੀਦਵਾਰਾਂ ਦੀ ਵੀ ਕਿਸੇ ਨਾ ਕਿਸੇ ਨਾਲ ਸਾਂਝ ਅਤੇ ਅੰਗਲੀ-ਸੰਗਲੀ ਹੈ ਪਰ ਉਕਤ ਉਮੀਦਵਾਰ ਤਾਂ ਸਿੱਧੇ ਤੌਰ ’ਤੇ ਜਥੇਦਾਰਾਂ ਦੇ ਪਰਵਾਰਕ ਮੈਂਬਰ ਤੇ ਰਿਸ਼ਤੇਦਾਰ ਹਨ। ਇਸ ਕਰ ਕੇ ਇਸ ਵਾਰ ਨਿਸਚਿਤ ਹੈ ਕਿ ਸਿੱਖ ਕੌਮ ਦੀ ਨਹੀਂ ਸਗੋਂ ਕੁੱਝ ਰਿਸ਼ਤੇਦਾਰਾਂ ਦੀ ਮਿੰਨੀ ਪਾਰਲੀਮੈਂਟ ਬਣੇਗੀ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top