Share on Facebook

Main News Page

ਬਾਦਲ ਦੀ ਨੇੜੇ ਦੀ ਨਿਗ੍ਹਾ ਬਹੁਤ ਕਮਜੋਰ ਅਤੇ ਦੂਰ ਦੀ ਬਹੁਤ ਤੇਜ ਹੋਣ ਦਾ ਭੁਲੇਖਾ: ਸਰਨਾ

* ਜੇ ਸ: ਪ੍ਰਕਾਸ਼ ਸਿੰਘ ਬਾਦਲ ਦੀ ਆਪਣੀ ਨਿਗ੍ਹਾ ਇਤਨੀ ਕਮਜੋਰ ਹੈ, ਕਿ ਉਸ ਨੂੰ ਭਾਜਪਾ/ਆਰ.ਐੱਸ.ਐੱਸ ਵਲੋਂ ਸ਼੍ਰੋਮਣੀ ਕਮੇਟੀ ਵਿੱਚ ਕੀਤੀ ਜਾ ਚੁੱਕੀ ਘੁਸਪੈਠ ਬਿਲਕੁਲ ਨਜ਼ਰ ਨਹੀਂ ਆਉਂਦੀ, ਤਾਂ ਉਸ ਨੂੰ ਪੰਜਾਬ ਭਾਜਪਾ ਪ੍ਰਧਾਨ ਸ਼੍ਰੀ ਅਸ਼ਵਨੀ ਕੁਮਾਰ ਸ਼ਰਮਾ ਦਾ ਤਾਜ਼ਾ ਬਿਆਨ ਅਤੇ ਅਤੇ ਸੰਤ ਪ੍ਰੀਤਮ ਸਿੰਘ ਮਲ੍ਹਾਣੀਆਂ ਵਲੋਂ ਬਠਿੰਡਾ ਹਲਕਾ ਤੋਂ ਪੰਥਕ ਉਮੀਦਵਾਰ ਜ਼ੈਲਦਾਰ ਹਰਪਾਲ ਸਿੰਘ ਮਿੱਠੂ ਰਾਹੀਂ, ਪ੍ਰਗਟ ਕੀਤੇ ਗਏ ਵੀਚਾਰ ਹੀ ਪੜ੍ਹ ਲੈਣੇ ਚਾਹੀਦੇ ਹਨ, ਤਾਂ ਇਹ ਉਸ (ਸ: ਬਾਦਲ) ਦੀਆਂ ਅੱਖਾਂ ਖੋਲ੍ਹਣ ਲਈ ਕਾਫੀ ਹੋਣਗੇ
* ਭਾਵੇਂ ਕੋਈ ਕਿਸੇ ਵੀ ਪਾਰਟੀ ਨਾਲ ਸਬੰਧਤ ਹੈ, ਸਿੱਖ ਹੋਣ ਦੇ ਨਾਤੇ ਹਰ ਇੱਕ ਦਾ ਹੱਕ ਹੈ ਤੇ ਉਨ੍ਹਾਂ ਦਾ ਫਰਜ਼ ਵੀ ਬਣਦਾ ਹੈ ਕਿ ਉਹ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵਿੱਚ ਹਿੱਸਾ ਲੈਣ
* ਕਾਂਗਰਸ ਵਲੋਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵਿੱਚ ਦਖ਼ਲਅੰਦਾਜ਼ੀ ਜਾਂ ਘੁਸਪੈਠ ਦਾ ਦੋਸ਼ ਨਿਰਮੂਲ ਹੈ, ਤੇ ਸਾਹਮਣੇ ਦਿੱਸ ਰਹੀ ਹਾਰ ਕਾਰਣ ਬਾਦਲ ਦੀ ਬੁਖ਼ਲਾਹਟ ਦਾ ਸਬੂਤ ਹੈ

ਬਠਿੰਡਾ, 8 ਅਗਸਤ (ਕਿਰਪਾਲ ਸਿੰਘ): ਸ. ਬਾਦਲ ਦੀ ਨੇੜੇ ਦੀ ਨਿਗ੍ਹਾ ਬਹੁਤ ਕਮਜੋਰ ਹੈ ਇਸੇ ਕਾਰਣ ਇਸ ਨੂੰ ਭਾਜਪਾ/ਆਰਐੱਸਐੱਸ ਦੀ ਸ਼੍ਰੋਮਣੀ ਕਮੇਟੀ ਵਿੱਚ ਹੋਈ ਘੁਸਪੈਠ ਤਾਂ ਬਿਲਕੁਲ ਨਜ਼ਰ ਨਹੀਂ ਆਉਂਦੀ ਪਰ ਦੂਰ ਦੀ ਨਜ਼ਰ ਬਹੁਤ ਤੇਜ ਹੋਣ ਦਾ ਇਸ ਨੂੰ ਇਤਨਾ ਭੁਲੇਖਾ ਲੱਗ ਚੁੱਕਾ ਹੈ, ਜਿਸ ਕਾਰਨ ਕਾਂਗਰਸ ਪਾਰਟੀ ਵਲੋਂ ਸ਼੍ਰੋਮਣੀ ਕਮੇਟੀ ਵਿੱਚ ਕੀਤੀ ਜਾਣ ਵਾਲੀ ਘੁਸਪੈਠ ਦੀ ਇਸ ਨੂੰ ਚਿੰਤਾ ਬਹੁਤ ਸਤਾ ਰਹੀ ਹੈ। ਇਹ ਸ਼ਬਦ ਸ਼੍ਰੋਮਣੀ ਅਕਾਲੀ ਦਿੱਲੀ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ: ਪਰਮਜੀਤ ਸਿੰਘ ਸਰਨਾ ਨੇ ਕਹੇ। ਉਨ੍ਹਾਂ ਕਿਹਾ ਕਿ ਜੇ ਸ: ਪ੍ਰਕਾਸ਼ ਸਿੰਘ ਬਾਦਲ ਦੀ ਆਪਣੀ ਨਿਗ੍ਹਾ ਇਤਨੀ ਕਮਜੋਰ ਹੈ ਕਿ ਉਸ ਨੂੰ ਭਾਜਪਾ/ਆਰਐੱਸਐੱਸ ਵਲੋਂ ਸ਼੍ਰੋਮਣੀ ਕਮੇਟੀ ਵਿੱਚ ਕੀਤੀ ਜਾ ਚੁੱਕੀ ਘੁਸਪੈਠ ਬਿਲਕੁਲ ਨਜ਼ਰ ਨਹੀਂ ਆਉਂਦੀ ਤਾਂ ਉਸ ਨੂੰ ਪੰਜਾਬ ਭਾਜਪਾ ਪ੍ਰਧਾਨ ਸ਼੍ਰੀ ਅਸ਼ਵਨੀ ਕੁਮਾਰ ਸ਼ਰਮਾ ਦਾ ਤਾਜ਼ਾ ਬਿਆਨ ਅਤੇ ਅਤੇ ਸੰਤ ਪ੍ਰੀਤਮ ਸਿੰਘ ਮਲ੍ਹਾਣੀਆਂ ਵਲੋਂ ਬਠਿੰਡਾ ਹਲਕਾ ਤੋਂ ਪੰਥਕ ਉਮੀਦਵਾਰ ਜ਼ੈਲਦਾਰ ਹਰਪਾਲ ਸਿੰਘ ਮਿੱਠੂ ਰਾਹੀਂ ਪ੍ਰਗਟ ਕੀਤੇ ਗਏ ਵੀਚਾਰ ਹੀ ਪੜ੍ਹ ਲੈਣੇ ਚਾਹੀਦੇ ਹਨ ਤਾਂ ਇਹ ਉਸ (ਸ: ਬਾਦਲ) ਦੀਆਂ ਅੱਖਾਂ ਖੋਲ੍ਹਣ ਲਈ ਕਾਫੀ ਹੋਣਗੇ।

ਇਹ ਦੱਸਣਯੋਗ ਹੈ ਕਿ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਦਾ ਅੱਜ ਦੇ ਅਖ਼ਬਾਰਾਂ ਵਿਚ ਬਿਆਨ ਛਪਿਆ ਹੈ ਕਿ ਵੱਖ ਵੱਖ ਨਿਗਮਾਂ, ਟ੍ਰਸਟਾਂ ਅਤੇ ਬੋਰਡਾਂ ਦੇ ਚੇਅਰਮੈਨਾਂ ਅਤੇ ਅਹੁਦੇਦਾਰਾਂ ਦੀ ਪਿਛਲੇ ਸਾਲਾਂ ਦੀਆਂ ਕਾਰਜਗੁਜਾਰੀਆਂ, ਸਫਲਤਾਵਾਂ ਅਤੇ ਅਸਫਲਤਾਵਾਂ ਦਾ ਲੇਖਾ ਜੋਖਾ ਕਰਨ ਲਈ ਪਾਰਟੀ ਦੇ ਸੀਨੀਅਰ ਆਗੂ ਸ਼੍ਰੀ ਬਲਰਾਮਜੀ ਦਾਸ ਟੰਡਨ ਦੀ ਅਗਵਾਈ ਹੇਠ ਗਠਿਤ ਕਮੇਟੀ ਦੀ ਜਾਇਜ਼ਾ ਰੀਪੋਰਟ ਉਸ (ਅਸ਼ਵਨੀ ਸ਼ਰਮਾ) ਨੂੰ ਮਿਲ ਗਈ ਹੈ ਪ੍ਰਤੂੰ ਇਸ ਉਪਰ ਅੰਤਿਮ ਫੈਸਲਾ ਸ਼੍ਰੋਮਣੀ ਗਰੁਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਤੋਂ ਬਾਅਦ ਹੀ ਲਿਆ ਜਾਵੇਗਾ। ਸ: ਸਰਨਾ ਨੇ ਸ: ਬਾਦਲ ਤੋਂ ਪੁੱਛਿਆ ਕਿ ਉਹ ਦੱਸਣ ਕਿ ਭਾਜਪਾ ਪ੍ਰਧਾਨ ਨੂੰ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵਿੱਚ ਕੀ ਦਿਲਚਸਪੀ ਹੈ ਕਿ ਉਸ ਨੂੰ ਆਪਣੀ ਹੀ ਪਾਰਟੀ ਵਲੋਂ ਨਿਯੁਕਤ ਕੀਤੀ ਕਮੇਟੀ ਦੀ ਰੀਪੋਰਟ ਸਬੰਧੀ ਫੈਸਲਾ ਲੈਣ ਵਿੱਚ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਅੜੀਕਾ ਬਣ ਰਹੀਆਂ ਹਨ।

ਉਨ੍ਹਾਂ ਕਿਹਾ ਲੋਕਾਂ ਨੂੰ ਤਾਂ ਇਸ ਸਬੰਧੀ ਪਹਿਲਾਂ ਹੀ ਕੋਈ ਭੁਲੇਖਾ ਨਹੀਂ ਸੀ ਪਰ ਪੰਜਾਬ ਭਾਜਪਾ ਪ੍ਰਧਾਨ ਦੇ ਬਿਆਨ ਨੇ ਤਾਂ ਕਿਸੇ ਨੂੰ ਕੋਈ ਛੱਕ ਰਹਿਣ ਹੀ ਨਹੀਂ ਦਿੱਤਾ ਕਿ ਭਾਜਪਾ/ਆਰਐੱਸਐੱਸ ਸਿੱਧੇ ਤੌਰ ’ਤੇ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਅਤੇ ਇਸ ਦੇ ਕੰਮਾਂ ਕਾਜਾਂ ਵਿੱਚ ਸਿੱਧੇ ਤੌਰ ’ਤੇ ਦਖ਼ਲ ਅੰਦਾਜ਼ੀ ਕਰ ਰਹੀ ਹੈ। ਗੁਰਦੁਆਰਾ ਸੁਧਾਰ ਲਹਿਰ ਦੀ ਸਫਲਤਾ ਉਪ੍ਰੰਤ ਗੁਰਬਿਲਾਸ ਪਾਤਸ਼ਾਹੀ 6ਵੀਂ ’ਤੇ ਲੱਗੀ ਪਾਬੰਦੀ ਨੂੰ ਨਜ਼ਰਅੰਦਾਜ਼ ਕਰਕੇ ਸ਼੍ਰੋਮਣੀ ਕਮੇਟੀ ਵਲੋਂ ਹੀ ਇਸ ਨੂੰ ਮੁੜ ਛਪਵਾਇਆ ਜਾਣਾ, ਗੁਰੂ ਨਿੰਦਕ ਪੁਸਤਕ ‘ਸਿੱਖ ਇਤਿਹਾਸ ਹਿੰਦੀ’ ਛਪਵਾਈ ਜਾਣੀ, ਨਾਨਕਸ਼ਾਹੀ ਕੈਲੰਡਰ ਨੂੰ ਰੱਦ ਕਰਨਾ ਆਦਿ ਪ੍ਰਮੁੱਖ ਉਦਾਹਰਣਾਂ ਹਨ ਜਿਹੜੀਆਂ ਕਿ ਭਾਜਪਾ/ਆਰਐੱਸਐੱਸ ਵਲੋਂ ਸ਼੍ਰੋਮਣੀ ਵਿੱਚ ਸਿੱਧੇ ਤੌਰ ’ਤੇ ਦਖ਼ਲਅੰਦਾਜ਼ੀ ਕੀਤੇ ਜਾਣ ਦੇ ਸਬੂਤ ਵਜੋਂ ਪੇਸ਼ ਕੀਤੀਆਂ ਜਾ ਸਕਦੀਆਂ ਹਨ। ਪਰ ਸ: ਬਾਦਲ ਦੀ ਨੇੜੇ ਦੀ ਨਜ਼ਰ ਕਮਜੋਰ ਹੋਣ ਕਰਕੇ ਇਹ ਨਜ਼ਰ ਨਹੀਂ ਆਉਂਦੀਆਂ ਜਾਂ ਇਹ ਸਿੱਖ ਸੰਗਤਾਂ ਨੂੰ ਬਹੁਤੀਆਂ ਭੋਲੀਆਂ ਸਮਝੇ ਜਾਣ ਕਰਕੇ ਕਾਂਗਰਸ ਦਾ ਹਊਆ ਵਿਖਾ ਕੇ ਉਨ੍ਹਾਂ ਦਾ ਧਿਆਨ ਇਸ ਪਾਸੇ ਤੋਂ ਹਟਾਉਣਾ ਚਾਹੁੰਦਾ ਹੈ।

ਸ: ਸਰਨਾ ਨੇ ਕਿਹਾ ਕਿ ਸੰਤ ਪ੍ਰੀਤਮ ਸਿੰਘ ਮਲ੍ਹਾਣੀਆਂ ਵਲੋਂ ਸ: ਹਰਪਾਲ ਸਿੰਘ ਮਿੱਠੂ ਰਾਹੀਂ ਪ੍ਰਗਟ ਕੀਤੇ ਗਏ ਇਨ੍ਹਾਂ ਵੀਚਾਰਾਂ ਨੇ ਵੀ ਸਿੱਖ ਸੰਗਤਾਂ ਨੂੰ ਕੋਈ ਭੁਲੇਖਾ ਨਹੀਂ ਰਹਿਣ ਦਿੱਤਾ ਕਿ ਬਾਦਲ ਦੇ ਆਪਣੇ ਹੱਥਾਂ ਵਿੱਚ ਤਾਂ ਹਰਿਆਣਾ ਖੇਤਰ ਵਿੱਚ ਸ਼੍ਰੋਮਣੀ ਕਮੇਟੀ ਲਈ ਉਮੀਦਵਾਰਾਂ ਨੂੰ ਟਿਕਟਾਂ ਦੇਣ ਦਾ ਵੀ ਅਧਿਕਾਰ ਨਹੀਂ ਰਿਹਾ, ਇਸੇ ਕਾਰਣ ਉਨ੍ਹਾਂ ਨੂੰ ਸਿੱਧੇ ਰੂਪ ਵਿੱਚ ਇਹ ਕਹਿਣਾ ਪਿਆ ਹੈ ਕਿ ਜਿਸ ਨੇ ਟਿਕਟ ਲੈਣੀ ਹੈ ਉਹ ਇਸ ਦੇ ਜੋਟੀਦਾਰ ਓਮ ਪ੍ਰਕਾਸ਼ ਚੋਟਾਲਾ ਨੂੰ ਹੀ ਮਿਲੇ। ਸ: ਸਰਨਾ ਨੇ ਕਿਹਾ ਕਿ ਸੱਚ ਤਾਂ ਇਹ ਹੈ ਕਿ ਪੰਜਾਬ ਵਿੱਚ ਵੀ ਟਿਕਟਾਂ ਦੇਣ ਦਾ ਅਧਿਕਾਰ ਤੇ ਚੋਣ ਮੁਹਿੰਮ ਚਲਾਉਣ ਦਾ ਕੰਮ ਭਾਜਪਾ ਕੋਲ ਹੀ ਹੈ ਜਿਸ ਕਾਰਣ ਉਸ ਨੂੰ ਆਪਣੀ ਪਾਰਟੀ ਵਲੋਂ ਲਏ ਜਾਣ ਵਾਲੇ ਫੈਸਲੇ ਵੀ ਲਟਕਾਉਣੇ ਪੈ ਰਹੇ ਹਨ। ਆਰਐੱਸਐੱਸ ਦੇ ਏਜੰਟ ਸੰਤਾਂ ਨੂੰ 30 ਸੀਟਾਂ ਦਿੱਤੇ ਜਾਣਾ ਵੀ ਇਸ ਦਾ ਇੱਕ ਸਬੂਤ ਹੈ ਕਿ ਜੇ ਬਾਦਲ ਦਲ ਜੇਤੂ ਹੁੰਦਾ ਹੈ ਤਾਂ ਆਉਣ ਵਾਲੀ ਕਮੇਟੀ ਸਿੱਧ ਰੂਪ ਵਿੱਚ ਆਰਐੱਸਐੱਸ ਦੇ ਕੰਟਰੋਲ ਹੇਠ ਚਲੀ ਜਾਵੇਗੀ ਤੇ ਗੁਰੂ ਨਾਨਕ ਵਲੋਂ ਬਖ਼ਸ਼ੇ ਸਿੱਖੀ ਸਿਧਾਂਤਾਂ ਨੂੰ ਇਨ੍ਹਾਂ ਰਾਹੀ ਬ੍ਰਾਹਮਣੀ ਪੁੱਠ ਦੇ ਕੇ ਇਸ ਨੂੰ ਭਾਰੀ ਨੁਕਸਾਨ ਪਹੁੰਚਾਇਆ ਜਾਵੇਗਾ।

ਉਨ੍ਹਾਂ ਬਾਦਲ ਨੂੰ ਚੁਣੌਤੀ ਦਿੱਤੀ ਕਿ ਉਹ ਇਕ ਵੀ ਅਜੇਹਾ ਕੇਸ ਦੱਸਣ ਜਿਥੇ ਸਾਂਝੇ ਪੰਥਕ ਮੋਰਚੇ ਦੇ ਕਿਸੇ ਸੰਭਾਵੀ ਉਮੀਦਵਾਰ ਨੂੰ ਟਿਕਟ ਲੈਣ ਲਈ ਪੰਜਾਬ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਜਾਂ ਰਾਸ਼ਟਰੀ ਪ੍ਰਧਾਨ ਸ਼੍ਰੀਮਤੀ ਸੋਨੀਆ ਗਾਂਧੀ ਕੋਲ ਜਾਣਾ ਪਿਆ ਹੋਵੇ ਜਾਂ ਸ਼ੋਮਣੀ ਕਮੇਟੀ ਦੀਆਂ ਚੋਣਾਂ ਕਾਰਣ ਕਾਂਗਰਸ ਨੂੰ ਆਪਣੀ ਪਾਰਟੀ ਨਾਲ ਸਬੰਧਤ ਫੈਸਲੇ ਲਟਕਾਉਣੇ ਪਏ ਹੋਣ। ਸ: ਸਰਨਾ ਨੇ ਕਿਹਾ ਭਾਵੇਂ ਕੋਈ ਕਿਸੇ ਵੀ ਪਾਰਟੀ ਨਾਲ ਸਬੰਧਤ ਹੈ, ਸਿੱਖ ਹੋਣ ਦੇ ਨਾਤੇ ਹਰ ਇੱਕ ਦਾ ਹੱਕ ਹੈ ਤੇ ਉਨ੍ਹਾਂ ਦਾ ਫਰਜ਼ ਵੀ ਬਣਦਾ ਹੈ ਕਿ ਉਹ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵਿੱਚ ਹਿੱਸਾ ਲੈਣ। ਇਸ ਲਈ ਕਾਂਗਰਸ ਵਲੋਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵਿੱਚ ਦਖ਼ਲਅੰਦਾਜ਼ੀ ਜਾਂ ਘੁਸਪੈਠ ਦਾ ਦੋਸ਼ ਨਿਰਮੂਲ ਹੈ ਤੇ ਸਾਹਮਣੇ ਦਿੱਸ ਰਹੀ ਹਾਰ ਕਾਰਣ ਬਾਦਲ ਦੀ ਬੁਖ਼ਲਾਹਟ ਦਾ ਸਬੂਤ ਹੈ।ਸਿੱਖ ਹੁਣ ਇਤਨੇ ਭੋਲੇ ਨਹੀਂ ਰਹੇ ਕਿ ਉਹ ਸ: ਬਾਦਲ ਵਲੋਂ ਲਗਾਤਾਰ ਬੋਲੇ ਜਾ ਰਹੇ ਝੂਠ ਕਾਰਣ ਗੁੰਮਰਾਹ ਹੋ ਸਕਣ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top