Share on Facebook

Main News Page

ਮੁਸਲਮਾਨਾਂ ਨੂੰ ਵੋਟ ਦੇ ਅਧਿਕਾਰ ਤੋਂ ਵਾਂਝੇ ਕਰਨ ਦਾ ਦਿੱਤਾ ਸੁਝਾਉ ਦੇਸ਼ ਦੀਆਂ ਘੱਟ ਗਿਣਤੀਆਂ ਲਈ ਖਤਰੇ ਦੀ ਘੰਟੀ:  ਮਨਜੀਤ ਸਿੰਘ ਕਲਕੱਤਾ

ਬਠਿੰਡਾ, 31 ਜੁਲਾਈ (ਕ੍ਰਿਪਾਲ ਸਿੰਘ): ਹਿੰਦੂ ਕੱਟੜਵਾਦੀ ਨੇਤਾ ਸੁਬਰਾਮਨੀਅਮ ਸਵਾਮੀ ਵਲੋਂ ਦੇਸ਼ ਦੇ ਮੁਸਲਮਾਨਾਂ ਨੂੰ ਵੋਟ ਦੇ ਅਧਿਕਾਰ ਤੋਂ ਵਾਂਝੇ ਕਰਨ ਦਾ ਦਿੱਤਾ ਸੁਝਾਉ ਜਿਥੇ ਦੇਸ਼ ਦੀਆਂ ਘੱਟ ਗਿਣਤੀਆਂ ਲਈ ਖਤਰੇ ਦੀ ਘੰਟੀ ਹੈ ਉਥੇ ਪੰਥਕ ਕਹਾਉਣ ਵਾਲੀ ਬਾਦਲ ਸਰਕਾਰ ਦਾ ਦੋਗਲਾ ਚਿਹਰਾ ਵੀ ਬੇਨਕਾਬ ਕਰਦਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਸ਼੍ਰੋਮਣੀ ਪੰਥਕ ਕੌਂਸਲ ਦੇ ਚੇਅਰਮੈਨ ਸ੍ਰ. ਮਨਜੀਤ ਸਿੰਘ ਕਲਕੱਤਾ ਨੇ ਕਿਹਾ ਕਿ ਸੁਬਰਾਮਨੀਅਮ ਸਵਾਮੀ ਦਾ ਸੁਝਾਉ ਦੇਸ਼ ਦੀ ਏਕਤਾ ਲਈ ਖਤਰਾ ਪੈਦਾ ਕਰ ਸਕਦਾ ਹੈ, ਇਸ ਲਈ ਉਸਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ ਅਤੇ ਬਾਦਲ ਦਲ ਇਸ ਮਾਮਲੇ ਵਿਚ ਆਪਣਾ ਪੱਖ ਸਪਸ਼ਟ ਕਰੇ।

ਸ੍ਰ. ਮਨਜੀਤ ਸਿੰਘ ਕਲਕੱਤਾ ਨੇ ਦੱਸਿਆ ਕਿ ਸੂਬੇ ਵਿਚ ਬਾਦਲ ਦਲ ਦੀ ਭਾਈਵਾਲ ਭਾਜਪਾ ਦੀ ਵਿਚਾਰਧਾਰਾ ਦੀ ਤਰਜਮਾਨੀ ਸੁਬਰਾਮਨੀਅਮ ਵਰਗੇ ਕੱਟੜ ਵਾਦੀ ਹਿੰਦੂ ਨੇਤਾ ਕਰਦੇ ਹਨ ਜੋ ਦੇਸ਼ ਦੀਆਂ ਘੱਟ ਗਿਣਤੀ ਕੌਮਾਂ ਨੂੰ ਹਿੰਦੂਤਵ ਦਾ ਪਾਠ ਪੜ੍ਹਾਉਣ ਲਈ ਯਤਨਸ਼ੀਲ ਹਨ। ਉਨ੍ਹਾਂ ਕਿਹਾ ਕਿ ਅਜੇਹੇ ਭਾਜਪਾ ਤੇ ਆਰ.ਐਸ.ਐਸ.ਆਗੂ ਦੇਰ ਸਵੇਰ ਸਿਖਾਂ ਨੂੰ ਵੀ ਹਿੰਦੂ ਕੌਮ ਦਾ ਅੰਗ ਦੱਸਣ ਦੀਆਂ ਕੋਸ਼ਿਸ਼ਾਂ ਕਰਦੇ ਰਹਿੰਦੇ ਹਨ। ਉਨ੍ਹਾਂ ਕਿਹਾ ਜੇਕਰ ਅੱਜ ਮੁਸਲਮਾਨਾਂ ਨੁੰ ਵੋਟ ਦੇ ਅਧਿਕਾਰ ਤੋਂ ਵਾਂਝਾ ਕੀਤੇ ਜਾਣ ਦੀ ਗਲ ਕੀਤੀ ਗਈ ਹੈ, ਤਾਂ ਕੱਲ ਨੂੰ ਈਸਾਈਆਂ ਤੇ ਫਿਰ ਸਿੱਖਾਂ ਤੋਂ ਇਹ ਅਧਿਕਾਰ ਖੋਹਣ ਦੀ ਗਲ ਤੁਰੇਗੀ ਜਿਸਨੂੰ ਕਦੇ ਬਰਦਾਸ਼ਤ ਨਹੀ ਕੀਤਾ ਜਾਵੇਗਾ।

ਸ੍ਰ. ਕਲਕੱਤਾ ਨੇ ਕਿਹਾ ਕਿ ਸੂਬੇ ਦੀ ਅਕਾਲੀ ਕਹਾਉਣ ਵਾਲੀ ਸਰਕਾਰ ਖੁਦ ਨੂੰ ਘੱਟ ਗਿਣਤੀਆਂ ਦਾ ਮੁਦਈ ਦਸਦੀ ਹੈ, ਵੋਟਾਂ ਖਾਤਿਰ ਦਲ ਦਾ ਮੁਸਲਿਮ ਵਿੰਗ ਗਠਤ ਕਰਦੀ ਹੈ ਲੇਕਿਨ ਸੁਬਰਾਮਨੀਅਮ ਵਰਗੇ ਨੇਤਾਵਾਂ ਵਲੋਂ ਕੀਤੀ ਗਈ ਬਿਆਨਬਾਜੀ ਬਾਰੇ ਚੁੱਪ ਧਾਰ ਲੈਂਦੀ ਹੈ। ਉਨ੍ਹਾਂ ਕਿਹਾ ਕਿ ਬਾਦਲ ਦਲ ਪਹਿਲਾਂ ਤਾਂ ਦੋਹਰਾ ਸੰਵਿਧਾਨ ਪੇਸ਼ ਕਰਕੇ ਸੂਬੇ ਦੇ ਲੋਕਾਂ ਤੇ ਖਾਸ ਕਰਕੇ ਸਿੱਖਾਂ ਨੂੰ ਗੁਮਰਾਹ ਕਰ ਰਿਹਾ ਹੈ ਲੇਕਿਨ ਹੁਣ ਉਸ ਦੀ ਘੱਟ ਗਿਣਤੀਆਂ ਪ੍ਰਤੀ ਦੋਗਲੀ ਨੀਤੀ ਵੀ ਜਗ ਜਾਹਿਰ ਹੋ ਗਈ ਹੈ। ਉਨ੍ਹਾਂ ਕਿਹਾ ਕਿ ਘੱਟ ਗਿਣਤੀ ਕਮਿਸ਼ਨ ਨੂੰ ਤੁਰੰਤ ਕਾਰਵਾਈ ਕਰਦਿਆਂ ਸੁਬਰਾਮਨੀਅਮ ਸਵਾਮੀ ਖਿਲਾਫ ਕਾਰਵਾਈ ਕਰਨੀ ਚਾਹੀਦੀ ਹੈ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top