Share on Facebook

Main News Page

ਸਾਨੂੰ ਸ੍ਰੀਚੰਦੀਆਂ ਦੇ ਵਾਰਸ ਤੇ ਪੁਜਾਰੀ ਹੋਣ ਦਾ ਤਾਹਨਾਂ ਮਾਰਦਾ ਹੈ, ਤਾਂ ਉਹ ਆਪਣੇ ਕਿਰਦਾਰ ’ਤੇ ਨਜ਼ਰ ਮਾਰ ਕੇ ਵੇਖੇ, ਕਿ ਉਹ ਕਿਸੇ ਸਾਜਿਸ਼ ਅਧੀਨ ਗੁਰਬਾਣੀ ਵਿੱਚ ਤਬਦੀਲ਼ੀਆਂ ਕਰਨ ਲਈ ਰਾਮ ਰਾਏ ਦਾ ਰੋਲ ਅਦਾ ਤਾਂ ਨਹੀਂ ਕਰ ਰਿਹਾ!: ਗਿਆਨੀ ਹਰਿੰਦਰ ਸਿੰਘ ਅਲਵਰ

* ਰਾਮ ਰਾਏ ਵਲੋਂ ਗੁਰਬਾਣੀ ਨਾਲ ਕੀਤੀ ਛੇੜ ਛਾੜ ਦੀ ਖ਼ਬਰ ਪਹੁੰਚਾਉਣ ’ਤੇ ਗੁਰੂ ਹਰਿ ਰਾਏ ਸਾਹਿਬ ਵਲੋਂ ਦਰਗਾਹ ਮੱਲ ਛਿੱਬਰ ਨੂੰ ਝਾੜ ਨਹੀਂ ਸੀ ਪਾਈ
* ਸਾਨੂੰ ਵੀ ਭਾਈ ਦਰਗਾਹ ਮੱਲ ਦੀ ਸੂਝ ਤੋਂ ਸੇਧ ਲੈਣੀ ਚਾਹੀਦੀ ਹੈ ਤੇ ਗੁਰਬਾਣੀ ਵਿੱਚ ਕਿਸੇ ਤਰ੍ਹਾਂ ਦੀ ਤਬਦੀਲੀ ਪ੍ਰਵਾਨ ਨਹੀਂ ਕਰਨੀ ਚਾਹੀਦੀ
* ਦੁੱਖ ਦੀ ਗੱਲ ਹੈ ਕਿ ਗੁਰੂ ਸਿਧਾਂਤ ਨੂੰ ਲਾਗੂ ਕਰਵਾਉਣ ਦੇ ਜੁੰਮੇਵਾਰ ਆਗੂ ਤੇ ਜਥੇਦਾਰ ਰਾਮ ਰਾਏ ਦੀ ਤਰ੍ਹਾਂ ਰਾਜ ਦਰਬਾਰ ਵਿੱਚ ਆਪਣਾ ਸਤਿਕਾਰ ਤੇ ਸਹੂਲਤਾਂ ਬਹਾਲ ਰੱਖੀ ਰੱਖਣ ਲਈ ਅੱਜ ਭਾਈ ਦਰਗਾਹ ਮੱਲ ਦਾ ਰੋਲ ਨਿਭਾਉਣ ਵਾਲਿਆਂ ਨੂੰ ਸ਼ਾਬਾਸ਼ੇ ਦੇਣ ਦੀ ਥਾਂ ਘੁਰਕੀਆਂ ਦੇ ਰਹੇ ਹਨ

ਬਠਿੰਡਾ, 26 ਜੁਲਾਈ (ਕਿਰਪਾਲ ਸਿੰਘ): ਰਾਮ ਰਾਏ ਵਲੋਂ ਗੁਰਬਾਣੀ ਨਾਲ ਕੀਤੀ ਛੇੜ ਛਾੜ ਦੀ ਖ਼ਬਰ ਪਹੁੰਚਾਉਣ ’ਤੇ ਗੁਰੂ ਹਰਿ ਰਾਏ ਸਾਹਿਬ ਵਲੋਂ ਉਸ ਨੂੰ ਝਾੜ ਨਹੀਂ ਸੀ ਪਾਈ ਸਗੋਂ ਆਪਣੇ ਪੁੱਤਰ ਰਾਮ ਰਾਏ ਵਲੋਂ ਕੀਤੀ ਇਸ ਕੁਤਾਹੀ ਕਾਰਣ ਉਸ ਨੂੰ ਸਦਾ ਲਈ ਤਿਆਗ ਦਿੱਤਾ ਸੀ। ਇਹ ਸ਼ਬਦ ਗੁਰਦੁਆਰਾ ਬੰਗਲਾ ਸਾਹਿਬ ਨਵੀਂ ਦਿੱਲੀ ਤਂੋ ਚੱਲ ਰਹੀ ਲੜੀਵਾਰ ਕਥਾ ਦੌਰਾਨ ਗਿਆਨੀ ਹਰਿੰਦਰ ਸਿੰਘ ਅਲਵਰ ਨੇ ਅੱਜ ਸਵੇਰੇ ਕਹੇ ਜਿਸ ਦਾ ਸਿੱਧਾ ਪ੍ਰਸਾਰਣ ਚੜ੍ਹਦੀ ਕਲਾ ਟਾਈਮ ਟੀਵੀ ਤੋਂ ਹੋ ਰਿਹਾ ਸੀ।

ਉਨ੍ਹਾਂ ਕਿਹਾ ਜਦ ਗੁਰੂਘਰ ਦਾ ਪੱਖ ਸਪਸ਼ਟ ਕਰਨ ਲਈ ਗੁਰੂ ਹਰਿ ਰਾਏ ਸਾਹਿਬ ਜੀ ਨੇ ਆਪਣੇ ਵੱਡੇ ਪੁੱਤਰ ਰਾਮ ਰਾਏ ਜੀ ਨੂੰ ਔਰੰਗਜ਼ੇਬ ਦੇ ਦਰਬਾਰ ਵਿੱਚ ਭੇਜਿਆ ਸੀ ਤਾਂ ਉਸ ਨੂੰ ਸੁਚੇਤ ਕੀਤਾ ਗਿਆ ਸੀ ਕਿ ਔਰੰਗਜ਼ੇਬ ਬੜਾ ਕਪਟੀ ਤੇ ਜ਼ਾਲਮ ਹੈ, ਇਸ ਨੇ ਰਾਜ ਪ੍ਰਾਪਤ ਕਰਨ ਲਈ ਆਪਣੇ ਪਿਤਾ ਨੂੰ ਜੇਲ੍ਹ ਵਿੱਚ ਬੰਦ ਤੇ ਭਰਾ ਨੂੰ ਕਤਲ ਕਰ ਦਿੱਤਾ ਸੀ। ਤੁਸੀਂ ਉਸ ਦੇ ਨਾ ਕਪਟ ਵਿੱਚ ਫਸਣਾ ਹੈ ਤੇ ਨਾ ਹੀ ਰਾਜਸੀ ਤਾਕਤ ਤੇ ਜ਼ੁਲਮ ਅੱਗੇ ਝੁਕਣਾ ਹੈ। ਆਪਣਾ ਪ੍ਰਭਾਵ ਵਿਖਾਉਣ ਲਈ ਕੋਈ ਕਰਾਮਾਤ ਨਹੀਂ ਵਿਖਾਉਣੀ। ਹਮੇਸ਼ਾਂ ਸੱਚ ’ਤੇ ਪਹਿਰਾ ਦਿੰਦਿਆਂ ਗੁਰੂ ਨਾਨਕ ਦੀ ਬਾਣੀ ਨੂੰ ਠੀਕ ਢੰਗ ਨਾਲ ਪੇਸ਼ ਕਰਨਾ ਹੈ ਤੇ ਇਸ ਵਿੱਚ ਕੋਈ ਤਬਦੀਲੀ ਪ੍ਰਵਾਨ ਨਹੀਂ ਕਰਨੀ। ਕਿਉਂਕਿ ਮੁਸਲਮਾਨ ਕਰਾਮਾਤਾਂ ਤੋਂ ਕਾਫੀ ਕਾਇਲ ਹੁੰਦੇ ਹਨ ਇਸ ਲਈ ਰਾਮ ਰਾਏ ਨੇ ਗੁਰੂ ਸਾਹਿਬ ਦੀ ਨਸੀਹਤ ਨੂੰ ਭੁੱਲ ਕੇ ਔਰੰਗਜ਼ੇਬ ਨੂੰ ਆਪਣਾ ਪ੍ਰਭਾਵ ਵਿਖਾਉਣ ਲਈ ਕਾਫੀ ਕਰਮਾਤਾਂ ਵਿਖਾਈਆਂ ਜਿਸ ਤੋਂ ਔਰੰਗਜ਼ੇਬ ਬਹੁਤ ਹੀ ਪ੍ਰਭਾਵਤ ਹੋਇਆ ਤੇ ਉਸ ਨੂੰ ਵਿਸ਼ੇਸ਼ ਸਤਿਕਾਰ ਦਿੱਤਾ। ਅਖੀਰ ਤੇ ਔਰੰਗਜ਼ੇਬ ਨੇ ਰਾਮ ਰਾਏ ਨੂੰ ਪੁੱਛਿਆ ਤੁਹਾਡੇ ਗ੍ਰੰਥ ਵਿੱਚ ‘ਮਿਟੀ ਮੁਸਲਮਾਨ ਕੀ ਪੇੜੈ ਪਈ ਕੁਮ੍ਹ੍ਹਿਆਰ॥’ ਲਿਖ ਕੇ, ਕੀ ਸਾਡੇ ਧਰਮ ਦੀ ਨਿੰਦਿਆ ਨਹੀਂ ਕੀਤੀ ਗਈ। ਰਾਮ ਰਾਏ ਨੇ ਆਪਣਾ ਬਣਿਆ ਸਤਿਕਾਰ ਵੇਖ ਕੇ ਸੋਚਿਆ, ਗੁਰੂ ਨਾਨਕ ਸਾਹਿਬ ਵਲੋਂ ਇਸ ਤੁਕ ਵਿੱਚ ਪੇਸ਼ ਕੀਤਾ ਗਿਆ ਅਸਲ ਸਿਧਾਂਤ ਦੱਸਣ ਨਾਲ ਸ਼ਾਇਦ ਬਾਦਸ਼ਾਹ ਨਾਰਾਜ਼ ਨਾ ਹੋ ਜਾਵੇ, ਇਸ ਲਈ ਬਾਦਸ਼ਾਹ ਨੂੰ ਖੁਸ਼ ਰੱਖ ਕੇ ਆਪਣਾ ਸਤਿਕਾਰ ਬਣਾਈ ਰੱਖਣ ਲਈ ਉਸ ਨੇ ਕਹਿ ਦਿੱਤਾ ਕਿ ਇਥੇ ਮੁਸਲਮਾਨ ਨਹੀਂ ਬੇਈਮਾਨ ਲਿਖਿਆ ਹੈ।

ਗਿਆਨੀ ਅਲਵਰ ਨੇ ਕਿਹਾ ਉਸ ਵਕਤ ਭਾਈ ਦਰਗਾਹ ਮੱਲ ਛਿੱਬਰ ਉਸ ਦਰਬਾਰ ਵਿੱਚ ਹਾਜ਼ਰ ਸੀ, ਜਿਸ ਨੂੰ ਰਾਮ ਰਾਏ ਵਲੋਂ ਗੁਰੂ ਨਾਨਕ ਦੇ ਸਿਧਾਂਤ ਨੂੰ ਬਦਲਣ ’ਤੇ ਬੜਾ ਦੁੱਖ ਪਹੁੰਚਿਆ ਤੇ ਉਨ੍ਹਾਂ ਇਸ ਦੀ ਖ਼ਬਰ ਗੁਰੂ ਹਰਿ ਰਾਇ ਸਾਹਿਬ ਕੋਲ ਪਹੁੰਚਾਈ ਕਿ ਤੁਹਾਡੇ ਸਾਹਿਬਜ਼ਾਦੇ ਨੇ ਆਪਣਾ ਮਾਣ ਸਤਿਕਾਰ ਬਣਾਈ ਰੱਖਣ ਲਈ ਗੁਰੂ ਦਾ ਸਿਧਾਂਤ ਬਦਲ ਦਿੱਤਾ ਹੈ। ਉਸ ਸਮੇਂ ਗੁਰੂ ਹਰਿ ਰਾਏ ਸਾਹਿਬ ਨੇ ਭਾਈ ਦਰਗਾਹ ਮੱਲ ਨੂੰ ਇਹ ਕਹਿ ਕੇ ਝਾੜ ਨਹੀਂ ਸੀ ਪਾਈ ਕਿ ਇਹ ਗੱਲ 50-60 ਵਿਅਕਤੀਆਂ ਵਿੱਚ ਹੀ ਸੀ ਤੁਸੀਂ ਇਸ ਨੂੰ ਨਸ਼ਰ ਕਰਕੇ ਸਿੱਖਾਂ ਦੀ ਭਾਵਨਾਵਾਂ ਨੂੰ ਠੇਸ ਕਿਉਂ ਪਹੁੰਚਾ ਰਹੇ ਹੋ? ਬਲਕਿ ਉਨ੍ਹਾਂ ਨੇ ਭਾਈ ਦਰਗਾਹ ਮੱਲ ਨੂੰ ਇਸ ਦਿੱਤੇ ਸੁਨੇਹੇ ਲਈ ਸ਼ਾਬਾਸ਼ ਦਿੰਦਿਆਂ ਉਸੇ ਵਕਤ ਆਪਣਾ ਫੈਸਲਾ ਸੁਣਾ ਦਿੱਤਾ ਕਿ ਗੁਰੂ ਦੇ ਸਿਧਾਂਤ ’ਚ ਤਬਦੀਲੀ ਕਰਨ ਵਾਲਾ ਕੋਈ ਵੀ ਵਿਅਕਤੀ ਭਾਵੇਂ ਉਹ ਗੁਰੂ ਦਾ ਪੁੱਤਰ ਹੀ ਕਿਉਂ ਨਾ ਹੋਵੇ, ਪ੍ਰਵਾਨ ਨਹੀਂ ਕੀਤਾ ਜਾ ਸਕਦਾ ਇਸ ਲਈ ਰਾਮ ਰਾਏ ਨੂੰ ਕਹਿ ਦਿਓ ਕਿ ਉਸ ਦਾ ਜਿਸ ਪਾਸੇ ਮੂੰਹ ਹੈ, ਉਹ ਉਸੇ ਪਾਸੇ ਚਲਾ ਜਾਵੇ ਤੇ ਸਾਡੇ ਮੱਥੇ ਨਾ ਲੱਗੇ।

ਗਿਆਨੀ ਅਲਵਰ ਨੇ ਕਿਹਾ ਕਿ ਸਾਨੂੰ ਵੀ ਭਾਈ ਦਰਗਾਹ ਮੱਲ ਦੀ ਸੂਝ ਤੋਂ ਸੇਧ ਲੈਣੀ ਚਾਹੀਦੀ ਹੈ ਤੇ ਗੁਰਬਾਣੀ ਵਿੱਚ ਕਿਸੇ ਤਰ੍ਹਾਂ ਦੀ ਤਬਦੀਲੀ ਪ੍ਰਵਾਨ ਨਹੀਂ ਕਰਨੀ ਚਾਹੀਦੀ। ਪਰ ਕਿੰਨੇ ਦੁੱਖ ਦੀ ਗੱਲ ਹੈ ਗੁਰੂ ਸਿਧਾਂਤ ਨੂੰ ਲਾਗੂ ਕਰਵਾਉਣ ਦੇ ਜੁੰਮੇਵਾਰ ਆਗੂ ਤੇ ਜਥੇਦਾਰ ਰਾਮ ਰਾਏ ਦੀ ਤਰ੍ਹਾਂ ਰਾਜ ਦਰਬਾਰ ਵਿੱਚ ਆਪਣਾ ਸਤਿਕਾਰ ਤੇ ਸਹੂਲਤਾਂ ਬਹਾਲ ਰੱਖੀ ਰੱਖਣ ਲਈ ਅੱਜ ਭਾਈ ਦਾਰਗਾਹ ਮੱਲ ਦਾ ਰੋਲ ਨਿਭਾਉਣ ਵਾਲਿਆਂ ਨੂੰ ਸ਼ਾਬਾਸ਼ੇ ਦੇਣ ਦੀ ਥਾਂ ਘੁਰਕੀਆਂ ਦੇ ਰਹੇ ਹਨ।

ਗਿਆਨੀ ਅਲਵਰ ਜੀ ਦਾ ਇਸ਼ਾਰਾ ਸੁਨਹਿਰੀ ਅੱਖਰਾਂ ਵਾਲੀ ਬੀੜ ਦੀ ਛਪਵਾਈ ਵਿੱਚ ਹੋਈਆਂ ਗਲਤੀਆਂ ਨੂੰ ਪੰਥ ਦੇ ਧਿਆਨ ਵਿੱਚ ਲਿਆ ਕੇ ਦੋਸ਼ੀਆਂ ਵਿਰੁਧ ਕਾਰਵਾਈ ਦੀ ਮੰਗ ਕਰਨ ਵਾਲੇ ਭਾਈ ਤਰਸੇਮ ਸਿੰਘ ਚੇਅਰਮੈਨ ਧਰਮ ਪ੍ਰਚਾਰ ਕਮੇਟੀ ਦਿੱਲੀ ਨੂੰ ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਵਲੋਂ ਦਿੱਤੀਆਂ ਜਾ ਰਹੀਆਂ ਧਮਕੀਆਂ ਅਤੇ ਅਕਾਲ ਤਖ਼ਤ ਦੇ ਜਥੇਦਾਰ ਨੂੰ ਉਸ ਦੀਆਂ ਕੀਤੀਆਂ ਜਾ ਰਹੀਆਂ ਸ਼ਿਕਾਇਤਾਂ ਵੱਲ ਸੀ।

ਉਨ੍ਹਾਂ ਕਿਹਾ ਕਿਹਾ ਜੇ ਜਥੇਦਾਰ ਵੀ ਮਿਲੀਆਂ ਸੁੱਖ ਸਹੂਲਤਾਂ ਦੀ ਲਾਲਸਾ ਅਧੀਨ ਪ੍ਰਧਾਨ ਨੂੰ ਖੁਸ਼ ਕਰਨ ਲਈ ਦਰਗਾਹ ਮੱਲ ਦਾ ਰੋਲ ਨਿਭਾਉਣ ਵਾਲੇ ਨੂੰ ਸ਼ਾਬਾਸ਼ ਦੇਣ ਦੀ ਥਾਂ ਉਸ ਵਿਰੁੱਧ ਕੋਈ ਕਾਰਵਾਈ ਕਰਦੇ ਹਨ, ਤਾਂ ਉਹ ਵੀ ਰਾਮ ਰਾਏ ਵਾਲਾ ਰੋਲ ਹੀ ਨਿਭਾ ਰਹੇ ਹੋਣਗੇ ਕਿਉਂਕਿ ਰਾਮ ਰਾਏ ਨੇ ਵੀ ਤਾਂ ਆਪਣਾ ਸਤਿਕਾਰ ਬਣਾਈ ਰੱਖਣ ਲਈ ਇਹੀ ਕੁੱਝ ਕੀਤਾ ਸੀ।

ਗਿਆਨੀ ਅਲਵਰ ਨੇ ਇੱਕ ਅਖ਼ਬਾਰ ਦੇ ਸੰਪਾਦਕ ਨੂੰ ਵੀ ਆੜੇ ਹੱਥੀਂ ਲੈਂਦਿਆ ਕਿਹਾ ਕਿ ਇਹ ਵੀ ਗੁਰਬਾਣੀ ਵਿੱਚ ਤਬਦੀਲੀਆਂ ਲਿਆਉਣ ਦੀ ਮਨਸ਼ਾ ਨਾਲ ਊਲ ਜਲੂਲ ਦਲੀਲਾਂ ਦੇ ਰਿਹਾ ਹੈ ਕਿ ਗੁਰੂ ਨਾਨਕ ਦੀ ਬਾਣੀ ਦੀ ਅਸਲ ਪੋਥੀ ਸ੍ਰੀਚੰਦੀਆਂ ਨੇ ਸਾੜ ਦਿੱਤੀ ਹੈ, ਅਸਲ ਪੋਥੀ ੳਸ (ਸੰਪਾਦਕ) ਕੋਲ ਹੈ। ਗੁਰਬਾਣੀ ਵਿੱਚ ਵਰਤੇ ਗਏ ਅੱਖਰ ਲਗ ਮਾਤਰਾ ਨੂੰ ਲਿਫ਼ਾਫ਼ੇ ਦੱਸ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇ ਕੋਈ ਗੁਰ ਸਿੱਖ ਉਸ ਦੀਆਂ ਇਨ੍ਹਾਂ ਬੇਤੁਕੀਆਂ ਦਲੀਲਾਂ ਨੂੰ ਪ੍ਰਵਾਨ ਨਹੀਂ ਕਰਦਾ ਤਾਂ ਉਸ ਨੂੰ ਗੁਰੂ ਕੀ ਗੋਲਕ ਤੇ ਪਲਣ ਵਾਲੇ ਸ੍ਰੀਚੰਦੀਆਂ ਦੇ ਵਾਰਸ ਤੇ ਪੁਜਾਰੀ ਦੱਸਦਾ ਹੈ।

ਗਿਆਨੀ ਅਲਵਰ ਨੇ ਕਿਹਾ ਬਿਨਾਂ ਸ਼ੱਕ ਮੇਰੇ ਸਮੇਤ ਸਾਰੇ ਪ੍ਰਚਾਰਕ ਗੋਲਕਾਂ ’ਤੇ ਪਲਦੇ ਹਨ, ਪਰ ਕਿਸੇ ਨੂੰ ਇਹ ਤਾਹਨਾਂ ਤਾਂ ਹੀ ਦਿੱਤਾ ਜਾ ਸਕਦਾ ਹੈ, ਜੇ ਉਨ੍ਹਾਂ ਦੇ ਗੁਰਸਿੱਖੀ ਜੀਵਨ ਵਿੱਚ ਕੋਈ ਘਾਟ ਹੋਵੇ ਜਾਂ ਉਹ ਆਪਣਾ ਸੁਆਰਥ ਪੂਰਾ ਕਰਨ ਲਈ ਗੁਰੂ ਦੇ ਸਿਧਾਂਤ ਨੂੰ ਵਿਗਾੜ ਕੇ ਪੇਸ਼ ਕਰਦੇ ਹਨ। ਉਨ੍ਹਾਂ ਕਿਹਾ ਕਿ ਜੇ ਉਹ ਸੰਪਾਦਕ ਸਾਨੂੰ ਸ੍ਰੀਚੰਦੀਆਂ ਦੇ ਵਾਰਸ ਤੇ ਪੁਜਾਰੀ ਹੋਣ ਦਾ ਤਾਹਨਾਂ ਮਾਰਦਾ ਹੈ, ਤਾਂ ਉਹ ਆਪਣੇ ਕਿਰਦਾਰ ’ਤੇ ਨਜ਼ਰ ਮਾਰ ਕੇ ਵੇਖੇ ਕਿ ਕਦੀ ਉਹ ਕਿਸੇ ਸਾਜਿਸ਼ ਅਧੀਨ ਗੁਰਬਾਣੀ ਵਿੱਚ ਤਬਦੀਲ਼ੀਆਂ ਕਰਨ ਲਈ ਰਾਮ ਰਾਏ ਦਾ ਰੋਲ ਅਦਾ ਤਾਂ ਨਹੀਂ ਕਰ ਰਿਹਾ!


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top