Share on Facebook

Main News Page

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਅਸਲੀ ਨਕਲੀ ਦਾ ਪ੍ਰਚਾਰ ਕਰਕੇ, ਸਿੱਖੀ ਨੂੰ ਹੋਰ ਪੋਥੀਆਂ, ਗ੍ਰੰਥਾਂ ਅਤੇ ਡੇਰਿਆਂ ਨਾਲ ਜੁੜਨ ਦਾ ਰਾਹ ਪਧਰਾ ਕਰਨ ਵਾਲੇ ਭੇਖਧਾਰੀ ਸਿੱਖਾਂ ਨੂੰ ਧ੍ਰਿਕਾਰ ਧ੍ਰਿਕਾਰ ਧ੍ਰਿਕਾਰ

ਜੋ ਸਤਿਗੁਰ ਸਰਣਿ ਸੰਗਤਿ ਨਹੀ ਆਏ ਧ੍ਰਿਗੁ ਜੀਵੇ ਧ੍ਰਿਗੁ ਜੀਵਾਸਿ
ਇਕਸੁ ਸਤਿਗੁਰ ਬਾਹਰਾ ਧ੍ਰਿਗੁ ਜੀਵਣੁ ਸੰਸਾਰਿ॥

ਆਹਾ-ਗਾਤਰੇ ਪਹਿਨੀਆਂ ਕਿਰਪਾਨਾਂ ਵਾਲੇ, ਹੱਥ ਵਿੱਚ ਫੜੀਆਂ ਕਲਮਾ ਵਾਲੇ, ਸਿਆਸਤ ਅਤੇ ਧਰਮਸਥਾਨਾਂ ਵਿੱਚ ਬੈਠੇ ਕੁਰਸੀਆਂ ਵਾਲੇ ਅੱਜ ਬਹੁਤੇ ਜ਼ਾਲਮ ਜੱਲਾਦ ਹੀ ਦਿਸਦੇ ਨੇ, ਜਿਹੜੇ ਬੜੀ ਤੇਜ਼ੀ ਨਾਲ ਸਿੱਖੀ ਨੂੰ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲੋਂ ਤੋੜ ਕੇ, ਮਿਰਤਕ ਦੇਹ ਕਰਕੇ ਡੂੰਗੀ ਕਬਰ ਵਿੱਚ ਦਫਨਾਉਣ ਦੇ ਉਪਰਾਲੇ ਕਰ ਰਹੇ ਹਨ। ਇਹਨਾ ਕੇਸਾਧਾਰੀ ਬਾਮਣਾਂ ਨੂੰ ਪਤਾ ਹੈ ਕਿ, ਬ੍ਰਾਹਮਣਵਾਦ ਦੀ ਉਪਜ ਅਖੌਤੀ ਦਸਮ ਗ੍ਰੰਥ ਕੇਵਲ ਬ੍ਰਾਹਮਣਵਾਦ ਪੜ੍ਹਾਉਂਦਾ ਹੈ, ਸਾਧਾਂ ਦੇ ਡੇਰੇ ਪ੍ਰੈਕਟੀਕਲੀ ਬ੍ਰਾਹਮਣਵਾਦ ਚਲਾਉਂਦੇ ਅਤੇ ਸਿਖਾਉਂਦੇ ਹਨ, ਇਕੋ ਇਕ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ, ਜਿਹੜਾ ਬ੍ਰਾਹਮਣਵਾਦ ਦੇ ਕਰਮਕਾਂਡ ਨੂੰ ਖੁੱਲ ਕੇ ਚੈਲੰਜ ਕਰਦਾ ਹੈ, ਅਤੇ ਸਿੱਖੀ ਨੂੰ ਬ੍ਰਾਹਮਣਵਾਦ ਦੇ ਖਾਰੇ ਸਮੁੰਦਰ ਵਿੱਚ ਗ਼ਰਕ ਹੋਣ ਤੋਂ ਬਚਾਉਂਦਾ ਹੈ। ਇਸ ਲਈ ਧਾਰਮਿਕ ਪਦਵੀਆਂ ਤੇ ਬੈਠੇ ਕੇਸਾਧਾਰੀ ਬ੍ਰਾਹਮਣਾਂ ਨੇ ਆਪਣੇ ਟੀਚੇ ਨੂੰ ਸਿਰੇ ਚ੍ਹਾੜਨ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਿੱਖੀ ਦੇ ਸਿੰਘਾਸਣ ਤੋਂ ਚੁਕਣ ਦਾ ਜ਼ਾਲਮ ਫੈਸਲਾ ਕੀਤਾ ਹੈ, ਜਿਸ ‘ਤੇ ਦਿਨ ਰਾਤ ਕੰਮ ਹੋ ਰਿਹਾ ਹੈ। ਭਾਵੇਂ ਅਖੌਤੀ ਦਸਮ ਗ੍ਰੰਥ ਦਾ ਬਰਾਬਰ ਪ੍ਰਕਾਸ਼, ਭਾਵੇਂ ਸਾਧਾਂ ਦੇ ਨਵੇਂ ਨਵੇਂ ਗ੍ਰੰਥਾਂ ਅਤੇ ਪੋਥੀਆਂ ਨੂੰ ਮਾਨਤਾ, ਭਾਵੇਂ ਬ੍ਰਾਹਮਣੀ ਗ੍ਰੰਥ ਦੀ ਅਗਵਾਈ ਵਿੱਚ “ਅਸ ਕਿਰਪਾਣ ਖੰਡੋ ਖੜਗ ਤੁਬਕ ਤਬਰ ਅਰ ਤੀਰ। ਸੈਫ ਸਰੋਹੀ ਸੈਹਥੀ ਯਹੀ ਹਮਾਰੇ ਪੀਰ” ਗੁਰੂ ਮੰਨ ਕੇ ਸ਼ਬਦ ਗੁਰੂ ਦੇ ਬਰਾਬਰ ਹਥਿਆਰਾਂ ‘ਤੇ ਚੌਰ ਕਰਨੇ, ਸ਼ਸਤਰਾਂ ਦੀ ਪੂਜਾ, ਮੂਰਤੀਆਂ ਦੀ ਪੂਜਾ ਜਾਂ ਦੇਹਧਾਰੀਆਂ ਦੀ ਪੂਜਾ।

ਹੈਰਾਨਗੀ ਦੀ ਗੱਲ ਹੈ, ਕਿ ਇੱਕ ਪਾਸੇ ਬਚਿੱਤਰ ਨਾਟਕ ਅਖੌਤੀ ਦਸਮ ਗ੍ਰੰਥ ਦੀ ਜ਼ਲੀਲਤਾ ਲਈ ਇਹ ਪ੍ਰਚਾਰ ਕੀਤਾ ਜਾ ਰਿਹਾ ਹੈ, ਕਿ ਇਸ ਗ੍ਰੰਥ ਦਾ ਇੱਕ ਇੱਕ ਅੱਖਰ ਦਸਮ ਪਿਤਾ ਦੀ ਲਿਖਤ ਹੈ, ਦੂਜੇ ਪਾਸੇ ਕੁੱਝ ਸਾਲਾਂ ਤੋਂ ਲਗਾਤਾਰ ਕੁੱਝ ਕਲਮਾਂ ਦੇ ਸਹਾਰੇ ਇਹ ਪ੍ਰਚਾਰ ਚੱਲ ਰਿਹਾ ਹੈ, ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਨਕਲੀ ਹੈ, ਇਸ ਵਿਚਲੀ ਬਾਣੀ ਨਕਲੀ ਹੈ, ਇਸ ਵਿਚ ਮਿਲਾਵਟ ਹੈ ਅਸਲ ਗੁਰਬਾਣੀ ਦੀ ਪੋਥੀ ਗ੍ਰੰਥ ਗੁਆਚ ਗਿਆ ਹੈ, ਲੱਭਣ ਤੇ ਚਾਰ ਕਰੋੜ ਰੁਪਿਆ ਲੱਗੇਗਾ ਅੱਜ ਵਾਲਾ, ਸ੍ਰੀ ਗੁਰੂ ਗ੍ਰੰਥ ਸਾਹਿਬ ਸਿਰਫ ਲਿਫਾਫਾ ਹੀ ਹੈ, ਇਸ ਵਿਚਲੀ ਬਾਣੀ ਅਸਲੀ ਨਹੀਂ ਸਿੱਖ ਤਾਂ ਲਿਫਾਫੇ ਨੂੰ ਹੀ ਸੰਭਾਲ ਰਹੇ ਹਨ, ਸੁਨਿਹਰੀ ਬੀੜਾਂ ਵਾਲੀਆਂ ਗਲਤੀਆਂ ਦਾ ਝਗੜਾ ਫਜ਼ੂਲ ਹੈ, ਇਸ ਨਾਲ ਕਿਤੇ ਕਾਹਬਾ ਨਹੀਂ ਢਹਿ ਗਿਆ ਆਦਿ ਆਦਿ।

ਅੱਜ ਤੱਕ ਗੁਰਦੁਆਰਿਆਂ ਦੀਆਂ ਇਮਾਰਤਾਂ ਅਤੇ ਪੱਥਰਾਂ ਤੇ ਤਿੰਨ ਤਿੰਨ ਸੌ ਕਰੋੜ ਖਰਚ ਕਰਕੇ, ਊਚੇ ਦਰ ਬਨਾਉਣ ਵਾਲਿਆਂ ਨੂੰ ਅਸਲ ਬਾਣੀ ਢੂੰਡਣ ਤੇ ਚਾਰ ਕਰੋੜ ਖਰਚ ਕਰਨ ਵੱਲ ਕਿਉਂ ਧਿਆਨ ਨਹੀਂ ਗਿਆ, ਪਰ ਅਸਲ ਕੋਈ ਵੱਖਰੀ ਹੋਵੇ ਤਾਂ ਲੱਭੇ ਸਿੱਖੋ ਅੱਜ ਵਾਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਹੀ ਅਸਲੀ ਹੈ ਇਹਦਾ ਪੱਲਾ ਨਾ ਛੱਡੋ, ਨਹੀਂ ਤਾਂ ਮਰ ਜਾਵੋਗੇ, ਇਹੋ ਹੀ ਸਿੱਖ ਦੁਸ਼ਮਣ ਚਾਹੁੰਦਾ ਹੈ, ਹਾਂ ਕਿਸੇ ਅੱਖਰ ਜਾਂ ਲੱਗ ਮਾਤਰ ਦੀ ਛਾਪਣ ਸਮੇਂ ਪ੍ਰਿੰਟਿਗ ਪ੍ਰੈਸ ਦੀ ਗਲਤੀ ਹੋ ਸਕਦੀ ਹੈ, ਉਸਨੂੰ ਪ੍ਰਿੰਟਿਗ ਪ੍ਰੈਸ ਦੀ ਗ਼ਲਤੀ ਸਮਝ ਕੇ ਸੁਧਾਰਿਆ ਜਾ ਸਕਦਾ ਹੈ, ਪਰ ਗੁਰਬਾਣੀ ਤ੍ਰੈ ਕਾਲ ਸੱਤ ਹੈ, ਅਸਲੀ ਹੈ, ਇਸ ਨੂੰ ਨਕਲੀ ਆਖ ਕੇ ਆਤਮਿਕ ਮੌਤ ਨਾ ਸਹੇੜੋ।

ਇਸ ਅਸਲੀ ਨਕਲੀ ਦੇ ਪ੍ਰਚਾਰ ਨਾਲ ਦੁਸ਼ਮਣ ਚਾਹੁੰਦਾ ਹੈ, ਕਿ ਗੁਰੂ ਗ੍ਰੰਥ ਸਾਹਿਬ ਨੂੰ ਅਖੌਤੀ ਵਿਦਵਾਨਾਂ ਦੀ ਸੋਧ ਦੇ ਕਟਿਹਰੇ ਵਿੱਚ ਖੜਾ ਕਰਕੇ, ਇਸ ਦੀ ਅਭੁਲ ਗੁਰੂ ਕਰਤਾਰ ਵਾਲੀ ਗੁਰਿਆਈ, ਵਡਿਆਈ ਖਤਮ ਕੀਤੀ ਜਾਵੇ, ਸਿੱਖ ਗੁਰੂ ਗ੍ਰੰਥ ਸਾਹਿਬ ਤੇ ਵਿਸ਼ਵਾਸ਼ ਤੋਂ ਡੋਲ ਜਾਵੇ, ਤਾਂਕਿ ਆਸਾਨੀ ਨਾਲ ਇਸ ਨੂੰ ਅਖੌਤੀ ਦਸਮ ਗ੍ਰੰਥ, ਅਤੇ ਡੇਰਿਆਂ ਨਾਲ ਜੋੜ ਕੇ ਕਰਮ ਕਾਂਡ ਪੜਾਇਆ ਜਾ ਸਕੇ, ਅਤੇ ਛੇਤੀ ਉਹ ਹਿੰਦੀ ਹਿੰਦੂ ਹਿੰਦੁਸਤਾਨ ਵਾਲਾ ਸੁਪਨਾ ਪੂਰਾ ਹੋ ਸੱਕੇ। ਇਸ ਲਈ ਸਿੰਘੋ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਿਆਈ ਨੂੰ ਸ਼ੱਕੀ ਬਨਾਉਣਾ ਸਿੱਖੀ ਲਈ ਕਬਰ ਖੋਦਣ ਦੇ ਤੁਲ ਹੈ, ਇਸ ਲਈ ਜਾਗੋ ਤੇ ਕਬੀਰ ਜੀ ਦਾ ਇਹ ਸੱਦਾ ਸੁਣੋ।

ਕਬੀਰ ਸੂਤਾ ਕਿਆ ਕਰਹਿ ਜਾਗੁ ਰੋਇ ਭੈ ਦੁਖ ॥
ਜਾ ਕਾ ਬਾਸਾ ਗੋਰ ਮਹਿ ਸੋ ਕਿਉ ਸੋਵੈ ਸੁਖ ॥127॥

ਗੁਰੂ ਗ੍ਰੰਥ ਸਾਹਿਬ ਦੇ ਦਰ ਦਾ ਕੂਕਰ

ਦਰਸ਼ਨ ਸਿੰਘ ਖਾਲਸਾ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top