Share on Facebook

Main News Page

ਡਾ. ਆਹਲੂਵਾਲੀਆ ਤੇ ਕਾਤਲਾਨਾ ਹਮਲਾ ਕਰਨ ਵਾਲਾ ਸਹਾਰਾ ਟਰੱਸਟ, ਖਨੌਰੀ ਦਾ ਚੈਅਰਮੈਨ

ਫਤਿਹਗੜ੍ਹਸਾਹਿਬ, 4 ਅਗਸਤ (ਗੁਰਪ੍ਰੀਤ ਮਹਿਕ) : ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਫਤਿਹਗੜ੍ਹਸਾਹਿਬ ਦੇ ਵਾਇਸ ਚਾਂਸਲਰ ਡਾ. ਜਸਵੀਰ ਸਿੰਘ ਆਹਲੂਵਾਲੀਆ ਨੂੰ 1 ਅਗਸਤ ਦੀ ਸ਼ਾਮ ਨੂੰ ਗੋਲੀ ਮਾਰਕੇ ਗੰਭੀਰ ਜਖਮੀ ਕਰਨ ਵਾਲੇ ਸਹਾਰਾ ਚੈਰੀਟੇਬਲ ਟਰੱਸਟ, ਖਨੌਰੀ ਜਿਲਾ ਸੰਗਰੂਰ ਦੇ ਚੇਅਰਮੈਨ ਨੂੰ ਬੀਤੀ ਰਾਤ ਫ਼ਤਹਿਗੜ੍ਹ ਸਾਹਿਬ ਪੁਲਿਸ ਵੱਲੋ ਕਰੀਬ 8 ਵਜੇ ਗ੍ਰਿਫਤਾਰ ਕਰਨ ਦੀ ਪੁਸ਼ਟੀ ਅੱਜ ਸਵੇਰੇ ਫ਼ਤਹਿਗੜ੍ਹਸਾਹਿਬ ਪੁਲਿਸ ਵੱਲੋ ਕਰ ਦਿੱਤੀ ਗਈ ਹੈ। ਜੋਰਾ ਸਿੰਘ ਦੀ ਗ੍ਰਿਫਤਾਰੀ ਤੋ ਬਾਅਦ ਗਰਮਖਿਆਲੀ ਜਥੇਬੰਦੀਆਂ ਦੇ ਆਗੂਆਂ ਅਤੇ ਡਾ ਆਹਲੂਵਾਲੀਆਂ ਤੇ ਹਮਲਾ ਕਰਨ ਦੇ ਦੋਸ਼ ਵਿੱਚ ਸ਼ੱਕ ਦੇ ਘੇਰੇ ਵਿੱਚ ਆਏ ਲੋਕਾਂ ਨੇ ਰਾਹਤ ਦਾ ਸਾਹ ਲਿਆ ਹੈ। ਭਾਵੇਂ ਕਿ ਪੁਲਿਸ ਨੇ ਆਪਣੀ ਇਸ ਮਾਮਲੇ ਵਿੱਚ ਆਪਣੀ ਪ੍ਰਾਪਤੀ ਦਾ ਖੁਲਾਸਾ ਕਰਨ ਲਈ ਅੱਜ ਸਵੇਰ ਕਾਨਫਰੰਸ ਕੀਤੀ ਪ੍ਰੰਤੁੂ ਕੁਝ ਅਖਬਾਰਾਂ ਵਿੱਚ ਜੋਰਾਵਰ ਸਿੰਘ ਦੀ ਗ੍ਰਿਫਤਾਰੀ ਦੀ ਖਬਰ ਅੱਜ ਪ੍ਰਕਾਸ਼ਿਤ ਹੋ ਚੁੱਕੀ ਸੀ। ਪੁਲਿਸ ਵੱਲੋ ਜੋਰਾ ਸਿੰਘ ਨੂੰ ਗ੍ਰਿਫਤਾਰ ਕਰਨ ਤੋ ਬਾਅਦ ਉਸ ਨੂੰ ਫ਼ਤਹਿਗੜ੍ਹਸਾਹਿਬ ਦੀ ਅਦਾਲਤ ਵਿੱਚ ਪੇਸ਼ ਵੀ ਕੀਤਾ ਗਿਆ। ਉਸ ਸਮੇਂ ਉਸ ਦਾ ਮੂੰਹ ਕਾਲੇ ਰੰਗ ਦੇ ਕਪੜੇ ਨਾਲ ਢਕਿਆ ਹੋਇਆ ਸੀ। ਇਸ ਦੌਰਾਨ ਪੱਤਰਕਾਰ ਵੀ ਜੋਰਾ ਸਿੰਘ ਨਾਲ ਗੱਲਬਾਤ ਕਰਨ ਵਿੱਚ ਸਫਲ ਹੋ ਗਏ।

ਜੋਰਾ ਸਿੰਘ ਨੇ ਨਿਡਰ ਹੋ ਕੇ ਕਿਹਾ ਕਿ ਉਸ ਨੂੰ ਵੀ ਸੀ ਤੇ ਹਮਲਾ ਕਰਨ ਦਾ ਜਰਾ ਵੀ ਪਛਤਾਵਾ ਨਹੀਂ ਹੈ। ਉਸ ਨੇ ਦੱਸਿਆ ਕਿ ਉਹ ਆਪਣੇ ਕਿਸੇ ਸੰਬੰਧੀ ਦੇ ਦਾਖਲੇ ਲਈ ਇਕ ਦੇ ਵਾਰ ਵੀ ਸੀ ਕੋਲ ਇਕ ਸੀਨੀਅਰ ਅਕਾਲੀ ਨੇਤਾ ਅਤੇ ਸਾਬਕਾ ਐਮ ਪੀ ਵੱਲੋ ਦਿੱਤੀ ਚਿੱਠੀ ਲੈ ਕੇ ਵੀ ਗਏ, ਪ੍ਰੰਤੂ ਇਸ ਦੇ ਬਾਵਜੂਦ ਵੀ ਦਾਖਲਾ ਨਹੀਂ ਦਿੱਤਾ ਗਿਆ ਸਗੋ ਵੀ ਸੀ ਵੱਲੋ ਉਸ ਦੀ ਬੇਇਜਤੀ ਕੀਤੀ ਗਈ। ਉਸ ਨੇ ਦੋਸ਼ ਲਗਾਇਆ ਕਿ ਜਦੋ ਕਿ ਇੱਕ ਦੂਜੇ ਘੱਟ ਨੰਬਰਾਂ ਵਾਲੇ ਉਮੀਦਵਾਰ ਨੂੰ ਦਾਖਲਾ ਦੇ ਦਿੱਤਾ ਗਿਆ। ਉਸ ਨੇ ਕਾਫੀ ਜਲਾਲਤ ਸਮਝੀ। ਜੋਰਾ ਸਿੰਘ ਵੱਲੋ ਵੀ ਸੀ ਤੇ ਸੰਗੀਨ ਦੋਸ਼ ਲਗਾਉਣ ਤੋ ਬਾਅਦ ਇਹ ਪਤਾ ਚੱਲਦਾ ਹੈ ਕਿ ਯੂਨੀਵਰਸਿਟੀ ਦੇ ਕੰਮ ਕਾਜ ਵਿੱਚ ਪਾਰਦਰਸ਼ਤਾ ਦੀ ਲੋੜ ਹੈ, ਨਹੀਂ ਤਾਂ ਜੋਰਾ ਸਿੰਘ ਨੂੰ ਵੀ ਸੀ ਤੇ ਹਮਲਾ ਕਰਨ ਦੀ ਕਿ ਲੋੜ ਸੀ? ਡਾ. ਆਹਲੂਵਾਲੀਆਂ ਦੇ ਪੀ ਜੀ ਆਈ ਵਿਖੇ ਜੇਰੇ ਇਲਾਜ ਹੋਣ ਕਾਰਨ ਯੂਨਵਰਸਿਟੀ ਦਾ ਇਸ ਮਾਮਲੇ ਵਿੱਚ ਪੱਖ ਪ੍ਰਾਪਤ ਨਹੀਂ ਹੋ ਗਿਆ।

ਯੂਨੀਵਰਸਿਟੀ ਕੈਂਪਸ ਵਿਚ ਰੱਖੀ ਪ੍ਰੈੱਸ ਕਾਨਫਰੰਸ ਦੌਰਾਨ ਐੱਮ.ਐੱਫ. ਫਾਰੂਕੀ ਡੀ.ਆਈ.ਜੀ. ਲੁਧਿਆਣਾ ਰੇਂਜ ਅਤੇ ਰਣਬੀਰ ਸਿੰਘ ਖੱਟੜਾ ਐੱਸ.ਐੱਸ.ਪੀ ਫਤਿਹਗੜ੍ਹ ਸਾਹਿਬ ਨੇ ਦੱਸਿਆ ਕਿ ਪੁਲਸ ਵਲੋਂ ਇਸ ਮਾਮਲੇ ਦੀ ਜਾਂਚ ਲਈ ਇਕ ਵਿਸ਼ੇਸ਼ ਟੀਮ ਗਠਿਤ ਕੀਤੀ ਗਈ ਸੀ ਜਿਸ ਨੇ ਦੋ ਦਿਨਾਂ ਅੰਦਰ ਇਸ ਕੇਸ ਨੂੰ ਸੂਝ-ਬੂਝ ਅਤੇ ਮੇਹਨਤ ਨਾਲ ਹੱਲ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਜੋਰਾ ਸਿੰਘ ਨੇ ਮੁੱਢਲੀ ਪੁੱਛਗਿੱਛ ਦੌਰਾਨ ਦੱਸਿਆ ਕਿ ਉਹ 28 ਅਤੇ 29 ਜੁਲਾਈ ਨੂੰ ਆਪਣੇ ਕਿਸੇ ਰਿਸ਼ਤੇਦਾਰ ਨੂੰ ਯੂਨੀਵਰਸਿਟੀ ਵਿਚ ਦਾਖਲਾ ਕਰਵਾਉਣ ਲਈ ਆਉਂਦਾ ਰਿਹਾ ਅਤੇ ਉਸਦੀ ਦਾਖਲੇ ਨੂੰ ਲੈਕੇ ਵਾਇਸ ਚਾਂਸਲਰ ਨਾਲ ਤਰਕਾਰ ਵੀ ਹੋਈ। ਜਦੋਂ ਉਸਦੇ ਰਿਸ਼ਤੇਦਾਰ ਨੂੰ ਮੈਰਿਟ ਵਿਚ ਨਾ ਹੋਣ ਕਾਰਨ ਦਾਖਲਾ ਨਹੀਂ ਮਿਲਿਆ ਤਾਂ ਉਸਨੇ ਆਪਣੇ ਰਿਸ਼ਤੇਦਾਰਾਂ ਸਾਹਮਣੇ ਆਪਣੀ ਬੇਇਜਤੀ ਸਮਝਦੇ ਹੋਏ ਡਾ. ਆਹਲੂਵਾਲੀਆ ਨੂੰ ਮਾਰਨ ਦਾ ਫੈਸਲਾ ਕਰ ਲਿਆ। ਇਸ ਕਾਰਨ ਉਸਨੇ 1 ਅਗਸਤ ਨੂੰ ਆਪਣੀ 14 ਜੁਲਾਈ ਨੂੰ ਨਵੀਂ ਖਰੀਦੀ ਪੂੰਟੋਂ ਕਾਰ ਰਾਹੀ ਆਪਣਾ 32 ਬੋਰ ਦਾ ਕਾਨਪੁਰੀ ਲਾਇਸੰਸੀ ਰਿਵਾਲਵਰ ਲੈ ਕੇ ਸ਼ਰਾਬ ਦੀ ਬੌਤਲ ਵੇਟ-69 ਖ੍ਰੀਦ ਕੇ ਪੀਂਦਾ ਹੋਇਆ ਆਪਣੇ ਡਰਾਇਵਰ ਨਾਲ ਯੂਨੀਵਰਸਿਟੀ ਨੂੰ ਚੱਲ ਪਿਆ, ਰਸਤੇ ਵਿਚ ਸਰਹਿੰਦ-ਪਟਿਆਲਾ ਰੋਡ 'ਤੇ ਪਿੰਡ ਆਦਮਪੁਰ ਨਜ਼ਦੀਕ ਨਹਿਰ ਕੋਲ ਉਸਦੀ ਕਾਰ ਦਾ ਐਕਸਲ ਟੁੱਟ ਗਿਆ ਜਿਸ ਕਾਰਨ ਉਹ ਆਪਣੀ ਸ਼ਰਾਬ ਦੀ ਬੋਤਲ ਨਾਲ ਚੁੱਕ ਕੇ ਪਟਿਆਲੇ ਤੋਂ ਆ ਰਹੀ ਇਕ ਮਾਰੂਤੀ 800 ਕਾਰ ਰਾਹੀ ਲਿਫਟ ਲੈ ਕੇ ਸਰਹਿੰਦ ਪਹੁੰਚਿਆ। ਉਸਨੇ ਕਾਰ ਵਾਲਿਆਂ ਨੂੰ ਯੂਨੀਵਰਸਿਟੀ ਤੱਕ ਛੱਡਣ ਦੀ ਵਾਰ-ਵਾਰ ਬੇਨਤੀ ਵੀ ਕੀਤੀ, ਪਰ ਮਾਰੂਤੀ ਵਾਲਿਆਂ ਨੇ ਮੰਡੀ ਜਾਣ ਕਾਰਨ ਉਸ ਨੂੰ ਸਰਹਿੰਦ ਹੀ ਉਤਾਰ ਦਿੱਤਾ।

ਉਨ੍ਹਾਂ ਅੱਗੇ ਦੱਸਿਆ, ਕਿ ਜੋਰਾ ਸਿੰਘ ਸਰਹਿੰਦ ਮੰਡੀ ਤੋਂ ਇਕ ਕਾਰ ਕਿਰਾਏ 'ਤੇ ਲੈਕੇ ਸ਼ਰਾਬ ਪੀਂਦਾ ਹੋਇਆ ਯੂਨੀਵਰਸਿਟੀ ਉਤਰਿਆ, ਅਤੇ ਉਸਨੇ ਯੂਨੀਵਰਸਿਟੀ ਕੈਂਪਸ ਵਿਚ ਹਵਾਈ ਫਾਇਰ ਕਰਨ ਉਪਰੰਤ ਦੂਜੀ ਗੋਲੀ ਡਾ. ਆਹਲੂਵਾਲੀਆ ਵਾਇਸ ਚਾਂਸਲਰ ਨੂੰ ਮਾਰ ਕੇ, ਗੰਭੀਰ ਜਖਮੀ ਕਰ ਦਿੱਤਾ ਅਤੇ ਯੂਨੀਵਰਸਿਟੀ ਦੇ ਮੇਨ ਗੇਟ ਤੋਂ ਇਕ ਮੋਟਰਸਾਇਕਲ ਵਾਲੇ ਨੌਜਵਾਨ ਨੂੰ ਹਵਾਈ ਫਾਇਰ ਕਰਨ ਉਪਰੰਤ ਰਿਵਾਲਵਰ ਦੀ ਨੋਕ 'ਤੇ ਨਾਲ ਲੈ ਕੇ ਗਿਆ। ਉਨ੍ਹਾਂ ਦੱਸਿਆ ਕਿ ਜੋਰਾ ਸਿੰਘ ਨੇ ਮੋਟਰਸਾਇਕਲ ਵਾਲੇ ਨੂੰ 10-12 ਕਿਲੋਮੀਟਰ ਜਾਣ ਉਪਰੰਤ ਵਾਪਸ ਭੇਜ ਦਿੱਤਾ, ਅਤੇ ਆਪ ਸ਼ਰਾਬੀ ਹਾਲਤ ਵਿਚ ਹੋਣ ਕਾਰਨ ਖੇਤਾਂ ਵਿਚ ਗਿਰ ਗਿਆ। ਜਦੋਂ ਉਸ ਨੂੰ ਦੇਰ ਰਾਤ ਆਪਣੇ ਰਿਸ਼ਤੇਦਾਰਾਂ ਨਾਲ ਮੋਬਾਇਲ 'ਤੇ ਸੰਪਰਕ ਹੋਇਆ ਤਾਂ ਉਹ ਉਨ੍ਹਾਂ ਨਾਲ ਵਾਪਸ ਆਪਣੇ ਘਰ ਪਹੁੰਚਿਆ। ਉਨ੍ਹਾਂ ਅੱਗੇ ਦੱਸਿਆ ਕਿ ਜਦੋਂ ਟੈਕਸੀ ਡਰਾਇਵਰ ਗੁਰਮੇਲ ਸਿੰਘ ਦੇ ਦੱਸਣ ਅਨੁਸਾਰ ਅੰਮ੍ਰਿਤਸਰ ਤੋਂ ਆਏ ਵਿਅਕਤੀ ਤੋਂ ਸਕੈਚ ਬਣਾਕੇ ਅਖਬਾਰਾਂ ਨੂੰ ਜਾਰੀ ਕੀਤਾ, ਤਾਂ ਉਸਨੂੰ ਲਿਫਟ ਦੇਣ ਵਾਲੇ ਅਤੇ ਹੋਰ ਕਈ ਵਿਅਕਤੀਆਂ ਨੇ ਪੁਲਸ ਨੂੰ ਜਾਣਕਾਰੀ ਦੇਣੀ ਸ਼ੁਰੂ ਕਰ ਦਿੱਤੀ। ਉਨ੍ਹਾਂ ਅੱਗੇ ਦੱਸਿਆ ਕਿ ਜਦੋਂ ਮਾਰੂਤੀ ਕਾਰ ਵਾਲਿਆਂ ਦੇ ਦੱਸਣ ਅਨੁਸਾਰ ਨਹਿਰ ਕੋਲੋਂ ਉਸਦੀ ਖਰਾਬ ਕਾਰ ਸਬੰਧੀ ਪੜਤਾਲ ਸ਼ੁਰੂ ਕੀਤੀ, ਤਾਂ ਉਥੋਂ ਸਕੂਲ ਦੇ ਕੁਝ ਵਿਦਿਆਰਥੀਆਂ ਰਾਹੀ ਪਤਾ ਚੱਲਿਆ ਕਿ ਇਸ ਸਥਾਨ 'ਤੇ ਫੀਏਟ ਪੂੰਟੋਂ ਕਾਰ ਖਰਾਬ ਖੜੀ ਸੀ ਜੋ ਕਿ ਬਿਲਕੁੱਲ ਨਵੀਂ ਸੀ।

ਉਨ੍ਹਾਂ ਅੱਗੇ ਦੱਸਿਆ ਕਿ ਇਸ ਅਧਾਰ 'ਤੇ ਪੁਲਿਸ ਨੇ ਕਾਰ ਦੇ ਸ਼ੋਅਰੂਮਾਂ ਵਿਚ ਪੜਤਾਲ ਕਰਨੀ ਸ਼ੁਰੂ ਕੀਤੀ ਤਾਂ ਇਸ ਗੱਡੀ ਬਾਰੇ ਗੋਇਲ ਮੋਟਰਜ਼ ਪਟਿਆਲਾ ਤੋਂ ਗੱਡੀ ਖ੍ਰੀਦਣ ਵੇਲੇ ਉਸਦੀ ਖਿੱਚੀ ਫੋਟੋ ਅਤੇ ਪਤੇ ਦਾ ਪਤਾ ਚੱਲਿਆ। ਉਨ੍ਹਾਂ ਦੱਸਿਆ ਕਿ ਜਦੋਂ ਦੇਰ ਰਾਤ ਇਸਦੇ ਨਿਵਾਸ 'ਤੇ ਪੁਲਿਸ ਪਾਰਟੀ ਪਹੁੰਚੀ ਤਾਂ ਇਹ ਸ਼ਰਾਬੀ ਹਾਲਤ ਵਿਚ ਘਰੇ ਮਿਲਿਆ ਜਿਸਨੇ ਪੁੱਛਗਿੱਛ ਦੌਰਾਨ ਲੀਜ਼ 'ਤੇ ਲਈ ਗੱਤਾ ਮਿਲ ਵਿਚੋਂ ਰਿਵਾਲਵਰ ਬਰਾਮਦ ਕਰਵਾਈ। ਉਨ੍ਹਾਂ ਕਿਹਾ ਕਿ ਰਿਵਾਲਵਰ ਦੇ ਨਾਲ 3 ਜਿੰਦਾ ਕਾਰਤੂਸ ਅਤੇ ਤਿੰਨ ਖੋਲ ਕਾਰਤੂਸ ਵੀ ਬਰਾਮਦ ਕਰਵਾਏ। ਉਨ੍ਹਾਂ ਦੱਸਿਆ ਕਿ ਉਸ ਵਲੋਂ ਵਰਤੀਆਂ ਤਿੰਨੇ ਕਾਰਾਂ ਬਰਾਮਦ ਕਰ ਲਈਆਂ ਗਈਆਂ ਹਨ। ਜਦੋਂ ਕਿ ਜਿਸ ਮੋਟਰਸਾਇਕਲ 'ਤੇ ਯੂਨੀਵਰਸਿਟੀ ਤੋਂ ਫਰਾਰ ਹੋਇਆ ਸੀ ਉਸ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਹੈ। ਉਨ੍ਹਾਂ ਕਿਹਾ ਕਿ ਲੋਕਾਂ ਅਤੇ ਮੀਡੀਆ ਦੇ ਮਿਲੇ ਭਰਪੂਰ ਸਹਿਯੋਗ ਨਾਲ ਪੁਲਸ ਵਲੋਂ 48 ਘੰਟਿਆਂ ਵਿਚ ਹੀ ਦੋਸ਼ੀ ਦਾ ਸੁਰਾਗ ਲਗਾ ਲਿਆ ਗਿਆ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਅਤੇ ਹੋਰ ਨਾਜੁਕ ਥਾਵਾਂ 'ਤੇ ਸੁਰੱਖਿਆ ਦੇ ਪ੍ਰਬੰਧ ਮਜਬੂਤ ਕੀਤੇ ਜਾਣਗੇ।

ਆਹਲੂਵਾਲੀਆ ਦੀ ਇੱਕ ਅੱਖ ਦੀ ਰੋਸ਼ਨੀ ਗਈ

ਸ੍ਰੀ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਜਸਬੀਰ ਸਿੰਘ ਆਹਲੂਵਾਲੀਆ ਦੀ ਖੱਬੀ ਅੱਖ ਦੀ ਜੋਤ ਚਲੀ ਗਈ ਹੈ। ਡਾਕਟਰਾਂ ਨੇ ਉਨ੍ਹਾਂ ਦੀ ਅੱਖ ਉਪਰ ਅੱਜ ਸਵੇਰੇ ਪੱਟੀ ਬੰਨ੍ਹ ਦਿੱਤੀ ਹੈ। ਡਾ. ਆਹਲੂਵਾਲੀਆ ਦੇ ਇਕ ਨਜ਼ਦੀਕੀ, ਜਿਹੜੇ ਪੀ.ਜੀ.ਆਈ. ਵਿਚ ਉਨ੍ਹਾਂ ਦੀ ਦੇਖਭਾਲ ਲਈ ਮੌਜੂਦ ਹਨ, ਨੇ ਇਸ ਦੀ ਪੁਸ਼ਟੀ ਕੀਤੀ ਹੈ। ਪਤਾ ਲੱਗਾ ਹੈ ਕਿ ਉਨ੍ਹਾਂ ਦਾ ਬਲੱਡ ਪ੍ਰੈਸ਼ਰ ਪਹਿਲਾਂ ਨਾਲੋਂ ਹੋਰ ਥੱਲੇ ਆ ਗਿਆ ਹੈ ਅਤੇ ਸ਼ੂਗਰ ਵੀ ਨਾਰਮਲ ਹੋ ਰਹੀ ਹੈ। ਡਾਕਟਰਾਂ ਵੱਲੋਂ ਭਲਕੇ ਅਪਰੇਸ਼ਨ ਕਰਕੇ ਉਨ੍ਹਾਂ ਦੇ ਸਰੀਰ ਦੇ ਅੰਦਰ ਰਹਿ ਗਈ ਰਿਵਾਲਵਰ ਦੀ ਗੋਲੀ ਕੱਢਣ ਦੀ ਸੰਭਾਵਨਾ ਹੈ। ਵੀ.ਸੀ. ਉਪਰ ਪਹਿਲੀ ਅਗਸਤ ਨੂੰ ਯੂਨੀਵਰਸਿਟੀ ਵਿਚ ਹੀ ਕਾਤਲਾਨਾ ਹਮਲਾ ਹੋ ਗਿਆ ਸੀ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top