Share on Facebook

Main News Page

ਦੋ ਗ੍ਰੰਥਾਂ ਦੇ ਪੁਜਾਰੀਆਂ ਤੋਂ ਗੁਰੁ ਗ੍ਰੰਥ ਸਾਹਿਬ ਦੇ ਸਤਿਕਾਰ ਦੀ ਆਸ ਰੱਖਣਾ ਮੂਰਖਤਾ

* ਪੁਜਾਰੀਆਂ ਵੱਲੋਂ ਸੱਦੀ 22 ਜੁਲਾਈ ਦੀ ਮੀਟਿੰਗ ਗੁਰੁ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਲਈ ਨਹੀਂ ਸਗੋਂ ਮੱਕੜ ਨੂੰ ਬਚਾਉਣ ਖਾਤਰ

(20 ਜੁਲਾਈ 2011 ਸਤਨਾਮ ਕੌਰ: ਫਰੀਦਾਬਾਦ)

ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਸਿੱਖ ਸਮਾਜ ਇੰਟਰਨੈਸ਼ਨਲ ਦੇ ਪ੍ਰਧਾਨ ਸ. ਉਪਕਾਰ ਸਿੰਘ ਨੇ ਸਪੋਕਸਮੈਨ ਵਿਚ ਛੱਪੀ ਖਬਰ 22 ਜੁਲਾਈ ਨੂੰ ਪੰਜਾਂ ਮੁੱਖ ਸੇਵਾਦਾਰਾਂ ਦੀ ਇਕੱਤਰਤਾ ਵਿਚ ਕੇਵਲ ਸ੍ਰੀ ਗੁਰੁ ਗ੍ਰੰਥ ਸਾਹਿਬ ਦੇ ਆਦਰ ਸਤਿਕਾਰ ਨਾਲ ਜੁੜੇ ਮੁੱਦੇ ਵਿਚਾਰਣ ਦੇ ਪ੍ਰਤੀਕਰਮ ਵਿਚ ਆਖੇ। ਉਨ੍ਹਾਂ ਕਿਹਾ ਕਿ ਗੁਰੁ ਗ੍ਰੰਥ ਸਾਹਿਬ ਜੀ ਦੀ ਸਰਵਉਚੱਤਾ ਨੂੰ ਚੈਲੰਜ ਕਰਣ ਵਾਲੇ ਬਚਿੱਤਰ ਨਾਟਕ ਅਖੌਤੀ ਦਸਮ ਗ੍ਰੰਥ ਦੇ ਪੁਜਾਰੀਆਂ ਤੋਂ ਗੁਰੁ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਦੀ ਆਸ ਰੱਖਣਾ ਮੂਰਖਤਾ ਹੀ ਹੋਵੇਗੀ ।

ਉਨ੍ਹਾਂ ਕਿਹਾ ਕਿ 22 ਜੁਲਾਈ ਦੀ ਮੀਟਿੰਗ ਗੁਰੁ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਲਈ ਨਹੀਂ ਸਗੋਂ ਮੱਕੜ ਨੂੰ ਬਚਾਉਣ ਖਾਤਰ ਹੈ। ਤਰੁੱਟੀਆਂ ਵਾਲੇ ਸਰੂਪਾਂ ਦੇ ਮਸੱਲੇ ਨਾਲ ਦਿੱਲੀ ਦੇ ਦਾਦਾ ਚੇਲਾ ਰਾਮ ਦੇ ਡੇਰੇ ਵਾਲਾ ਮਸੱਲਾ ਵਿਚਾਰਣ ਵਾਲੀ ਗੱਲ ਤੋਂ ਸਪਸ਼ਟ ਹੈ ਕਿ ਪੁਜਾਰੀ ਇਸ ਮਸੱਲੇ ’ਤੇ ਦਿੱਲੀ ਕਮੇਟੀ ਨੂੰ ਮੁੰਹ ਬੰਦ ਰੱਖਣ ਦਾ ਇਸ਼ਾਰਾ ਕਰ ਰਹੇ ਹਨ ਤਾਹੀਉਂ ਮਕੱੜ ਤੇ ਸਰਨੇ ਨੂੰ ਇਕੱਠੇ ਰਹਿਣ ਦੀ ਹਦਾਇਤ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਗਿਆਨੀ ਗੁਰਬਚਨ ਸਿੰਘ ਵੱਲੋਂ ਇਹ ਕਹਿਣਾ ਕਿ ਅੱਗੇ ਵੀ ਦਿੱਲੀ ਕਮੇਟੀ ਅਕਾਲ ਤਖ਼ਤ ਤੇ ਮਸਲੇ ਲੈ ਕੇ ਆਈ ਹੈ ਤੇ ਇਸ ਮਾਮਲੇ ਵਿਚ ਵੀ ਉਨ੍ਹਾਂ ਨੂੰ ਅਕਾਲ ਤਖ਼ਤ ’ਤੇ ਆਉਣਾ ਚਾਹੀਦਾ ਸੀ, ਆਖਣ ਪਿੱਛੇ ਸਪਸ਼ਟ ਹੈ ਕਿ ਦਿੱਲੀ ਕਮੇਟੀ ਨੂੰ ਸ਼੍ਰੋਮਣੀ ਕਮੇਟੀ ਖਿਲਾਫ ਕਾਨੂੰਨੀ ਕਾਰਵਾਈ ਨਾ ਕਰ ਕੇ ਇਸ ਮਸਲੇ ਨੂੰ ਪੁਜਾਰੀਆਂ ਦੀ ਬੰਦ ਕਮਰਾ ਕਚਿਹਰੀ ਵਿਚ ਰੱਖਣਾ ਚਾਹੀਦਾ ਸੀ।

ਸ. ਉਪਕਾਰ ਸਿੰਘ ਨੇ ਕਿਹਾ ਕਿ ਦੂਜਿਆਂ ਨੂੰ ਪੰਥ ਦੇ ਭਲੇ ਦੀ ਦੁਹਾਈ ਦੇਣ ਵਾਲੇ ਗਿਆਨੀ ਗੁਰਬਚਨ ਸਿੰਘ ਆਪ ਕਿਤਨੇ ਪੰਥ ਹਿਤੈਸ਼ੀ ਹਨ ਅਤੇ ਹੁਣ ਤਕ ਉਨ੍ਹਾਂ ਨੇ ਗੁਰੁ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਤੇ ਅਦਬ ਲਈ ਕਿੰਨੇ ਡੇਰੇ, ਟਕਸਾਲਾਂ ਅਤੇ ਪੰਜਾਬ ਤੋਂ ਬਾਹਰਲੇ ਤਖ਼ਤਾਂ ਤੋਂ ਗੁਰੁ ਗ੍ਰੰਥ ਸਾਹਿਬ ਜੀ ਦੇ ਬਰਾਬਰ ਪ੍ਰਕਾਸ਼ ਕੀਤੇ ਜਾ ਰਹੇ ਬਚਿੱਤਰ ਨਾਟਕ/ਅਖੌਤੀ ਦਸਮ ਗ੍ਰੰਥ ਦੀ ਮੰਜੀ ਨੂੰ ਹਟਾਉਣ ਲਈ ਕਦਮ ਪੁੱਟੇ ਹਨ।ਸ. ਉਪਕਾਰ ਸਿੰਘ ਨੇ ਕਿਹਾ ਕਿ ਸਮੁੱਚੀ ਸਿੱਖ ਕੌਮ ਗਿਆਨੀ ਗੁਰਬਚਨ ਸਿੰਘ ਦੀ ਕਾਰਗੁਜ਼ਾਰੀਆਂ ਤੋਂ ਚੰਗੀ ਤਰ੍ਹਾਂ ਜਾਣੂ ਹੈ ਕਿ ਗਿਆਨੀ ਗੁਰਬਚਨ ਸਿੰਘ ਅਕਾਲ ਤਖ਼ਤ ਦੇ ਮੁੱਖ ਸੇਵਾਦਾਰ ਨਹੀਂ ਸਗੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਚਾਪਲੂਸ ਹਨ ਅਤੇ ਚਾਪਲੂਸਾਂ ਦਾ ਕੰਮ ਆਪਣੇ ਆਕਾਵਾਂ ਦੇ ਇਸ਼ਾਰੇ’ਤੇ ਕੰਮ ਕਰਣਾ ਹੁੰਦਾ ਹੈ। ਉਨ੍ਹਾਂ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਕਿ ਜੇਕਰ ਗੁਰੁ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਨੂੰ ਕਾਇਮ ਰੱਖਣਾ ਚਾਹੁੰਦੇ ਹੋ ਤਾਂ ਇੰਨ੍ਹਾਂ ਦੋ ਗ੍ਰੰਥਾਂ ਦੇ ਪੁਜਾਰੀਆਂ ਅੱਗੇ ਘੁੱਟਨੇ ਟੇਕਣਾ ਬੰਦ ਕਰੋ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top