Share on Facebook

Main News Page

ਸੌਦਾ ਸਾਧ ਦੀ ਹੁਣ ਗੁਰੂ ਨਾਨਕ ਸਾਹਿਬ ਨਾਲ ਕੀਤੀ ਤੁਲਨਾ

ਅੰਮ੍ਰਿਤਸਰ/ਅਨੰਦਪੁਰ ਸਾਹਿਬ, 21 ਜੁਲਾਈ (ਚਰਨਜੀਤ ਸਿੰਘ/ਸੁਰਿੰਦਰ ਸਿੰਘ ਸੋਨੀ/ਸੁਖਵਿੰਦਰਪਾਲ ਸਿੰਘ ਸੁਖੂ): ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਰਚਾਉਣ ਤੋਂ ਪੂਰੇ ਚਾਰ ਸਾਲ ਬਾਅਦ ਸੌਦਾ ਸਾਧ ਨੇ ਅਪਣੀ ਤੁਲਨਾ ਗੁਰੂ ਨਾਨਕ ਸਾਹਿਬ ਨਾਲ ਕਰਵਾ ਕੇ ਇਕ ਨਵਾਂ ਵਿਵਾਦ ਖੜਾ ਕਰ ਦਿਤਾ ਹੈ। ਡੇਰਾ ਸਿਰਸਾ ਦੇ ਇਕ ਸਮਾਗਮ ਵਿਚ ਗੁਰਬਾਣੀ ਦਾ ਕੀਰਤਨ ਕਰਨ ਵਾਲੇ ਇਕ ਅੰਮ੍ਰਿਤਧਾਰੀ ਰਾਗੀ ਨੇ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦੀ ਤੁਲਨਾ ਗੁਰੂ ਨਾਨਕ ਸਾਹਿਬ ਨਾਲ ਕੀਤੀ ਹੈ।

‘ਜਥੇਦਾਰ’ ਗਿਆਨੀ ਗੁਰਬਚਨ ਸਿੰਘ ਦਾ ਕਹਿਣਾ ਹੈ ਕਿ ਉਹ ਇਸ ਵੀਡੀਉ ਦੀ ਗੰਭੀਰਤਾ ਨਾਲ ਘੋਖ ਕਰ ਕੇ ਰੀਪੋਰਟ ਤਿਆਰ ਕਰ ਰਹੇ ਹਨ। ਸੰਭਾਵਨਾ ਹੈ ਕਿ ਕਲ 22 ਜੁਲਾਈ ਨੂੰ ਪੰਜ ‘ਜਥੇਦਾਰਾਂ’ ਦੀ ਹੋਣ ਵਾਲੀ ਬੈਠਕ ਵਿਚ ਇਹ ਮਾਮਲਾ ਵਿਚਾਰਿਆ ਜਾਵੇਗਾ। ਸੌਦਾ ਸਾਧ ਦੇ ਨਵੇਂ ਕਾਰਨਾਮੇ ਦੀਆਂ ਵੀਡੀਉ ਕਲਿੱਪਜ਼ ਨੂੰ ਇੰਟਰਨੈਟ ਵੈਬਸਾਈਟ ‘ਯੂ-ਟਿਊਬ’ ਉਤੇ ਵੀ ਪਾ ਦਿਤਾ ਗਿਆ ਹੈ। ਵੀਡੀਉ ਕਲਿੱਪਜ਼ ਅਨੁਸਾਰ ਡੇਰਾ ਸਿਰਸਾ ਦਾ ਇਕ ਸਮਾਗਮ ਚੱਲ ਰਿਹਾ ਹੈ ਜਿਥੇ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਇਕ ਉਚੇ ਆਸਣ ’ਤੇ ਬੈਠਾ ਹੈ ਜਦਕਿ ਇਕ ਅੰਮ੍ਰਿਤਧਾਰੀ ਰਾਗੀ ਸਿੰਘ ਨੀਵੀਂ ਜਗ੍ਹਾ ’ਤੇ ਬੈਠ ਕੇ ਕੀਰਤਨ ਕਰ ਰਿਹਾ ਹੈ। ਅਪਣਾ ਨਾਮ ‘ਭਾਈ ਸ਼ਮਿੰਦਰਪਾਲ ਸਿੰਘ ਇੰਸਾ’ ਦੱਸਣ ਵਾਲਾ ਇਹ ਰਾਗੀ ਸ਼ੁੱਧ ਗੁਰਬਾਣੀ ਦਾ ਕੀਰਤਨ ਕਰ ਰਿਹਾ ਹੈ ਅਤੇ ਗੁਰਬਾਣੀ ਸ਼ਬਦ ਨੂੰ ਡੇਰਾ ਮੁਖੀ ’ਤੇ ਢੁਕਾਉਂਦਿਆਂ ਕਥਾ ਵੀ ਕਰਦਾ ਹੈ। ਜਦ ਉਹ ਗੁਰਬਾਣੀ ਦੇ ਸ਼ਬਦ ਢੁਕਾ ਕੇ ਡੇਰਾ ਮੁਖੀ ਦੀ ਮਹਿਮਾ ਗਾਉਂਦਾ ਹੈ ਤਾਂ ਲੋਕ ਤਾੜੀਆਂ ਮਾਰਦੇ ਹਨ। ਰਾਗੀ ਡੇਰਾ ਮੁਖੀ ਦੀ ਤੁਲਨਾ ਗੁਰੂ ਨਾਨਕ ਸਾਹਿਬ ਨਾਲ ਕਰਦਿਆਂ ਆਖਦਾ ਹੈ ਕਿ ਜਿਵੇਂ ਭਾਈ ਮਰਦਾਨਾ, ਗੁਰੂ ਨਾਨਕ ਸਾਹਿਬ ਨਾਲ ਕੀਰਤਨ ਦੀ ਹਾਜ਼ਰੀ ਭਰਦਾ ਸੀ, ਉਸੇ ਤਰ੍ਹਾਂ ਸਾਨੂੰ ਵੀ ਸਤਿਗੁਰ ਦੇ ਦਰਬਾਰ ’ਚ ਹਾਜ਼ਰੀ ਭਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਰਾਗੀ ਸਿੰਘ ਗੁਰਬਾਣੀ ਦੇ ਸ਼ਬਦਾਂ ਨੂੰ ਡੇਰਾ ਮੁਖੀ ’ਤੇ ਢੁਕਾਉਂਦਿਆਂ ਇਥੋਂ ਤਕ ਆਖਦਾ ਹੈ ਕਿ ਉਸ ਨੂੰ ਡੇਰਾ ਮੁਖੀ ਵਿਚੋਂ ਗੁਰੂ ਨਾਨਕ ਸਾਹਿਬ ਅਤੇ ਕਲਗ਼ੀਧਰ ਪਿਤਾ ਦੇ ਪ੍ਰਤੱਖ ਦਰਸ਼ਨ ਹੋ ਗਏ ਹਨ।

ਯਾਦ ਰਹੇ ਕਿ 13 ਮਈ, 2007 ਨੂੰ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਵਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਵਾਂਗ ਅੰਮ੍ਰਿਤ ਛਕਾਉਣ ਦਾ ਸਵਾਂਗ ਰਚਾਉਣ ਤੋਂ ਬਾਅਦ ਪੰਜਾਬ ਵਿਚ ਕਈ ਦਿਨ ਲਗਾਤਾਰ ਫ਼ਿਰਕੂ ਹਿੰਸਾ ਹੁੰਦੀ ਰਹੀ ਸੀ। ਸੀ.ਡੀ. ਲੈ ਕੇ ਅਕਾਲ ਤਖ਼ਤ ਵਿਖੇ ਪੁਜਣ ਵਾਲੇ ਸਿੱਖ ਆਗੂਆਂ ਨੇ ਕਿਹਾ ਕਿ ਡੇਰਾ ਮੁਖੀ ਨੇ ਸਿੱਖ ਜਜ਼ਬਾਤ ਨੂੰ ਸੱਟ ਮਾਰਨ ਦੀ ਨੀਅਤ ਨਾਲ ਹੀ ਅਪਣੇ ਇਕ ਚੇਲੇ ਨੂੰ ਅੰਮ੍ਰਿਤਧਾਰੀ ਸਿੰਘ ਦੇ ਭੇਖ ’ਚ ਅਪਣੇ ਤੋਂ ਬਹੁਤ ਨੀਵੀਂ ਜਗ੍ਹਾ ’ਤੇ ਬਿਠਾ ਕੇ ਗੁਰਬਾਣੀ ਕੀਰਤਨ ਕਰਵਾਇਆ ਅਤੇ ਗੁਰਬਾਣੀ ਦੇ ਏਨੇ ਗ਼ਲਤ ਅਰਥ ਕਰਵਾਏ ਜਿਨ੍ਹਾਂ ਨੂੰ ਕੋਈ ਵੀ ਸਿੱਖ ਸੁਣ ਨਹੀਂ ਸਕਦਾ। ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਵਿਵਾਦਗ੍ਰਸਤ ਵੀਡੀਉ ਸੀ.ਡੀ. ਪ੍ਰਾਪਤ ਹੋ ਗਈ ਹੈ। ਉਹ ਇਸ ਦੀ ਪੂਰੀ ਘੋਖ ਕਰ ਕੇ ਰੀਪੋਰਟ ਤਿਆਰ ਕਰਵਾ ਰਹੇ ਹਨ। ਇਸ ਮਾਮਲੇ ’ਚ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਆਖਿਆ ਕਿ ਡੇਰਾ ਮੁਖੀ ਦਾ ਤਾਂ ਪਹਿਲਾਂ ਹੀ ਸਿੱਖ ਕੌਮ ਵਲੋਂ ਸਮਾਜਕ ਬਾਈਕਾਟ ਕੀਤਾ ਜਾ ਚੁੱਕਾ ਹੈ। ਇਸ ਮਾਮਲੇ ’ਚ ਗੁਰਬਾਣੀ ਦਾ ਘੋਰ ਨਿਰਾਦਰ ਕਰਨ ਵਾਲੇ ਅੰਮ੍ਰਿਤਧਾਰੀ ਰਾਗੀ ਵਿਰੁਧ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਹੋਰ ਜਾਣਕਾਰੀ ਅਨੁਸਾਰ ਸੀ.ਡੀ. ਵਿਚ ਰਾਗੀ ਸ਼ਵਿੰਦਰਪਾਲ ਸਿੰਘ ਬਾਰੇ ਦਾਅਵਾ ਕੀਤਾ ਜਾਂਦਾ ਹੈ ਕਿ ਉਹ ਭਾਈ ਮਰਦਾਨਾ ਜੀ ਦੀ 17ਵੀਂ ਪੀੜ੍ਹੀ ਵਿਚੋਂ ਹੈ। ਸੌਦਾ ਸਾਧ ਦੀ ਸ਼ਾਨ ਵਿਚ ਸੋਹਲੇ ਗਾਉਣ ਲਗਿਆਂ ਰਾਗੀ ਸਾਰੀਆਂ ਹੱਦਾਂ ਪਾਰ ਕਰ ਜਾਂਦਾ ਹੈ। ਰਾਗੀ ਅਨੁਸਾਰ ‘‘ਬੰਦੇ ਦੀ ਅਕਲ ਵਿਚ ਹਨੇਰਾ ਹੈ ਤੇ ਇਥੇ ਹੀ ਸੱਚ ਹੈ।’’ ਰਾਗੀ ਅਨੁਸਾਰ ਸਾਡੇ ਬਜ਼ੁਰਗ 1980 ਵਿਚ ਪਟਨਾ ਸਾਹਿਬ ਤੋਂ ਉਗਰਾਹੀ ਕਰਦੇ ਇਥੇ ਆਏ ਤਾਂ ਸਾਧ ਤੋਂ ਪਹਿਲੇ ਬਾਬੇ ਨੇ ਪੂਰੀ ਗੱਡੀ ਅਨਾਜ ਨਾਲ ਭਰ ਦਿਤੀ। ਰਾਗੀ ਅਪਣੇ ਬਜ਼ੁਰਗਾਂ ਦਾ ਨਾਮ ਪਾਲ ਸਿੰਘ, ਪ੍ਰਿਥੀਪਾਲ ਸਿੰਘ ਅਤੇ ਮੋਹਨ ਪਾਲ ਸਿੰਘ ਦਸਦਾ ਹੈ। ਸੌਦਾ ਸਾਧ ਦੇ ਕਸੀਦੇ ਪੜ੍ਹਦਾ ‘ਅੰਮ੍ਰਿਤਧਾਰੀ’ ਦਿਸਦਾ ਰਾਗੀ ਸਾਰੀਆਂ ਹੱਦਾਂ ਪਾਰ ਕਰ ਜਾਂਦਾ ਗੁਰਬਾਣੀ ਦੇ ਪਵਿੱਤਰ ਸ਼ਬਦ ‘ਜੈਸਾ ਸਤਿਗੁਰੂ ਸੁਣਿਦਾ ਤੈਸੋ ਹੀ ਮੈ ਡੀਠ’ ਨੂੰ ਸੌਦਾ ਸਾਧ ਨਾਲ ਜੋੜਦਾ ਹੈ। ਕੀਰਤਨ ਸੁਣਨ ਵਾਲੇ ਬਹੁਤੇ ਲੋਕ ਨੰਗੇ ਸਿਰ ਬੈਠੇ ਹੋਏ ਵਿਖਾਏ ਗਏ ਹਨ। ਇਥੇ ਹੀ ਬੱਸ ਨਹੀਂ, ਸੌਦਾ ਸਾਧ ਦੇ ਨਾਹਰੇ ‘ਧਨ ਧਨ ਸਤਿਗੁਰੂ ਤੇਰਾ ਹੀ ਆਸਰਾ’ ਗਾ ਕੇ ਰਾਗੀ ਜਿਸ ਤਰ੍ਹਾਂ ਗੁਰਬਾਣੀ ਦੀਆਂ ਮਿਸਾਲਾਂ ਦਿੰਦਾ ਹੈ, ਉਹ ਸੌਦਾ ਸਾਧ ਬਾਰੇ 19 ਜੁਲਾਈ 2009 ਨੂੰ ਹੋਏ ਕੌਮੀ ਫ਼ੈਸਲੇ ਨੂੰ ਚੁਨੌਤੀ ਦੇਣ ਦੇ ਬਰਾਬਰ ਹੈ। ਰਾਗੀ ਅਨੁਸਾਰ ਲੋਕ ਮਰਿਆਂ ਨੂੰ ਮੰਨੀ ਜਾ ਰਹੇ ਹਨ ਪਰ ਹਾਜ਼ਰ ਨਾਜਰ ਤੋਂ ਦੂਰ ਰਹਿ ਰਹੇ ਹਨ, ਇਹ ਵੱਡਾ ਪਾਪ ਹੈ। ਰਾਗੀ ਮੁਤਾਬਕ ਆਸੇ-ਪਾਸੇ ਦੇ ਲੋਕ ਭਰਮੇ ਪਏ ਹਨ ਤੇ ਨਰਕ ਨੂੰ ਜਾਣਗੇ। ਰਾਗੀ ਅਪਣੇ ਗੀਤ ਵਿਚ ਵਿਖਿਆਨ ਦੌਰਾਨ ਦਸਦਾ ਹੈ ਕਿ ਉਹ ਪਟਿਆਲਾ ਦਾ ਹੈ। ਇਹ ਸੀ.ਡੀ. 3 ਜੁਲਾਈ 2011 ਨੂੰ ਰੀਕਾਰਡ ਹੋਈ ਹੈ।

ਡੇਰਾ ਸੱਚਾ ਸੌਦਾ ਸਤਸੰਗ 3 ਜੁਲਾਈ 2011 ਪਾਰਟ 2/2

ਦਿਨ ਰਾਤੀ ਅਰਾਧਹੁ ਪਿਆਰੇ - ਛਮਿੰਦਰਪਾਲ ਇੰਸਾਂ

 

 

ਡੇਰਾ ਸੱਚਾ ਸੌਦਾ 4 ਜੁਲਾਈ 2011 ਈਵਨਿੰਗ ਮਜਲਿਸ

ਡੇਰਾ ਸੱਚਾ ਸੌਦਾ…ਸਤਿਗੁਰੂ ਨੇ ਫੜੀ ਮੇਰੀ ਬਾਂਹ, ਨੀ ਸਹੀਓ ਮੈਂ ਸੁਹਾਗਣ ਹੋ ਗਈ

 

 


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top