Share on Facebook

Main News Page

ਸਿੱਖੀ ਸਿਧਾਂਤਾਂ ਪ੍ਰਤੀ ਚੇਤੰਨ ਅਤੇ ਦ੍ਰਿੜ੍ਹ ਹੋਣ ਹਾਂਗਕਾਂਗ ਦੀਆਂ ਸੰਗਤਾਂ: ਜੰਗਬਹਾਦਰ ਸਿੰਘ

ਪੰਜਾਬੀਆਂ ਅਤੇ ਖ਼ਾਸ ਕਰਕੇ ਸਿੱਖਾਂ ਦੀ ਵਡਿਆਈ ’ਚ ਕਿਹਾ ਜਾਂਦਾ ਹੈ ਕਿ ਇਹ ਦੁਨੀਆਂ ਦੇ ਕਿਸੇ ਵੀ ਕੋਨੇ ’ਚ ਚਲੇ ਜਾਣ ਤਾਂ ਜਿਥੇ ਆਪਣੀ ਹੱਡ-ਭੰਨਵੀਂ ਮਿਹਨਤ ਅਤੇ ਲਗਨ ਨਾਲ ‘ਜੰਗਲ ਵਿਚ ਮੰਗਲ’ ਲਗਾਉਣ ਦੀ ਸਮਰੱਥਾ ਰੱਖਦੇ ਹਨ, ਉਥੇ ਇਹ ਸਭ ਤੋਂ ਪਹਿਲਾਂ ਆਪਣਾ ਗੁਰੂ-ਘਰ ਬਣਾਉਦੇ ਹਨ। ਪਰ ਇਹ ਗੱਲ ਵੀ ਸਿੱਖਾਂ ਦੇ ਸੁਭਾਅ ਦਾ ਖ਼ਾਸਾ ਬਣ ਗਈ ਹੈ ਕਿ ਜਿਥੇ ਵੀ ਇਹ ਗੁਰੂ-ਘਰ ਬਣਾਉਦੇ ਹਨ, ਉਥੇ ਵਿਵਾਦ ਵੀ ਜ਼ਰੂਰ ਕਰਦੇ ਹਨ। ਕਈ ਥਾਵਾਂ ’ਤੇ ਤਾਂ ਵਿਵਾਦ ਅੱਗੋਂ ਖੂਨ-ਖ਼ਰਾਬੇ ਦੀ ਵਜ੍ਹਾ ਵੀ ਬਣ ਜਾਂਦੇ ਹਨ, ਜਿਸ ਕਾਰਨ ਸਿੱਖ ਕੌਮ ਦਾ ਦੁਨੀਆਂ ਸਾਹਮਣੇ ਅਕਸ ਬਹੁਤਾ ਵਧੀਆ ਨਹੀਂ ਜਾਂਦਾ। ਸਵਾਲ ਪੈਦਾ ਹੁੰਦਾ ਹੈ ਕਿ ਸਿੱਖਾਂ ਦੇ ਧਰਮ ਨੂੰ ਲੈ ਕੇ ਵਿਵਾਦ ਕਿਉਂ ਹੁੰਦੇ ਹਨ ਅਤੇ ਇਹ ਆਪਣੇ ਵਿਵਾਦਾਂ ਨੂੰ ਹੱਲ ਕਰਨ ਦੀ ਥਾਂ ਖੂਨ-ਖ਼ਰਾਬੇ ’ਤੇ ਕਿਉਂ ਉਤਾਰੂ ਹੁੰਦੇ ਹਨ?

ਸਿੱਖਾਂ ਕੋਲ ਆਪਣਾ ਸੁਪਰੀਮ ਵਿਧਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ, ਜਿਹੜਾ ਸਿੱਖਾਂ ਲਈ ਜਾਗਤਿ-ਜੋਤਿ ਗੁਰੂ ਦਾ ਦਰਜਾ ਵੀ ਰੱਖਦਾ ਹੈ। ਸਿੱਖ ਧਰਮ ’ਚ ਸ਼ਖ਼ਸੀ ਪੂਜਾ ਲਈ ਕੋਈ ਥਾਂ ਨਹੀਂ ਹੈ। ਸਿੱਖਾਂ ਦੀ ਸ਼ਖ਼ਸੀ ਅਤੇ ਪੰਥਕ ਰਹਿਣੀ-ਬਹਿਣੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਪ੍ਰਵਾਨਿਤ ਰਹਿਤ-ਮਰਿਆਦਾ ਤੈਅ ਕਰਦੀ ਹੈ। ਫ਼ਿਰ ਵਿਵਾਦ ਕਿਹੜੀ ਗੱਲੋਂ? ਅਸਲ ਵਿਚ ਸਿੱਖ ਪੰਥ ਕੋਲ ਆਪਣਾ ਵਿਧਾਨ ਅਤੇ ਜਾਗਤਿ-ਜੋਤਿ ਗੁਰੂ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਪ੍ਰਵਾਨਿਤ ਰਹਿਤ-ਮਰਿਆਦਾ ਹੋਣ ਦੇ ਬਾਵਜੂਦ ਸਮੁੱਚੀ ਸਿੱਖ ਕੌਮ ਦਾ ਸ਼ਬਦ ਗੁਰੂ ਦੇ ਵਿਧਾਨ ਅਨੁਸਾਰ ਚੱਲਣ ਅਤੇ ਮਰਿਆਦਾ ਵਿਚ ਬੱਝਣ ਦੀ ਥਾਂ ਵੱਖੋ-ਵੱਖਰੀਆਂ ਆਪਣੀਆਂ ਮਰਿਆਦਾਵਾਂ ਬਣਾਉਣਾ ਹੀ ਸਿੱਖਾਂ ਵਿਚ ਫ਼ਸਾਦ ਦਾ ਕਾਰਨ ਹੈ। ਵੱਖੋ-ਵੱਖਰੀਆਂ ਮਰਿਆਦਾਵਾਂ ਚੌਧਰਬਾਜ਼ੀ, ਹੈਂਕੜਬਾਜ਼ੀ ਅਤੇ ਤੱਤ ਗੁਰਮਤਿ ਤੋਂ ਅਨਜਾਣਤਾ ਕਾਰਨ ਬਣਦੀਆਂ ਹਨ। ਇਸੇ ਵਿਡੰਬਣਾ ਨੇ ਪਿਛਲੇ ਸਮੇਂ ਤੋਂ ਹਾਂਗਕਾਂਗ ਵਿਖੇ ਵੀ ਸਿੱਖਾਂ ਨੂੰ ਵਿਵਾਦਾਂ ’ਚ ਉਲਝਾਇਆ ਹੋਇਆ ਹੈ।

ਹਾਂਗਕਾਂਗ ਵਿਖੇ ਸਿੱਖਾਂ ਦਾ ਇਕੋ-ਇਕ ਅਤੇ ਇਕ ਸਦੀ ਪੁਰਾਣਾ ਗ਼ਦਰੀ ਬਾਬਿਆਂ ਨਾਲ ਸਬੰਧਤ ਇਤਿਹਾਸਕ ਗੁਰਦੁਆਰਾ ਹੈ। ਇਸ ਗੁਰੂ-ਘਰ ਵਿਖੇ ਪ੍ਰਬੰਧਕ ਕਮੇਟੀ ਦਾ ਫ਼ਰਜ਼ ਤਾਂ ਬਣਦਾ ਹੈ ਕਿ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਰਹਿਤ-ਮਰਿਆਦਾ ਅਨੁਸਾਰ ਹੀ ਕੰਮ ਕਰੇ, ਪਰ ਜਦੋਂ ਇਸ ਕਮੇਟੀ ’ਤੇ ਕੁਝ ਵੱਖੋ-ਵੱਖਰੀਆਂ ਅਤੇ ਡੇਰੇਦਾਰ ਮਰਿਆਦਾਵਾਂ ਵਾਲੀ ਸੋਚ ਭਾਰੂ ਹੋ ਜਾਂਦੀ ਹੈ ਤਾਂ ਜਿਥੇ ਸ਼ਰਧਾਵਾਨ ਸਿੱਖਾਂ ਦੇ ਮਨ ਨੂੰ ਗੁਰਮਤਿ ਵਿਰੋਧੀ ਵਰਤਾਰੇ ਦੇਖ ਕੇ ਠੇਸ ਪੁੱਜਦੀ ਹੈ, ਉਥੇ ਸਿੱਖਾਂ ਵਿਚ ਆਪਸੀ ਟਕਰਾਅ ਵਾਲੀ ਦੁਖਦਾਈ ਸਥਿਤੀ ਵੀ ਬਣ ਜਾਂਦੀ ਹੈ। ਪਿਛਲੇ ਦਿਨਾਂ ਦੌਰਾਨ ਹਾਂਗਕਾਂਗ ਦੇ ਗੁਰਦੁਆਰਾ ਸਾਹਿਬ ਵਿਖੇ ਰਹਿਤ-ਮਰਿਆਦਾ ਤੋਂ ਉਲਟ ਇਕ ਆਨੰਦ-ਕਾਰਜ ਦੀ ਰਸਮ ਕਰਵਾਉਣ ਦਾ ਮਾਮਲਾ ਕਾਫ਼ੀ ਭਖਿਆ ਹੋਇਆ ਹੈ। ਇਸ ਮਾਮਲੇ ਵਿਚ ਇਕ ਪਾਸੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਰਹਿਤ-ਮਰਿਆਦਾ ਨੂੰ ਸਮਰਪਿਤ ਸਿੱਖ ਹਨ, ਦੂਜੇ ਪਾਸੇ ਤੱਤ ਗੁਰਮਤਿ ਤੋਂ ਅਨਜਾਣ ਅਤੇ ਆਪਣੀ ਹੈਂਕੜ ਨੂੰ ਕਾਇਮ ਰੱਖਣ ਦੇ ਚਾਹਵਾਨ ਕੁਝ ਇਕ ਸੱਜਣ। ਦੋਹਾਂ ਧਿਰਾਂ ਵਿਚੋਂ ਕੁਝ ਸੂਝਵਾਨ ਅਤੇ ਚੇਤੰਨ ਲੋਕਾਂ ਨੇ ਮਾਮਲੇ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ ਅਤੇ ਮਰਿਆਦਾ ਤੋਂ ਉਲਟ ਅਨੰਦ-ਕਾਰਜ ਦੀ ਰਸਮ ਕਰਵਾਉਣ ਲਈ ਪ੍ਰਬੰਧਕ ਕਮੇਟੀ ਨੂੰ ਜ਼ਿੰਮੇਵਾਰੀ ਲੈਂਦਿਆਂ ਮੁਆਫ਼ੀ ਮੰਗਣ ਲਈ ਆਖਿਆ। ਆਨੰਦ-ਕਾਰਜ ਮਾਮਲੇ ’ਚ ਪ੍ਰਬੰਧਕ ਕਮੇਟੀ ਦੇ ਸਕੱਤਰ ਸ: ਰਲਜੀਤ ਸਿੰਘ ਜੀ 'ਜੀਰਾ', ਮੀਤ ਗ੍ਰੰਥੀ ਹਰਜੀਤ ਸਿੰਘ ਅਤੇ ਭਾਈ ਅਮਨਦੀਪ ਸਿੰਘ ਦਮਦਮੀ ਟਕਸਾਲ ਵਾਲੇ ਮੁੱਖ ਜ਼ਿੰਮੇਵਾਰ ਸੱਜਣ ਮੰਨੇ ਜਾਂਦੇ ਸਨ। ਇਸ ਤੋਂ ਬਾਅਦ ਗੁਰੂ-ਘਰ ਵਿਖੇ ਭਗਵੇਂ ਰੰਗ ਦੇ ਦਿੱਤੇ ਜਾ ਰਹੇ ਸਿਰੋਪਿਆਂ ਦਾ ਮਾਮਲਾ ਵੀ ਸਾਹਮਣੇ ਆਇਆ।

ਕੁਝ ਸੂਝਵਾਨ ਲੋਕਾਂ ਦੇ ਕਹਿਣ ’ਤੇ ਕਮੇਟੀ ਨੇ ਮੁਆਫ਼ੀ ਮੰਗਣ ਦਾ ਫ਼ੈਸਲਾ ਤਾਂ ਕਰ ਲਿਆ, ਇਨ੍ਹਾਂ ਦੋਵਾਂ ਮਾਮਲਿਆਂ ਵਿਚੋ ਕਮੇਟੀ ਨੇ ਸਿਰੋਪੇ ਤਾ ਕੇਸਰੀ ਰੰਗ ਵਿਚ ਤਬਦੀਲ ਕਰ ਦਿਤੇ ਪਰ ਮੁਆਫ਼ੀ ਵਿਚੋਂ ਵੀ ਗਲਤੀ ਦਾ ਅਹਿਸਾਸ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਨੂੰ ਸਮਰਪਿਤ ਹੋਣ ਦੀ ਥਾਂ ਹੈਂਕੜਬਾਜ਼ੀ ਦਾ ਪ੍ਰਗਟਾਵਾ ਹੀ ਦਿਖਾਈ ਦਿੱਤਾ। ਇਖਲਾਕੀ ਤੌਰ ’ਤੇ ਤਾਂ ਗੁਰੂ-ਘਰ ਵਿਚ ਮਰਿਆਦਾ ਦੀ ਹੋਈ ਉਲੰਘਣਾ ਲਈ ਸਮੁੱਚੀ ਪ੍ਰਬੰਧਕ ਕਮੇਟੀ ਜ਼ਿੰਮੇਵਾਰ ਸੀ, ਪਰ ਮੁਆਫ਼ੀ ਲਈ ਸਿਰਫ਼ ਮੀਤ ਗ੍ਰੰਥੀ ਭਾਈ ਹਰਜੀਤ ਸਿੰਘ ਨੂੰ ਹੀ ਅੱਗੇ ਕਰ ਦਿੱਤਾ ਗਿਆ। ਭਾਈ ਹਰਜੀਤ ਸਿੰਘ ਨੇ ਵੀ ਐਤਵਾਰ ਨੂੰ ਮੁਆਫ਼ੀ ਮੰਗਣ ਲੱਗਿਆਂ ਆਪਣੀ ਜ਼ਮੀਰ ਤੋਂ ਕੋਈ ਗਲਤੀ ਦਾ ਅਹਿਸਾਸ ਨਹੀਂ ਕੀਤਾ, ਸਗੋਂ ਗੋਲ-ਮੋਲ ਤਰੀਕੇ ਨਾਲ ਆਪਣੀ ਹੈਂਕੜ ਨੂੰ ਕਾਇਮ ਰੱਖਦਿਆਂ ਅਸਪੱਸ਼ਟ ਜਿਹੀ ਮੁਆਫ਼ੀ ਹੀ ਮੰਗੀ। ਉਨ੍ਹਾਂ ਦਾ ਕਹਿਣਾ ਸੀ, ਜੇਕਰ ਪਿਛਲੇ ਦਿਨੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਥਾਂ ਅਨੰਦ-ਕਾਰਜ ਪੋਥੀ ਤੋਂ ਪੜ੍ਹੇ ਗਏ ਤਾਂ ਉਸ ਵਿਚ ਏਡੀ ਵੱਡੀ ਕੋਈ ਗਲਤੀ ਨਹੀਂ ਸੀ, ਕਿਉਂਕਿ ਲਾਵਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੁਆਲੇ ਹੀ ਕੀਤੀਆਂ ਗਈਆਂ ਸਨ। ਪਰ ਜੇਕਰ ਫ਼ਿਰ ਵੀ ਸੰਗਤ ਵਿਚੋਂ ਕੁਝ ਸੱਜਣਾਂ ਨੂੰ ਇਸ ’ਚ ਇਤਰਾਜ਼ ਹੈ ਤਾਂ ਮੈਂ ਮੁਆਫ਼ੀ ਮੰਗਦਾ ਹਾਂ। ਨਾਲ ਹੀ ਉਨ੍ਹਾਂ ਸ਼ਰਾਰਤ ਭਰੇ ਲਹਿਜ਼ੇ ’ਚ ਆਪਣੀ ਗਲਤੀ ਦੂਜੇ ਸਿਰ ਝਾੜਦਿਆਂ ਆਖਿਆ ਕਿ, ਜੇਕਰ ਗੁਰੂ-ਘਰ ਦੇ ਮੁੱਖ ਗ੍ਰੰਥੀ ਛੁੱਟੀ ’ਤੇ ਜਾਣ ਤੋਂ ਪਹਿਲਾਂ ਇਸ ਬਾਰੇ ਮੈਨੂੰ ਦੱਸ ਜਾਂਦੇ ਤਾਂ ਇਹ ਸਾਰਾ-ਕੁਝ ਨਾ ਹੁੰਦਾ। ਇਸ ਤੋਂ ਬਾਅਦ ਇਨ੍ਹਾਂ ਸਤਰਾਂ ਦੇ ਲੇਖਕ ਨਾਲ ਟੈਲੀਫ਼ੋਨ ’ਤੇ ਗੱਲਬਾਤ ਦੌਰਾਨ ਭਾਈ ਹਰਜੀਤ ਸਿੰਘ ਨੇ ਆਖਿਆ ਕਿ ਉਨ੍ਹਾਂ ਮੁਆਫ਼ੀ ਜਾਤੀ ਤੌਰ ’ਤੇ ਮੰਗੀ ਸੀ। ਪ੍ਰਬੰਧਕ ਕਮੇਟੀ ਨੇ ਮੁਆਫ਼ੀ ਮੰਗੀ ਜਾਂ ਨਹੀਂ, ਇਸ ਬਾਰੇ ਮੈਨੂੰ ਕੋਈ ਪਤਾ ਨਹੀਂ। ਉਨ੍ਹਾਂ ਕਿਹਾ ਕਿ ਜਿੰਨੀ ਕੁ ਮੇਰੀ ਗਲਤੀ ਸੀ, ਮੈ ਮੁਆਫ਼ੀ ਮੰਗ ਲਈ ਹੈ। ਇਸ ਸਾਰੇ-ਕੁਝ ਤੋਂ ਸਪੱਸ਼ਟ ਹੁੰਦਾ ਹੈ ਕਿ ਪ੍ਰਬੰਧਕ ਕਮੇਟੀ ਅਤੇ ਹੋਰ ਸੱਜਣ, ਜਿਹੜੇ ਅਨੰਦ-ਕਾਰਜ ਵੇਲੇ ਮਰਿਆਦਾ ਦੀ ਉਲੰਘਣਾ ਲਈ ਦੋਸ਼ੀ ਹਨ, ਉਨ੍ਹਾਂ ਦੇ ਮਨ ’ਤੇ ਗਲਤੀ ਦਾ ਕੋਈ ਬੋਝ ਨਹੀਂ ਸੀ, ਸਗੋਂ ਉਨ੍ਹਾਂ ਦੀ ਮਨਮਤੀ ਹੈਂਕੜ ਜਿਉਂ ਦੀ ਤਿਉਂ ਹੀ ਕਾਇਮ ਹੈ।

ਯਾਦ ਰਹੇ ਕਿ ਪਿਛਲੇ ਦਿਨੀਂ ਹਾਂਗਕਾਂਗ ਦੇ ਗੁਰਦੁਆਰਾ ਸਾਹਿਬ ਵਿਖੇ ਅਨੰਦ-ਕਾਰਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਪੜ੍ਹਨ ਦੀ ਥਾਂ ਪੋਥੀ ਤੋਂ ਪੜ੍ਹੇ ਗਏ ਸਨ। ਹਾਲਾਂਕਿ ਫ਼ੇਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੁਆਲੇ ਹੀ ਲਏ ਗਏ ਸਨ। ਪਰ ਅਨੰਦ-ਕਾਰਜ ਪੋਥੀ ਤੋਂ ਪੜ੍ਹਣੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਿੱਖ ਰਹਿਤ ਮਰਿਆਦਾ ਦੀ ਉਲੰਘਣਾ ਹੈ। ਇਸ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਪਿਆਰਿਆਂ ਵਿਚ ਸੇਵਾ ਨਿਭਾਉਣ ਵਾਲੇ ਹਾਂਗਕਾਂਗ ਵਿਖੇ ਪਹੁੰਚੇ ਦੋ ਸਿੰਘ ਭਾਈ ਸਤਨਾਮ ਸਿੰਘ ਅਤੇ ਭਾਈ ਰਘਬੀਰ ਸਿੰਘ ਨੇ ਵੀ ਸਖ਼ਤ ਨੋਟਿਸ ਲੈਂਦਿਆਂ ਆਖਿਆ ਸੀ ਕਿ ਹਾਂਗਕਾਂਗ ਦੀ ਸਿੱਖ ਸੰਗਤ ਨੂੰ ਸੁਚੇਤ ਹੋਣਾ ਚਾਹੀਦਾ ਹੈ ਅਤੇ ਗੁਰਮਤਿ ਵਿਰੋਧੀ ਕਾਰਵਾਈਆਂ ਨੂੰ ਨੱਥ ਪਾਉਣੀ ਚਾਹੀਦੀ ਹੈ।

ਅਸਲ ਵਿਚ ਜਦੋਂ ਅਨੰਦ-ਕਾਰਜ ਪੋਥੀ ਤੋਂ ਪੜ੍ਹੇ ਗਏ, ਉਸ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਅਖੰਡ ਪਾਠ ਸਾਹਿਬ ਚੱਲ ਰਹੇ ਸਨ। ਅਨੰਦ-ਕਾਰਜ ਵੇਲੇ ਸੰਗਤ ਵੱਡੀ ਗਿਣਤੀ ਵਿਚ ਆਉਣ ਕਰਕੇ ਹਾਲ ਕਮਰੇ ’ਚ ਚੱਲ ਰਹੇ ਅਖੰਡ ਪਾਠ ਸਾਹਿਬ ਦੌਰਾਨ ਹੀ ਇਕ ਪਾਸੇ ਵੱਖਰੀ ਪੋਥੀ ਤੋਂ ਅਨੰਦ-ਕਾਰਜ ਪੜ੍ਹ ਲਏ ਗਏ ਬੇਸਕ ਅਨੰਦ-ਕਾਰਜ ਵਾਲੀ ਜੋੜੀ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹੀ ਫ਼ੇਰੇ ਕਰਵਾਏ ਗਏ। ਪਰ ੲਹ ਗਲਤੀ ਕਿਉਂ ਹੋਈ? ਇਸ ਲਈ ਕੌਣ ਦੋਸ਼ੀ ਹੈ? ਕੀ ਅਨੰਦ-ਕਾਰਜ ਸਬੰਧੀ ਪ੍ਰਬੰਧਕ ਕਮੇਟੀ ਨੂੰ ਦੋ ਹਫ਼ਤੇ ਪਹਿਲਾਂ ਸੂਚਿਤ ਕੀਤੇ ਜਾਣ ਦੇ ਬਾਵਜੂਦ ਕਮੇਟੀ ਦੀ ਕੋਈ ਜ਼ਿੰਮੇਵਾਰੀ ਨਹੀਂ ਸੀ ਕਿ ਉਹ ਅਨੰਦ-ਕਾਰਜ ਲਈ ਢੁੱਕਵੇਂ ਪ੍ਰਬੰਧ ਕਰੇ।

ਭਾਈ ਹਰਜੀਤ ਸਿੰਘ ਵਲੋਂ ਮੁਆਫ਼ੀ ਮੰਗਣ ਤੋਂ ਬਾਅਦ ਮੁੱਖ ਗ੍ਰੰਥੀ ਗਿਆਨੀ ਅਮਰਜੀਤ ਸਿੰਘ ਨੇ ਆਪਣਾ ਸਪੱਸ਼ਟੀਕਰਨ ਦਿੰਦਿਆਂ ਆਖਿਆ ਕਿ ਉਹ ਤਾਂ 3 ਜੁਲਾਈ ਨੂੰ ਛੁੱਟੀ ’ਤੇ ਚਲੇ ਗਏ ਸਨ, ਜਦੋਂਕਿ ਅਨੰਦ-ਕਾਰਜ 8 ਜੁਲਾਈ ਨੂੰ ਹੋਏ। ਉਨ੍ਹਾਂ ਕਿਹਾ ਕਿ ਉਹ ਦੋ ਹਫ਼ਤੇ ਪਹਿਲਾਂ ਦੀ ਅਨੰਦ-ਕਾਰਜ ਅਤੇ ਅਖੰਡ ਪਾਠ ਸਾਹਿਬ ਦੀ ਬੁਕਿੰਗ ਵਾਲੇ ਰਜਿਸਟਰ ਨੂੰ ਛੁੱਟੀ ’ਤੇ ਜਾਣ ਤੋਂ ਪਹਿਲਾਂ ਮੀਤ ਗ੍ਰੰਥੀ ਭਾਈ ਹਰਜੀਤ ਸਿੰਘ ਹਵਾਲੇ ਕਰ ਗਏ ਸਨ। ਇਸ ਦੇ ਨਾਲ ਹੀ ਭਾਈ ਮਨਿੰਦਰ ਸਿੰਘ ਨੇ ਤਿੰਨ ਦਿਨ ਪਹਿਲਾਂ ਮੀਤ ਗ੍ਰੰਥੀ ਭਾਈ ਹਰਜੀਤ ਸਿੰਘ ਨੂੰ ਇਸ ਬਾਰੇ ਜਾਣਕਾਰੀ ਦੇ ਦਿੱਤੀ ਸੀ। ਅਖੰਡ ਪਾਠ ਸਾਹਿਬ ਵਾਲੇ ਹਾਲ ਵਿਚ ਹੀ ਇਕ ਪਾਸੇ ਪੋਥੀ ਤੋਂ ਅਨੰਦ-ਕਾਰਜ ਕਰਵਾਉਣ ਤੋਂ ਇਕ ਘੰਟਾ ਪਹਿਲਾਂ ਵੀ ਮੈ ਆਪ ਤੇ ਭਾਈ ਅਮਨਦੀਪ ਸਿੰਘ ਦਮਦਮੀ ਟਕਸਾਲ ਵਾਲਿਆਂ ਨੇ ਸੁਚੇਤ ਕੀਤਾ। ਪਰ ਭਾਈ ਹਰਜੀਤ ਸਿੰਘ ਨੇ ਕਿਹਾ ਕਿ ਤੁਸੀਂ ਚਿੰਤਾ ਨਾ ਕਰੋ, ਮੈਂ ਸਭ-ਕੁਝ ਸਕੱਤਰ ਸਾਹਿਬ ਦੀ ਸਲਾਹ ਨਾਲ ਹੀ ਕਰ ਰਿਹਾ ਹਾਂ।

ਗਿਆਨੀ ਅਮਰਜੀਤ ਸਿੰਘ ਹੁਰਾਂ ਦਾ ਸਪੱਸ਼ਟੀਕਰਨ ਸੁਣਨ ਤੋਂ ਬਾਅਦ ਸੰਗਤਾਂ ਨੂੰ ਅਸਲੀਅਤ ਪਤਾ ਲੱਗ ਗਈ ਕਿ ਸਾਰੇ ਮਾਮਲੇ ’ਚ ਪ੍ਰਬੰਧਕ ਕਮੇਟੀ ਅਤੇ ਮੀਤ ਗ੍ਰੰਥੀ ਹੀ ਅਸਲ ਜ਼ਿੰਮੇਵਾਰ ਹਨ, ਜਦੋਂਕਿ ਇਹ ਆਪਣਾ ਦੋਸ਼ ਦੂਜੇ ਸਿਰ ਮੜ੍ਹ ਕੇ ਬਚਣਾ ਚਾਹੁੰਦੇ ਹਨ। ਇਹ ਵੀ ਚਰਚਾ ਚੱਲ ਪਈ ਕਿ ਕਮੇਟੀ ਮੁਆਫ਼ੀ ਮੰਗਣ ਦੇ ਮਾਮਲੇ ’ਤੇ ਵੀ ਸਿਆਸਤ ਖੇਡ ਰਹੀ ਹੈ। ਅਸਲ ’ਚ ਕਮੇਟੀ ਦਾ ਨਿਸ਼ਾਨਾ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਨੂੰ ਗੁਰੂ-ਘਰ ਵਿਚ ਲਾਗੂ ਕਰਨ ਵਾਲੇ ਮੁੱਖ ਗ੍ਰੰਥੀ ਗਿਆਨੀ ਅਮਰਜੀਤ ਸਿੰਘ ਨੂੰ ਲਾਂਭੇ ਕਰਨਾ ਹੈ। ਦੂਜੇ ਪਾਸੇ ਮਰਿਆਦਾ ਦੀ ਉਲੰਘਣਾ ਦੇ ਮਾਮਲੇ ’ਚ ਸੰਗਤ ਵਲੋਂ ਜਤਾਏ ਸਖ਼ਤ ਇਤਰਾਜ਼ ਦੇ ਮਾਮਲੇ ਨੂੰ ਵੀ ਕੁਝ ਕੁ ਬੰਦਿਆਂ ਦੇ ਵਿਰੋਧ ਵਜੋਂ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ।

ਗਿਆਨੀ ਅਮਰਜੀਤ ਸਿੰਘ ਨੂੰ ਲਾਂਭੇ ਕਰਨ ਦੀ ਪ੍ਰਬੰਧਕ ਕਮੇਟੀ ਅਤੇ ਕੁਝ ਹੋਰ ਨੁਮਾਇੰਦੇ ਜਿਹੜੇ, ਆਪੋ-ਆਪਣੀ ਮਰਿਆਦਾ ਲਾਗੂ ਕਰਨੀ ਚਾਹੁੰਦੇ ਹਨ, ਉਨ੍ਹਾਂ ਦੀ ਸਾਜ਼ਿਸ਼ ਪਿਛਲੇ ਐਤਵਾਰ ਨੂੰ ਬੇਪਰਦ ਹੋ ਗਈ। ਜਦੋਂ ਗਿਆਨੀ ਅਮਰਜੀਤ ਸਿੰਘ ਛੁੱਟੀ ਤੋਂ ਵਾਪਸ ਆ ਕੇ ਗੁਰੂ-ਘਰ ਵਿਖੇ ਕਥਾ ਕਰਨ ਲੱਗੇ ਤਾਂ ਦਮਦਮੀ ਟਕਸਾਲ ਦਾ ਇਕ ਸਿੰਘ ਸਟੇਜ ਦੇ ਬਿਲਕੁਲ ਸਾਹਮਣੇ ਆ ਕੇ ਕਮੇਟੀ ਦੇ ਪ੍ਰਧਾਨ ਨਾਲ ਬਹਿਸ ਕਰਨ ਲੱਗਾ ਕਿ ਗਿਆਨੀ ਜੀ ਨੂੰ ਮੁੜ ਡਿਊਟੀ ’ਤੇ ਕਿਉਂ ਲਿਆਂਦਾ ਗਿਆ ਹੈ? ਇਸ ਤੋਂ ਬਾਅਦ 5-7 ਟਕਸਾਲ ਦੇ ਸਿੰਘਾਂ ਨੇ ਇਕੱਠੇ ਹੋ ਕੇ ਕਮੇਟੀ ਨੂੰ ਵੀ ਕਿਹਾ ਸੀ ਕਿ ਜਦੋਂ ਦਾ ਉਨ੍ਹਾਂ ਨੂੰ ਪਤਾ ਲੱਗਾ ਹੈ ਕਿ ਗਿਆਨੀ ਅਮਰਜੀਤ ਸਿੰਘ ਮੁੜ ਡਿਊਟੀ ’ਤੇ ਪਰਤ ਆਏ ਹਨ, ਉਨ੍ਹਾਂ ਦੇ ਇਕ ਸਿੰਘ ਨੂੰ ਇੰਨਾ ਸਦਮਾ ਲੱਗਾ ਕਿ ਉਹ ਵੈਰਾਗਮਈ ਹੋ ਗਿਆ ਹੈ।ਇਸ ਤੇ ਕੁਝ ਕਮੇਟੀ ਮੈਬਰਾਂ ਵੱਲੋ ਕਿਹਾ ਗਿਆ ਕਿ ਗਿਆਨੀ ਅਮਰਜੀਤ ਸਿੰਘ ਨੂੰ ਸੇਵਾਵਾਂ ਤੋਂ ਵਿਹਲਾ ਤਾਂ ਕਦੇ ਵੀ ਨਹੀਂ ਕੀਤਾ ਗਿਆ ਸੀ, ਉਹ ਤਾਂ ਮਹਿਜ ਛੁੱਟੀ ’ਤੇ ਗਏ ਸਨ।

ਬੜੀ ਹਾਸੋਹੀਣੀ ਅਤੇ ਟਕਸਾਲ ਦੇ ਸਿੰਘਾਂ ਦੀ ਮਾਨਸਿਕਤਾ ਦੀ ਤਰਸਯੋਗ ਹਾਲਤ ਹੈ ਕਿ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਿੰਘ ਕਹਾਉਣ ਵਾਲੇ ਇਹ ਸਿੰਘ ਇਕ ਅੰਮ੍ਰਿਤਧਾਰੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਨੂੰ ਸਮਰਪਿਤ ਸਿੰਘ ਨੂੰ ਦੇਖ ਕੇ ਹੀ ਭੁੱਬਾਂ ਮਾਰ ਕੇ ਰੋਣ ਲੱਗ ਪੈਂਦੇ ਹਨ। ਸਿਰਫ਼ ਇਸ ਕਰਕੇ ਕਿ ਉਹ ਸਿੰਘ ਇਨ੍ਹਾਂ ਟਕਸਾਲੀਆਂ ਦੀਆਂ ਵੱਖੋ-ਵੱਖਰੀਆਂ ਮਰਿਆਦਾਵਾਂ ਦੀ ਥਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਹੀ ਗੁਰੂ-ਘਰ ਵਿਚ ਲਾਗੂ ਕਰਨ ਲਈ ਦ੍ਰਿੜ੍ਹ ਹੈ। ਸਵਾਲ ਇਹ ਵੀ ਪੈਦਾ ਹੁੰਦਾ ਹੈ ਕਿ ਕੀ ਕਮੇਟੀ ਕੁਝ ਕੁ ਬੰਦਿਆਂ ਨੂੰ ਖੁਸ਼ ਕਰਨ ਲਈ ਹੀ ਮੁੱਖ ਗ੍ਰੰਥੀ ਗਿਆਨੀ ਅਮਰਜੀਤ ਸਿੰਘ ਨੂੰ ਵਾਰ-ਵਾਰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਗੁਰਦੁਆਰਾ ਸਾਹਿਬ ਸਿੱਖ ਪੰਥ ਦੇ ਕਿਸੇ ਇਕ ਧੜ੍ਹੇ ਦਾ ਨਹੀਂ, ਸਗੋਂ ਸਮੁੱਚੇ ਸਿੱਖਾਂ ਦਾ ਸਾਂਝਾ ਹੈ। ਇਥੇ ਕਿਸੇ ਸੰਪਰਦਾ ਜਾਂ ਟਕਸਾਲ ਦੀ ਯੋਗਤਾ ’ਤੇ ਖਰਾ ਉਤਰਣ ਦੀ ਥਾਂ ਕੌਮ ਦੀ ਸਿਰਮੌਰ ਸੰਸਥਾ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਪ੍ਰਵਾਨਿਤ ਰਹਿਤ-ਮਰਿਆਦਾ ਦਾ ਧਾਰਨੀ ਹੋਣਾ ਹੀ ਸਭ ਤੋਂ ਵੱਡੀ ਯੋਗਤਾ ਹੋਣੀ ਚਾਹੀਦੀ ਹੈ।

ਇਸ ਐਤਵਾਰ ਨੂੰ ਵਾਪਰੀ ਇਕ ਹੋਰ ਘਟਨਾ ਦਾ ਜ਼ਿਕਰ ਕਰਨਾ ਜ਼ਰੂਰੀ ਹੈ ਕਿ ਹਾਂਗਕਾਂਗ ਦੇ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਕਮੇਟੀ ਦੀ ਚੋਣ ਲਈ ਏ.ਜੀ.ਐਮ. ਬੁਲਾਈ ਗਈ ਸੀ। ਇਸ ਦੌਰਾਨ ਕੁਝ ਵੀ ਨਵਾਂ ਕਰਨ ਦੀ ਥਾਂ ਸਰਬਸੰਮਤੀ ਨਾਲ ਪੁਰਾਣੀ ਕਮੇਟੀ ਨੂੰ ਹੀ ਮੁੜ ਚੁਣ ਲਿਆ ਗਿਆ। ਇਸ ਵਿਚ ਕੋਈ ਸ਼ੱਕ ਨਹੀਂ ਕਿ ਗੁਰਦੁਆਰਾ ਸਾਹਿਬ ਹਾਂਗਕਾਂਗ ਦੀ ਬਿਲਡਿੰਗ ਕਮੇਟੀ ਤਸੱਲੀਬਖ਼ਸ਼ ਕਾਰਗੁਜ਼ਾਰੀ ਦਿਖਾ ਰਹੀ ਹੈ। ਇਸ ਦੇ ਮੈਂਬਰ ਕਾਫ਼ੀ ਮਿਹਨਤੀ ਅਤੇ ਸਿਆਣੇ ਹਨ। ਪਰ ਬਿਲਡਿੰਗ ਕਮੇਟੀ ’ਚ ਕੁਝ ਐਸੇ ਸੱਜਣ ਵੀ ਦੁਬਾਰਾ ਮੈਂਬਰ ਚੁਣੇ ਗਏ, ਜਿਹੜੇ ਹਾਂਗਕਾਂਗ ਵਿਚ ਕੁਝ ਕੁ ਦਿਨਾਂ ਲਈ ਹੀ ਆਉਦੇ ਹਨ। ਜਿਹੜਾ ਬੰਦਾ ਹਾਂਗਕਾਂਗ ਵਿਚ ਰਹਿੰਦਾ ਹੀ ਨਹੀਂ, ਉਹ ਕਮੇਟੀ ’ਚ ਰਹਿ ਕੇ ਗੁਰਦੁਆਰਾ ਸਾਹਿਬ ਦੀ ਸੇਵਾ ਕਿਸ ਤਰ੍ਹਾਂ ਕਰ ਸਕਦਾ ਹੈ? ਕੀ ਇਹ ਨਵੀਂ ਕਮੇਟੀ ਅਤੇ ਪੁਰਾਣੀ ਕਮੇਟੀ ਦੇ ਆਪਸੀ ਸਮਝੌਤੇ ਨਾਲ ਹੋ ਰਿਹਾ ਹੈ, ਕਿਉਂਕਿ ਇਸ ਤਰ੍ਹਾਂ ਦੇ ਮੈਂਬਰ ਦੋਹਾਂ ਕਮੇਟੀਆਂ ਨਾਲ ਸਬੰਧਤ ਦੱਸੇ ਜਾਂਦੇ ਹਨ। ਗੁਰਦੁਆਰੇ ਦੇ ਪ੍ਰਬੰਧਕ ਸੇਵਾਦਾਰ ਹਨ, ਨਾ ਕਿ ਹੁਕਮਰਾਨ। ਕਮੇਟੀਆਂ ਗੁਰੂ-ਘਰ ਦੀ ਸੇਵਾ ਬਿਹਤਰੀਨ ਤਰੀਕੇ ਨਾਲ ਕਰਨ ਲਈ ਬਣਦੀਆਂ ਹਨ, ਨਾ ਕਿ ਚੌਧਰ ਚਮਕਾਉਣ ਲਈ।

ਸੋ, ਹਾਂਗਕਾਂਗ ਦੇ ਗੁਰਦੁਆਰਾ ਸਾਹਿਬ ਦੀ ਸਮੁੱਚੀ ਕਮੇਟੀ, ਮੋਹਤਬਰ ਸੱਜਣਾਂ ਅਤੇ ਹਾਂਗਕਾਂਗ ਦੀ ਸਮੁੱਚੀ ਸਿੱਖ ਸੰਗਤ ਨੂੰ ਚੇਤੰਨ ਹੋਣ ਦੀ ਲੋੜ ਹੈ। ਜਿਥੇ-ਕਿਤੇ ਸਿੱਖੀ ਸਿਧਾਂਤਾਂ, ਰਹਿਤ-ਮਰਿਆਦਾ ਜਾਂ ਅਸੂਲਾਂ ਦੀ ਉਲੰਘਣਾ ਹੁੰਦੀ ਹੈ, ਉਸ ਦਾ ਡੱਟ ਕੇ ਵਿਰੋਧ ਕਰਨਾ ਚਾਹੀਦਾ ਹੈ ਅਤੇ ਜੇਕਰ ਕਿਸੇ ਕੋਲੋਂ ਗਲਤੀ ਹੋ ਜਾਂਦੀ ਹੈ ਤਾਂ ਉਸ ਨੂੰ ਵੀ ਪੰਥ ਪ੍ਰਤੀ ਸਮਰਪਿਤ ਭਾਵਨਾ ਦਿਖਾਉਾਂਦਿਆਂ ਆਪਣੀ ਆਤਮਾ ਤੋਂ ਗਲਤੀ ਦਾ ਅਹਿਸਾਸ ਕਰਦਿਆਂ ਸੰਗਤਾਂ ਸਾਹਮਣੇ ਖੁੱਲ੍ਹ ਕੇ ਗਲਤੀ ਸਵੀਕਾਰ ਕਰਨ ਤੋਂ ਗੁਰੇਜ਼ ਨਹੀਂ ਕਰਨਾ ਚਾਹੀਦਾ। ਇਸੇ ਤਰ੍ਹਾਂ ਹੀ ਸਿੱਖ ਕੌਮ ਵਿਚ ਵੱਧਦੇ ਵਿਵਾਦਾਂ ਅਤੇ ਇਨ੍ਹਾਂ ਵਿਵਾਦਾਂ ਤੋਂ ਬਾਅਦ ਖੂਨੀ ਟਕਰਾਅ ਵਾਲੇ ਮੰਦਭਾਗੇ ਹਾਲਾਤਾਂ ਨੂੰ ਟਾਲਿਆ ਜਾ ਸਕਦਾ ਹੈ। ਜੇਕਰ ਹਰ ਸਿੱਖ ਸਿੱਖੀ ਸਿਧਾਂਤਾਂ ਪ੍ਰਤੀ ਚੇਤੰਨ ਅਤੇ ਦ੍ਰਿੜ੍ਹ ਹੋ ਜਾਵੇ ਤਾਂ ਸਿੱਖ ਕੌਮ ਦੇ ਪਰਚਮ ਪੂਰੀ ਦੁਨੀਆ ’ਚ ਝੂਲਣ ਤੋਂ ਕੋਈ ਨਹੀਂ ਰੋਕ ਸਕਦਾ ਅਤੇ ਪ੍ਰਬੰਧਕਾਂ ਦੀ ਉਤਰ ਕਾਟੋ ਮੈ ਚੜ੍ਹਾ ਵਾਲੀ ਨੀਤੀ 'ਚ ਖੜ੍ਹੌਤ ਆ ਸਕਦੀ ਹੈ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top