Share on Facebook

Main News Page

ਗਲਤ ਸ਼ਬਦ ਜੋੜਾਂ ਅਤੇ ਸੁਨਹਿਰੀ ਅੱਖਰਾਂ ਵਾਲੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਮੱਕੜ ਦੇ ਕੁੜਮਾਂ ਦੀ ਪ੍ਰਿੰਟਿੰਗ ਪ੍ਰੈੱਸ ’ਤੇ ਛਪੇ: ਭਾਈ ਰਣਜੀਤ ਸਿੰਘ

* ਪੜਾਲੀਆ ਕਮੇਟੀਆਂ ਬਣਾਉਣ ਦੀ ਕੋਈ ਤੁਕ ਹੀ ਨਹੀਂ ਰਹਿ ਜਾਂਦੀ
* ਸ਼੍ਰੋਮਣੀ ਕਮੇਟੀ ਨੂੰ ਚਾਹੀਦਾ ਹੈ ਕਿ ਉਹ ਸੁਰਿੰਦਰ ਸਿੰਘ ਢੇਸੀ, ਜਿਹੜਾ ਕਿ ਇਹ ਬੀੜਾਂ ਉਨ੍ਹਾਂ ਪਾਸ ਲੈ ਕੇ ਗਿਆ ਸੀ, ਤੇ ਜਿਸ ਨੂੰ ਸ਼੍ਰੋਮਣੀ ਕਮੇਟੀ ਵੀ ਸਵੀਕਾਰਦੀ ਹੈ, ਵਿਰੁਧ ਕੇਸ ਦਰਜ ਕਰਵਾਏ: ਭਾਈ ਗੋਸ਼ਾ
* ਅਕਾਲ ਤਖ਼ਤ ਦੇ ਜਥੇਦਾਰ, ਪੰਥ ਨੂੰ ਗੰਭੀਰ ਚੁਣੌਤੀਆਂ ਦੇਣ ਵਾਲੇ ਮਸਲਿਆਂ ਨੂੰ ਠੰਡੇ ਬਸਤੇ ਵਿੱਚ ਪਾ ਕੇ ਜਿਥੇ ਆਪਣੇ ਤੇ ਸਰਬਉਚ ਸੰਸਥਾ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਵਕਾਰ ਨੂੰ ਭਾਰੀ ਢਾਹ ਲਾ ਰਹੇ ਹਨ, ਉਥੇ ਸਿੱਖ ਕੌਮ ਦੀ ਹੋਂਦ ਨੂੰ ਵੀ ਖਤਰੇ ਵਿੱਚ ਪਾ ਰਹੇ ਹਨ
* ਜੇ ਅਕਾਲ ਤਖ਼ਤ ਅਤੇ ਸ਼੍ਰੋਮਣੀ ਕਮੇਟੀ ਨੇ 17 ਮਈ 2007 ਨੂੰ ਜਾਰੀ ਹੋਇਆ, ਸੌਦਾ ਸਾਧ ਅਤੇ ਉਸ ਦੇ ਚੇਲਿਆਂ ਦੇ ਸਮਾਜਕ ਬਾਈਕਾਟ ਕੀਤੇ ਜਾਣ ਵਾਲਾ ਹੁਕਮਨਾਮਾ ਹੂਬਹੂ ਲਾਗੂ ਕੀਤਾ ਹੁੰਦਾ ਤਾਂ ਅੱਜ ਉਸ ਵਲੋਂ ਆਪਣੇ ਆਪ ਨੂੰ ਗੁਰੂ ਨਾਨਕ ਦੀ ਤੁਲਨਾ ਕਰਵਾਉਣ ਦੀ ਕਦਾਚਿਤ ਹਿੰਮਤ ਨਾ ਪੈਂਦੀ: ਭਾਈ ਸਿਰਸਾ

ਬਠਿੰਡਾ, 22 (ਕਿਰਪਾਲ ਸਿੰਘ): ਗਲਤ ਸ਼ਬਦ ਜੋੜਾਂ ਅਤੇ ਸੁਨਹਿਰੀ ਅੱਖਰਾਂ ਵਾਲੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਮੱਕੜ ਦੇ ਕੁੜਮਾਂ ਦੀ ਮੀਰਾਂ ਪ੍ਰਿੰਟਿੰਗ ਪ੍ਰੈੱਸ ਲੁਧਿਆਣਾ ’ਤੇ ਛਪੇ ਹਨ ਇਸੇ ਕਾਰਣ ਅਕਾਲ ਤਖ਼ਤ ਸਾਹਿਬ ਵਲੋਂ ਜਾਰੀ ਕੀਤੇ ਗਏ ਹੁਮਨਾਮੇ ਅਤੇ ਪੰਜਾਬ ਸਰਕਾਰ ਵਲੋਂ 2008 ਵਿੱਚ ਪਾਸ ਕੀਤੇ ਗਏ ਜਾਗਤ ਜੋਤਿ ਗੁਰੂ ਗ੍ਰੰਥ ਸਾਹਿਬ ਐਕਟ ਦੀ ਘੋਰ ਉਲੰਘਣਾ ਕੀਤੇ ਜਾਣ ਦੇ ਬਾਵਯੂਦ ਉਨ੍ਹਾਂ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਇਹ ਸ਼ਬਦ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਨੇ ਕਹੇ।

ਉਨ੍ਹਾਂ ਦੱਸਿਆ ਕਿ ਪ੍ਰਾਈਵੇਟ ਪ੍ਰਿੰਟਿੰਗ ਪ੍ਰੈੱਸਾਂ ਵਲੋਂ ਵਪਾਰਕ ਤੌਰ ’ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਕੀਤੀ ਜਾ ਰਹੀ ਛਪਾਈ ਦੌਰਾਨ ਬੇਅੰਤ ਕੁਤਾਹੀ ਤੇ ਲਾਪ੍ਰਵਾਹੀ ਵਰਤੇ ਜਾਣ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਤੇ ਗੁਰਬਾਣੀ ਦੀ ਸ਼ੁਧਤਾ ਨੂੰ ਛਿੱਕੇ ਟੰਗੇ ਜਾਣ ਦੀਆਂ ਘਟਨਾਵਾਂ ਸਾਹਮਣੇ ਆਉਣ ’ਤੇ ਉਨ੍ਹਾਂ ਦੇ ਕਾਰਜਕਾਲ ਦੌਰਾਨ ਗੁਰੂ ਗ੍ਰੰਥ ਸਾਹਿਬ ਜੀ ਦੀ ਛਪਾਈ ਸਬੰਧੀ ਇੱਕ ਹੁਕਮਨਾਮਾ ਜਾਰੀ ਕੀਤਾ ਗਿਆ ਸੀ ਅਤੇ ਇਸੇ ਅਧਾਰ ’ਤੇ ਬਾਦਲ ਸਰਕਾਰ ਨੇ ‘ਜਾਗਤ ਜੋਤਿ ਗੁਰੂ ਗ੍ਰੰਥ ਸਾਹਿਬ ਐਕਟ-2008’ ਪਾਸ ਕੀਤਾ, ਜਿਸ ਅਨੁਸਾਰ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੀ ਛਪਵਾਈ ਕੇਵਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹੀ ਕਰ ਸਕਦੀਆਂ ਹਨ ਤੇ ਇਨ੍ਹਾਂ ਦੋਵਾਂ ਤੋਂ ਇਲਾਵਾ ਹੋਰ ਕਿਸੇ ਵੀ ਪ੍ਰਾਈਵੇਟ ਸੰਸਥਾ, ਪ੍ਰਿੰਟਿੰਗ ਪ੍ਰੈੱਸ/ਪਬਲਿਸ਼ਰ ਨੂੰ ਛਾਪਣ ਦਾ ਕੋਈ ਅਧਿਕਾਰ ਨਹੀਂ ਹੈ। ਇਸ ਐਕਟ ਦੀ ਉਲੰਘਣਾ ਕਰਨ ਵਾਲਿਆਂ ਨੂੰ ਦੋ ਸਾਲ ਦੀ ਸਜਾ ਹੈ।

ਭਾਈ ਰਣਜੀਤ ਸਿੰਘ ਨੇ ਦੱਸਿਆ ਕਿ ਵਿਵਾਦਤ ਸੁਨਹਿਰੀ ਅੱਖਰਾਂ ਵਾਲੀ ਬੀੜ ਦੀ ਛਪਵਾਈ ਦਾ ਕੰਮ ਐਨ.ਆਈ.ਆਰ ਸੁਲੱਖਣ ਸਿੰਘ ਜੌਹਲ ਅਤੇ ਉਨ੍ਹਾਂ ਦੇ ਪੁੱਤਰ ਮਨਵੀਰ ਸਿੰਘ ਜੌਹਲ ਨੇ ਰਿੰਕਲ ਕਾਰਡ ਪ੍ਰਿੰਟਿੰਗ ਪ੍ਰੈੱਸ ਲੁਧਿਆਣਾ ਨੂੰ ਦਿੱਤਾ ਜਿਨ੍ਹਾਂ ਨੇ ਅੱਗੇ ਇਹ ਕੰਮ ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਦੇ ਕੁੜਮਾਂ ਦੀ ਮਾਲਕੀ ਵਾਲੀ ਮੀਰਾਂ ਪ੍ਰਿੰਟਿੰਗ ਪ੍ਰੈੱਸ ਲੁਧਿਆਣਾ ਨੂੰ ਦੇ ਦਿੱਤਾ। ਮੱਕੜ ਦੇ ਕੁੜਮਾਂ ਨੇ ਮੋਟੀ ਰਕਮ ਲੈ ਕੇ ਇਹ ਸਰੂਪ ਛਾਪ ਦਿੱਤੇ ਤੇ ਇਨ੍ਹਾਂ ਦੀ ਜਿਲਦਸਾਜੀ ਗੁਰੂ ਗ੍ਰੰਥ ਸਾਹਿਬ ਭਵਨ ਰਾਮਸਰ ਸ਼੍ਰੀ ਅੰਮ੍ਰਿਤਸਰ ਤੋਂ ਕਰਵਾ ਲਈ। ਭਾਈ ਰਣਜੀਤ ਸਿੰਘ ਨੇ ਕਿਹਾ ਕਿ ਇਹ ਕੰਮ ਪ੍ਰਧਾਨ ਮੱਕੜ ਦੀ ਸਹਿਮਤੀ ਤੋਂ ਬਿਨਾਂ ਹੋ ਹੀ ਨਹੀਂ ਸਕਦਾ, ਇਸ ਲਈ ਇਸ ਦੀ ਸਜਾ ਦਾ ਹੱਕਦਾਰ ਸਿੱਧੇ ਤੌਰ ’ਤੇ ਪ੍ਰਧਾਨ ਮੱਕੜ ਹੈ। ਭਾਈ ਰਣਜੀਤ ਸਿੰਘ ਨੇ ਕਿਹਾ ਕਿ ਮੱਕੜ ਦਾ ਫਰਜ ਬਣਦਾ ਸੀ ਕਿ ਜਿਸ ਸਮੇਂ ਅਕਾਲ ਤਖ਼ਤ ਦੇ ਹੁਮਨਾਮੇ ਤੇ ਪੰਜਾਬ ਸਰਕਾਰ ਵਲੋਂ ਪਾਸ ਕੀਤੇ ਕਨੂੰਨ ਦੀ ਉਲੰਘਣਾ ਕਰਕੇ ਛਪਵਾਈਆਂ ਬੀੜਾਂ ਸ਼੍ਰੋਮਣੀ ਕਮੇਟੀ ਪਾਸ ਪਹੁੰਚੀਆਂ ਸਨ, ਉਸੇ ਸਮੇਂ ਉਹ ਪ੍ਰਿੰਟਿੰਗ ਪ੍ਰੈੱਸ ਵਿਰੁਧ ਪੁਲਿਸ ਪਾਸ ਕੇਸ ਦਰਜ ਕਰਵਾਉਂਦਾ ਤੇ ਜੇ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਆਪਣਾ ਫਰਜ ਨਿਭਾਉਣ ਵਿੱਚ ਕੁਤਾਹੀ ਕੀਤੀ ਸੀ ਤਾਂ ਅਕਾਲ ਤਖ਼ਤ ਵਲੋਂ ਪ੍ਰਧਾਨ ਸਮੇਤ ਦੋਸ਼ੀਆਂ ਵਿਰੁਧ ਕਾਰਵਾਈ ਕੀਤੀ ਜਾਂਦੀ। ਪਰ ਇਸ ਵਿੱਚ ਮੱਕੜ ਦੇ ਕੁੜਮਾਂ ਦੀ ਸ਼ਮੂਲੀਅਤ ਹੋਣ ਕਰਕੇ ਪ੍ਰਧਾਨ ਮੱਕੜ ਅਤੇ ਅਕਾਲ ਤਖ਼ਤ ਦੇ ਜਥੇਦਾਰ ਦੋਵੇਂ ਹੀ ਆਪਣਾ ਫਰਜ ਨਹੀਂ ਨਿਭਾ ਰਹੇ। ਉਨ੍ਹਾਂ ਕਿਹਾ ਕਿ ਜੇ ਇਨ੍ਹਾਂ ਵਿਰੁਧ ਹੁਣ ਕੋਈ ਕਾਰਵਾਈ ਨਹੀਂ ਹੁੰਦੀ ਤਾਂ ਅੱਗੇ ਤੋਂ ਗੁਰੂ ਗ੍ਰੰਥ ਸਾਹਿਬ ਦੀ ਛਪਵਾਈ ਮਨਮਾਨੇ ਢੰਗ ਨਾਲ ਕਰਕੇ ਜਾਗਤ ਜੋਤਿ ਸ਼ਬਦ ਗੁਰੂ ਵਿੱਚ ਮਿਲਾਵਟ ਕਰਨ ਦਾ ਰਾਹ ਖੁਲ੍ਹਦਾ ਹੈ।

ਸ਼੍ਰੋਮਣੀ ਅਕਾਲੀ ਦਲ (ਦਿੱਲੀ) ਯੂਥ ਵਿੰਗ ਪੰਜਾਬ ਦੇ ਪ੍ਰਧਾਨ ਭਾਈ ਗੁਰਦੀਪ ਸਿੰਘ ਗੋਸ਼ਾ ਜਿਨ੍ਹਾਂ ਨੇ ਸ਼ੁਰਆਤੀ ਸਮੇਂ ਵਿੱਚ, ਇਨ੍ਹਾਂ ਸੁਨਹਿਰੀ ਬੀੜਾਂ ਦੀ ਛਪਵਾਈ ਕਿਥੋਂ ਤੇ ਕਿਸ ਨੇ ਕਰਵਾਈ, ਦੀ ਪੜਤਾਲ ਦਾ ਕਾਫੀ ਕੰਮ ਕੀਤਾ ਹੈ ਤੇ ਜਿਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਪਾਸ ਪ੍ਰਿੰਟਿੰਗ ਪ੍ਰੈੱਸ ਮਾਲਕਾਂ ਤੇ ਹੋਰਨਾਂ ਦੀਆਂ ਰੀਕਾਰਡਡ ਸਟੇਟਮੈਂਟਾਂ ਤੇ ਹੋਰ ਸਬੂਤ ਹਨ, ਨੇ ਭਾਈ ਰਣਜੀਤ ਸਿੰਘ ਵਲੋਂ ਲਾਏ ਦੋਸ਼ਾਂ ਦੀ ਪ੍ਰੋੜਤਾ ਕਰਦੇ ਹੋਏ ਦੱਸਿਆ ਕਿ ਉਹ ਸਾਰੇ ਸਬੂਤ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਦੇ ਆਏ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਪਾਸ ਇਹ ਵੀ ਸਬੂਤ ਹਨ ਕਿ ਇਨ੍ਹਾਂ ਬੀੜਾਂ ਨੂੰ ਸੁਰਿੰਦਰ ਸਿੰਘ ਸੰਗ ਢੇਸੀਆਂ ਸ਼੍ਰੋਮਣੀ ਕਮੇਟੀ ਦੀ ਗੱਡੀ ਵਿੱਚ ਹੀ ਲੈ ਕੇ ਅੰਮ੍ਰਿਤਸਰ ਗਿਆ ਤੇ ਕਮੇਟੀ ਅਧਿਕਾਰੀਆਂ ਦੀ ਸਹਿਮਤੀ ਨਾਲ ਗੁਰਦੁਆਰਿਆਂ ਵਿੱਚ ਪ੍ਰਕਾਸ਼ ਕੀਤਾ ਗਿਆ, ਜਿਨ੍ਹਾਂ ਵਿੱਚੋਂ ਕੁਝ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਵਾਲੇ ਗੁਰਦੁਆਰੇ ਵੀ ਹਨ। ਇਸ ਲਈ ਪੜਾਲੀਆ ਕਮੇਟੀਆਂ ਬਣਾਉਣ ਦੀ ਕੋਈ ਤੁਕ ਹੀ ਨਹੀਂ ਰਹਿ ਜਾਂਦੀ, ਸ਼੍ਰੋਮਣੀ ਕਮੇਟੀ ਨੂੰ ਚਾਹੀਦਾ ਹੈ ਕਿ ਉਹ ਸੁਰਿੰਦਰ ਸਿੰਘ ਢੇਸੀ, ਜਿਹੜਾ ਕਿ ਇਹ ਬੀੜਾਂ ਉਨ੍ਹਾਂ ਪਾਸ ਲੈ ਕੇ ਗਿਆ ਸੀ, ਤੇ ਜਿਸ ਨੂੰ ਸ਼੍ਰੋਮਣੀ ਕਮੇਟੀ ਵੀ ਸਵੀਕਾਰਦੀ ਹੈ, ਵਿਰੁਧ ਕੇਸ ਦਰਜ ਕਰਵਾਏ ਤੇ ਉਸ ਦੀ ਪੁੱਛਗਿੱਛ ਦੌਰਾਨ ਸਾਰੀਆਂ ਪ੍ਰਤਾਂ ਆਪੇ ਹੀ ਖੁਲ੍ਹ ਜਾਣਗੀਆਂ।

ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਵਿਸ਼ੇਸ਼ ਸਕੱਤਰ ਭਾਈ ਬਲਦੇਵ ਸਿੰਘ ਸਿਰਸਾ ਨੇ ਕਿਹਾ ਕਿ ਅਕਾਲ ਤਖ਼ਤ ਦੇ ਜਥੇਦਾਰ, ਪੰਥ ਨੂੰ ਗੰਭੀਰ ਚੁਣੌਤੀਆਂ ਦੇਣ ਵਾਲੇ ਮਸਲਿਆਂ ਨੂੰ ਠੰਡੇ ਬਸਤੇ ਵਿੱਚ ਪਾ ਕੇ ਜਿਥੇ ਆਪਣੇ ਤੇ ਸਰਬਉਚ ਸੰਸਥਾ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਵਕਾਰ ਨੂੰ ਭਾਰੀ ਢਾਹ ਲਾ ਰਹੇ ਹਨ ਉਥੇ ਸਿੱਖ ਕੌਮ ਦੀ ਹੋਂਦ ਨੂੰ ਵੀ ਖਤਰੇ ਵਿੱਚ ਪਾ ਰਹੇ ਹਨ। ਉਨ੍ਹਾਂ ਕਿਹਾ ਕਿ ਅੱਜ ਦੀ ਮੀਟਿੰਗ ਦਾ ਮੁੱਖ ਏਜੰਡਾ ਸੀ:- ਬਿਨਾ ਪ੍ਰਵਾਨਗੀ ਦੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਛਾਪਣ ਵਾਲੀ ਪ੍ਰਾਈਵੇਟ ਪ੍ਰਿੰਟਿੰਗ ਪ੍ਰੈੱਸ ਵਿਰੁੱਧ ਕਾਰਵਾਈ ਕਰਨਾ। ਪਰ ਪ੍ਰਧਾਨ ਮੱਕੜ ਦੇ ਕੁੜਮਾਂ ਦੀ ਇਸ ਵਿੱਚ ਸ਼ਮੂਲੀਅਤ ਹੋਣ ਕਰਕੇ ਇਸ ਨੂੰ ਠੰਡੇ ਵਸਤੇ ਵਿੱਚ ਪਾਉਣ ਲਈ ਜਥੇਦਾਰਾਂ ਨੇ ਕੇਂਦਰ ਸਰਕਾਰ ਦੀ ਤਰਜ ਤੇ ਕਮੇਟੀ ਦਰ ਕਮੇਟੀ ਬਣਾਉਣੀ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਸ ਕੰਮ ਲਈ ਪਹਿਲਾਂ ਹੀ ਇੱਕ ਤਿੰਨ ਮੈਂਬਰੀ ਕਮੇਟੀ ਬਣਾਈ ਗਈ ਸੀ ਤੇ ਅੱਜ ਜਥੇਦਾਰਾਂ ਨੇ ਇੱਕ ਹੋਰ ਕਮੇਟੀ ਬਣਾ ਦਿੱਤੀ ਹੈ। ਜਦੋਂ ਕਿ ਉਨ੍ਹਾਂ ਨੂੰ ਚਾਹੀਦਾ ਸੀ ਕਿ ਉਹ ਸੁਰਿੰਦਰ ਸਿੰਘ ਢੇਸੀ ਵਿਰੁੱਧ ਕੇਸ ਦਰਜ ਕਰਵਾਉਣ ਲਈ ਸ਼੍ਰੋਮਣੀ ਕਮੇਟੀ ਨੂੰ ਹਦਾਇਤ ਦਿੰਦੇ। ਦੂਸਰਾ ਅਹਿਮ ਕੇਸ ਸੀ ਸੌਦਾ ਸਾਧ ਵਲੋਂ ਇੱਕ ਅੰਮ੍ਰਿਤਧਾਰੀ ਰਾਗੀ ਰਾਹੀਂ ਆਪਣੇ ਆਪ ਨੂੰ ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ ਦਾ ਹੀ ਰੂਪ ਦੱਸਣਾ। ਇਸ ਨਾਲ ਸਬੰਧਤ ਵੀਡੀਓ ਸੀਡੀਜ਼ ਉਨ੍ਹਾਂ (ਭਾਈ ਸਿਰਸਾ) ਵਲੋਂ ਅਕਾਲ ਤਖ਼ਤ ’ਤੇ ਪਹੁੰਚਾ ਦਿੱਤੀ ਸੀ ਤੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਉਸ ਵਿਰੁਧ ਸਖ਼ਤ ਕਾਰਵਾਈ ਕਰਨ ਦੇ ਅਖ਼ਬਾਰੀ ਬਿਆਨ ਵੀ ਦਿੱਤੇ ਸਨ ਪਰ ਉਸ ਕੇਸ ਨੂੰ ਅੱਜ ਵੀਚਾਰਿਆ ਤੱਕ ਨਹੀਂ ਗਿਆ। ਤੀਸਰਾ ਅਹਿਮ ਕੇਸ ਸੀ ਪਿੰਡ ਧੱਲੇਕੇ ਵਿਖੇ ਸੌਦਾ ਸਾਧ ਦੇ ਚੇਲਿਆਂ ਵਲੋਂ ਗੁਰਦੁਆਰੇ ਤੇ ਗੁਰਸਿੱਖਾਂ ਦੇ ਘਰਾਂ ਤੇ ਹਮਲੇ ਕਰਨ ਦਾ ਅਤੇ ਸੌਦਾ ਸਾਧ ਵਿਰੁਧ ਅਕਾਲ ਤਖ਼ਤ ਤੋਂ ਜਾਰੀ ਹੋਏ ਹੁਕਮਨਾਮੇ ਨੂੰ ਲਾਗੂ ਕਰਵਾਉਣ ਦਾ। ਚੌਥਾ ਕੇਸ ਸੀ ਨਾਮਧਾਰੀ ਅਖੌਤੀ ਗੁਰੂ ਵਲੋਂ ਆਪਣੀ ਤਸਵੀਰ ਗੁਰੂ ਨਾਨਕ ਸਾਹਿਬ ਨਾਲ ਛਪਵਾ ਕੇ ਆਪਣੇ ਆਪ ਨੂੰ ਸਤਿਗੁਰੂ ਲਿਖਵਾਉਣਾ।

ਭਾਈ ਸਿਰਸਾ ਨੇ ਕਿਹਾ ਇਹ ਸਾਰੇ ਕੇਸਾਂ ਸਬੰਧੀ ਅਸੀਂ ਇੱਕ ਡੈਪੂਟੇਸ਼ਨ ਦੇ ਤੌਰ ’ਤੇ ਜਥੇਦਾਰ ਨੂੰ ਅਪ੍ਰੈਲ ਮਹੀਨੇ ਵਿੱਚ ਮਿਲੇ ਸੀ ਜਿਸ ਦੌਰਾਨ ਉਨ੍ਹਾਂ ਨੇ ਅਗਲੀ ਮੀਟਿੰਗ ਵਿੱਚ ਕਾਰਵਾਈ ਕਰਨ ਦਾ ਵਾਅਦਾ ਕੀਤਾ ਸੀ ਪਰ ਉਸ ਪਿਛੋਂ ਕਈ ਮੀਟਿੰਗਾਂ ਹੋ ਹਟੀਆਂ ਹਨ ਤੇ ਅੱਜ ਦੀ ਮੀਟਿੰਗ ਵਿੱਚ ਇਨ੍ਹਾਂ ਕੇਸਾਂ ਨੂੰ ਵੀਚਾਰਿਆ ਤੱਕ ਨਹੀਂ ਗਿਆ। ਭਾਈ ਸਿਰਸਾ ਨੇ ਕਿਹਾ ਜੇ ਅਕਾਲ ਤਖ਼ਤ ਅਤੇ ਸ਼੍ਰੋਮਣੀ ਕਮੇਟੀ ਨੇ 17 ਮਈ 2007 ਨੂੰ ਜਾਰੀ ਹੋਇਆ, ਸੌਦਾ ਸਾਧ ਅਤੇ ਉਸ ਦੇ ਚੇਲਿਆਂ ਦੇ ਸਮਾਜਕ ਬਾਈਕਾਟ ਕੀਤੇ ਜਾਣ ਵਾਲਾ ਹੁਕਮਨਾਮਾ ਹੂਬਹੂ ਲਾਗੂ ਕੀਤਾ ਹੁੰਦਾ ਤਾਂ ਅੱਜ ਉਸ ਵਲੋਂ ਆਪਣੇ ਆਪ ਨੂੰ ਗੁਰੂ ਨਾਨਕ ਦੀ ਤੁਲਨਾ ਕਰਵਾਉਣ ਦੀ ਕਦਾਚਿਤ ਹਿੰਮਤ ਨਾ ਪੈਂਦੀ ਪਰ ਅਕਾਲੀ ਦਲ ਬਾਦਲ ਲਈ ਵੋਟਾਂ ਦੀ ਲਾਲਸਾ ਖ਼ਾਤਰ ਅਕਾਲ ਤਖ਼ਤ ਦੇ ਜਥੇਦਾਰ ਅਤੇ ਸ਼੍ਰੋਮਣੀ ਕਮੇਟੀ ਨੇ ਉਹ ਹੁਕਮਨਾਮਾ ਲਾਗੂ ਕਰਨ ਤੋਂ ਪੂਰੀ ਤਰ੍ਹਾਂ ਘੇਸਲ ਵੱਟੀ ਹੋਈ ਹੈ ਜਿਸ ਕਾਰਣ ਸੌਦਾ ਸਾਧ ਦੇ ਹੌਸਲੇ ਬੁਲੰਦ ਹਨ ਤੇ ਉਹ ਨਿਤ ਦਿਹਾੜੇ ਆਪਣੇ ਆਪ ਨੂੰ ਗੁਰੂ ਨਾਨਕ ਅਤੇ ਗੁਰੂ ਗੋਬਿੰਦ ਸਿੰਘ ਦਾ ਹੀ ਸਰੂਪ ਦੱਸ ਕੇ ਸਿੱਖਾਂ ਦੇ ਹਿਰਦੇ ਵਲੂੰਦਰ ਰਿਹਾ ਹੈ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top