Share on Facebook

Main News Page

ਕਾਂਗਰਸ ਦੇ ਨਾਂ ’ਤੇ ਬਾਦਲ ਕਰ ਰਿਹਾ ਹੈ ਸਿੱਖਾਂ ਨੂੰ ਗੁਮਰਾਹ: ਪੰਥਕ ਉਮੀਦਵਾਰ

* ਗੁਰਦੁਆਰਾ ਪ੍ਰਬੰਧਾਂ ਨੂੰ ਬਾਦਲ ਦੀ ਗ੍ਰਿਫ਼ਤ ’ਚੋਂ ਅਜ਼ਾਦ ਕਰਵਾਉਣ ਲਈ, ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਣ ਵਾਲੇ ਕਿਸੇ ਵੀ ਸਿੱਖ ਤੋਂ ਸਹਿਯੋਗ ਲੈਣ ਵਿੱਚ ਪੰਥਕ ਉਮੀਦਵਾਰਾਂ ਨੂੰ ਕੋਈ ਝਿਝਕ ਨਹੀਂ ਹੈ, ਬੇਸ਼ੱਕ ਉਹ ਕਿਸ ਵੀ ਪਾਰਟੀ ਨਾਲ ਸਬੰਧਤ ਕਿਉਂ ਨਾ ਹੋਵੇ
* ਸਾਰੀਆਂ 170 ਸੀਟਾਂ ’ਤੇ ਚੋਣ ਲੜਨ ਦੇ ਆਪਣੇ ਫੈਸਲੇ ’ਤੇ ਸ: ਮਾਨ ਮੁੜ ਵੀਚਾਰ ਕਰਕੇ ਸਿਰਫ ਸੰਭਾਵਤ ਜੇਤੂ ਸਾਂਝੇ ਉਮੀਦਵਾਰਾਂ ਦੀ ਹੀ ਮੱਦਦ ਕਰਨ
* ਬਾਦਲ ਨੇ ਹਰਿਆਣਾ ਲਈ ਉਮੀਦਵਾਰਾਂ ਦੀ ਚੋਣ ਦੇ ਅਧਿਕਾਰ ਵੀ ਓਮ ਪ੍ਰਕਾਸ਼ ਚੋਟਾਲਾ ਨੂੰ ਦੇ ਰੱਖੇ ਹਨ: ਮਿੱਠੂ

ਬਠਿੰਡਾ, 8 ਅਗਸਤ (ਕਿਰਪਾਲ ਸਿੰਘ): ਸਿੱਖ ਧਰਮ ਨੂੰ ਜੋਕ ਵਾਂਗ ਚੁੰਬੜੇ ਪ੍ਰਕਾਸ਼ ਸਿੰਘ ਬਾਦਲ ਕੋਲ ਕਾਂਗਰਸ ਦੇ ਵਿਰੋਧ ਤੋਂ ਬਿਨਾਂ ਹੋਰ ਕਈ ਏਜੰਡਾ ਹੀ ਨਹੀਂ ਹੈ, ਇਸੇ ਲਈ ਉਹ ਕਾਂਗਰਸ ਦੇ ਨਾਂ ’ਤੇ ਸਿੱਖਾਂ ਨੂੰ ਗੁਮਰਾਹ ਕਰ ਰਿਹਾ ਹੈ। ਇਹ ਸ਼ਬਦ, 7 ਪਾਰਟੀਆਂ ਦੇ ਸਾਂਝੇ ਪੰਥਕ ਮੋਰਚੇ ਵਲੋਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਲਈ ਬਠਿੰਡਾ ਜ਼ਿਲ੍ਹੇ ਲਈ ਐਲਾਨੇ ਗਏ ਉਮੀਦਵਾਰ- ਭਗਤਾ ਤੋਂ ਭਾਈ ਹਰਿੰਦਰ ਸਿੰਘ ਦਰਵੇਸ਼, ਰਾਮਪੁਰਾ ਤੋਂ ਬਾਬਾ ਹਰਦੀਪ ਸਿੰਘ ਗੁਰੂਸਰ ਮਹਿਰਾਜ, ਬਠਿੰਡਾ ਤੋਂ ਜ਼ੈਲਦਾਰ ਹਰਪਾਲ ਸਿੰਘ ਮਿੱਠੂ, ਬੱਲੂਆਣਾ ਦੂਹਰੀ ਸੀਟ ਤੋਂ ਜਥੇਦਾਰ ਹਰਚਰਨ ਸਿੰਘ ਮੁਹਾਲ ਤੇ ਬੀਬੀ ਸ਼ਿੰਦਰਪਾਲ ਕੌਰ ਬੁਰਜ ਮਹਿਮਾਂ, ਮੌੜ ਤੋਂ ਭਾਈ ਦਰਸ਼ਨ ਸਿੰਘ ਅਤੇ ਅੰਮ੍ਰਿਤਸਰ ਜ਼ਿਲ੍ਹੇ ਦੇ ਅਜਨਾਲਾ ਹਲਕੇ ਤੋਂ ਭਾਈ ਬਲਦੇਵ ਸਿੰਘ ਸਿਰਸਾ ਨੇ ਆਪਣੇ ਇੱਕ ਸਾਂਝੇ ਬਿਆਨ ਵਿੱਚ ਕਹੇ। ਉਨ੍ਹਾਂ ਕਿਹਾ ਪਾਰਟੀ ਦੇ ਤੌਰ ’ਤੇ ਨਾ ਕਾਂਗਰਸ ਪਾਰਟੀ ਕਿਸੇ ਦੀ ਮੱਦਦ ਕਰ ਰਹੀ ਹੈ ਤੇ ਨਾਂ ਹੀ ਪਾਰਟੀ ਦੇ ਤੌਰ ’ਤੇ ਉਸ ਤੋਂ ਕੋਈ ਮੱਦਦ ਲੈ ਰਿਹਾ ਹੈ।

ਸਿੱਖ ਧਰਮ ਵਿੱਚ ਵਿਸ਼ਵਾਸ਼ ਰੱਖਣ ਵਾਲੇ ਜਿਹੜੇ ਕਾਂਗਰਸ ਆਗੂ ਅਤੇ ਵਰਕਰ ਕਿਸੇ ਵੀ ਯੋਗ ਉਮੀਦਵਾਰ ਦਾ ਸਮਰਥਨ ਕਰਨਾ ਚਾਹੁੰਦੇ ਹਨ, ਉਨ੍ਹਾਂ ’ਤੇ ਕਿਸੇ ਵੀ ਤਰ੍ਹਾਂ ਦੀ ਨਾ ਕੋਈ ਰੋਕ ਲੱਗ ਸਕਦੀ ਹੈ ਤੇ ਨਾ ਹੀ ਅਸੀਂ ਰੋਕ ਲਾਉਣ ਦੇ ਹੱਕ ਵਿੱਚ ਹਾਂ। ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਣ ਵਾਲੇ, ਜਿਨ੍ਹਾਂ ਦੀਆਂ ਚੋਣ ਕਮਿਸ਼ਨ ਦੇ ਫਾਰਮ ਦੀਆਂ ਸ਼ਰਤਾਂ ਅਨੁਸਾਰ ਵੋਟਾਂ ਬਣੀਆਂ ਹਨ, ਨੂੰ ਇਸ ਕਾਰਣ ਰੱਦ ਨਹੀਂ ਕੀਤਾ ਜਾ ਸਕਦਾ ਕਿ ਉਨ੍ਹਾਂ ਵੋਟਰਾਂ ਦਾ ਸਬੰਧ ਕਾਂਗਰਸ ਪਾਰਟੀ ਨਾਲ ਹੈ? ਰਾਜਨੀਤਕਾਂ ਨੇ ਆਪਣੇ ਸਿਆਸੀ ਸੌੜੇ ਹਿੱਤਾਂ ਲਈ ਪਹਿਲਾਂ ਅਨੁਸੂਚਿਤ ਜਾਤੀਆਂ ਨੂੰ ਸਿੱਖ ਧਰਮ ਨਾਲੋਂ ਤੋੜਿਆ ਅਤੇ ਕੀ ਹੁਣ ਦੂਜੀਆਂ ਪਾਰਟੀਆਂ ਨਾਲ ਸਬੰਧਤ ਸਿੱਖਾਂ ਨੂੰ ਸ: ਬਾਦਲ ਗੈਰ ਸਿੱਖ ਦੱਸ ਕੇ ਉਨ੍ਹਾਂ ਨੂੰ ਵੀ ਸਿੱਖ ਧਰਮ ਵਿੱਚੋਂ ਬਾਹਰ ਧੱਕਣਾ ਚਾਹੁੰਦੇ ਹਨ। ਭਾਈ ਸਿਰਸਾ ਸਮੇਤ ਸਾਰੇ ਪੰਥਕ ਉਮੀਦਵਾਰਾਂ ਨੇ ਕਿਹਾ ਕਾਂਗਰਸ ਨਾਲ ਸਬੰਧਤ ਸਾਰੇ ਸਿੱਖ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਗੁਰੂ ਮੰਨਦੇ ਹਨ, ਆਪਣੇ ਅਨੰਦਕਾਰਜ ਤੇ ਹੋਰ ਸਮਾਜਕ ਵਿਹਾਰਾਂ ਲਈ ਧਾਰਮਿਕ ਰਸਮਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਕਰਦੇ ਹਨ, ਤਾਂ ਸ: ਬਾਦਲ ਨੂੰ ਕੋਈ ਹੱਕ ਨਹੀਂ ਕਿ ਉਨ੍ਹਾਂ ’ਤੇ ਗੁਰਦੁਆਰਾ ਚੋਣਾਂ ਵਿਚ ਵੋਟ ਪਾਉਣ ਜਾਂ ਕਿਸੇ ਦਾ ਸਮਰਥਨ ਕਰਨ ’ਤੇ ਇਤਰਾਜ਼ ਕਰਨ ਤੇ ਇਸ ਬਹਾਨੇ ਆਪਣੇ ਵਿਰੋਧੀ ਉਮੀਦਵਾਰਾਂ ਨੂੰ ਭੰਡਣ।

ਉਨ੍ਹਾਂ ਕਿਹਾ ਕਿ ਕੋਈ ਕਾਂਗਰਸੀ ਸਿੱਖ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸ਼ਰਧਾ ਰਖਦਾ ਹੋਇਆ ਗੁਰੂ ਦੀ ਗੋਲਕ ਵਿਚ ਮਾਇਆ ਪਾਉਂਦਾ ਹੈ ਤਾਂ ਉਸ ਵੇਲੇ ਤਾਂ ਬਾਦਲ ਨੂੰ ਕੋਈ ਇਤਰਾਜ ਨਹੀਂ ਹੁੰਦਾ। ਗੁਰੂ ਕੀ ਇਸ ਗੋਲਕ, ਜਿਸ ਵਿੱਚ ਕਾਂਗਰਸੀ ਸਿੱਖਾਂ ਦਾ ਵੀ ਪੂਰਾ ਹਿੱਸਾ ਹੁੰਦਾ ਹੈ, ਦੀ ਆਪਣੇ ਰਾਜਨੀਤਕ ਹਿੱਤਾਂ ਲਈ ਦੁਰਵਰਤੋਂ ਕਰਨ ਤੋਂ ਵੀ ਬਾਦਲ ਸਾਹਿਬ ਕੋਈ ਸੰਕੋਚ ਨਹੀਂ ਕਰਦੇ ਤਾਂ ਫਿਰ ਉਨ੍ਹਾਂ ਨੂੰ ਕੀ ਅਧਿਕਾਰ ਹੈ ਕਿ ਉਹ ਇਨ੍ਹਾਂ ਸਿੱਖਾਂ ਵਲੋਂ ਗੁਰਦੁਆਰਿਆਂ ਦੇ ਪ੍ਰਬੰਧ ਲਈ ਹੋ ਰਹੀਆਂ ਚੋਣਾਂ ਵਿੱਚ ਵੋਟ ਪਾਉਣ ’ਤੇ ਇਤਰਾਜ਼ ਕਰਨ। ਉਨ੍ਹਾਂ ਕਿਹਾ ਆਰਐੱਸਐੱਸ ਦੀ ਝੋਲੀ ਵਿੱਚ ਬੈਠ ਕੇ ਭਾਰਤੀ ਚੋਣ ਕਮਿਸ਼ਨ ਤੇ ਗੁਰਦੁਆਰਾ ਚੋਣ ਕਮਿਸ਼ਨ ਕੋਲ ਪਾਰਟੀ ਦੇ ਦੋ ਵੱਖ ਵੱਖ ਸੰਵਿਧਾਨ ਪੇਸ਼ ਕਰਕੇ ਕਮਿਸ਼ਨ ਤੇ ਲੋਕਾਂ ਨੂੰ ਧੋਖਾ ਦੇਣ ਵਾਲੇ ਬਾਦਲ ਨਾਲੋਂ ਹੋਰ ਕੋਈ ਵੀ, ਸਿੱਖ ਪੰਥ ਲਈ ਵੱਧ ਖਤਰਨਾਕ ਨਹੀਂ ਹੋ ਸਕਦਾ। ਇਸ ਲਈ ਗੁਰਦੁਆਰਾ ਪ੍ਰਬੰਧਾਂ ਨੂੰ ਬਾਦਲ ਦੀ ਗ੍ਰਿਫ਼ਤ ’ਚੋਂ ਅਜ਼ਾਦ ਕਰਵਾਉਣ ਲਈ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਣ ਵਾਲੇ ਕਿਸੇ ਵੀ ਸਿੱਖ ਤੋਂ ਸਹਿਯੋਗ ਲੈਣ ਵਿੱਚ ਉਨ੍ਹਾਂ ਨੂੰ ਕੋਈ ਝਿਝਕ ਨਹੀਂ ਹੈ, ਬੇਸ਼ੱਕ ਉਹ ਕਿਸੇ ਵੀ ਪਾਰਟੀ ਨਾਲ ਸਬੰਧਤ ਕਿਉਂ ਨਾ ਹੋਵੇ।

ਉਕਤ ਸਾਰੇ ਉਮੀਦਵਾਰਾਂ ਨੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸ: ਸਿਮਰਨਜੀਤ ਸਿੰਘ ਮਾਨ ਨੂੰ ਵੀ ਅਪੀਲ ਕੀਤੀ ਕਿ ਕਾਂਗਰਸ ਦੇ ਨਾਂ ’ਤੇ ਪੰਥਕ ਮੋਰਚੇ ਵਿੱਚ ਸ਼ਾਮਲ ਹੋਣ ਤੋਂ ਨਾਂਹ ਕਰਨੀ ਸਿੱਧੇ ਤੌਰ ’ਤੇ ਬਾਦਲ ਦਲ ਨੂੰ, ਅਤੇ ਦੂਜੇ ਅਰਥਾਂ ਵਿੱਚ ਆਰਐੱਸ ਨੂੰ ਲਾਭ ਪਹੁੰਚਾਉਣਾ ਹੈ। ਇਸ ਲਈ ਵਖਰੇ ਤੌਰ ’ਤੇ ਸਾਰੀਆਂ 170 ਸੀਟਾਂ ’ਤੇ ਚੋਣ ਲੜਨ ਦੇ ਆਪਣੇ ਫੈਸਲੇ ’ਤੇ ਮੁੜ ਵੀਚਾਰ ਕਰਕੇ ਸਿਰਫ ਸੰਭਾਵਤ ਜੇਤੂ ਸਾਂਝੇ ਉਮੀਦਵਾਰਾਂ ਦੀ ਹੀ ਮੱਦਦ ਕਰਨ। ਉਨ੍ਹਾਂ ਸਾਂਝੇ ਪੰਥਕ ਮੋਰਚੇ ਦੇ ਆਗੂਆਂ ਨੂੰ ਵੀ ਅਪੀਲ ਕੀਤੀ ਕਿ ਜਿੱਥੇ ਸ: ਮਾਨ ਦੇ ਉਮੀਦਵਾਰ ਜਿੱਤਣ ਦੀ ਸੰਭਾਵਨਾਂ ਵਿੱਚ ਹਨ ਉਨ੍ਹਾਂ ਸੀਟਾਂ ’ਤੇ ਆਪਣੇ ਉਮੀਦਵਾਰ ਮੁਕਾਬਲੇ ’ਚੋਂ ਹਟਾ ਕੇ ਸ: ਮਾਨ ਦੇ ਉਮੀਦਵਾਰਾਂ ਦੀ ਮੱਦਦ ਕੀਤੀ ਜਾਵੇ ਤਾਂ ਕਿ ਬਾਦਲ ਦਲ ਨੂੰ ਤਕੜੀ ਸਿਕਸ਼ਤ ਦਿੱਤੀ ਜਾ ਸਕੇ।

ਪ੍ਰਕਾਸ਼ ਸਿੰਘ ਬਾਦਲ ਵਲੋਂ ਸਾਂਝੇ ਪੰਥਕ ਮੋਰਚੇ ’ਤੇ ਕਾਂਗਰਸ ਤੋਂ ਸਮਰਥਨ ਲੈਣ ਦੇ ਲਾਏ ਜਾ ਰਹੇ ਦੋਸ਼ਾਂ ਦੀ ਫੂਕ ਕਢਦਿਆਂ ਬਠਿੰਡਾ ਹਲਕੇ ਤੋਂ ਉਮੀਦਵਾਰ ਹਰਪਾਲ ਸਿੰਘ ਮਿੱਠੂ ਨੇ ਕਿਹਾ, ਇਸ ਨੇ ਖ਼ੁਦ ਤਾਂ ਹਰਿਆਣਾ ਲਈ ਉਮੀਦਵਾਰਾਂ ਦੀ ਚੋਣ ਦੇ ਅਧਿਕਾਰ ਵੀ ਓਮ ਪ੍ਰਕਾਸ਼ ਚੋਟਾਲਾ ਨੂੰ ਦੇ ਰੱਖੇ ਹਨ ਤਾਂ ਉਹ ਕਿਸ ਅਧਾਰ ’ਤੇ ਇਹ ਦੋਸ਼ ਲਾ ਰਿਹਾ ਹੈ ਕਿ ਪੰਥਕ ਮੋਰਚਾ ਕਾਂਗਰਸ ਦੀ ਮੱਦਦ ਨਾਲ ਚੋਣਾਂ ਲੜ ਰਿਹਾ ਹੈ। ਸ: ਹਰਪਾਲ ਸਿੰਘ ਅਨੁਸਾਰ ਸੰਤ ਪ੍ਰੀਤਮ ਸਿੰਘ ਮਲ੍ਹਾਣੀਆਂ, ਸੰਤ ਗੁਰਮੀਤ ਸਿੰਘ ਤ੍ਰਿਲੋਕੇ ਵਾਲਾ ਤੇ ਹਰਿਆਣਾ ਦੇ ਕੁਝ ਹੋਰ ਸੰਤ, ਸ: ਬਾਦਲ ਕੋਲ ਗਏ ਤੇ ਮੰਗ ਕੀਤੀ ਕਿ ਉਨ੍ਹਾਂ ਨੂੰ ਹਰਿਆਣਾਂ ਦੀਆਂ ਕੁਝ ਸੀਟਾਂ ’ਤੇ ਚੋਣ ਲੜਨ ਲਈ ਟਿਕਟ ਦੇ ਕੇ ਉਮੀਦਵਾਰ ਬਣਾਇਆ ਜਾਵੇ, ਤਾਂ ਸ: ਬਾਦਲ ਨੇ ਉਨ੍ਹਾਂ ਨੂੰ ਸਾਫ਼ ਲਫ਼ਜਾਂ ਵਿੱਚ ਕਹਿ ਦਿੱਤਾ ਕਿ ਹਰਿਆਣਾ ਨਾਲ ਸਬੰਧਤ ਸੀਟਾਂ ਲਈ ਟਿਕਟਾਂ ਦੇਣ ਦਾ ਅਧਿਕਾਰ ਕੇਵਲ ਹਰਿਆਣਾ ਦੇ ਸਾਬਕਾ ਮੁਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਨੂੰ ਹੀ ਹੈ। ਇਸ ਲਈ ਜਿਸ ਨੇ ਟਿਕਟ ਲੈਣੀ ਹੈ ਉਹ ਚੌਟਾਲਾ ਸਾਹਿਬ ਕੋਲ ਹੀ ਜਾਵੇ। ਇਸ ਲਈ ਹਰਿਆਣਾ ਦੇ ਸੰਤਾਂ ਵਿੱਚ ਇਸ ਗੱਲ ਦਾ ਭਾਰੀ ਰੋਸ ਹੈ ਕਿ ਗੁਰਦੁਆਰਿਆਂ ਦੀ ਚੋਣ ਲਈ ਟਿਕਟਾਂ ਪ੍ਰਾਪਤ ਕਰਨ ਲਈ ਉਹ ਹੁੱਕਾ ਪੀਣਿਆਂ ਕੋਲ ਕਿਉਂ ਜਾਣਗੇ?


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top