Share on Facebook

Main News Page

ਉਪਜੈ ਸਹਜੁ ਗਿਆਨ ਮਤਿ ਜਾਗੈ॥ (ਪੰਨਾ 92)

ਵੀਰ ਇੰਦਰ ਜੀਤ ਸਿੰਘ ਜੀ ‘ਕਾਨਪੁਰ’ ਦੇ ਤਾਜ਼ਾ ਲੇਖ ਬਾਰੇ ‘ਤੱਤ ਗੁਰਮਤਿ ਪਰਿਵਾਰ’ ਦਾ ਪੱਖ

ਪਿਛਲੇ ਦਿਨੀਂ ‘ਤੱਤ ਗੁਰਮਤਿ ਪਰਿਵਾਰ’ ਨੇ ਸਤਿਕਾਰਯੋਗ ਪੰਥਦਰਦੀ ਵੀਰ ਇੰਦਰਜੀਤ ਸਿੰਘ ਜੀ ‘ਕਾਨਪੁਰ’ ਦੇ ਇਕ ਲੇਖ ‘ਬੁਆੜ ਦੇ ਬੂਟੇ’ ਦੇ ਪ੍ਰਤੀਕਰਮ ਵਜੋਂ ਸੰਪਾਦਕੀ ਲਿੱਖ ਕੇ ਤੱਥਾਂ ਅਤੇ ਦਲੀਲਾਂ ਨਾਲ ਵੀਰ ਜੀ ਵਲੋਂ ਛੇੜੇ ਮੁੱਦੇ ਵੀਚਾਰ ਕੇ ਇਹ ਸਪਸ਼ਟ ਕਰਨ ਦਾ ਯਤਨ ਕੀਤਾ ਸੀ ਕਿ ਵੀਰ ਜੀ ਦੀ ਪਹੁੰਚ ਠੀਕ ਨਹੀਂ ਹੈ ਅਤੇ ਉਨ੍ਹਾਂ ਵਲੋਂ ਆਪਣੇ ਲੇਖ ਵਿਚ ਦਿੱਤੇ ਮਾਪਦੰਡਾਂ ਅਨੁਸਾਰ ਤਾਂ ਸਿਰਫ ਉਹੀ ਸੱਚੇ ਸੁਚੇ ਸਿੱਖ ਹੁਣ ਤੱਕ ਹੋਏ ਹਨ। ਸਾਡੇ ਇਸ ਸੰਪਾਦਕੀ ਦੇ ਪ੍ਰਤੀਕਰਮ ਵਜੋਂ ਵੀਰ ਜੀ ਨੇ ਇਕ ਲੇਖ “ਗੁਰੂ ਗ੍ਰੰਥ ਸਾਹਿਬ” ਜੀ ਦੇ “ਮੌਜੂਦਾ ਸਰੂਪ” ’ਤੇ “ਅਖੌਤੀ ਜਾਗਰੂਕ ਧਿਰਾਂ” ਵਲੋਂ ਖੜ੍ਹੇ ਕੀਤੇ ਜਾ ਰਹੇ ਸ਼ੰਕੇ” ਖਾਲਸਾ ਨਿਉਜ਼ ਵੈਬਸਾਈਟ ’ਤੇ ਛਪਵਾਇਆ ਹੈ। ਆਪਣੀ ਆਲੋਚਣਾ ਦਾ ਤਹਿ ਦਿਲੋਂ ਸੁਆਗਤ ਕਰਨ ਦੀ ਗੁਰਬਾਣੀ ਸੇਧ ਅਨੁਸਾਰ ਅਸੀਂ ਵੀਰ ਜੀ ਦੇ ਇਸ ਲੇਖ ਲਈ ਉਨ੍ਹਾਂ ਦਾ ਹਾਰਦਿਕ ਧੰਨਵਾਦ ਕਰਦੇ ਹਾਂ। ਗੁਰਮਤਿ ਸਮਝ ਅਨੁਸਾਰ ਜਵਾਬਦੇਹੀ ਨੂੰ ਆਪਣਾ ਮੁੱਢਲਾ ਫਰਜ਼ ਮੰਨਦੇ ਹੋਏ, ਅਸੀਂ ਵੀਰ ਜੀ ਦੇ ਇਸ ਲੇਖ ਸੰਬੰਧੀ ‘ਪਰਿਵਾਰ’ ਦਾ ਪੱਖ ਨਿਮਰਤਾ ਅਤੇ ਸਤਿਕਾਰ ਨਾਲ ਦੇਣ ਦਾ ਨਿਮਾਣਾ ਯਤਨ ਕਰ ਰਹੇ ਹਾਂ।

ਆਪਣੇ ਇਸ ਲੇਖ ਵਿਚ ਕਾਨਪੁਰ ਜੀ ਨੇ ਸਾਡੇ ਵਲੋਂ ਉਠਾਏ ਨੁਕਤਿਆਂ ਬਾਰੇ ਵਿਚਾਰ ਦੇਣ ਤੋਂ ‘ਬਹਿਸਬਾਜ਼ੀ’ ਦੇ ਨਾਂ ’ਤੇ ਟਾਲਾ ਵੱਟ ਲਿਆ। ਵੀਰ ਜੀ ਦੀ ਇਸ ਸ਼ੈਲੀ ਨਾਲ ਸੁਚੇਤ ਪਾਠਕ ਹੁਣ ਤੱਕ ਚੰਗੀ ਤਰ੍ਹਾਂ ਵਾਕਿਫ ਹੋ ਚੁੱਕੇ ਹਨ ਕਿ ਵੀਰ ਜੀ ਆਪਣੇ ਲੇਖਾਂ ਵਿਚ ਕਿਸੇ ਨੁਕਤੇ ’ਤੇ ਦਲੀਲ ਅਤੇ ਤੱਥਾਂ ਨਾਲ ਵੀਚਾਰ ਘੱਟ ਹੀ ਕਰਦੇ ਹਨ। ਉਨ੍ਹਾਂ ਦਾ ਜ਼ਿਆਦਾ ਜ਼ੋਰ ਜ਼ਜ਼ਬਾਤੀ ਗੱਲਾਂ ਕਰਕੇ ਮਨ ਦੀ ਭੜਾਸ ਕੱਢਣਾ ਹੀ ਹੁੰਦਾ ਹੈ। ਆਪਣੇ ਤਾਜ਼ਾ ਲੇਖ ਵਿਚ ਵੀ ਉਨ੍ਹਾਂ ਨੇ ਇਹੀ ਕੀਤਾ ਹੈ। ਇਸ ਲੇਖ ਵਿਚ ਉਨ੍ਹਾਂ ਨੇ ਸਾਡੇ ਵਲੋਂ ਸੰਪਾਦਕੀ ਵਿਚ ਉਠਾਏ ਕਿਸੇ ਵੀ ਮੁੱਦੇ ਨੂੰ ਵਿਚਾਰਨ ਦੀ ਥਾਂ ‘ਪਰਿਵਾਰ’ ’ਤੇ ਕੁਝ ਇਲਜ਼ਾਮ ਲਾਏ ਹਨ ਅਤੇ ‘ਪਰਿਵਾਰ’ ਨੂੰ ਕੁਝ ਸਵਾਲ ਪੁੱਛੇ ਹਨ।

‘ਪਰਿਵਾਰ’ ਵੀਰ ਜੀ ਦੇ ਇਨ੍ਹਾਂ ਇਲਜ਼ਾਮਾਂ ਅਤੇ ਸਵਾਲਾਂ ਦਾ ਖਿੜੇ ਮੱਥੇ ਸੁਆਗਤ ਕਰਦੇ ਹੋਏ, ਇਨ੍ਹਾਂ ਪ੍ਰਤੀ ਆਪਣਾ ਪੱਖ, ਆਪਣੀ ਸਮਝ ਅਨੁਸਾਰ ਹੇਠਾਂ ਦੇਣ ਦਾ ਯਤਨ ਕਰ ਰਿਹਾ ਹੈ।

ਇਲਜ਼ਾਮ

  1. ‘ਪਰਿਵਾਰ’ ਨੇ ਅਪਣੇ ਸੰਪਾਦਕੀ ਵਿਚ ਵੀਰ ਜੀ ਉੱਤੇ ਹੋਛੇ, ਵਿਅਕਤੀਗਤ, ਬੈ-ਸਿਰਪੈਰ ਦੇ, ਜਾਤੀ ਅਤੇ ਜਾਤੀਗਤ ਹਮਲੇ ਕੀਤੇ ਹਨ।
  2. ‘ਪਰਿਵਾਰ’ ਨੇ ਵੀਰ ਜੀ ਖਿਲਾਫ ਜ਼ਹਿਰ ਭਰਿਆ ਲੇਖ ਲਿਖਿਆ ਹੈ।
  3. ‘ਪਰਿਵਾਰ’ ਨੂੰ ਨਾਨਕ ਨੂੰ ‘ਗੁਰੂ’ ਕਹਿਣ ਵਿਚ ਸ਼ਰਮ ਆਉਂਦੀ ਹੈ।
  4. ‘ਪਰਿਵਾਰ’ ਨੂੰ ਹੋਰਾਂ ਵਲੋਂ ਨਾਨਕ ਸਰੂਪਾਂ ਨੂੰ ‘ਗੁਰੂ’ ਕਹਿਣ ’ਤੇ ਇਤਰਾਜ਼ ਹੈ ਅਤੇ ਅਸੀਂ ਇਸ ਬਾਰੇ ਫਤਵਾ ਜਾਰੀ ਕੀਤਾ ਹੋਇਆ ਹੈ।
  5. ‘ਪਰਿਵਾਰ’ ਨੇ ਨਿਤਨੇਮ ਦਾ ਗੁਟਕਾ ਸੋਧ ਕੇ ਆਪਣੇ ਘਰ ਰੱਖ ਲਿਆ। ‘ਪਰਿਵਾਰ’ ਨੇ ਰਹਿਤ ਮਰਿਯਾਦਾ ਦਾ ਖਰੜਾ ਸੋਧ ਕੇ ਆਪਣੇ ਘਰ ਰੱਖ ਲਿਆ।
  6. ‘ਪਰਿਵਾਰ’ ਦੀਆਂ ਲਿਖਤਾਂ ਗੁੰਮਨਾਮ ਹੁੰਦੀਆਂ ਹਨ। ‘ਪਰਿਵਾਰ’ ਦੇ ਨਾ ਸੰਤਰੀ ਦਾ ਪਤਾ ਹੈ ਨਾ ਮੰਤਰੀ ਦਾ।

ਸਵਾਲ

  1. ‘ਪਰਿਵਾਰ’ ਦਾ ਵਜੂਦ ਕੀ ਹੈ?
  2. ਜੇ ਸਾਡੇ ਨਾਨਕ ਸਰੂਪਾਂ ਨੂੰ ‘ਗੁਰੂ’ ਨਾ ਕਹਿਣ ਤੇ ਕਿਸੇ ਨੂੰ ਇਤਰਾਜ਼ ਨਹੀਂ ਤਾਂ ‘ਪਰਿਵਾਰ’ ਨੂੰ ਹੋਰਾਂ ਵਲੋਂ ਉਨ੍ਹਾਂ ਨੂੰ ‘ਗੁਰੂ’ ਲਿਖਣ ’ਤੇ ਇਤਰਾਜ਼ ਕਿਉਂ? ‘ਪਰਿਵਾਰ’ ਨੇ ਇਸ ਬਾਰੇ ਫਤਵਾ ਜਾਰੀ ਕੀਤਾ ਹੋਇਆ ਹੈ।
  3. ‘ਪਰਿਵਾਰ’ ਸਾਰੇ ਨਾਨਕ ਸਰੂਪਾਂ ਨੂੰ ਬਾਬਾ ਕਿਉਂ ਨਹੀਂ ਲਿੱਖਦਾ?
  4. ਕੀ ‘ਪਰਿਵਾਰ’ ਵਲੋਂ ਨਿਤਨੇਮ ਅਤੇ ਰਹਿਤ ਮਰਿਯਾਦਾ ਨੂੰ ਸੋਧਣਾ ਇਕ ਫਤਵਾ ਨਹੀਂ ਹੈ?
  5. ਸਾਡਾ (ਪਰਿਵਾਰ) ਦਾ ਗੁਰੂ ਕੌਣ ਹੈ?

ਸਲਾਹ/ਨਸੀਹਤਾਂ

  1. ਪਰਿਵਾਰ ‘ਗੁਰੂ ਗ੍ਰੰਥ ਸਾਹਿਬ ਜੀ’ ਦੇ ਮੌਜੂਦਾ ਸਰੂਪ ਨੂੰ ਸੋਧਣ ਦੀ ਗਲਤੀ ਨਾ ਕਰੇ।
  2. ਦਾਸ (ਵੀਰ ਜੀ) ਇਕੱਲਾ ਨਹੀਂ ਦਾਸ ਨਾਲ ਪੰਥ ਦਾ ਹਰ ਉਹ ਸਿੱਖ ਖੜਾ ਹੈ, ਜੋ ‘ਗੁਰੂ ਗ੍ਰੰਥ ਸਾਹਿਬ ਜੀ’ ਦਾ ਸਿੱਖ ਹੈ ਅਤੇ ਉਸ ਦੇ ਮੌਜੂਦਾ ਸਰੂਪ ਨੂੰ ਹੀ ਸਭ ਕੁਝ ਮੰਨਦਾ ਹੈ। ਇਹ ਸਿੱਖ ਗੁਰੂ ਗ੍ਰੰਥ ਸਾਹਿਬ ਜੀ ਦੇ ਮੌਜੂਦਾ ਸਰੂਪ ਦੀ ਸੁਧਾਈ ਕਿਸੇ ਵੀ ਰੂਪ ਵਿਚ ਨਹੀਂ ਚਾਹੁੰਦੇ।

ਪਰਿਵਾਰ ਦਾ ਪੱਖ

ਇਲਜ਼ਾਮਾਂ ਬਾਰੇ ਕ੍ਰਮਵਾਰ

  1. ਵਿਅਕਤੀਗਤ ਅਤੇ ਜ਼ਾਤੀ ਹਮਲਾ ਹੁੰਦਾ ਹੈ, ਕਿਸੇ ਦੇ ਨਿੱਜੀ ਚਰਿਤ੍ਰ ਬਾਰੇ ਟਿੱਪਣੀਆਂ ਕਰਨੀਆਂ। ਆਪਣੇ ਸੰਪਾਦਕੀ ਵਿਚ ‘ਪਰਿਵਾਰ’ ਨੇ ਵੀਰ ਜੀ ਦੇ ਨਿੱਜੀ ਜੀਵਨ ਬਾਰੇ ਨਾ ਤਾਂ ਕੋਈ ਟਿੱਪਣੀ ਕੀਤੀ ਅਤੇ ਨਾ ਹੀ ਇਲਜ਼ਾਮ ਲਾਏ। ਅਸੀਂ ਤਾਂ ਉਨ੍ਹਾਂ ਦੀਆਂ ਲਿਖਤਾਂ ਵਿਚ ਉਠਾਏੇ ਕੁਝ ਮੁੱਦਿਆਂ ਨੂੰ ਲੈ ਕੇ ਦਲੀਲ ਅਤੇ ਹਵਾਲਿਆਂ ਨਾਲ ਵੀਚਾਰ ਹੀ ਪੇਸ਼ ਕੀਤੇ ਹਨ। ਮੁੱਦੇ ਇਹ ਸਨ:- ਰਾਗਮਾਲਾ ਅਤੇ ਤੱਤਕਰਾ ਇਕੋ ਜਿਹੇ ਹਨ, ਰਾਗਮਾਲਾ ਮੌਜੂਦਾ ਸਰੂਪ ਵਿਚ ਜ਼ਰੂਰੀ ਹੈ, ਇਹ ਪੰਥ ਪ੍ਰਵਾਣਿਤ ਹੈ, ਸਹਿਜ ਵਿਚ ਰਹਿ ਕੇ ਵਿਚਾਰ ਕਰਨ ਦੀ ਸਲਾਹ ਸਹੀ ਨਹੀਂ ਹੈ।  ਅਸੀਂ ਵੀਰ ਜੀ ਦੇ ਇਨ੍ਹਾਂ ਵਿਚਾਰਾਂ ਬਾਰੇ ਦਲੀਲ ਅਤੇ ਗੁਰਬਾਣੀ ਹਵਾਲਿਆਂ ਨਾਲ ਵਿਚਾਰ ਦਿੱਤੀ ਸੀ, ਜਿਸ ਵਿਚੋਂ ਕਿਸੇ ਵੀ ਨੁਕਤੇ ਨੂੰ ਵਿਚਾਰਨ ਦੀ ਜ਼ਹਿਮਤ ਨਹੀਂ ਉਠਾਈ। ਸੋ ਸਪਸ਼ਟ ਹੈ ਕਿ ਵੀਰ ਜੀ ਦਾ ਇਹ ਇਲਜ਼ਾਮ ਝੂਠਾ ਹੈ ਕਿ ‘ਪਰਿਵਾਰ’ ਨੇ ਉਨ੍ਹਾਂ ’ਤੇ ਵਿਅਤਕੀਗਤ ਅਤੇ ਜਾਤੀ ਹਮਲੇ ਕੀਤੇ। ਵੀਰ ਜੀ ਦੀਆਂ ਲਿਖਤਾਂ ਨੂੰ ਪੜ੍ਹਨ ਵਾਲੇ ਸੁਚੇਤ ਪਾਠਕ ਚੰਗੀ ਤਰ੍ਹਾਂ ਜਾਣਦੇ ਹਨ ਕਿ ਇਹ ਉਨ੍ਹਾਂ ਦੀ ਆਦਤ ਹੈ ਕਿ ਕਿਸੇ ਨੁਕਤੇ ’ਤੇ ਦਲੀਲ ਨਾਲ ਗੱਲ ਕਰਨ ਦੀ ਥਾਂ ਜਜ਼ਬਾਤੀ ਗੱਲਾਂ ਕਰਕੇ ਗੁੰਮਰਾਹ ਕਰਨ ਦਾ ਯਤਨ ਕਰਨਾ।

  2. ਵੀਰ ਜੀ ਦਾ ਦੂਜਾ ਇਲਜ਼ਾਮ ਹੈ ਕਿ ਅਸੀਂ ਉਨ੍ਹਾਂ ਖਿਲਾਫ ਆਪਣੇ ਸੰਪਾਦਕੀ ਵਿਚ ਜ਼ਹਿਰ ਉਗਲਿਆ ਹੈ। ਵੀਰ ਜੀ ਨੇ ਆਪਣੇ ਕਿਸੇ ਵੀ ਇਲਜ਼ਾਮ ਦੇ ਹੱਕ ਵਿਚ ਸਾਡੀ ਲਿਖਤ ਦਾ ਕੋਈ ਇਕ ਵੀ ਹਵਾਲਾ ਪੇਸ਼ ਨਹੀਂ ਕੀਤਾ। ਅਸੀਂ ਆਪਣੇ ਲੇਖ ਵਿਚ ਨੁਕਤੇ ਦਲੀਲ ਅਤੇ ਗੁਰਬਾਣੀ ਹਵਾਲੇ ਦੇ ਕੇ ਪੇਸ਼ ਕੀਤੇ ਹਨ, ਵੀਰ ਜੀ ਦੇ ਚਰਿਤ੍ਰ ਬਾਰੇ ਕੋਈ ਜ਼ਾਤੀ ਟਿੱਪਣੀਆਂ ਨਹੀਂ ਕੀਤੀਆਂ। ਜੇ ਵੀਰ ਜੀ ਨੂੰ ਦਲੀਲ ਅਤੇ ਗੁਰਬਾਣੀ ਹਵਾਲੇ ‘ਜ਼ਹਿਰ’ ਜਾਪਦੇ ਹਨ ਤਾਂ ਇਹ ਉਨ੍ਹਾਂ ਦੀ ਸਮਝ ਦੀ ਕਮੀ ਹੋ ਸਕਦੀ ਹੈ। ਸਪਸ਼ਟ ਹੈ ਕਿ ਵੀਰ ਜੀ ਦਾ ਇਹ ਇਲਜ਼ਾਮ ਵੀ ਗਲਤ ਹੈ।

  3. ਵੀਰ ਜੀ ਦਾ ਤੀਜਾ ਇਲਜ਼ਾਮ ਹੈ ਕਿ ‘ਪਰਿਵਾਰ’ ਨੂੰ ਨਾਨਕ (ਸਰੂਪਾਂ) ਨੂੰ ‘ਗੁਰੂ’ ਕਹਿਣ ਵਿਚ ਸ਼ਰਮ ਆਉਂਦੀ ਹੈ। ਅਸੀਂ ਤਾਂ ਕਿਧਰੇ ਐਸਾ ਨਹੀਂ ਕਿਹਾ ਕਿ ‘ਨਾਨਕ ਸਰੂਪਾਂ’ ਨੂੰ ‘ਗੁਰੂ’ ਕਹਿਣਾ ਸ਼ਰਮਨਾਕ ਹੈ। ਅਸੀਂ ਇਹੀ ਵਿਚਾਰ ਦਿੱਤਾ ਹੈ ਕਿ ਸਾਡੀ ਗੁਰਮਤਿ ਸਮਝ ਅਨੁਸਾਰ ਕੋਈ ਦੇਹਧਾਰੀ ‘ਗੁਰੂ’ ਨਹੀਂ ਹੋ ਸਕਦਾ, ਸੋ ਅਸੀਂ ਨਾਨਕ ਸਰੂਪਾਂ ਨੂੰ ‘ਗੁਰੂ’ ਨਹੀਂ ਲਿਖਦੇ। ਇਸ ਦਾ ਇਹ ਮਤਲਬ ਬਿਲਕੁਲ ਨਹੀਂ ਕਿ ਅਸੀਂ ਉਨ੍ਹਾਂ ਦਾ ਸਤਿਕਾਰ ਨਹੀਂ ਕਰਦੇ। ਅਸੀਂ ਉਨ੍ਹਾਂ ਨੂੰ ਮਨੁੱਖਤਾ ਦੇ ਲਾਸਾਨੀ ਰਹਿਬਰ ਮੰਨਦੇ ਹਾਂ। ਪਰ ਸਤਿਕਾਰ ਦੇ ਨਾਂ ’ਤੇ ਅਸੀਂ ਗੁਰਮਤਿ ਤੋਂ ਉਲਟ ਕਰਮ ਨਹੀਂ ਕਰ ਸਕਦੇ। ਸੋ ਸਪਸ਼ਟ ਹੈ ਕਿ ਵੀਰ ਜੀ ਦਾ ਇਹ ਇਲਜ਼ਾਮ ਵੀ ਤੱਥਾਂ ਤੋਂ ਸੱਖਣਾ ਹੀ ਹੈ।

  4. ਵੀਰ ਜੀ ਦਾ ਚੌਥਾ ਇਲਜ਼ਾਮ ਹੈ ਕਿ ਅਸੀਂ ਹੋਰਾਂ ਵਲੋਂ ਨਾਨਕ ਸਰੂਪਾਂ ਨੂੰ ‘ਗੁਰੂ’ ਕਹਿਣ ’ਤੇ ਇਤਰਾਜ਼ ਕਰਦੇ ਹਾਂ ਅਤੇ ਇਸ ਬਾਰੇ ਫਤਵਾ ਜ਼ਾਰੀ ਕੀਤਾ ਹੋਇਆ ਹੈ। ਵੀਰ ਜੀ ਨੇ ਅਪਣੇ ਕਿਸੇ ਵੀ ਇਲਜ਼ਾਮ ਦੇ ਹੱਕ ਵਿਚ ਸਾਡੀ ਕਿਸੇ ਲਿਖਤ ਦਾ ਕੋਈ ਇਕ ਵੀ ਹਵਾਲਾ ਨਹੀਂ ਦਿਤਾ। ਅਸੀਂ ਗੁਰਮਤਿ ਨੂੰ ਸਮਝ ਕੇ ਪਹਿਲਾਂ ਆਪ ਅਪਨਾਉਣ ਦਾ ਯਤਨ ਕਰਦੇ ਹਾਂ, ਫੇਰ ਆਪਣੀ ਗੱਲ ਨੂੰ ਦਲੀਲ ਅਤੇ ਤੱਥਾਂ ਨਾਲ ਹੋਰਾਂ ਸਾਹਮਣੇ ਰੱਖਣ ਦਾ ਯਤਨ ਕਰਦੇ ਹਾਂ। ਫਤਵਾ ‘ਹੁਕਮ’ ਹੁੰਦਾ ਹੈ, ਵਿਚਾਰ ਨਹੀਂ। ਸਾਡੀ ਗੁਰਮਤਿ ਸਮਝ ਅਨੁਸਾਰ ਨਾਨਕ ਸਰੂਪਾਂ ਲਈ ‘ਗੁਰੂ’ ਵਿਸ਼ੇਸ਼ਣ ਵਰਤਣਾ ਜ਼ਾਇਜ਼ ਨਹੀਂ, ਸੋ ਅਸੀਂ ਨਹੀਂ ਵਰਤਦੇ। ਪਰ ਅਸੀਂ ਕਿਸੇ ਦੇ ਵਰਤਣ ’ਤੇ ਇਤਰਾਜ਼ ਨਹੀਂ ਕੀਤਾ ਅਤੇ ਨਾ ਹੀ ਕੋਈ ਫਤਵਾ ਜਾਰੀ ਕੀਤਾ ਹੈ। ਇਸ ਦਾ ਸਭ ਤੋਂ ਵੱਡਾ ਸਬੂਤ ਇਹ ਹੈ ਕਿ ਨਾਨਕ ਸਰੂਪਾਂ ਨਾਲ ‘ਗੁਰੂ’ ਵਿਸ਼ੇਸ਼ਣ ਵਰਤਦੇ ਹੋਰ ਲੇਖਕਾਂ ਦੇ ਲੇਖ ਸਾਡੀ ਵੈਬਸਾਈਟ ਤੇ ਨਿਰ-ਸੰਕੋਚ ਛੱਪ ਰਹੇ ਹਨ। ਸੋ ਸਪਸ਼ਟ ਹੈ ਕਿ ਵੀਰ ਜੀ ਦਾ ਇਹ ਇਲਜ਼ਾਮ ਵੀ ਤੱਥਾਂ ਰਹਿਤ ਅਤੇ ਗੁੰਰਾਹਕੁੰਨ ਹੈ।

  5. ਵੀਰ ਜੀ ਦਾ ਪੰਜਵਾਂ ਇਲਜ਼ਾਮ ਹੈ ਕਿ ‘ਪਰਿਵਾਰ’ ਨੇ ਨਿਤਨੇਮ ਦਾ ਗੁਟਕਾ ਅਤੇ ਰਹਿਤ ਮਰਿਯਾਦਾ ਦਾ ਖਰੜਾ ਸੋਧ ਕੇ ਆਪਣੇ ਘਰ ਰੱਖ ਲਿਆ। ‘ਪਰਿਵਾਰ’ ਨੇ ਆਪਣੇ ਲਈ ‘ਨਿਤਨੇਮ’ ਦਾ ਸੁਧਾਰ (ਸੋਧ) ਗੁਰਮਤਿ ਦੀ ਰੌਸ਼ਨੀ ਵਿਚ ਕੀਤਾ ਸੀ। ਇਹ ਕੰਮ ਕੋਈ ਚੁੱਪ ਚੁਪੀਤੇ ਨਹੀਂ, ਬਲਕਿ ਖੁੱਲੇਆਮ ਕੀਤਾ ਸੀ। ਇਸ ਬਾਰੇ ਖਬਰ ਵੱਖ-ਵੱਖ ਪੰਥਕ ਵੈਬਸਾਈਟਾਂ ’ਤੇ ਲਾਈ ਗਈ ਸੀ। ਇਸ ਦੀ ਵੀਡੀਉ ਵੀ ‘ਪਰਿਵਾਰ’ ਦੀ ਵੈਬਸਾਈਟ ’ਤੇ ਅੱਜ ਵੀ ਵੇਖੀ ਜਾ ਸਕਦੀ ਹੈ। ਇਹ ‘ਨਿਤਨੇਮ’ ਅੱਜ ਵੀ ਸਾਡੀ ਵੈਬਸਾਈਟ ’ਤੇ ਪਇਆ ਹੋਇਆ ਹੈ, ਉਸ ਬਾਰੇ ਮੁੱਖ ਪੰਨੇ ’ਤੇ ਨੋਟਿਸ ਵੀ ਲਗਿਆ ਹੋਇਆ ਹੈ। ‘ਪਰਿਵਾਰ’ ਵਲੋਂ ਨਵੇਂ ਤੇ ਅਸਲ ਨਿਤਨੇਮ ਦੀਆਂ ਜਿਤਨੀਆਂ ਵੀ ਪੋਥੀਆਂ ਛਾਪੀਆਂ ਗਈਆਂ ਸਨ, ਉਹ ਮੰਗ ਤੋਂ ਥੁੜ ਗਈਆਂ ਹਨ। ਸੋ ਵੀਰ ਜੀ ਦਾ ਇਹ ਇਲਜ਼ਾਮ ਵੀ ਤੱਥ ਵਿਪਰੀਤ ਅਤੇ ਝੂਠਾ ਹੈ ਕਿ ‘ਪਰਿਵਾਰ’ ਨੇ ਨਿਤਨੇਮ ਦਾ ਗੁਟਕਾ ਸੋਧ ਕੇ ਘਰ ਰੱਖ ਲਿਆ।

‘ਰਹਿਤ ਮਰਿਯਾਦਾ’ ਸੁਧਾਰ ਬਾਰੇ ਵੀ ਜਾਗਰੂਕ ਪੰਥ ਵਿਚ ਕਾਫੀ ਸਮੇਂ ਤੋਂ ਵਿਚਾਰਾਂ ਹੁੰਦੀਆਂ ਰਹੀਆਂ ਹਨ। ‘ਪਰਿਵਾਰ’ ਨੇ ਹੋਰ ਜਾਗਰੂਕ ਧਿਰਾਂ ਦੇ ਸਹਿਯੋਗ ਨਾਲ ਇਸ ਦਿਸ਼ਾ ਵਿਚ ਅੱਗੇ ਵੱਧਣ ਦਾ ਨਿਮਾਣਾ ਯਤਨ ਵੀ ਕੀਤਾ ਪਰ ਸਹਿਯੋਗ ਅਤੇ ਹੁੰਗਾਰੇ ਦੀ ਘਾਟ ਹੀ ਰਹੀ। ਸੋ ‘ਪਰਿਵਾਰ’ ਨੇ ਆਪਣੇ ਵਾਸਤੇ ਇਸ ਨੂੰ ਸੁਧਾਰਨ ਦਾ ਮਨ ਬਣਾ ਲਿਆ। ਇਸ ਬਾਰੇ ਵਿਚਾਰਾਂ ਚਲ ਰਹੀਆਂ ਹਨ ਪਰ ਸਮੇਂ ਦੀ ਘਾਟ ਕਾਰਨ ਹਾਲਾਂ ਤੱਕ ਮੁੱਢਲਾ ਖਰੜਾ ਤਿਆਰ ਨਹੀਂ ਹੋ ਪਾਇਆ। ਜਿਸ ਦਿਨ ਖਰੜਾ ਤਿਆਰ ਹੋ ਗਿਆ ਉਸ ਨੂੰ ਪਾਠਕਾਂ ਦੇ ਵਿਚਾਰਾਂ ਅਤੇ ਸੁਝਾਵਾਂ ਲਈ ਸਾਹਮਣੇ ਰੱਖਿਆ ਜਾਵੇਗਾ। ਇਕ ਨਿਸ਼ਚਿਤ ਸਮੇਂ ਤੱਕ ਪ੍ਰਾਪਤ ਹੋਏ ਵਿਚਾਰਾਂ/ਸੁਝਾਵਾਂ ਨੂੰ ਗੁਰਮਤਿ ਦੀ ਰੌਸ਼ਨੀ ਵਿਚ ਪਰਖ ਕੇ ਇਸ ਖਰੜੇ ਨੂੰ ਨਵੀਂ ‘ਜੀਵਨ ਜਾਚ’ ਦਾ ਰੂਪ ਦਿੱਤਾ ਜਾਵੇਗਾ ਅਤੇ ‘ਪਰਿਵਾਰ’ ਵਲੋਂ (ਆਪਣੇ) ਉੱਪਰ ਲਾਗੂ ਕਰ ਦਿੱਤਾ ਜਾਵੇਗਾ।

ਸੋ ਵੀਰ ਜੀ ਦਾ ਇਹ ਤੱਥ ਗਲਤ ਹੈ ਕਿ ‘ਪਰਿਵਾਰ’ ਨੇ ਰਹਿਤ ਮਰਿਯਾਦਾ ਦਾ ਨਵਾਂ ਖਰੜਾ ਸੋਧ ਕੇ ਘਰ ਰੱਖ ਲਿਆ ਹੈ। ਤੱਥਾਂ ਨੂੰ ਜਾਣਬੂਝ ਕੇ ਅਣਦੇਖਾ ਕਰਨ ਕਰਕੇ ਵੀਰ ਜੀ ਦਾ ਇਹ ਇਲਜ਼ਾਮ ਵੀ ਬੇਮਾਅਨਾ ਅਤੇ ਝੂਠਾ ਸਾਬਿਤ ਹੋ ਜਾਂਦਾ ਹੈ।

ਸਵਾਲਾਂ ਬਾਰੇ ਕ੍ਰਮਵਾਰ ‘ਪਰਿਵਾਰ’ ਦਾ ਪੱਖ

  1. ‘ਹਮ ਰੁਲਤੇ ਫਿਰਤੇ ਕੋਈ ਬਾਤ ਨ ਪੂਛਤਾ ਗੁਰ ਸਤਿਗੁਰ ਸੰਗਿ ਕੀਰੇ ਹਮ ਥਾਪੇ॥’ (ਪੰਨਾ 167) ਅਨੁਸਾਰ ਸਾਨੂੰ ਪਤਾ ਹੈ ਕਿ ਰੱਬ ਦੀ ਸਾਜੀ ਇਸ ਵਿਸ਼ਾਲ ਕੁਦਰਤ ਵਿਚ ਸਾਡਾ ਵਜੂਦ (ਔਕਾਤ) ਕਿਣਕੇ ਤੋਂ ਵੱਧ ਕੁਝ ਨਹੀਂ ਅਤੇ ਨਾ ਹੀ ਸਾਨੂੰ ਇਸ ਬਾਰੇ ਕੋਈ ਭੁਲੇਖਾ ਹੈ। ਵਜੂਦ ਉਨ੍ਹਾਂ ਦਾ ਹੁੰਦਾ ਹੈ, ਜੋ ਵੱਡੇ ਹੁੰਦੇ ਹਨ, ਸਾਡੇ ਵਰਗੇ ਨਿਮਾਣਿਆਂ ਦਾ ਕੋਈ ਵਜੂਦ ਕਿਵੇਂ ਹੋ ਸਕਦਾ ਹੈ? ਨਾ ਹੀ ਸਾਡਾ ਮਕਸਦ ਕਦੀ ਆਪਣਾ ਵਜੂਦ ਸਾਬਿਤ ਕਰਨਾ ਰਿਹਾ ਹੈ। ਅਸੀਂ ਤਾਂ ਸਿਰਫ ਆਪਣੀ ਗੁਰਮਤਿ ਸਮਝ ਅਨੁਸਾਰ ਆਪਣੇ ਵਿਚਾਰ ਰੱਖਣ ਦਾ ਯਤਨ ਮਾਤਰ ਕਰਦੇ ਹਾਂ। ਗੁਰਮਤਿ ਦੀ ਸੇਧ ਸਾਨੂੰ ਇਹੀ ਦੱਸਦੀ ਹੈ ਕਿ ਆਪਣੇ ਵਜੂਦ ਦੀ ਖੋਜ ਕਿਸੇ ਨਾ ਕਿਸੇ ਰੂਪ ਵਿਚ ਹਉਮੈ ਵਲ ਹੀ ਲੈ ਕੇ ਜਾਂਦੀ ਹੈ। ਸਾਨੂੰ ਤਾਂ ਆਪਣੇ ਵਜੂਦ ਬਾਰੇ ਕਦੇ ਉਦੋਂ ਵੀ ਭੁਲੇਖਾ ਨਹੀਂ ਪਿਆ, ਜਦੋਂ ਆਪ ਜੀ ਨੇ ਫੋਨ ਰਾਹੀਂ ਇਹ ਕਿਹਾ ਸੀ ਕਿ ਮੈਂ ਮੰਨਦਾ ਹਾਂ ਕਿ ਜਾਗਰੂਕ ਪੰਥ ਦੀ ਕੋਈ ਮੀਟਿੰਗ ‘ਤੱਤ ਗੁਰਮਤਿ ਪਰਿਵਾਰ’ ਦੀ ਹਾਜ਼ਰੀ ਬਿਨਾ ਅਧੂਰੀ ਹੈ।

  2. ‘ਪਰਿਵਾਰ’ ਦੀ ਕਿਸੇ ਲਿਖਤ ਵਿਚ ਕਿਸੇ ਇਕ ਦਾ ਨਾਂ ਨਹੀਂ ਹੁੰਦਾ, ਕਿਉਂਕਿ ਇਸ ਦੀਆਂ ਲਿਖਤਾਂ ਕਿਸੇ ਇਕ ਦੀਆਂ ਨਾ ਹੋ ਕੇ ਪੂਰੇ ਸੰਪਾਦਕੀ ਮੰਡਲ ਦੀ ਵਿਚਾਰ/ਪੜਚੋਲ ਤੋਂ ਬਾਅਦ ਸਾਹਮਣੇ ਆਉਂਦੀਆਂ ਹਨ। ਜਾਗਰੂਕ ਪੰਥ ਦਾ ਸ਼ਾਇਦ ਹੀ ਕੋਈ ਮੰਚ ਜਾਂ ਸ਼ਖਸੀਅਤ ਐਸੀ ਹੋਵੇਗੀ, ਜਿਸ ਦੀ ਲਿਖਤ ਸਾਂਝੇ ਵਿਚਾਰ ਤੋਂ ਬਾਅਦ ਸਾਹਮਣੇ ਆਵੇ। ਕਿਸੇ ਇਕ ਦਾ ਨਾਂ ਪ੍ਰਕਾਸ਼ਿਤ ਨਾ ਕਰਨਾ ਹਉਮੈ ’ਤੇ ਕਾਬੂ ਪਾਉਣ ਦਾ ਇਕ ਯਤਨ ਵੀ ਹੁੰਦਾ ਹੈ। ਸਭ ਜਾਣਦੇ ਹਨ ਕਿ ਜ਼ਿਆਦਾਤਰ ਲੇਖਕਾਂ ਵਿਚ ਆਪਨਾ ਪੂਰਾ ਨਾਂ ਤਸਵੀਰ ਸਮੇਤ ਛਪਾਵਾਉਣ ਦੀ ਇੱਛਾ ਪ੍ਰਬਲ ਹੁੰਦੀ ਹੈ। ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ‘ਪਰਿਵਾਰ’ ਗੁੰਮਨਾਮ ਹੈ। ‘ਪਰਿਵਾਰ’ ਦੇ ਮੁੱਢਲੇ ਮੈਂਬਰਾਂ ਬਾਰੇ ਜਾਣਕਾਰੀ ‘ਪਰਿਵਾਰ’ ਦੀ ਵੈਬਸਾਈਟ ’ਤੇ ਪਈ ਹੋਈ ਹੈ। ਕੁਝ ਵੀਰਾਂ ਦੇ ਬਾਰ-ਬਾਰ ਜ਼ੋਰ ਪਾਉਣ ’ਤੇ ਇਕ ਦੋ ਵਾਰ ਅਸੀਂ ਸਪਸ਼ਟ ਵੀ ਕਰ ਚੁੱਕੇ ਹਾਂ ਕਿ ‘ਪਰਿਵਾਰ’ ਦੇ ਕਨਵੀਨਰ ਪ੍ਰਿੰਸੀਪਲ ਨਰਿੰਦਰ ਸਿੰਘ ‘ਜੰਮੂ’ ਹਨ। ਘੱਟੋ-ਘੱਟ ਵੀਰ ਜੀ ਤਾਂ ‘ਪਰਿਵਾਰ’ ਦੇ ਮੁੱਢਲੇ ਮੈਂਬਰਾਂ ਬਾਰੇ ਚੰਗੀ ਤਰ੍ਹਾਂ ਜਾਣਦੇ ਹਨ, ਕਿਉਂਕਿ ਉਹ ਫੋਨ ਰਾਹੀਂ ਅਨੇਕਾਂ ਵਾਰ ਸੰਪਰਕ ਕਰਦੇ ਰਹਿੰਦੇ ਹਨ। ਸਪਸ਼ਟ ਹੈ, ਵੀਰ ਜੀ ਦਾ ਇਹ ਸਵਾਲ/ਇਲਜ਼ਾਮ ਵੀ ਝੂਠ ਆਧਾਰਿਤ ਹੈ ਕਿ ‘ਪਰਿਵਾਰ’ ਦੇ ਨਾ ਸੰਤਰੀ ਦਾ ਪਤਾ ਹੈ ਨਾ ਮੰਤਰੀ ਦਾ।

  3. ਵੀਰ ਜੀ ਦਾ ਇਹ ਕਹਿਣਾ ਠੀਕ ਨਹੀਂ ਕਿ ‘ਪਰਿਵਾਰ’ ਦੇ ਨਾਨਕ ਸਰੂਪਾਂ ਨੂੰ ‘ਗੁਰੂ’ ਲਿੱਖਣ ’ਤੇ ਕਿਸੇ ਨੂੰ ਇਤਰਾਜ਼ ਨਹੀਂ। ਸਾਨੂੰ ਆਪਣੀ ਇਸ ਗੱਲ ਕਾਰਨ ਕਈਆਂ ਦੀ ਨਰਾਜ਼ਗੀ ਸਹਿਣੀ ਪਈ ਹੈ। ਵੀਰ ਜੀ ਦਾ ਇਹ ਦਾਅਵਾ ਵੀ ਠੀਕ ਨਹੀਂ ਕਿ ਹੈ ਕਿ ‘ਪਰਿਵਾਰ’ ਨੂੰ ਹੋਰਾਂ ਵਲੋਂ ਨਾਨਕ ਸਰੂਪਾਂ ਨਾਲ ‘ਗੁਰੂ’ ਵਿਸ਼ੇਸ਼ਣ ਵਰਤਨ ’ਤੇ ਇਤਰਾਜ਼ ਹੈ। ਸਾਡੀ ਵੈਬਸਾਈਟ ’ਤੇ ਨਾਨਕ ਸਰੂਪਾਂ ਨਾਲ ‘ਗੁਰੂ’ ਲਿਖਣ ਵਾਲੇ ਲੇਖਕਾਂ ਦੇ ਲੇਖ ਨਿਰ-ਸੰਕੋਚ ਛੱਪ ਰਹੇ ਹਨ। ਸਾਡੇ ਵਲੋਂ ਇਸ ਬਾਰੇ ਫਤਵਾ ਜਾਰੀ ਕਰਨ ਬਾਰੇ ਵੀ ਵੀਰ ਜੀ ਨੇ ਕੋਈ ਇਕ ਵੀ ਹਵਾਲਾ ਨਹੀਂ ਦਿੱਤਾ।

  4. ਨਾਨਕ ਪਾਤਸ਼ਾਹ ਲਈ ‘ਬਾਬਾ’ ਵਿਸ਼ੇਸ਼ਣ ਸਾਨੂੰ ਪਿਆਰਾ ਲਗਦਾ ਹੈ। ਸਾਡੇ ਲਈ ਸਾਰੇ ਨਾਨਕ ਸਰੂਪ ‘ਬਾਬੇ’ ਹੀ ਹਨ, ਸਾਨੂੰ ਕਿਸੇ ਨਾਲ ਵੀ ਬਾਬਾ ਵਿਸ਼ੇਸ਼ਣ ਵਰਤਣ ਵਿਚ ਕੋਈ ਸੰਕੋਚ ਨਹੀਂ ਹੈ। ਅਸੀਂ ਨਾਨਕ ਸਰੂਪਾਂ ਲਈ ਪਾਤਸ਼ਾਹ, ਰਹਿਬਰ ਅਤੇ ਹੋਰ ਕੋਈ ਢੁੱਕਵਾਂ ਵਿਸ਼ੇਸ਼ਣ ਵਰਤਦੇ ਰਹਿੰਦੇ ਹਾਂ।

  5. ਫਤਵਾ ਹੁਕਮ ਹੁੰਦਾ ਹੈ, ਜੋ ਦੂਜਿਆਂ ਖਿਲਾਫ ਵਰਤਿਆ ਜਾਂਦਾ ਹੈ। ‘ਪਰਿਵਾਰ’ ਵਲੋਂ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ 13 ਪੰਨਿਆਂ ਤੇ ਅਧਾਰਿਤ ਅਸਲ ਨਿਤਨੇਮ ਆਪਣੇ ਲਈ ਲਾਗੂ ਕੀਤਾ ਗਿਆ ਹੈ। ਹੋਰਾਂ ਨੂੰ ਅਸੀਂ ਬੇਨਤੀ ਕੀਤੀ ਹੈ ਕਿ ਇਸ ਸੁਧਾਰ ਨੂੰ ਵਿਚਾਰੋ ਅਤੇ ਜੇ ਚੰਗਾ ਲਗੇ ਤਾਂ ਅਪਨਾ ਸਕਦਾ ਹੈ। ਸੋ ਇਸ ਨੂੰ ਕਿਸੇ ਵੀ ਨਜ਼ਰੀਏ ਨਾਲ ਫਤਵਾ ਨਹੀਂ ਕਿਹਾ ਜਾ ਸਕਦਾ। ਦਿਲਚਸਪ ਗੱਲ ਇਹ ਹੈ ਕਿ ਜਿਸ ਨਿਤਨੇਮ ਸੁਧਾਰ ਦੇ ਕਦਮ ਨੂੰ ਵੀਰ ਜੀ ਹੁਣ ਫਤਵਾ ਐਲਾਨ ਰਹੇ ਹਨ, ਉਸ ਵੇਲੇ ‘ਪਰਿਵਾਰ’ ਦਾ ਉਹੀ ਕਦਮ ਵੀਰ ਜੀ ਲਈ ‘ਇਨਕਲਾਬੀ ਕਦਮ’ ਸੀ। ਇਸ ਬਾਰੇ ਵੀਰ ਜੀ ਦੀ ਉਸ ਵੇਲੇ ਸਾਡੀ ਵੈਬਸਾਈਟ ’ਤੇ 19-8-2010 ਨੂੰ ਛਪੀ ਚਿੱਠੀ ਹੇਠਾਂ ਹੂ-ਬ-ਹੂ ਦੇ ਰਹੇ ਹਾਂ:

ਤੱਤ ਗੁਰਮਤ ਦੇ ਮਾਰਗ’ ਤੇ ਚਲਣ ਵਾਲਿਆਂ ਨੇ ਤੈਯ ਕੀਤਾ, ਇਕ ਹੋਰ ਪੈਂਡਾ।

ਭਾਈ ਦਲਬੀਰ ਸਿੰਘ ਜੀ ਐਮ. ਐਸ. ਸੀ. ਫਰੀਦਾਬਾਦ ਤੋਂ ਬਾਦ ‘ਤੱਤ ਗੁਰਮਤ ਪਰਿਵਾਰ’ ਵਲੋਂ ਸ਼ਬਦ ਗੁਰੂ ‘ਗੁਰੂ ਗ੍ਰੰਥ ਸਾਹਿਬ ਜੀ’ ਦੀ ਨਿਰੋਲ ‘ਰੱਬੀ ਬਾਣੀ’ ਤੇ ਅਧਾਰਿਤ ‘ਨਿਤਨੇਮ’ ਦੀ ਪੋਥੀ ਪ੍ਰਕਾਸ਼ਿਤ ਕਰਨ ਦਾ ਇਹ ਉਪਰਾਲਾ ‘ਕਾਲਕਾ ਪੰਥਿਆਂ’ ਦੇ ਬੰਦ ਕੰਨਾਂ ਤੇ ‘ਨਗਾੜੇ’ ਦੀ ‘ਇਕ ਚੋਟ’ ਸਾਬਿਤ ਹੋਵੇਗੀ। ਗੁਰੂ ਗ੍ਰੰਥ ਸਾਹਿਬ ਜੀ ਦੀ ‘ਰੱਬੀ ਬਾਣੀ’ ਦੇ ਨਾਲ ਅਖੋਤੀ ਦਸਮ ਗ੍ਰੰਥ ਨਾਮ ਦੀ ‘ਕੂੜ ਕਿਤਾਬ” ਦੀ ‘ਕੱਚੀ ਬਾਣੀ’ ਨੂੰ ਗਲਗੱਡ ਕਰਨ ਵਾਲਿਆਂ ਅਤੇ ਉਸ ਨੂੰ “ਗੁਰੂ ਕ੍ਰਿਤ” ਕਹਿਣ ਵਾਲਿਆਂ ਲਈ ਇਕ “ਚੇਤਾਵਣੀ” ਹੈ। ਇਨਾਂ “ਅੰਮ੍ਰਿਤ ਬਾਣੀ” ਦੀਆਂ ਪੋਥੀਆਂ ਨਾਲ ‘ਤੱਤ ਗੁਰਮਤ ਦੇ ਮਾਰਗ’ ਤੇ ਚਲਨ ਵਾਲਿਆਂ ਨੇ ਇਕ ਹੋਰ ਪੈਂਡਾ ਤੈਯ ਕਰ ਲਿਆ। ਬਹੁਤ ਚੰਗਾ ਹੋਵੇ ਕੇ ਇਨਾਂ ਅਲਗ ਅਲਗ ਜਾਰੀ ਹੋਣ ਵਾਲੀਆਂ “ਨਿਤਨੇਮ ਬਾਣੀ” ਦੀਆਂ ਪੋਥੀਆਂ (ਡਾ. ਦਲਬੀਰ ਸਿੰਘ ਅਤੇ ਤੱਤ ਗੁਰਮਤ ਪਰਿਵਾਰ ਪਾਸੋਂ ਜਾਰੀ ਪੋਥੀਆਂ) ਨੂੰ ਆਪਸੀ ਰਾਯ ਨਾਲ “ਇਕ ਰੂਪ” ਵਿਚ ਇਕੱਠਿਆਂ ਛਾਪਿਆ ਅਤੇ ਵੰਡਿਆ ਜਾਵੇ ਤੇ ਇਸ ਦਾ ਅਸਰ ਤੇ ਮਕਸਦ ਹੋਰ ਸਾਫ ਹੋ ਜਾਵੇਗਾ ਤੇ ਉਸ ਦੇ ਨਤੀਜੇ ਨੂੰ ਹੋਰ ਵੱਡੇ ਪੱਧਰ ਤੇ ਬਲ ਪ੍ਰਾਪਤ ਹੋ ਸਕੇਗਾ। ਸ. ਦਲਬੀਰ ਸਿੰਘ, ਫਰੀਦਾਬਾਦ ਅਤੇ ਤੱਤ ਗੁਰਮਤ ਪਰਿਵਾਰ ਇਸ ‘ਕ੍ਰਾਂਤੀਕਾਰੀ” ਕੰਮ ਲਈ ਵਧਾਈ ਦੇ ਪਾਤਰ ਹਨ।

ਇੰਦਰ ਜੀਤ ਸਿੰਘ ‘ਕਾਨਪੁਰ

ਹੋ ਸਕਦਾ ਹੈ, ਵੀਰ ਜੀ ਲਈ ‘ਸਿਧਾਂਤ’ ਸਮੇਂ ਅਤੇ ਸਖਸ਼ੀਅਤ ਦੇ ਹਿਸਾਬ ਨਾਲ ਬਦਲਦੇ ਰਹਿੰਦੇ ਹੋਣ, ਪਰ ‘ਪਰਿਵਾਰ’ ਦੀ ਸਮਝ ਅਨੁਸਾਰ ‘ਗੁਰਮਤਿ ਸਿਧਾਂਤ’ ਅਬਦਲ ਹਨ।

  1. ਅਸੀਂ ‘ਪਰਿਵਾਰ’ ਦੀ ਕਾਇਮੀ ਦੀ ਸ਼ੁਰੂਆਤ ਤੋਂ ਹੀ ‘ਗੁਰੂ’ ਦੇ ਸੰਕਲਪ ਬਾਰੇ ਆਪਣੀ ਗੁਰਮਤਿ ਸਮਝ ਅਨੁਸਾਰ ਵੀਚਾਰ ਦੇਂਦੇ ਆ ਰਹੇ ਹਾਂ। ਵੀਰ ਜੀ ਨੇ ਪੁੱਛਿਆ ਹੈ ਤਾਂ ਇਕ ਵਾਰ ਫੇਰ ਸਪਸ਼ਟ ਕਰਨਾ ਚਾਹਵਾਂਗੇ ਕਿ ਸਾਡਾ ‘ਗੁਰੂ’ ਕੌਣ ਹੈ। ‘ਗੁਰੂ’ ਬਾਰੇ ਸੇਧ ਬਾਬਾ ਨਾਨਕ ਜੀ ਨੇ ਆਪ ਹੀ ਆਪਣੀ ਬਾਣੀ ਵਿਚ ਹੀ ਦਿੱਤੀ ਹੈ। ਕੁਝ ਗੁਰਵਾਕ ਹਨ:

ਅਪਰੰਪਰ ਪਾਰਬ੍ਰਹਮੁ ਪਰਮੇਸਰੁ ਨਾਨਕ ਗੁਰੁ ਮਿਲਿਆ ਸੋਈ ਜੀਉ ॥5॥11॥ (ਪੰਨਾ 599-ਮਹਲਾ 1)
ਹਰਿ ਗੁਰੁ ਸਰਵਰੁ ਸੇਵਿ ਤੂ ਪਾਵਹਿ ਦਰਗਹ ਮਾਨੁ ॥1॥ ਰਹਾਉ ॥ (ਪੰਨਾ 21-ਮਹਲਾ 1)
ਗੁਰੁ ਪਰਮੇਸਰੁ ਨਾਨਕ ਭੇਟਿਓ ਸਾਚੈ ਸਬਦਿ ਨਿਬੇਰਾ ॥3॥6॥ (ਪੰਨਾ 878-ਮਹਲਾ 1)
ਮੀਤ ਸਖੇ ਕੇਤੇ ਜਗ ਮਾਹੀ॥ ਬਿਨੁ ਗੁਰ ਪਰਮੇਸਰ ਕੋਈ ਨਾਹੀ॥ (ਪੰਨਾ 1028-ਮਹਲਾ 1)

ਬਾਬਾ ਨਾਨਕ ਜੀ ਨੇ ਸਪਸ਼ਟ ਸਮਝਾਇਆ ਹੈ ਕਿ ਪ੍ਰਮਾਤਮਾ ਆਪ ਹੀ ‘ਗੁਰੂ’ ਹੈ। ਉਸ ਦਾ ਪ੍ਰਕਟ ਸਰੂਪ ‘ਸੱਚ ਦਾ ਗਿਆਨ’ ਗੁਰੂ ਹੈ। ਆਦਿ ਗ੍ਰੰਥ ਵਿਚਲੀ ਬਾਣੀ ਉਸ ‘ਸੱਚ ਦੇ ਗਿਆਨ’ ਦਾ ਸੋਮਾ ਹੈ, ਜਿਸ ਨੂੰ ‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਕਿਹਾ ਜਾਂਦਾ ਹੈ। ਸਾਡੀ ਸਮਝ ਅਨੁਸਾਰ ਮੱਥਾ ਟੇਕਣ ਤੋਂ ਮਤਲਬ ਇਹ ਪ੍ਰਣ ਕਰਨ ਤੋਂ ਹੈ ਕਿ ਅਸੀਂ ਆਪਣੀ ਮੱਤ ਆਪ ਜੀ ਨੂੰ ਸਮਰਪਤ ਕਰਦੇ ਹਾਂ, ਭਾਵ ਇਸ ਗ੍ਰੰਥ ਵਿਚਲੇ ਗਿਆਨ ਨੂੰ ਆਪਣੇ ਜੀਵਨ ਵਿਚ ਵਸਾਉਣ ਦਾ ਯਤਨ ਕਰਾਂਗੇ। ਸਾਡੀ ਸਮਝ ਅਨੁਸਾਰ ਗਿਆਨ ਨੂੰ ਸਮਝਣ ਦੀ ਕੋਸ਼ਿਸ਼ ਤੋਂ ਬਿਨਾਂ ਟੇਕਿਆ ਮੱਥਾ ਇਕ ਕਰਮਕਾਂਡ ਮਾਤਰ ਹੈ। ਅਸੀਂ ‘ਰਾਗਮਾਲਾ’ ਨੂੰ ਗੁਰਬਾਣੀ ਨਹੀਂ, ਮਿਲਾਵਟ ਮੰਨਦੇ ਹਾਂ। ਸੋ ਸਾਡੇ ਲਈ ‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਤੋਂ ਭਾਵ ਮੌਜੂਦਾ ਸਰੂਪ ‘ਰਾਗਮਾਲਾ ਤੋਂ ਬਗੈਰ’ ਹੈ।

ਸਲਾਹ/ਨਸੀਹਤਾਂ ਪ੍ਰਤੀ ‘ਪਰਿਵਾਰ’ ਦਾ ਪੱਖ

‘ਪਰਿਵਾਰ’ ਹਰ ਕਿਸੇ ਦੀ ਸਲਾਹ/ਨਸੀਹਤ ਦਾ ਧੰਨਵਾਦ ਸਹਿਤ ਖਿੜੇ ਮੱਥੇ ਸੁਆਗਤ ਕਰਦਾ ਹੈ। ਵੀਰ ਜੀ ਦੇ ਸਲਾਹ/ਨਸੀਹਤ ਲਈ ਵੀ ਅਸੀਂ ਉਨ੍ਹਾਂ ਦੇ ਧੰਨਵਾਦੀ ਹਾਂ। ਪਰ ਅਸੀਂ ਹਰ ਸਲਾਹ/ਨਸੀਹਤ ਨੂੰ ਗੁਰਮਤਿ ਦੀ ਕਸਵੱਟੀ ’ਤੇ ਪਰਖ ਕੇ ਉਸ ਬਾਰੇ ਫੈਸਲਾ ਲੈਣ ਦਾ ਯਤਨ ਕਰਦੇ ਹਾਂ। ਵੀਰ ਜੀ ਦੀਆਂ ਸਲਾਹਾਂ/ਨਸੀਹਤਾਂ ਪ੍ਰਤੀ ‘ਪਰਿਵਾਰ’ ਦਾ ਪੱਖ ਹੇਠਾਂ ਨਿਮਰਤਾ ਸਹਿਤ ਪੇਸ਼ ਕਰ ਰਹੇ ਹਾਂ:

ਸਲਾਹ/ਨਸੀਹਤ

  1. ਸਿੰਘ ਸਭਾ ਲਹਿਰ ਤੋਂ ਲੈ ਕੇ ਹੁਣ ਤੱਕ ਦੇ ਲਗਭਗ ਸਾਰੇ ਸੁਚੇਤ ਸਿੱਖ ਮੰਨਦੇ ਹਨ ਕਿ ‘ਰਾਗਮਾਲਾ’ ਗੁਰਬਾਣੀ ਨਹੀਂ ਮਿਲਾਵਟ ਹੈ। ਇਸ ਨੂੰ ਮੌਜੂਦਾ ਸਰੂਪ ਤੋਂ ਬਾਹਰ ਕੱਢਣ ਦੇ ਯਤਨ ਵੀ ਹੁੰਦੇ ਰਹੇ ਹਨ। ਜਿਵੇਂ ਅਖੌਤੀ ‘ਦਸਮ ਗ੍ਰੰਥ’ ਦਸ਼ਮੇਸ਼ ਪਾਤਸ਼ਾਹ ਜੀ ਦੇ ਨਾਂ ’ਤੇ ਕੌਮ ਵਲੋਂ ਮੜ੍ਹਿਆ ਕਲੰਕ ਹੈ, ਇਵੇਂ ਹੀ ‘ਰਾਗਮਾਲਾ’ ਵਾਲੀ ਸ਼ਿੰਗਾਰ ਰਸ ਦੀ ਰਚਨਾ ਵੀ ਕੌਮ ਵਲੋਂ ਪੰਜਵੇਂ ਪਾਤਸ਼ਾਹ ਨਾਲ ਜੋੜਿਆ ਕਲੰਕ ਹੈ। ਸੁਹਿਰਦ ਅਤੇ ਸੁਚੇਤ ਸਿੱਖ ਇਨ੍ਹਾਂ ਕਲੰਕਾਂ ਨੂੰ ਲਾਹੁਣ ਲਈ ਹਮੇਸ਼ਾਂ ਸੰਘਰਸ਼ਰਤ ਰਹੇ ਹਨ ਅਤੇ ਰਹਿਣਗੇ। ਅਸੀਂ ਵੀ ਗੁਰਮਤਿ ਦੀ ਰੌਸ਼ਨੀ ਵਿਚ ‘ਰਾਗਮਾਲਾ’ ਨੂੰ ਮਿਲਾਵਟ ਮੰਨਦੇ ਹਾਂ ਅਤੇ ਚਾਹੁੰਦੇ ਹਾਂ ਕਿ ਇਹ ਮੌਜੂਦਾ ਸਰੂਪ ਵਿਚੋਂ ਕੱਢ ਦਿੱਤੀ ਜਾਵੇ। ਫਿਲਹਾਲ ਸਾਡੀ ਇਤਨੀ ਹੈਸੀਅਤ ਅਤੇ ਸਾਧਨ ਨਹੀਂ ਕਿ ਅਸੀਂ ਇਹ ਕਦਮ ਚੁੱਕ ਸਕੀਏ। ਜਿਸ ਦਿਨ ਸਾਡੀ ਹੈਸੀਅਤ ਹੋ ਗਈ, ਅਸੀਂ ਇਹ ਕੋਸ਼ਿਸ਼ ਜਰੂਰ ਕਰਾਂਗੇ। ਤਦੋਂ ਤੱਕ ‘ਰਾਗਮਾਲਾ’ ਵਾਲੇ ਸਰੂਪ ਨੂੰ ਹੀ ਮੱਥਾ ਟੇਕਣਾ ਹੋਰ ਸੁਚੇਤ ਸਿੱਖਾਂ ਸਮੇਤ ਸਾਡੀ ਵੀ ਮਜ਼ਬੂਰੀ ਹੈ। ਬਾਕੀ ਅਸੀਂ ਅਨੇਕਾਂ ਵਾਰ ਸਪਸ਼ਟ ਕਰ ਚੁੱਕੇ ਹਾਂ ਕਿ ਮੌਜੂਦਾ ਸਰੂਪ ਵਿਚ ‘ਰਾਗਮਾਲਾ’ ਤੋਂ ਬਗੈਰ ਸਾਰੀਆਂ ਰਚਨਾਵਾਂ ਨੂੰ ਅਸੀਂ ਗੁਰਬਾਣੀ ਮੰਨਦੇ ਹਾਂ।
  2. ਵੀਰ ਜੀ ਦਾ ਦਾਅਵਾ ਹੈ ਕਿ ‘ਰਾਗਮਾਲਾ’ ਦੀ ਹਿਮਾਇਤ ਦੇ ਮੁੱਦੇ ’ਤੇ ਉਹ ਇਕੱਲੇ ਨਹੀਂ ਸਾਰਾ ਪੰਥ ਉਨ੍ਹਾਂ ਦੇ ਨਾਲ ਹੈ। ‘ਪਰਿਵਾਰ’ ਲਈ ਗਿਣਤੀ ਕਦੀਂ ਵੀ ‘ਗੁਰਮਤਿ’ ਤੋਂ ਅੱਗੇ ਨਹੀਂ ਰਹੀ। ਲੋਕ ਭੀੜਾਂ ਤਾਂ ਬਹੁਤੀਆਂ ਇਕੱਠੀਆਂ ਕਰ ਲੈਂਦੇ ਹਨ ਪਰ ਅਸਲ ਗੱਲ ਇਹ ਮਾਇਨੇ ਰੱਖਦੀ ਹੈ ਕਿ ਸੱਚ ਕਿਸ ਦੇ ਨਾਲ ਹੈ। ਜਿਥੋਂ ਤੱਕ ‘ਰਾਗਮਾਲਾ’ ਦੀ ਹਿਮਾਇਤ ਦੀ ਗੱਲ ਹੈ ਤਾਂ ਸਿੰਘ ਸਭਾ ਲਹਿਰ ਦੀ ਸ਼ੁਰੂਆਤ ਤੋਂ ਹੀ ਇਸ ਨੂੰ ਮਿਲਾਵਟ ਮੰਨਣ ਦੀ ਸੋਚ ਸੁਚੇਤ ਸਿੱਖਾਂ ਵਿਚ ਪਨਪਦੀ ਰਹੀ ਹੈ। ਸੁਚੇਤ ਪੰਥ ਵਿਚ ਕੋਈ ਵਿਰਲਾ ਹੀ ਪੰਥਦਰਦੀ ਹੋਵੇਗਾ, ਜੋ ‘ਰਾਗਮਾਲਾ’ ਦੀ ਹਿਮਾਇਤ ਕਰਦਾ ਹੋਵੇ। ਇਸ ਮਸਲੇ ’ਤੇ ਵੀਰ ਜੀ ਨਾਲ ਉਨ੍ਹਾਂ ਦੀ ਭੀੜ ਤਾਂ ਹੋ ਸਕਦੀ ਹੈ, ਜੋ ‘ਗਿਆਨ ਵਿਹੂਣੀ ਸ਼ਰਧਾ’ ਦੇ ਪ੍ਰਭਾਵ ਹੇਠ ‘ਦਸਮ ਗ੍ਰੰਥ’ ਦੇ ਸਰੂਪ ਸਾਹਮਣੇ ਵੀ ਮੱਥਾ ਟੇਕਣ ਤੋਂ ਸੰਕੋਚ ਨਹੀਂ ਕਰਦੇ। ਪਰ ਵੀਰ ਜੀ ਨੂੰ ਬੇਨਤੀ ਹੈ ਕਿ ਜਾਗਰੂਕ ਪੰਥ ਸਾਹਮਣੇ ਇਹ ਸਵਾਲ ਕਿਸੇ ਤਰੀਕੇ ਪੇਸ਼ ਕਰਨ ਕਿ ਕਿਤਨੇ ਸਿੱਖ ‘ਰਾਗਮਾਲਾ’ ਦੀ ਹਿਮਾਇਤ ਕਰਦੇ ਹਨ ? ਤਸਵੀਰ ਸਪਸ਼ਟ ਹੋ ਜਾਵੇਗੀ। ਅਸੀਂ ਪਹਿਲੇ ਹੀ ਸਪਸ਼ਟ ਕਰ ਚੁੱਕੇ ਹਾਂ ਕਿ ਸਾਡੇ ਲਈ ਸਿਧਾਂਤ ਪਹਿਲਾਂ ਹੈ, ਗਿਣਤੀ ਬਾਅਦ ਵਿਚ। ਸੋ ਸਾਨੂੰ ਆਪਣੇ ਨਾਲ ਖੜੇ ਲੋਕਾਂ ਦੀ ਗਿਣਤੀ ਦਾ ਪ੍ਰਭਾਵ, ਧਮਕੀ, ਚੇਤਾਵਨੀ ਜਾਂ ਨਸੀਹਤ ਦੇਣਾ, ਕੋਈ ਮਾਇਨੇ ਨਹੀਂ ਰੱਖਦਾ। ਹਾਂ ਜੇ ਵੀਰ ਜੀ ਸਮੇਤ ਕੋਈ ਵੀ ਗੁਰਬਾਣੀ ਦੀ ਰੋਸ਼ਨੀ ਵਿਚ ‘ਰਾਗਮਾਲਾ’ ਨੂੰ ਪ੍ਰਮਾਣਿਕ ਸਾਬਿਤ ਕਰ ਦੇਵੇ ਤਾਂ ਸਾਨੂੰ ਇਸ ਨੂੰ ਮੰਨ ਲੈਣ ਵਿਚ ਕੋਈ ਸੰਕੋਚ ਨਹੀਂ ਹੋਵੇਗਾ। ਇਤਨਾ ਤਾਂ ਸਪਸ਼ਟ ਹੈ ਕਿ ‘ਰਾਗਮਾਲਾ’ ਨੂੰ ਮੌਜੂਦਾ ਸਰੂਪ ਵਿਚ ਕਾਇਮ ਰੱਖਣ ਦੀ ਹਿਮਾਇਤ ਕਰਕੇ ਵੀਰ ਜੀ ਨੇ ਸੁਚੇਤ ਪੰਥ ਦੇ ਉਸ ਸੰਘਰਸ਼ ਨੂੰ ਪਿੱਠ ਵਿਖਾ ਦਿੱਤੀ ਹੈ, ਜੋ ਸਿੰਘ ਸਭਾ ਲਹਿਰ ਦੇ ਵੇਲੇ ਤੋਂ ਇਕ ਮਿਲਾਵਟ ਤੋਂ ਛੁਟਕਾਰਾ ਪਾਉਣ ਲਈ ਕੀਤਾ ਜਾ ਰਿਹਾ ਹੈ।

ਉਪਰੋਕਤ ਖੁੱਲੀ ਵਿਚਾਰ ਵਿਚ ਅਸੀਂ ਵੀਰ ਜੀ ਵਲੋਂ ‘ਪਰਿਵਾਰ’ ’ਤੇ ਲਾਏ ਇਲਜ਼ਾਮ ਅਤੇ ਪੁੱਛੇ ਸਵਾਲਾਂ ਦੇ ਜਵਾਬ ਕ੍ਰਮਵਾਰ ਦਲੀਲ ਅਤੇ ਗੁਰਬਾਣੀ ਹਵਾਲਿਆਂ ਨਾਲ ਦੇ ਦਿੱਤੇ ਹਨ। ਵੀਰ ਜੀ ਨੇ ਆਪਣੇ ਲੇਖ ਵਿਚ ‘ਪਰਿਵਾਰ’ ਵਲੋਂ ਆਪਣੇ ਸੰਪਾਦਕੀ ਵਿਚ ਉਠਾਏ ਨੁਕਤਿਆਂ ਵਿਚੋਂ ਕਿਸੇ ਬਾਰੇ ਵੀ ਦਲੀਲ ਅਤੇ ਠਰੰਮੇ ਨਾਲ ਵਿਚਾਰ ਨਹੀਂ ਕੀਤੀ। ਵੀਰ ਜੀ ਨੂੰ ‘ਦਲੀਲ ਅਤੇ ਗੁਰਬਾਣੀ ਹਵਾਲਿਆਂ’ ਵਾਲਾ ਸਾਡਾ ਸੰਪਾਦਕੀ ‘ਜ਼ਹਿਰ’ ਜਾਪਿਆ। ਇਸ ਬਾਰੇ ਅਸੀਂ ਆਪਣੀ ਸੀਮਿਤ ਸਮਝ ਅਨੁਸਾਰ ਕੀ ਕਹਿ ਸਕਦੇ ਹਾਂ? ਜੇ ਵੀਰ ਜੀ ਨੂੰ ਲਗਦਾ ਹੈ ਕਿ ਕੋਈ ਹੋਰ ਸਵਾਲ ਬਾਕੀ ਰਹਿ ਗਿਆ ਹੈ ਤਾਂ ਉਹ ਵੀ ਪੁੱਛ ਸਕਦੇ ਹਨ। ਅਸੀਂ ਦਲੀਲ, ਠਰੰਮੇ ਅਤੇ ਨਿਮਰਤਾ ਨਾਲ ਆਪਣਾ ਪੱਖ ਪੇਸ਼ ਕਰਨ ਦਾ ਵਿਸ਼ਵਾਸ ਦੁਆਉਂਦੇ ਹਾਂ ਕਿਉਂਕਿ ਸਾਡੀ ਗੁਰਮਤਿ ਸਮਝ ਅਨੁਸਾਰ ‘ਜਵਾਬਦੇਹੀ’ ਇਕ ਗੁਰਸਿੱਖ ਦਾ ਵੱਡਾ ਗੁਣ ਹੋਣਾ ਚਾਹੀਦਾ ਹੈ। ਬੌਖਲਾਹਟ, ਝੁੰਝਲਾਹਟ, ਅ-ਸਹਿਜ, ਫਤਵੇਬਾਜ਼ੀ ਗੁਰਮਤਿ ਅਨੁਸਾਰੀ ਨਹੀਂ ਹੈ।

ਨਿਸ਼ਕਾਮ ਨਿਮਰਤਾ ਸਹਿਤ

ਤੱਤ ਗੁਰਮਤਿ ਪਰਿਵਾਰ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top