Share on Facebook

Main News Page

ਰਾਮ ਰਾਏ ਦੀ ਰੂਹ ਦਾ ਪ੍ਰਵੇਸ਼

ਜਦ ਗੁਰੂਘਰ ਦਾ ਪੱਖ ਸਪਸ਼ਟ ਕਰਨ ਲਈ ਗੁਰੂ ਹਰਿ ਰਾਏ ਸਾਹਿਬ ਜੀ ਨੇ ਆਪਣੇ ਵੱਡੇ ਪੁੱਤਰ ਰਾਮ ਰਾਏ ਜੀ ਨੂੰ ਔਰੰਗਜ਼ੇਬ ਦੇ ਦਰਬਾਰ ਵਿੱਚ ਭੇਜਿਆ ਸੀ, ਤਾਂ ਉਸ ਨੂੰ ਸੁਚੇਤ ਕੀਤਾ ਗਿਆ ਸੀ ਕਿ ਔਰੰਗਜ਼ੇਬ ਬੜਾ ਕਪਟੀ ਤੇ ਜ਼ਾਲਮ ਹੈ, ਇਸ ਨੇ ਰਾਜ ਪ੍ਰਾਪਤ ਕਰਨ ਲਈ ਆਪਣੇ ਪਿਤਾ ਨੂੰ ਜੇਲ੍ਹ ਵਿੱਚ ਬੰਦ ਤੇ ਭਰਾ ਨੂੰ ਕਤਲ ਕਰ ਦਿੱਤਾ ਸੀ। ਤੁਸੀਂ ਉਸ ਦੇ ਨਾ ਕਪਟ ਵਿੱਚ ਫਸਣਾ ਹੈ ਤੇ ਨਾ ਹੀ ਰਾਜਸੀ ਤਾਕਤ ਤੇ ਜ਼ੁਲਮ ਅੱਗੇ ਝੁਕਣਾ ਹੈ। ਆਪਣਾ ਪ੍ਰਭਾਵ ਵਿਖਾਉਣ ਲਈ ਕੋਈ ਕਰਾਮਾਤ ਨਹੀਂ ਵਿਖਾਉਣੀ। ਹਮੇਸ਼ਾਂ ਸੱਚ ‘ਤੇ ਪਹਿਰਾ ਦਿੰਦਿਆਂ ਗੁਰੂ ਨਾਨਕ ਦੀ ਬਾਣੀ ਨੂੰ ਠੀਕ ਢੰਗ ਨਾਲ ਪੇਸ਼ ਕਰਨਾ ਹੈ, ਤੇ ਇਸ ਵਿੱਚ ਕੋਈ ਤਬਦੀਲੀ ਪ੍ਰਵਾਨ ਨਹੀਂ ਕਰਨੀ। ਕਿਉਂਕਿ ਬਾਦਸ਼ਾਹ ਕਰਾਮਾਤਾਂ ਤੋਂ ਕਾਫੀ ਕਾਇਲ ਹੁੰਦੇ ਹਨ ਇਸ ਲਈ ਰਾਮ ਰਾਏ ਨੇ ਗੁਰੂ ਸਾਹਿਬ ਦੀ ਨਸੀਹਤ ਨੂੰ ਭੁੱਲ ਕੇ ਔਰੰਗਜ਼ੇਬ ਨੂੰ ਆਪਣਾ ਪ੍ਰਭਾਵ ਵਿਖਾਉਣ ਲਈ ਕਾਫੀ ਕਰਮਾਤਾਂ ਵਿਖਾਈਆਂ ਜਿਸ ਤੋਂ ਔਰੰਗਜ਼ੇਬ ਬਹੁਤ ਹੀ ਪ੍ਰਭਾਵਤ ਹੋਇਆ ਤੇ ਉਸ ਨੂੰ ਵਿਸ਼ੇਸ਼ ਸਤਿਕਾਰ ਦਿੱਤਾ। ਅਖੀਰ ਤੇ ਔਰੰਗਜ਼ੇਬ ਨੇ ਰਾਮ ਰਾਏ ਨੂੰ ਪੁੱਛਿਆ ਤੁਹਾਡੇ ਗ੍ਰੰਥ ਵਿੱਚ ‘ਮਿਟੀ ਮੁਸਲਮਾਨ ਕੀ ਪੇੜੈ ਪਈ ਕੁਮ੍ਹਿਆਰ॥ ਲਿਖ ਕੇ, ਕੀ ਸਾਡੇ ਧਰਮ ਦੀ ਨਿੰਦਿਆ ਨਹੀਂ ਕੀਤੀ ਗਈ। ਰਾਮ ਰਾਏ ਨੇ ਆਪਣਾ ਬਣਿਆ ਸਤਿਕਾਰ ਵੇਖ ਕੇ ਸੋਚਿਆ, ਗੁਰੂ ਨਾਨਕ ਸਾਹਿਬ ਵਲੋਂ ਇਸ ਤੁਕ ਵਿੱਚ ਪੇਸ਼ ਕੀਤਾ ਗਿਆ ਅਸਲ ਸਿਧਾਂਤ ਦੱਸਣ ਨਾਲ ਸ਼ਾਇਦ ਬਾਦਸ਼ਾਹ ਨਾਰਾਜ਼ ਨਾ ਹੋ ਜਾਵੇ, ਇਸ ਲਈ ਬਾਦਸ਼ਾਹ ਨੂੰ ਖੁਸ਼ ਰੱਖ ਕੇ ਆਪਣਾ ਸਤਿਕਾਰ ਬਣਾਈ ਰੱਖਣ ਲਈ ਉਸ ਨੇ ਕਹਿ ਦਿੱਤਾ ਕਿ ਇਥੇ ਮੁਸਲਮਾਨ ਨਹੀਂ ਬੇਈਮਾਨ ਲਿਖਿਆ ਹੈ।

ਉਸ ਵਕਤ ਭਾਈ ਦਰਗਾਹ ਮੱਲ ਛਿੱਬਰ ਉਸ ਦਰਬਾਰ ਵਿੱਚ ਹਾਜ਼ਰ ਸੀ, ਜਿਸ ਨੂੰ ਰਾਮ ਰਾਏ ਵਲੋਂ ਗੁਰੂ ਨਾਨਕ ਦੇ ਸਿਧਾਂਤ ਨੂੰ ਬਦਲਣ ‘ਤੇ ਬੜਾ ਦੁੱਖ ਪਹੁੰਚਿਆ ਤੇ ਉਨ੍ਹਾਂ ਇਸ ਦੀ ਖ਼ਬਰ ਗੁਰੂ ਹਰਿ ਰਾਇ ਸਾਹਿਬ ਕੋਲ ਪਹੁੰਚਾਈ ਕਿ ਤੁਹਾਡੇ ਸਾਹਿਬਜ਼ਾਦੇ ਨੇ ਆਪਣਾ ਮਾਣ ਸਤਿਕਾਰ ਬਣਾਈ ਰੱਖਣ ਲਈ ਗੁਰੂ ਦਾ ਸਿਧਾਂਤ ਬਦਲ ਦਿੱਤਾ। ਗੁਰੂ ਸਾਹਿਬ ਨੇ ਉਸੇ ਵਕਤ ਆਪਣਾ ਫੈਸਲਾ ਸੁਣਾ ਦਿੱਤਾ ਕਿ ਗੁਰੂ ਦੇ ਸਿਧਾਂਤ ‘ਚ ਤਬਦੀਲੀ ਕਰਨ ਵਾਲਾ ਕੋਈ ਵੀ ਵਿਅਕਤੀ ਭਾਵੇਂ ਉਹ ਗੁਰੂ ਦਾ ਪੁੱਤਰ ਹੀ ਕਿਉਂ ਨਾ ਹੋਵੇ, ਪ੍ਰਵਾਨ ਨਹੀਂ ਕੀਤਾ ਜਾ ਸਕਦਾ ਇਸ ਲਈ ਰਾਮ ਰਾਏ ਨੂੰ ਕਹਿ ਦਿਓ ਕਿ ਉਸ ਦਾ ਜਿਸ ਪਾਸੇ ਮੂੰਹ ਹੈ, ਉਹ ਉਸੇ ਪਾਸੇ ਚਲਾ ਜਾਵੇ ਤੇ ਸਾਡੇ ਮੱਥੇ ਨਾ ਲੱਗੇ।

ਲੱਗਦਾ ਅੱਜਕੱਲ੍ਹ ਫਿਰ ਕੁੱਝ ਲੋਕਾ ਵਿੱਚ ਰਾਮ ਰਾਏ ਦੀ ਰੂਹ ਪ੍ਰਵੇਸ ਕਰ ਗਈ ਹੈ। ਜਿਸ ਤਰ੍ਹਾਂ ਰਾਮ ਰਾਏ ਨੇ ਔਰੰਗਜੇਬ ਤੋਂ ਖੁਸ਼ੀਆਂ ਅਤੇ ਮਾਇਆ ਦੇ ਗੱਫੇ ਪ੍ਰਾਪਤ ਕੀਤੇ ਸੀ, ਠੀਕ ਉਸੇ ਤਰ੍ਹਾਂ ਹੀ ਪੰਥ ਵਿਰੋਧੀ ਲਾਬੀ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਲਈ ਟਰਾਂਟੋ ਤੋਂ ਛਪਦੇ ਇਕ ਹਫ਼ਤਾਵਾਰੀ ਅਖ਼ਬਾਰ ਦੇ ਮੁੱਖ ਸੰਪਾਦਕ ਨੇ ਆਪਣੀ ਸੰਪਾਦਕੀ ਵਿਚ ਗੁਰਬਾਣੀ ਦੀ ਪੰਗਤੀ ਨਾਲ ਛੇੜਛਾੜ ਕਰਨ ਦੀ ਕੋਝੀ ਹਰਕਤ ਕਰਕੇ, ਗੁਰਬਾਣੀ ਦੀ ਪੰਗਤੀ ਨੂੰ ਮਜ਼ਾਕੀਆ ਰੂਪ ਵਿਚ ਪੇਸ਼ ਕਰਨ ਦਾ ਯਤਨ ਕੀਤਾ ਹੈ। ਉਸ ਨੇ ਗੁਰਬਾਣੀ ਦੀ ਪਵਿੱਤਰ ਪੰਗਤੀ ‘ਸਚ ਸੁਣਾਇਸੀ ਸਚ ਕੀ ਬੇਲਾ’ ਨੂੰ ਵਿਗਾੜਦੇ ਹੋਏ ‘ਸਚ ਕੀ ਬੇਲਾ" ਦੀ ਥਾਂ ’ਸੰਤ ਕੀ ਬੇਲਾ’ ਲਿਖਿਆ ਹੈ।

ਇਹ ਪੂਰੀ ਕੌਮ ਲਈ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ, ਕਿਉਕਿ ਇਸ ਤੋ ਪਹਿਲਾਂ ਅਕਸਰ ਹੀ ਫਿਲਮਾਂ, ਨਾਟਕਾਂ, ਸੀਰੀਅਲਾਂ ਵਿੱਚ ਸਿੱਖ ਦੇ ਪਾਤਰ ਨੂੰ ਬਹੁਤ ਹੀ ਮਜਾਕੀਆ ਰੂਪ ਵਿੱਚ ਪੇਸ਼ ਕੀਤਾ ਜਾਂਦਾ ਹੈ। ਇਸ ਗੱਲ ਦਾ ਪੂਰੀ ਕੌਮ ਕਈ ਵਾਰ ਰੌਲਾ ਵੀ ਪਾ ਚੁਕੀ ਹੈ। ਪਰ ਆਪਣੇ ਆਪ ਨੂੰ ਸਿੱਖੀ ਦਾ ਥ੍ਹੰਮ ਅਖਵਾਂਉਦੇ ਹਫਤਾਵਾਰੀ ਅਖਬਾਰ ਅਤੇ ਸਿੱਖ ਪੱਤਰਕਾਰੀ ਦਾ ਬਾਬਾ ਬੋਹੜ ਹੋਣ ਦਾ ਭਰਮ ਪਾਲੀ ਬੈਠੇ ਇਸ ਦੇ ਸੰਪਦਕ ਨੇ ਤਾਂ ਵਿਅੰਗ ਕਸਣ ਲਈ ਗੁਰਬਾਣੀ ਦੀਆਂ ਪੰਗਤੀਆਂ ਨੂੰ ਤੋੜ ਮਰੋੜ ਕੇ ਲਿਖਿਣ ਦੀ ਨਵੀਂ ਪਿਰਤ ਪਾ ਦਿਤੀ । ਇਹ ਕੋਝੀ ਹਰਕਤ ਉਹਨਾਂ ਸਕਤੀਆਂ ਦੇ ਇਸਾਰੇ ਉਪਰ ਹੋਈ ਲੱਗਦੀ ਹੈ, ਜੋ ਸਿੱਖ ਕੌਮ ਨੂੰ ਨੀਵਾਂ ਦਿਖਾਉਣ ਲਈ ਹਮੇਸ਼ਾ ਤੱਤਪਰ ਰਹਿੰਦੀਆਂ ਹਨ। ਜੇਕਰ ਸਿੱਖ ਕੌਮ ਅੱਜ ਵੀ ਚੁਪ ਰਹੀ ਅਤੇ ਇਸ ਕੋਝੀ ਹਰਕਤ ਤੋ ਚੌਕੰਨੀ ਨਾ ਹੋਈ ਤਾਂ ਆਉਣ ਵਾਲੇ ਸਮੇਂ ਵਿੱਚ, ਜਿਸ ਤਰ੍ਹਾਂ ਫਿਲਮਾਂ, ਨਾਟਕਾਂ, ਸੀਰੀਅਲਾਂ ਵਿੱਚ ਸਿੱਖ ਦੇ ਪਾਤਰ ਨੂੰ ਬਹੁਤ ਹੀ ਮਜਾਕੀਆ ਰੂਪ ਵਿੱਚ ਪੇਸ਼ ਕੀਤਾ ਜਾਂਦਾ ਹੈ, ਬਿਲਕੁਲ ਇਸੇ ਤਰ੍ਹਾਂ ਹੀ ਵਿਅੰਗ ਰੂਪ ਵਿੱਚ ਗੁਰਬਾਣੀ ਦੀਆਂ ਪੰਗਤੀਆਂ ਦੀ ਵੀ ਵਰਤੋ ਹੋਣ ਲੱਗ ਜਾਵੇਗੀ। ਇਸ ਲਈ ਅੱਜ ਹਰ ਇੱਕ ਗੁਰਸਿੱਖ ਦਾ ਫਰਜ ਬਣਦਾ ਹੈ, ਕਿ ਉਹ ਧੜੇ ਦੀ ਥਾਂ ਧਰਮ ਨੂੰ ਤਰਜੀਹ ਦਿੰਦਿਆਂ, ਗੁਰੂ ਦੇ ਸਤਿਕਾਰ ਹਿਤ ਇਸ ਅਤੀ ਹੀ ਘਣਾਉਣੀ ਮੰਦਭਾਗੀ ਕਾਰਵਾਈ ਦੀ ਨਖੇਦੀ ਕਰੇ।

ਅਨਭੋਲ ਸਿੰਘ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top