Share on Facebook

Main News Page

ਅਸੀਂ ਅਰਦਾਸ ਵਿੱਚ ਯਾਦ ਤਾਂ ਕਰਦੇ ਹਾਂ ਉਨ੍ਹਾਂ ਸ਼ਹੀਦ ਸਿੰਘਾਂ ਸਿੰਘਣੀਆਂ ਨੂੰ ਜਿਨ੍ਹਾਂ ਨੇ ਧਰਮ ਹੇਤ ਅਕਹਿ ਤੇ ਅਸਹਿ ਕਸ਼ਟ ਸਹਾਰੇ ਪਰ ਮੰਗਦੇ ਇਹ ਹਾਂ ਕਿ ਸਾਨੂੰ ਤੱਤੀ ਵਾ ਨਾ ਲੱਗੇ: ਪ੍ਰੋ. ਧੂੰਦਾ

ਗੁਰਬਾਣੀ ਸਾਨੂੰ ਸਿਖਾਉਂਦੀ ਹੈ ਕਿ ਮਾਲਕ ਦੇ ਨਿਯਮ ਤੋੜਨ ਦੀ ਕੋਸ਼ਿਸ਼ ਨਾ ਕਰੋ, ਬਲਕਿ ਇਸ ਦੇ ਨਿਯਮਾਂ ਵਿੱਚ ਤੁਰਨਾ ਸਿੱਖੋ ਪਰ ਅਰਦਾਸ ’ਚ ਮੰਗਿਆ ਇਹ ਜਾਂਦਾ ਹੈ ਕਿ ਹੇ ਮਾਲਕ ਤੈਨੂੰ ਬੇਸ਼ੱਕ ਆਪਣੇ ਨਿਯਮ ਤੋੜਨੇ ਵੀ ਪੈਣ, ਤੇਰੇ ਭਾਣੇ ਅਨੁਸਾਰ ਬੇਸ਼ੱਕ ਸਾਡੇ ਘਰ ਲੜਕੀ ਨੇ ਹੀ ਜਨਮ ਲੈਣਾ ਹੋਵੇ, ਪਰ ਸਾਨੂੰ ਲੜਕੀ ਨਹੀਂ ਚਾਹੀਦੀ, ਪੁੱਤਰ ਚਾਹੀਦਾ ਹੈ ਇਸ ਲਈ ਕ੍ਰਿਪਾ ਕਰਕੇ ਪੁੱਤਰ ਦੀ ਦਾਤ ਹੀ ਦੇਵੋ

ਬਠਿੰਡਾ, 2 ਅਗਸਤ (ਕਿਰਪਾਲ ਸਿੰਘ): ਅਸੀਂ ਅਰਦਾਸ ਵਿੱਚ ਯਾਦ ਤਾਂ ਕਰਦੇ ਹਾਂ ਉਨ੍ਹਾਂ ਸ਼ਹੀਦ ਸਿੰਘਾਂ ਸਿੰਘਣੀਆਂ ਨੂੰ ਜਿਨ੍ਹਾਂ ਨੇ ਧਰਮ ਹੇਤ ਅਕਹਿ ਤੇ ਅਸਹਿ ਕਸ਼ਟ ਸਹਾਰੇ ਪਰ ਮੰਗਦੇ ਇਹ ਹਾਂ ਕਿ ਸਾਨੂੰ ਤੱਤੀ ਵਾ ਨਾ ਲੱਗੇ। ਇਹ ਸ਼ਬਦ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਦੇ ਪ੍ਰੋ. ਸਰਬਜੀਤ ਸਿੰਘ ਧੂੰਦਾ ਨੇ ਗੁਰਦੁਆਰਾ ਬੰਗਲਾ ਸਾਹਿਬ ਨਵੀਂ ਦਿੱਲੀ ਵਿਖੇ ਚੱਲ ਰਹੀ ਲੜੀਵਾਰ ਕਥਾ ਦੌਰਾਨ ਅੱਜ ਸਵੇਰੇ ਕਹੇ ਜਿਸ ਦਾ ਸਿੱਧਾ ਪ੍ਰਸਾਰਣ ਚੜ੍ਹਦੀਕਲਾ ਟਾਈਮ ਟੀਵੀ ਤੋਂ ਹੋ ਰਿਹਾ ਸੀ। ਉਨ੍ਹਾਂ ਪੁਰਾਤਨ ਸਿੰਘ ਦੀ, ਗੁਰੂ ਨਾਲ ਪਿਆਰ ’ਤੇ ਦ੍ਰਿੜਤਾ ਦਾ ਹੋਰਨਾਂ ਧਰਮਾਂ ਦੇ ਅਨੁਯਾਈਆਂ ਨਾਲ ਟਾਕਰਾ ਕਰਦਿਆਂ ਕਿਹਾ ਕਿ ਜਿਸ ਸਮੇ ਜੀਸਸ ਮਸੀਹ ਨੂੰ ਸੂਲੀ ’ਤੇ ਟੰਗਿਆ ਜਾਣਾ ਸੀ ਤਾਂ ਉਸ ਸਮੇ ਉਨ੍ਹਾਂ ਨਾਲ ਉਨ੍ਹਾਂ ਦੇ 13 ਚੇਲੇ ਸਨ। ਜੀਸਸ ਨੂੰ ਪੁੱਛਿਆ ਗਿਆ ਕਿ ਇਹ 13 ਵਿਅਕਤੀ ਕੌਣ ਹਨ? ਤਾਂ ਜੀਸਸ ਨੇ ਕਿਹਾ ਇਹ ਮੇਰੇ ਚੇਲੇ ਹਨ। ਉਨ੍ਹਾਂ 13 ਵਿਅਕਤੀਆਂ ਨੇ ਵੀ ਪੁੱਛਣ ’ਤੇ ਦੱਸਿਆ ਕਿ ਹਾਂ ਇਹ ਸਾਡਾ ਗੁਰੂ ਹੈ ਤੇ ਅਸੀਂ ਇਸ ਦੇ ਚੇਲੇ ਹਾਂ। ਜਦੋਂ ਕਿਹਾ ਕਿ ਅੱਛਾ ਪਹਿਲਾਂ ਇਨ੍ਹਾਂ ਦੇ ਚੇਲਿਆਂ ਨੂੰ ਸੂਲੀ ’ਤੇ ਟੰਗੋ, ਗੁਰੂ ਨੂੰ ਬਾਅਦ ਵਿੱਚ ਟੰਗਾਂਗੇ। ਇਤਨਾ ਕਹਿਣ ਦੀ ਦੇਰ ਸੀ ਤਾਂ 13 ਦੇ 13 ਹੀ ਬੋਲ ਉਠੇ, ਨਾ ਇਹ ਸਾਡਾ ਗੁਰੂ ਹੈ ਤੇ ਨਾ ਹੀ ਅਸੀਂ ਇਸ ਦੇ ਚੇਲੇ ਹਾਂ।

ਦੂਸਰੇ ਪਾਸੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸ਼ਹੀਦ ਕਰਨ ਵੇਲੇ ਉਨ੍ਹਾਂ ਨਾਲ ਤਿੰਨ ਸਿੱਖ ਸਨ। ਉਨ੍ਹਾਂ ਬਾਰੇ ਪੁੱਛਣ ’ਤੇ ਗੁਰੂ ਜੀ ਨੇ ਕਿਹਾ ਕਿ ਇਹ ਮੇਰੇ ਪਿਆਰੇ ਸਿੱਖ ਹਨ। ਤਿੰਨੇ ਸਿੱਖਾਂ ਨੇ ਕਿਹਾ ਅਸੀਂ ਨਿਮਾਣੇ ਸਿੱਖ ਹਾਂ ਤੇ ਇਹ ਸਾਡੇ ਨਿਮਾਣਿਆਂ ਦੇ ਤਾਣ ਸਤਿਗੁਰੂ ਜੀ ਹਨ। ਜਦੋਂ ਕਿਹਾ ਕਿ ਚੰਗਾ ਫਿਰ ਪਹਿਲਾਂ ਸਿਖਾਂ ਨੂੰ ਆਰੇ ਨਾਲ ਚੀਰ ਦੇਵੋ ਇਨਾਂ ਦੇ ਗੁਰੂ ਨੂੰ ਬਾਅਦ ਵਿੱਚ ਚੀਰਾਂਗੇ। ਤਾਂ ਉਨ੍ਹਾਂ ਬੜੀ ਦ੍ਰਿੜਤਾ ਨਾਲ ਕਿਹਾ ਹਾਂ ਸਾਨੂੰ ਮਨਜੂਰ ਹੈ। ਭਾਈ ਮਤੀ ਦਾਸ ਜੀ ਦੇ ਸੀਸ ’ਤੇ ਆਰਾ ਰੱਖਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਮੇਰਾ ਮੂੰਹ ਮੇਰੇ ਗੁਰੂ ਵੱਲ ਕਰ ਦੇਵੋ ਤਾ ਕਿ ਮੈਂ ਅੰਤਿਮ ਸਮੇ ਤੱਕ ਆਪਣੇ ਗੁਰੂ ਦੇ ਦਰਸ਼ਨ ਕਰਦਾ ਰਹਾਂ। ਜਦ ਸਿਰ ’ਤੇ ਆਰਾ ਚੱਲਿਆ ਤਾਂ ਉਸ ਤੋਂ ਪੁੱਛਿਆ ਗਿਆ ਕਿ ਆਰੇ ਦਾ ਸੁਆਦ ਕਿਸ ਤਰ੍ਹਾਂ ਦਾ ਹੈ। ਤਾਂ ਭਾਈ ਮਤੀ ਦਾਸ ਜੀ ਨੇ ਜਵਾਬ ਵਿੱਚ ਕਿਹਾ ‘ਆਰਾ, ਲਗਤ ਹੈ ਪਿਆਰਾ’। ਪ੍ਰੋ. ਧੂੰਦਾ ਨੇ ਕਿਹਾ ਭਾਈ ਮਤੀ ਦਾਸ ਨੇ ਇਹ ਦ੍ਰਿੜਤਾ ਬਾਬਾ ਕਬੀਰ ਜੀ ਦੀ ਬਾਣੀ ‘ਕਰਵਤੁ ਭਲਾ ਨ ਕਰਵਟ ਤੇਰੀ ॥’ (ਪੰਨਾ 484) ਤੋਂ ਲਈ ਜਿਸ ਤੋਂ ਇਹ ਸੇਧ ਮਿਲਦੀ ਹੈ ਕਿ ਹੇ ਅਕਾਲ ਪੁਰਖ਼ ਜੀ! ਹੇ ਗੁਰੂ ਜੀ! ਤੈਨੂੰ ਪਿੱਠ ਦੇਣ ਨਾਲੋਂ ਤਾਂ ਮੈਨੂੰ ਆਰੇ ਨਾਲ ਚੀਰੇ ਜਾਣਾ ਚੰਗਾ ਲਗਦਾ ਹੈ।

ਉਨ੍ਹਾਂ ਤੋਂ ਬਾਅਦ ਵਾਰੀ ਆਈ ਭਾਈ ਦਿਆਲਾ ਜੀ ਦੀ। ਉਨ੍ਹਾਂ ਬਾਰੇ ਕਿਹਾ ਕਿ ਇਸ ਨੂੰ ਦੇਗ ਵਿੱਚ ਬਿਠਾ ਕੇ ਉਬਾਲ ਦਿਓ। ਭਾਈ ਦਿਆਲਾ ਜੀ ਨੇ ਕਿਹਾ ਕਿ ਮੈਨੂੰ ਵੀ ਦੇਗ ਵਿੱਚ ਬਿਠਾ ਕੇ ਆਲੂ ਵਾਂਗ ਉਬਾਲੇ ਜਾਣਾ ਮਨਜੂਰ ਹੈ, ਪਰ ਮੇਰਾ ਮੂੰਹ ਵੀ ਮੇਰੇ ਮੁਰਸ਼ਿਦ ਵੱਲ ਹੀ ਰੱਖਿਆ ਜਾਵੇ। ਇਸੇ ਤਰ੍ਹਾਂ ਭਾਈ ਸਤੀ ਦਾਸ ਜੀ ਨੂੰ ਰੂੰ ਵਿੱਚ ਲਪੇਟ ਕੇ ਅੱਗ ਲਾ ਕੇ ਸਾੜਿਆ ਗਿਆ। ਇਹ ਕਮਾਲ ਦੀ ਗੱਲ ਹੈ ਕਿ ਸਿੱਖਾਂ ਨੇ ਆਰੇ ਨਾਲ ਚੀਰੇ ਜਾਣਾ ਮਨਜੂਰ ਕਰ ਲਿਆ, ਆਲੂ ਵਾਂਗ ਉਬਾਲੇ ਜਾਣਾ ਮਨਜੂਰ ਕਰ ਲਿਆ ਅੱਗ ਦੀਆਂ ਲਪਟਾਂ ਵਿੱਚ ਸੜ ਕੇ ਕੋਲਾ ਹੋਣਾ ਮਨਜੂਰ ਕਰ ਲਿਆ ਪਰ ਤਿੰਨਾਂ ਵਿੱਚੋਂ ਕਿਸੇ ਇੱਕ ਨੇ ਵੀ ਮੂੰਹੋਂ ‘ਸੀ’ ਨਹੀਂ ਉਚਰੀ ਤੇ ਨਾ ਹੀ ਇਹ ਕਿਹਾ ਕਿ ਅਸੀਂ ਗੁਰੂ ਦੇ ਸਿੱਖ ਨਹੀਂ।

ਪ੍ਰੋ. ਧੂੰਦਾ ਨੇ ਕਿਹਾ ਕਿ ‘ਨਾ ਤਿੰਨਾਂ ’ਚੋਂ ਨਾ ਤੇਰਾਂ ’ਚੋਂ” ਦੀ ਕਹਾਵਤ ਇੱਥੋਂ ਹੀ ਬਣੀ ਹੈ, ਜਿਹੜੀ ਕਿ ਡਗਮਗਾਉਂਦੇ ਉਸ ਵਿਅਕਤੀ ਲਈ ਵਰਤੀ ਜਾਂਦੀ ਹੈ ਜਿਹੜਾ ਨਾ ਇੱਧਰ ਦਾ ਹੋਵੇ, ਨਾ ਉੱਧਰ ਦਾ। ਭਾਵ ਨਾ ਉਸ ਵਿੱਚ ਇਨ੍ਹਾਂ ਤਿੰਨਾਂ ਸਿੱਖਾਂ ਵਾਲੀ ਦ੍ਰਿੜਤਾ ਤੇ ਆਪਣੇ ਗੁਰੂ ਦੇ ਸਿਧਾਂਤ ਨਾਲ ਪਿਆਰ ਹੋਵੇ ਜਿਨ੍ਹਾਂ ਨੂੰ ਆਪਣੀ ਜਾਨ ਨਾਲੋਂ ਗੁਰੂ ਪਿਆਰਾ ਹੋਵੇ। ਅਤੇ ਨਾ ਹੀ ਜੀਸਸ ਦੇ ਉਨ੍ਹਾਂ 13 ਚੇਲਿਆਂ ਵਰਗੇ ਹੋਣ ਜਿਹੜੇ ਗੁਰੂ ਦੇ ਸਾਹਮਣੇ ਹੀ ਉਸ ਨੂੰ ਛੱਡ ਕੇ ਭੱਜ ਜਾਣ। ਉਨ੍ਹਾਂ ਕਿਹਾ ਇਨ੍ਹਾਂ 13 ਚੇਲਿਆਂ ਦੀ ਕਾਇਰਤਾ ਕਾਰਣ 13 ਦੇ ਅੰਕ ਨੂੰ ਮਨਹੂਸ ਗਿਣਿਆ ਗਿਆ ਹੈ। ਇਸੇ ਸੋਚ ਅਧੀਨ 13 ਨੂੰ ਮਨਹੂਸ ਜਾਣ ਕੇ ਚੰਡੀਗੜ੍ਹ ਵਿੱਚ 13 ਨੰਬਰ ਸੈਕਟਰ ਹੀ ਨਹੀਂ ਰੱਖਿਆ ਗਿਆ। ਪ੍ਰੋ. ਧੂੰਦਾ ਨੇ ਕਿਹਾ ਗੁਰਮਤਿ ਵਿੱਚ ਕੋਈ ਅੰਕ ਵੀ ਮਨਹੂਸ ਨਹੀਂ ਮੰਨਿਆ ਗਿਆ ਪਰ ਸਿੱਖ ਨੇ ਬਾਬਾ ਕਬੀਰ ਜੀ ਦੀ ਬਾਣੀ: ‘ਡਗਮਗ ਛਾਡਿ ਰੇ ਮਨ ਬਉਰਾ ॥ ਅਬ ਤਉ ਜਰੇ ਮਰੇ ਸਿਧਿ ਪਾਈਐ ਲੀਨੋ ਹਾਥਿ ਸੰਧਉਰਾ ॥1॥ ਰਹਾਉ ॥’ (ਪੰਨਾ 338) ਤੋਂ ਸੇਧ ਲੈ ਕੇ ਡਿਕਾਡੋਲੇ ਖਾਂਦੇ ਮਨ ਨੂੰ ਅਡੋਲ ਹੋਣ ਦੀ ਦ੍ਰਿੜਤਾ ਹਾਸਲ ਕੀਤੀ। ਪਰ ਅਫਸੋਸ ਅੱਜ ਸਿਖ ਵੀ ਨਾ ਤਿੰਨਾ ਵਿਚੋਂ ਹਨ ਭਾਵ ਉਨ੍ਹਾਂ ਵਿੱਚ ਭਾਈ ਮਤੀ ਦਾਸ, ਭਾਈ ਦਿਆਲਾ ਜੀ ਅਤੇ ਭਾਈ ਸਤੀ ਦਾਸ ਜੀ ਜੈਸੀ ਦ੍ਰਿੜਤਾ ਹੈ ਤੇ ਨਾ ਹੀ ਜੀਸਸ ਦੇ 13 ਚੇਲਿਆਂ ਵਰਗੇ ਹਨ ਜਿਹੜੇ ਗੁਰੂ ਨਾਲੋਂ ਆਪਣਾ ਨਾਤਾ ਹੀ ਤੋੜ ਦੇਣ। ਉਹ ਆਪਣੇ ਆਪ ਨੂੰ ਗੁਰੂ ਦੇ ਸਿੱਖ ਵੀ ਅਖਵਾਉਂਦੇ ਹਨ ਪਰ ਨਾ ਉਨ੍ਹਾਂ ਵਿੱਚ ਸਿੱਖਾਂ ਵਾਲੀ ਦ੍ਰਿੜਤਾ ਤੇ ਗੁਰਮਤਿ ਸਿਧਾਂਤ ਦੀ ਸੋਝੀ ਹੈ।

ਅੱਜ ਸਿੱਖ, ਬਾਣੀ ਕੋਈ ਸਿਧਾਂਤ ਸਿੱਖਣ ਲਈ ਅਤੇ ਮਨ ਨੂੰ ਅਡੋਲ ਬਣਾਉਣ ਲਈ ਨਹੀਂ ਪੜ੍ਹਦੇ ਬਲਕਿ ਇਸ ਡੋਲਦੇ ਮਨ ਦੀਆਂ ਤ੍ਰਿਸ਼ਾਨਾਲੂ ਖਾਹਸ਼ਾਂ ਪੂਰੀਆਂ ਕਰਨ ਲਈ ਪੜ੍ਹਦੇ ਹਨ। ਤ੍ਰਿਸ਼ਨਾ ਅਧੀਨ ਗੁਰਦੁਆਰੇ ਜਾ ਕੇ, ਬਾਣੀ ਪੜ੍ਹ ਕੇ, ਸੁੱਖਣਾ ਸੁੱਖ ਕੇ ਅਰਦਾਸ ਵਿੱਚ ਯਾਦ ਤਾਂ ਕਰਦੇ ਹਨ- ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹਠੀਆਂ, ਜਪੀਆਂ, ਤਪੀਆਂ, ਜਿਹਨਾਂ ਨਾਮ ਜਪਿਆ, ਵੰਡ ਛਕਿਆ, ਦੇਗ ਚਲਾਈ, ਤੇਗ ਵਾਹੀ, ਦੇਖ ਕੇ ਅਣਡਿੱਠ ਕੀਤਾ, ਤਿੰਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖ਼ਾਲਸਾ ਜੀ! ਬੋਲੋ ਜੀ ਵਾਹਿਗੁਰੂ!

ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੀਆਂ ’ਤੇ ਚੜ੍ਹੇ, ਆਰਿਆਂ ਨਾਲ ਚਿਰਾਏ ਗਏ, ਦੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸੁਆਸਾਂ ਨਾਲ ਨਿਭਾਹੀ, ਤਿੰਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖ਼ਾਲਸਾ ਜੀ! ਬੋਲੋ ਜੀ ਵਾਹਿਗੁਰੂ!

ਪਰ ਅਖੀਰ ’ਤੇ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਬਿਬੇਕ ਦਾਨ, ਭਰੋਸਾ ਦਾਨ, ਨਾਮ ਦਾਨ ਵਿੱਚੋਂ ਕਿਸੇ ਇੱਕ ਦੀ ਵੀ ਮੰਗ ਨਹੀਂ ਕੀਤੀ ਜਾਂਦੀ ਤੇ ਇਸ ਦੀ ਬਜ਼ਾਏ ਮੰਗਿਆ ਇਹ ਜਾਂਦਾ ਹੈ ਰੱਬਾ ਸੁੱਖ ਵਰਤਾਈਂ, ਸਾਨੂੰ ਤੱਤੀ ਵਾ ਨਾ ਲੱਗੇ, ਦੁੱਖ ਨੇੜੇ ਨਾ ਆਉਣ। ਰੱਬਾ ਸਾਡੇ ਘਰ ਪੁੱਤਰੀ ਨਹੀਂ ਪੁੱਤਰ ਦੀ ਦਾਤ ਬਖਸ਼ੀਂ। ਪ੍ਰੋ. ਧੂੰਦਾ ਨੇ ਕਿਹਾ ਗੁਰਬਾਣੀ ਸਾਨੂੰ ਸਿਖਾਉਂਦੀ ਹੈ ਕਿ ਮਾਲਕ ਦੇ ਨਿਯਮ ਤੋੜਨ ਦੀ ਕੋਸ਼ਿਸ਼ ਨਾ ਕਰੋ, ਬਲਕਿ ਇਸ ਦੇ ਨਿਯਮਾਂ ਵਿੱਚ ਤੁਰਨਾ ਸਿੱਖੋ ਪਰ ਅਰਦਾਸ ’ਚ ਮੰਗਿਆ ਇਹ ਜਾਂਦਾ ਹੈ ਕਿ ਹੇ ਮਾਲਕ ਤੈਨੂੰ ਬੇਸ਼ੱਕ ਆਪਣੇ ਨਿਯਮ ਤੋੜਨੇ ਵੀ ਪੈਣ, ਤੇਰੇ ਭਾਣੇ ਅਨੁਸਾਰ ਬੇਸ਼ੱਕ ਸਾਡੇ ਘਰ ਲੜਕੀ ਨੇ ਹੀ ਜਨਮ ਲੈਣਾ ਹੋਵੇ ਪਰ ਸਾਨੂੰ ਲੜਕੀ ਨਹੀਂ ਚਾਹੀਦੀ ਪੁੱਤਰ ਚਾਹੀਦਾ ਹੈ ਇਸ ਲਈ ਕ੍ਰਿਪਾ ਕਰਕੇ ਪੁੱਤਰ ਦੀ ਦਾਤ ਹੀ ਦੇਵੋ। ਉਨ੍ਹਾਂ ਕਿਹਾ ਮੰਗਣਾ ਤਾਂ ਇਹ ਚਾਹੀਦਾ ਸੀ ਕਿ ਬੇਸ਼ੱਕ ਦੁੱਖ ਮਿਲਣ ਜਾਂ ਸੁੱਖ ਮਿਲੇ ਪਰ ਸਾਡੇ ’ਤੇ ਇਹ ਬਖ਼ਸ਼ਿਸ ਕਰੋ ਕਿ ਹਰ ਪਲ ਤੇਰੀ ਯਾਦ ਵਿੱਚ ਗੁਜਰੇ। ਸਾਨੂੰ ਬੇਸ਼ੱਕ ਲੜਕੀ ਦਿਓ ਜਾਂ ਲੜਕਾ ਪਰ ਉਸ ਨੂੰ ਗੁਰਮਤਿ ਦੀ ਦਾਤ ਜਰੂਰ ਬਖ਼ਸ਼ਣਾ ਤਾ ਕਿ ਉਸ ਨੂੰ ਮਾਤਾ ਪਿਤਾ ਅਤੇ ਗੁਰੂ ਦੀ ਲਾਜ ਰੱਖਣ ਦੀ ਸੋਝੀ ਮਿਲ ਸਕੇ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top