Share on Facebook

Main News Page

ਡੇਰੇਦਾਰ ‘ਗੁਰਦੁਆਰਾ’ ਲਫ਼ਜ਼ ਦੀ ਦੁਰਵਰਤੋਂ ਕਰਕੇ ਸਿੱਖ ਜਗਤ ਨੂੰ ਗੁੰਮਰਾਹ ਕਰ ਰਹੇ ਹਨ: ਗਿਆਨੀ ਜਗਤਾਰ ਸਿੰਘ ਜਾਚਕ

ਲੰਡਨ 18 ਜੁਲਾਈ: ਡੇਰੇਦਾਰ ‘ਗੁਰਦੁਆਰਾ’ ਲਫ਼ਜ਼ ਦੀ ਦੁਰਵਰਤੋਂ ਕਰਕੇ ਸਿੱਖ ਭਾਈਚਾਰੇ ਨਾਲ ਠੱਗੀ ਮਾਰ ਰਹੇ ਹਨ। ਕਿਉਂਕਿ, ਦੇਖਣ ਵਿੱਚ ਆ ਰਿਹਾ ਕਿ ਡੇਰਿਆਂ ਦੇ ਰੂਪ ਵਿੱਚ ਜਿਹੜੇ ਕਥਿਤ ਧਾਰਮਿਕ ਅਸਥਾਨ ਕਿਸੇ ਇੱਕ ਮਨੁੱਖ ਦੀ ਨਿਜੀ ਮਲਕੀਅਤ ਹਨ ਅਤੇ ਜਿਥੇ ਗੁਰਮਤਿ ਸਿਧਾਂਤਾਂ ਤੇ ਪੰਥਕ ਵਿਧਾਨ ਦੇ ਉੱਲਟ ਵਿਅਕਤੀਗਤ ਪੂਜਾ ਵਾਲੀ ਮਨਮਤੀ ਮਰਯਾਦਾ ਚਲਾਈ ਜਾ ਰਹੀ ਹੈ, ਉਨ੍ਹਾਂ ਨੂੰ ਹੁਣ ‘ਗੁਰਦੁਆਰੇ’ ਦਾ ਨਾਮ ਦੇ ਕੇ ਸ਼ਰਧਾਲੂਆਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। ਜਿਵੇਂ ਗੁਰਦੁਆਰਾ ਸੰਤ ਸਾਗਰ, ਗੁ: ਸ਼ਬਦ ਪ੍ਰਕਾਸ਼ ਤੇ ਗੁਰੂ ਨਾਨਕ ਦਰਬਾਰ ਆਦਿ। ਇਹ ਲਫ਼ਜ਼ ਅੰਤਰਾਸ਼ਟਰੀ ਸਿੱਖ ਪ੍ਰਚਾਰਕ ਗਿਆਨੀ ਜਗਤਾਰ ਸਿੰਘ ਜਾਚਕ ਜੀ ਨੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਸਾਊਥਾਲ (ਲੰਡਨ) ਵਿਖੇ ਗੁਰਸ਼ਬਦ ਵੀਚਾਰ ਕਰਦਿਆਂ ਕਹੇ।

ਉਨ੍ਹਾਂ ਜ਼ੋਰ ਦੇ ਕੇ ਆਖਿਆ ਕਿ ਸਤਿਗੁਰੂ ਜੀ ਦਾ ਹੁਕਮ ਹੈ “ਗੁਰੂ ਦੁਆਰੈ ਹੋਇ ਕੈ ਸਾਹਿਬੁ ਸੰਮਾਲੇਹੁ”। ਇਸ ਲਈ ਸਾਨੂੰ ਪਛਾਣ ਹੋਣੀ ਚਾਹੀਦੀ ਹੈ ਕਿ ‘ਗੁਰਦੁਆਰਾ ਸਾਹਿਬ’ ਕੇਵਲ ਪੰਥਕ ਮਲਕੀਅਤ ਮੰਨੇ ਜਾਣ ਵਾਲੇ ਉਸ ਸਾਂਝੇ ਧਾਰਮਿਕ ਅਸਥਾਨ ਨੂੰ ਹੀ ਕਿਹਾ ਜਾ ਸਕਦਾ ਹੈ, ਜਿਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪ੍ਰਕਾਸ਼ ਦੇ ਨਾਲ ਉਥੋਂ ਦਾ ਨਿਤਨੇਮ ਅਤੇ ਹੋਰ ਸਾਰੀ ਰਹੁਰੀਤ ਵੀ ਗੁਰਬਾਣੀ ਦੀ ਰੌਸ਼ਨੀ ਵਿੱਚ ਪੰਥ ਪ੍ਰਵਾਣਿਤ ਸਿੱਖ ਰਹਿਤ ਮਰਯਾਦਾ ਦੇ ਅਨੁਸਾਰ ਹੁੰਦੀ ਹੋਵੇ। ਇਸ ਮੌਕੇ ਸਟੇਜ ਸਕਤਰ ਭਾਈ ਸੁਖਦੀਪ ਸਿੰਘ ਜੀ ਨੇ ਜਾਚਕ ਜੀ ਦੀਆਂ ਪੰਥਕ ਸੇਵਾਵਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਨੂੰ ਜੀ ਆਇਆਂ ਕਿਹਾ ਅਤੇ ਵਿਸ਼ੇਸ਼ ਗੁਰਮਤੀ ਸਲਾਹਕਾਰ ਭਾਈ ਅਮਰਜੀਤ ਸਿੰਘ ਢਿੱਲੋਂ ਤੇ ਸਤਨਾਮ ਸਿੰਘ ਹੁਰਾਂ ਮਿਲ ਕੇ ਗੁਰੂ ਕੇ ਸਿਰੋਪੇ ਦੀ ਬਖਸ਼ਿਸ਼ ਕੀਤੀ।

ਜਾਚਕ ਜੀ ਨੇ ਸਥਾਨਿਕ ਪ੍ਰਬੰਧਕਾਂ ਤੇ ਕੁਝ ਨੌਜਵਾਨ ਸਿੱਖ ਪ੍ਰਚਾਰਕਾਂ ਦੀ ਇੱਕ ਵਿਸ਼ੇਸ਼ ਇਕੱਤ੍ਰਤਾ ਨੂੰ ਵੀ ਸੰਬੋਧਨ ਕੀਤਾ। ਜਿਥੇ, ਉਨ੍ਹਾਂ ਸਿੰਘ ਸਭਾ ਦੇ ਪ੍ਰਧਾਨ ਸ੍ਰ: ਹਿੰਮਤ ਸਿੰਘ ਸੋਹੀ ਤੇ ਉਸ ਦੀ ਸਮੁੱਚੀ ਟੀਮ ਵਲੋਂ ਲਏ ਗਏ ਇਸ ਪ੍ਰਣ ਦੀ ਸ਼ਲਾਘਾ ਕੀਤੀ ਕਿ ਉਹ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਅਕਾਲ ਤਖ਼ਤ ਸਾਹਿਬ ਦੁਆਰਾ ਪੰਥ ਪ੍ਰਵਾਣਿਤ ਸਿੱਖ ਰਹਿਤ ਮਰਯਾਦਾ ’ਤੇ ਪਹਿਰਾ ਦੇਣਗੇ। ਉਥੇ, ਦੇਸ਼ ਵਿਦੇਸ਼ ਦੀਆਂ ਸਿੰਘ ਸਭਾਵਾਂ ਤੇ ਸਮੂਹ ਗ੍ਰੰਥੀ ਸਿੰਘਾਂ ਨੂੰ ਅਪੀਲ ਵੀ ਕੀਤੀ ਕਿ ਉਹ ਆਪਣੇ ਮੂਲਿਕ ਫ਼ਰਜਾਂ ਨੂੰ ਪਛਾਣਦੇ ਹੋਏ, ਬਿਪਰਵਾਦੀ ਡੇਰੇਦਾਰਾਂ ਵਲੋਂ ਸਿੱਖ ਰਹਿਤ ਮਰਯਾਦਾ ਵਿੱਚ ਪ੍ਰੀਵਰਤਨ ਕਰਵਾਉਣ ਵਾਲੀ ਉਸ ਕੁਟਿਲ ਚਾਲ ਬਾਰੇ ਸਿੱਖ ਸੰਗਤਾਂ ਨੂੰ ਸੁਚੇਤ ਕਰਨ, ਜਿਸ ਦੁਆਰਾ ਸ਼ਾਤਰ ਡੇਰੇਦਾਰ ਮਰਯਾਦਾ ਦੀਆਂ ਅਜਿਹੀਆਂ ਧਰਾਵਾਂ ਨੂੰ ਕੱਢਵਾ ਦੇਣਾ ਚਹੁੰਦੇ ਹਨ, ਜਿਹੜੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਾਂਗ ਕਿਸੇ ਹੋਰ ਪੋਥੀ ਦਾ ਪ੍ਰਕਾਸ਼ ਅਤੇ ਮੂਰਤੀ ਦਾ ਅਸਥਾਪਨ ਕਰਣ, ਵਿਅਕਤੀਗਤ ਪੂਜਾ ਕਰਵਾਉਣ ਤੇ ਕੱਚੀ-ਬਾਣੀ ਦੀਆਂ ਧਾਰਨਾਂ ਲਾ ਕੇ ਬਿਪਰਵਾਦ ਨੂੰ ਪ੍ਰਚਾਰਨ ਲਈ ਉਨ੍ਹਾਂ ਵਾਸਤੇ ਰੁਕਾਵਟ ਬਣ ਰਹੀਆਂ ਹਨ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top