Share on Facebook

Main News Page

ਵਿਵਾਦਗ੍ਰਸਤ ਵੀ.ਸੀ. ਆਹਲੂਵਾਲੀਆ ਤੇ ਹਮਲਾ ਕਰਨ ਵਾਲਾ ਜੋਗਾ ਸਿੰਘ ਇਲਾਕੇ ਦਾ ਮੋਹਤਬਰ ਵਿਅਕਤੀ

ਫਤਿਹਗੜ੍ਹ ਸਾਹਿਬ (5 ਅਗਸਤ,ਪੀ.ਐਸ.ਐਨ): ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਦੇ ਉਪ ਕੁਲਪਤੀ ਜਸਵੀਰ ਸਿੰਘ ਆਹਲੂਵਾਲੀਆ ‘ਤੇ ਜਾਨਲੇਵਾ ਹਮਲਾ ਕਰਨ ਵਾਲੇ ਜੋਰਾ ਸਿੰਘ ਉੱਪਲ ਦੇ ਸ਼ੋ੍ਰਮਣੀ ਅਕਾਲੀ ਦਲ (ਬਾਦਲ) ਦੇ ਆਗੂਆਂ ਨਾਲ ਬੜੇ ਨੇੜਲੇ ਸਬੰਧ ਹਨ। ਉਹ ਖਨੌਰੀ ਸ਼ਹਿਰ ਦੇ ਇਲਾਕੇ ਵਿਚ ਵਧੀਆ ਸਮਾਜ ਸੇਵਕ, ਇਨਸਾਫਪਸੰਦ ਤੇ ਲੋਕਾਂ ਦੇ ਹਮਦਰਦ ਵਜੋਂ ਜਾਣਿਆ ਜਾਂਦਾ ਹੈ। ਉਸ ਵੱਲੋਂ ਕੀਤੇ ਗਈ ਇਸ ਕਾਰਵਾਈ ਤੋਂ ਲੋਕ ਹੈਰਾਨ ਹਨ ਕਿ ਉਸ ਨੇ ਏਨਾ ਵੱਡਾ ਕਾਰਾ ਕਿਵੇਂ ਕਰ ਲਿਆ ਜਦੋਂ ਕਿ ਉਹ ਲੋਕਾਂ ਵਿਚ ਵਿਚਰਦਾ ਹੋਇਆ ਅਕਸਰ ਲੋਕਾਂ ਨੂੰ ਸਿਆਣਪ ਤੋਂ ਕੰਮ ਲੈਣ ਤੇ ਗੁੱਸੇ ‘ਤੇ ਕਾਬੂ ਰੱਖਣ ਦੀਆਂ ਨਸੀਹਤਾਂ ਦਿੰਦਾ ਸੀ।

ਸ੍ਰੀ ਆਹਲੂਵਾਲੀਆ ‘ਤੇ ਆਪਣੀ ਲਾਇਸੈਂਸੀ .32 ਬੋਰ ਰਿਵਾਲਵਰ ਨਾਲ ਹਮਲਾ ਕਰਕੇ ਕਥਿਤ ਹੱਤਕ ਦਾ ਬਦਲਾ ਲੈਣ ਵਾਲੇ ਇਸ ਵਿਅਕਤੀ ਦੇ ਖਨੌਰੀ ਸਥਿਤ ਘਰ ਜਾ ਕੇ ਦੇਖਿਆ ਤਾਂ ਮੁਹੱਲੇ ਦੇ ਵਿਲੱਖਣ ਤੇ ਮਹਿਲਨੁਮਾ ਮਕਾਨ ਅੰਦਰ ਦੋ-ਤਿੰਨ ਔਰਤਾਂ ਸਫਾਈ ਕਰ ਰਹੀਆਂ ਸਨ। ਕੁਝ ਰਿਸ਼ਤੇਦਾਰ ਇਸ ਦੀ ਪਤਨੀ ਕੁਲਦੀਪ ਕੌਰ ਕੋਲ ਬੈਠੇ ਸਨ। ਘਰ ਦੇ ਅੰਦਰ ਦਾ ਮਾਹੌਲ ਉਦਾਸ ਸੀ। ਇਕ ਵਰਾਂਡੇ ਅੰਦਰ ਕਾਰ, ਲਾਬੀ ਅੰਦਰ ਮੋਟਰਸਾਈਕਲ ਤੇ ਕੁਝ ਕੁਰਸੀਆਂ ਖਾਲੀ ਪਈਆਂ ਸਨ।

ਕੁਰਸੀ ‘ਤੇ ਬੈਠਦਿਆਂ ਉਨ੍ਹਾਂ ਦੀ ਪਤਨੀ ਨੇ ਕਿਹਾ, "ਸਰਦਾਰ ਜੀ ਨੇ ਆਪਣੀ ਸਮਝ ਅਨੁਸਾਰ ਜੋ ਕੁਝ ਕੀਤਾ ਹੈ, ਮੈਂ ਉਸ ‘ਤੇ ਕੋਈ ਕਿੰਤੂ ਨਹੀਂ ਕਰਦੀ ਕਿਉਂਕਿ ਉਹ ਆਪਣੇ ਆਪ ਵਿਚ ਆਜ਼ਾਦ ਹਸਤੀ ਤੇ ਸਮਝਦਾਰ ਇਨਸਾਨ ਹਨ।" ਉਸ ਨੇ ਕਿਹਾ ਕਿ ਉਪ ਕੁਲਪਤੀ ਵੱਲੋਂ ਬਹੁਤ ਮਾੜੀ ਸ਼ਬਦਾਵਾਲੀ ਵਰਤੀ ਗਈ ਸੀ। ਇਸੇ ਦੌਰਾਨ ਬੀਬੀ ਕੁਲਦੀਪ ਕੌਰ ਇਹ ਕਹਿ ਕੇ ਅੰਦਰ ਚਲੀ ਗਈ ਕਿ ਉਸ ਨੂੰ ਰਿਸ਼ਤੇਦਾਰ ਬੁਲਾਉਂਦੇ ਹਨ ਤੇ ਮੁੜ ਕੇ ਉਹ ਬਾਹਰ ਨਹੀਂ ਆਈ।

ਬਾਹਰ ਆਏ ਵਿਅਕਤੀਆਂ ਨੇ ਜੋਰਾ ਸਿੰਘ ਨਾਲ ਸਬੰਧਤ ਘਟਨਾ ਬਾਰੇ ਕੁਝ ਵੀ ਕਹਿਣ ਤੋਂ ਸਾਫ ਇਨਕਾਰ ਕਰ ਦਿੱਤਾ। ਉਨ੍ਹਾਂ ਕੋਠੀ ਦੀ ਫੋਟੋ ਲੈਣ ਦੀ ਇਜਾਜ਼ਤ ਵੀ ਨਹੀਂ ਦਿੱਤੀ।

ਜੋਰਾ ਸਿੰਘ ਉੱਪਲ 20/25 ਏਕੜ ਜ਼ਮੀਨ ਦਾ ਮਾਲਕ ਹੈ। ਇਹ ਜ਼ਮੀਨ ਉਸ ਨੇ ਹੁਣੇ ਨਹੀਂ ਖਰੀਦੀ ਸਗੋਂ ਵਿਰਾਸਤੀ ਹੈ। ਉਹ ਇਕ ਗੱਤਾ ਫੈਕਟਰੀ ਠੇਕੇ ‘ਤੇ ਲੈ ਕੇ ਚਲਾ ਰਿਹਾ ਹੈ। ਉਹ ਭਾਖੜਾ ਨਹਿਰ ਵਿਚ ਆਉਂਦੀਆਂ ਲਾਸ਼ਾਂ ਨੂੰ ਬਾਹਰ ਕੱਢ ਕੇ ਸਸਕਾਰ ਕਰਨ ਤੇ ਉਨ੍ਹਾਂ ਦੇ ਵਾਰਸਾਂ ਨੂੰ ਸੰਭਾਲਣ ਵਾਲੀ ਸਮਾਜ ਸੇਵੀ ਸੰਸਥਾ ‘ਸਹਾਰਾ ਚੈਰੀਟੇਬਲ' ਖਨੌਰੀ ਦਾ ਚੇਅਰਮੈਨ ਸੀ। ਉਸ ਨੂੰ ਇਸ ਅਹੁਦੇ ਤੋਂ 29 ਜੂਨ, 2011 ਨੂੰ ਮੁਕਤ ਕੀਤਾ ਗਿਆ ਸੀ। ਭਾਖੜਾ ਨਹਿਰ ‘ਚੋਂ ਲਾਸ਼ਾਂ ਦੀ ਭਾਲ ਕਰਨ ਆਉਂਦੇ ਦੁਖੀ ਪਰਿਵਾਰਾਂ ਦੇ ਬੈਠਣ ਲਈ ਟਰੱਸਟ ਵੱਲੋਂ ਬਣਵਾਈ ਇਮਾਰਤ ਦਾ ਉਦਘਾਟਨ ਕਰਵਾਉਣ ਲਈ ਅਕਾਲੀ ਦਲ ਦੇ ਜਨਰਲ ਸਕੱਤਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਤੇ ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ ਰਾਹੀਂ ਉਸ ਨੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਬੁਲਾ ਕੇ ਟਰੱਸਟ ਨੂੰ ਪੰਜ ਲੱਖ ਰੁਪਏ ਦੀ ਗਰਾਂਟ ਦਿਵਾਈ ਸੀ।

ਦੱਸਿਆ ਜਾਂਦਾ ਹੈ ਕਿ ਹੁਣ ਜਦੋਂ ਉਕਤ ਘਟਨਾ ਵਾਪਰੀ ਹੈ, ਉਸ ਤੋਂ ਪਹਿਲਾਂ ਜੋਰਾ ਸਿੰਘ ਆਪਣੇ ਕਿਸੇ ਕਰੀਬੀ ਰਿਸ਼ਤੇਦਾਰ ਦੇ ਬੱਚੇ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਵਿਚ ਦਾਖਲਾ ਦਿਵਾਉਣ ਲਈ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਦੀ ਚਿੱਠੀ ਲੈ ਕੇ ਗਿਆ ਸੀ। ਉਪ ਕੁਲਪਤੀ ਨੇ ਕਥਿਤ ਤੌਰ ‘ਤੇ ਚਿੱਠੀ ਨੂੰ ਪਾੜਦਿਆਂ ਰਿਸ਼ਤੇਦਾਰ ਸਾਹਮਣੇ ਹੀ ਭੱਦੀ ਸ਼ਬਦਾਵਲੀ ਦੀ ਵਰਤੋਂ ਕੀਤੀ ਜਿਸ ਨੂੰ ਉਹ ਸਹਿਣ ਨਹੀਂ ਕਰ ਸਕਿਆ। ਇੱਥੇ ਜ਼ਿਕਰਯੋਗ ਹੈ ਕਿ ਮੌਜੂਦਾ ਕੋਠੀ ਤੋਂ ਪਹਿਲਾਂ ਜਦੋਂ ਉਸ ਨੇ ਆਪਣੇ ਮਕਾਨ ਦਾ ਉਦਘਾਟਨ ਕੀਤਾ ਸੀ ਤਾਂ ਉਸ ਸਮੇਂ ਸੁਖਦੇਵ ਸਿੰਘ ਢੀਂਡਸਾ ਦੀ ਪਤਨੀ ਸ੍ਰੀਮਤੀ ਢੀਂਡਸਾ ਨੇ ਸਮਾਗਮ ਵਿਚ ਸ਼ਮੂਲੀਅਤ ਕੀਤੀ ਸੀ।

ਇਸ ਸਬੰਧੀ ਦਲ ਟਰੱਸਟ ਦੇ ਮੌਜੂਦਾ ਚੇਅਰਮੈਨ ਸੱਜਣ ਕੁਮਾਰ ਸ਼ਰਮਾ ਤੇ ਖਜ਼ਾਨਚੀ ਜਗਜੀਤ ਸਿੰਘ ਨੇ ਦੱਸਿਆ ਹੈ ਕਿ ਉਨ੍ਹਾਂ ਨੂੰ ਅਖਬਾਰਾਂ ਵਿਚ ਖਬਰਾਂ ਪੜ੍ਹ ਕੇ ਵੀ ਯਕੀਨ ਨਹੀਂ ਹੋ ਰਿਹਾ ਕਿ ਜੋਰਾ ਸਿੰਘ ਨੇ ਅਜਿਹੇ ਕਾਂਡ ਨੂੰ ਅੰਜਾਮ ਦਿੱਤਾ ਹੈ। ਉਹ ਟਰੱਸਟ ਦੇ ਇਮਾਨਦਾਰ ਤੇ ਮਿਨਹਤੀ ਚੇਅਰਮੈਨ ਰਹੇ ਹਨ, ਜਦੋਂ ਵੀ ਟਰੱਸਟ ਨੂੰ ਸਰਕਾਰੀ ਜਾਂ ਗ਼ੈਰ-ਸਰਕਾਰੀ ਸਹਾਇਤਾ ਦੀ ਲੋੜ ਪਈ ਹੈ ਤਾਂ ਉਨ੍ਹਾਂ ਆਪਣਾ ਅਸਰ ਰਸੂਖ ਵਰਤ ਕੇ ਉਸ ਨੂੰ ਪੂਰਾ ਕਰਵਾਇਆ ਹੈ। ਉਨ੍ਹਾਂ ਦੇ ਪੋ੍ਰ. ਚੰਦੂਮਾਜਰਾ ਤੇ ਸ੍ਰੀ ਢੀਂਡਸਾ ਨਾਲ ਨਜ਼ਦੀਕੀ ਸਬੰਧ ਹਨ। ਉਨ੍ਹਾਂ ਦੇ ਪਿਛੋਕੜ ਨਾਲ ਕੋਈ ਵੀ ਅਪਰਾਧਕ ਘਟਨਾ ਨਹੀਂ ਜੁੜੀ।

ਖਨੌਰੀ ਦੇ ਜਿਸ ਵੀ ਵਿਅਕਤੀ ਨਾਲ ਜੋਰਾ ਸਿੰਘ ਸਬੰਧੀ ਗੱਲ ਕੀਤੀ ਗਈ ਉਸ ਨੇ ਉਨ੍ਹਾਂ ਦੀਆਂ ਚੰਗਿਆਈਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਹ ਸਮਝ ਨਹੀਂ ਆਉਂਦਾ ਕਿ ਲੋਕਾਂ ਨੂੰ ਗੁੱਸੇ ਤੇ ਸੰਜਮ ਤੋਂ ਕੰਮ ਲੈਣ ਦੀਆਂ ਸਲਾਹਾਂ ਦੇਣ ਵਾਲਾ ਵਿਅਕਤੀ ਇਸ ਹੱਦ ਤਕ ਕਿਵੇਂ ਚਲਾ ਗਿਆ। ਗੱਤਾ ਫੈਕਟਰੀ ‘ਚ ਜਾ ਕੇ ਦੇਖਿਆ ਤੇ ਉਥੇ ਵੀ ਸਹਿਮ ਦਾ ਮਾਹੌਲ ਸੀ। ਉੱਥੇ ਕੰਮ ਕਰਦੇ ਮਜ਼ਦੂਰਾਂ ਨੇ ਉਸ ਦੀ ਸਹਿਣਸ਼ੀਲਤਾ ਦੀ ਪ੍ਰਸ਼ੰਸਾ ਕਰਦਿਆਂ ਉਕਤ ਘਟਨਾ ‘ਤੇ ਹੈਰਾਨੀ ਪ੍ਰਗਟ ਕੀਤੀ ਹੈ।

ਕੁਝ ਲੋਕਾਂ ਦਾ ਮੰਨਣਾ ਹੈ ਕਿ ਉਹ ਸ਼ਰਾਬ ਪੀਂਦਾ ਸੀ ਪਰ ਉਸ ਨੂੰ ਸ਼ਰਾਬ ਪੀ ਕੇ ਕੋਈ ਰੌਲਾ ਪਾਉਂਦਿਆਂ ਕਦੇ ਕਿਸੇ ਨੇ ਵੀ ਨਹੀਂ ਦੇਖਿਆ। ਉਸ ਨੇ ਨਾ ਕਿਸੇ ਨਾਲ ਠੱਗੀ ਮਾਰੀ ਤੇ ਨਾ ਹੀ ਕਿਸੇ ਨੂੰ ਨਾਜਾਇਜ਼ ਤੰਗ ਕੀਤਾ ਹੈ।

ਆਹਲੂਵਾਲੀਆ ਦਾ ਅਪਰੇਸ਼ਨ ਸਫਲ

ਚੰਡੀਗੜ੍ਹ: ਸ੍ਰੀ ਗੁਰੂ ਗਰੰਥ ਸਾਹਿਬ ਯੂਨੀਵਰਸਿਟੀ ਦੇ ਬਾਨੀ ਉੱਪ ਕੁਲਪਤੀ ਡਾਕਟਰ ਜਸਬੀਰ ਸਿੰਘ ਆਹਲੂਵਾਲੀਆ ਦਾ ਅਪਰੇਸ਼ਨ ਸਫਲ ਹੋ ਗਿਆ ਹੈ। ਪੀ.ਜੀ.ਆਈ. ਦੇ ਡਾਕਟਰਾਂ ਨੇ ਅੱਜ ਅਪਰੇਸ਼ਨ ਕਰਕੇ ਉਨ੍ਹਾਂ ਦੇ ਸਰੀਰ ਦੇ ਅੰਦਰ ਰਹੀ ਰਿਵਾਲਵਰ ਦੀ ਗੋਲੀ ਬਾਹਰ ਕੱਢ ਦਿੱਤੀ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਉਨ੍ਹਾਂ ਨੂੰ ਅੱਜ ਪੌਣੇ ਇਕ ਵਜੇ ਅਪਰੇਸ਼ਨ ਲਈ ਲਿਜਾਇਆ ਗਿਆ ਅਤੇ ਉਹ ਅਪਰੇਸ਼ਨ ਥੀਏਟਰ ‘ਚੋਂ ਪੌਣੇ ਤਿੰਨ ਵਜੇ ਬਾਹਰ ਆਏ। ਪਤਾ ਲੱਗਾ ਹੈ ਕਿ ਅਜੇ ਉਨ੍ਹਾਂ ਨੂੰ ਹੋਸ਼ ਨਹੀਂ ਆਈ। ਉਨ੍ਹਾਂ ਦਾ ਇਲਾਜ ਕਰ ਰਹੇ ਡਾਕਟਰਾਂ ਨੇ ਅਪਰੇਸ਼ਨ ਤੋਂ ਬਾਅਦ ਮਰੀਜ਼ ਦੀ ਹਾਲਤ ਵਿਚ ਤੇਜ਼ੀ ਨਾਲ ਸੁਧਾਰ ਹੋਣ ਦੀ ਆਸ ਪ੍ਰਗਟ ਕੀਤੀ ਹੈ। ਉਨ੍ਹਾਂ ਨੂੰ ਅਪਰੇਸ਼ਨ ਪਿੱਛੋਂ ਵੀ ਆਈ.ਸੀ.ਯੂ. ਵਿਚ ਹੀ ਰੱਖਿਆ ਜਾ ਰਿਹਾ ਹੈ। ਇਹ ਵੀ ਪਤਾ ਲੱਗਾ ਹੈ ਕਿ ਡਾਕਟਰਾਂ ਨੇ ਉਨ੍ਹਾਂ ਦੀ ਉਸ ਅੱਖ ਦਾ ਵੀ ਅਪਰੇਸ਼ਨ ਕਰ ਦਿੱਤਾ ਹੈ ਜਿਸ ਦੀ ਕੱਲ੍ਹ ਜੋਤ ਚਲੀ ਗਈ ਸੀ।

ਡਾਕਟਰ ਆਹਲੂਵਾਲੀਆ ਉਤੇ ਪਹਿਲੀ ਅਗਸਤ ਨੂੰ ਕਾਤਲਾਨਾ ਹਮਲਾ ਹੋ ਗਿਆ ਸੀ ਜਿਸ ਵਿਚ ਉਹ ਗੰਭੀਰ ਜ਼ਖਮੀ ਹੋ ਗਏ ਸਨ।

Source: Punjab Spectrum


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top