Share on Facebook

Main News Page

ਸਰੋਤਿਆਂ ਦੇ ਮਨਾਂ ’ਚ ਸਦਾ ਵਸਦਾ ਰਹੇਗਾ ਇਸ਼ਮੀਤ ਸਿੰਘ

ਸਤਿਬੀਰ ਸਿੰਘ
ਲੁਧਿਆਣਾ, 28 ਜੁਲਾਈ

ਕਲਾ ਦੇ ਖੇਤਰ ਵਿਚ ਪੰਜਾਬੀ ਮਨਾਂ ਦੀਆਂ ਸਫਾਂ ’ਤੇ ਖਰਾ ਉਤਰਨ ਵਾਲੇ ਸਭ ਤੋਂ ਛੋਟੀ ਉਮਰ ਦੇ ਗਾਇਕ ਇਸ਼ਮੀਤ ਸਿੰਘ ਨੂੰ ਸਾਥੋਂ ਵਿਛੜਿਆਂ ਤਿੰਨ ਸਾਲ ਹੋ ਗਏ ਹਨ ਪਰ ਹਾਲੇ ਤੀਕ ਪੰਜਾਬੀ ਮਨਾਂ ’ਚੋਂ ਉਸ ਦੇ ਵਿਛੋੜੇ ਦਾ ਵਿਰਾਗ ਖਤਮ ਨਹੀਂ ਹੋਇਆ। ਇਸ਼ਮੀਤ ਦੀ ਜਿੱਥੇ ਗੱਲ ਚਲਦੀ ਹੈ, ਕਈ ਅੱਖਾਂ ਅੱਜ ਵੀ ਨਮ ਹੋ ਜਾਂਦੀਆਂ ਹਨ। ਸ਼ਾਇਦ ਇਹ ਪੰਜਾਬ ਦੀ ਸੰਸਕ੍ਰਿਤੀ ਦਾ ਇੱਕ ਐਸਾ ਜ਼ਖਮ ਹੈ ਜੋ ਪੰਜਾਬੀ ਅੱਖੀਆਂ ਵਿਚ ਸਦੀਆਂ ਤੱਕ ਰਿਸਦਾ ਰਹੇਗਾ। ਅੱਜ ਉਸ ਦੀ ਬਰਸੀ ਹੈ।

ਇਸ਼ਮੀਤ ਨੂੰ ਜ਼ਿੰਦਗੀ ਦੇ ਕੇਵਲ 19 ਵਰ੍ਹੇ ਮਿਲੇ। ਪਰਿਵਾਰ ਦੇ ਮੈਂਬਰਾਂ ਅਨੁਸਾਰ ਇਸ਼ਮੀਤ ਸਕੂਲ ਸਮੇਂ ’ਤੇ ਸੰਗੀਤਕ ਮੁਕਾਬਲਿਆਂ ਵਿਚ ਭਾਗ ਲੈਣ ਲੱਗ ਪਿਆ ਸੀ। ਗਾਇਕ ਕਲਾਕਾਰ ਬਣਨ ਲਈ ਉਸ ਦੇ ਅੰਦਰੋਂ ਆਵਾਜ਼ ਉੱਠੀ ਤੇ ਉਸ ਨੇ ਕੰਮ ਅਰੰਭ ਕਰ ਦਿੱਤਾ। ਉਹ ਕਮਰਾ ਬੰਦ ਕਰਕੇ ਕੈਸੀਓ ’ਤੇ ਘੰਟਿਆਂਬੱਧੀ ਰਿਆਜ਼ ਕਰਦਾ ਸੀ। ਇਸ ਰਿਆਜ਼ ਵਿਚ ਵਧੇਰੇ ਕਰਕੇ ਗੁਰਬਾਣੀ ਦੇ ਸ਼ਬਦ ਸ਼ਾਮਲ ਸਨ। ਉਸ ਨੇ ਭਾਵੇਂ ਕਲਾਸੀਕਲ ਦੀ ਕਿਸੇ ਤੋਂ ਸਿੱਖਿਆ ਨਹੀਂ ਲਈ ਪਰ ਉਸ ਦੀਆਂ ਸੁਰਾਂ ਦਿਨ-ਬ-ਦਿਨ ਕਲਾਸੀਕਲ ਸੰਗੀਤ ਦੀਆਂ ਸਿਖਰਾਂ ਛੂੰਹਦੀਆਂ ਰਹੀਆਂ। ਕਾਲਜ ਪਹੁੰਚਣ ਤੱਕ ਉਹ ਸੰਗੀਤ ਦੇ ਬਹੁਤ ਉੱਚੇ ਮੁਕਾਮ ’ਤੇ ਪੁੱਜ ਗਿਆ ਸੀ। ਸਰਕਾਰੀ ਕਾਲਜ ਲੁਧਿਆਣਾ ਵਿਚ ਬੀ.ਕਾਮ. ਦੇ ਪਹਿਲੇ ਸਾਲ ’ਚ ਪੜ੍ਹ ਹੀ ਰਿਹਾ ਸੀ ਕਿ ਉਸ ਨੇ ਅਮੁਲ ਸਟਾਰ ਵਾਇਸ ਆਫ ਇੰਡੀਆ ਦੇ ਮੁਕਾਬਲੇ ਵਿਚ ਭਾਗ ਲਿਆ ਅਤੇ 24 ਨਵੰਬਰ 2007 ਵਿਚ ਉਸ ਨੇ ਇਹ ਸੰਗੀਤ ਦਾ ਮੁਕਾਬਲਾ ਜਿੱਤ ਕੇ ਪੰਜਾਬੀਆਂ ਦਾ ਸਿਰ ਦੁਨੀਆਂ ਵਿਚ ਉੱਚਾ ਕਰ ਦਿੱਤਾ ਜਿਸ ਦੇ ਪ੍ਰਤੀਕਰਮ ਵਿਚ ਲਤਾ ਮੰਗੇਸ਼ਕਰ ਅਤੇ ਜਗਜੀਤ ਵਰਗੇ ਗਾਇਕਾਂ ਨੇ ਐਲਾਨ ਕਰ ਦਿੱਤਾ ਕਿ ਇਸ਼ਮੀਤ ਸੰਗੀਤ ਦਾ ਹਸਤਾਖਰ ਹੋਵੇਗਾ। ਉਸ ਦੀ ਪਹਿਲੀ ਐਲਬਮ ‘ਸਤਿਗੁਰ ਤੁਮਰੇ ਕਾਜ ਸਵਾਰੇ’ ਆਈ ਜਿਸ ਨੇ ਇਸ਼ਮੀਤ ਨੂੰ ਦੁਨੀਆਂ ਦੇ ਨਕਸ਼ੇ ’ਤੇ ਲੈ ਆਂਦਾ। ਉਸ ਦੇ ਗਾਏ ਦਰਜਨਾਂ ਗੀਤ ਯੂ-ਟਿਊਬ ਦਾ ਸ਼ਿੰਗਾਰ ਬਣ ਗਏ, ਟੀ.ਵੀ. ਚੈਨਲ ਉਸ ਦੇ ਪਿੱਛੇ ਭੱਜਣ ਲੱਗੇ।

 

ਇਸ਼ਮੀਤ ਦੀ ਆਵਾਜ਼ ਵਿਚ ਪਵਿੱਤਰਤਾ, ਮਸੂਮੀਅਤ ਵਰਗੇ ਕੋਮਲ ਭਾਵ ਮੌਜੂਦ ਸਨ। ਜਦ ਉਸ ਦੀ ਪ੍ਰਸਿੱਧੀ ਨੂੰ ਵਾਇਸ ਆਫ ਇੰਡੀਆ ਦੇ ਖਿਤਾਬ ਨਾਲ ਚਾਰ ਚੰਨ੍ਹ ਲੱਗ ਗਏ ਅਤੇ ਉਹ ਪੂਰੀ ਤਰ੍ਹਾਂ ਗਲੈਮਰ ਦੀ ਦੁਨੀਆਂ ਵਿਚ ਸੀ। ਉਸ ਨੇ ਪਾਕਿ ਜਿਹੇ ਜਜ਼ਬਾਤ ਨਾਲ ਕਿਹਾ ਸੀ ਕਿ ਇਸ ਪ੍ਰਸਿੱਧੀ ਪਿੱਛੇ ਪ੍ਰਮਾਤਮਾ ਦਾ ਹੱਥ ਹੈ। ਕਲਾ ਵਿਚ ਭਿੱਜੀ ਰੂਹ ਨੂੰ ਕਿਸੇ ਵੀ ਸਮਾਜਿਕ ਸਵੈਮਾਣ ਨੇ ਛੂਹਿਆ ਤੱਕ ਨਾ। ਉਹ ਸੰਗੀਤ ਨੂੰ ਆਪਣੇ ਗਲੇ ਦੀ ਨਿੱਕੀ ਤੋਂ ਨਿੱਕੀ ਗਰਾਰੀ ਰਾਹੀਂ ਸੰਭਾਲਦਾ ਸੀ, ਠਹਿਰਾਣ, ਪਕੜ ਉਸ ਦੇ ਵਿਸ਼ੇਸ਼ ਗੁਣ ਸਨ। ‘ਵਾਇਸ ਆਫ ਇੰਡੀਆ’ ਬਣਨ ਉਪਰੰਤ ਉਸ ਨੇ ਕਾਮਰਸ ਦੀ ਡਿਗਰੀ ਕਰਨ ਲਈ ਮੁੰਬਈ ਦੇ ਐਮ.ਐਨ.ਸੀ. ਕਾਲਜ ਵਿਚ ਦਾਖਲਾ ਲੈ ਲਿਆ।

29 ਜੁਲਾਈ 2008 ਵਿਚ ਚਾਇਆ ਆਈ ਲੈਂਡ ਵਿਖੇ ਉਸ ਨਾਲ ਉਮਰ ਨੇ ਬੇਵਫ਼ਾਈ ਕੀਤੀ ਤੇ ਉਹ ਸਾਡੇ ਤੋਂ ਜਿਸਮਾਨੀ ਤੌਰ ’ਤੇ ਵਿਛੜ ਹੋ ਗਿਆ। ਉਸ ਦੀ ਆਤਮਾ ਤੇ ਆਵਾਜ਼ ਸਾਡੇ ਨਾਲ ਹੈ।

ਪੰਜਾਬ ਸਰਕਾਰ ਦੀ ਸਹਾਇਤਾ ਨਾਲ ਇਸ਼ਮੀਤ ਦੀ ਯਾਦ ਵਿੱਚ ਲੁਧਿਆਣੇ ਵਿਚ ਸੰਗੀਤ ਅਕਾਦਮੀ ਬਣਾਈ ਗਈ ਹੈ ਜਿਸ ਦੇ ਆਰੰਭ ਵਿਚ ਗੁਰਮਤਿ ਸੰਗੀਤ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ। ਇਸ ਅਕਾਦਮੀ ਨੂੰ ਸੰਗੀਤ ਦੇ ਖੇਤਰ ਵਿਚ ਹੋਰ ਵੀ ਸਾਰਥਿਕ ਕਦਮ ਪੁੱਟਣੇ ਚਾਹੀਦੇ ਹਨ ਤਾਂ ਜੋ ਇਹ ਅਕਾਦਮੀ ਇਸ਼ਮੀਤ ਦੇ ਕੋਮਲ ਭਾਵਾਂ ਨੂੰ ਤਾਜ਼ਾ ਰੱਖ ਸਕੇ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top