Share on Facebook

Main News Page

ਸਤਰ ਸਾਡੀ ਲੋੜ ਹੈ, ਪਰ ਇਹ ਸਾਡੇ ਗੁਰੂ ਨਹੀਂ ਹਨ: ਪ੍ਰੋ. ਦਰਸ਼ਨ ਸਿੰਘ ਖਾਲਸਾ

* ਜੇ ਸਸ਼ਤਰ ਸਾਡੇ ਗੁਰੂ ਹਨ ਤਾਂ ਇਹ ਸਾਡੇ ਨਾਲ ਕਿਉਂ ਨਹੀਂ ਜਾਂਦੇ
* ਗੁਰੂ ਦੇ ਸਿੱਖ ਅਖਵਾਉਣ ਵਾਲਿਆਂ ਨੂੰ ਜਦੋਂ ਅੱਜ ਮੈਂ ਭੂਪਤਿ/ਰਾਜਿਆਂ ਦੇ ਮੰਗਤਿਆਂ ਦੀ ਗੁਲਾਮੀ ਕਬੂਲ ਕਰਦਿਆਂ ਉਹਨਾਂ ਅੱਗੇ ਹੱਥ ਜੋੜੀ ਖੜ੍ਹੇ ਵੇਖਦਾ ਹਾਂ, ਤਾਂ ਕਹਿਣਾ ਪਏਗਾ ਕਿ ਇਹ ਸ਼ੇਰਾਂ ਦੀ ਨਹੀਂ ਬਲਕਿ ਗਊਆਂ ਭੇਡਾਂ ਦੀ ਕੌਮ ਹੈ

 

ਬਠਿੰਡਾ, 19 ਜੁਲਾਈ (ਕਿਰਪਾਲ ਸਿੰਘ): ਗੁਰੂ ਦੇ ਸਿੱਖ ਅਖਵਾਉਣ ਵਾਲਿਆਂ ਨੂੰ ਜਦੋਂ ਅੱਜ ਮੈਂ ਭੂਪਤਿ/ਰਾਜਿਆਂ ਦੇ ਮੰਗਤਿਆਂ ਦੀ ਗੁਲਾਮੀ ਕਬੂਲ ਕਰਦਿਆਂ ਉਹਨਾਂ ਅੱਗੇ ਹੱਥ ਜੋੜੀ ਖੜ੍ਹੇ ਵੇਖਦਾ ਹਾਂ, ਤਾਂ ਕਹਿਣਾ ਪਏਗਾ ਕਿ ਇਹ ਸ਼ੇਰਾਂ ਦੀ ਨਹੀਂ ਬਲਕਿ ਗਊਆਂ ਭੇਡਾਂ ਦੀ ਕੌਮ ਹੈ।

ਉਹਨਾਂ ਦਾ ਇਹ ਇਸ਼ਾਰਾ ਅਖੌਤੀ ਸਿੰਘ ਸਾਹਿਬਾਂ ਵੱਲ ਸੀ, ਜਿਹੜੇ ਸਾਨੂੰ ਗੁਰੂ ਦੀ ਕੋਈ ਮਤ ਤਾਂ ਦਸਦੇ ਨਹੀਂ ਤੇ ਆਪਣਾ ਅਹੁਦਾ ਬਚਾਈ ਰੱਖਣ ਲਈ ਮੌਕੇ ਦੇ ਹਾਕਮਾਂ ਦੀ ਖੁਸ਼ਾਮਦੀ ਕਰਦੇ ਹੋਏ, ਉਨ੍ਹਾਂ ਅੱਗੇ ਹੱਥ ਜੋੜਦੇ ਰਹਿੰਦੇ ਹਨ, ਪਰ ਸਿੱਖਾਂ ਨੂੰ ਕਹਿੰਦੇ ਹਨ ਕਿ ਸਾਡੇ ਵਲੋਂ ਜਾਰੀ ਕੀਤਾ ਹੁਕਮਾਨਾਮਾ ਸਰਬਉਚ ਹੈ, ਤੇ ਭੋਲ਼ੇ ਸਿੱਖ ਇਹਨਾਂ ਭੂਪਤਿ/ਰਾਜਿਆਂ ਦੇ ਮੰਗਤਿਆਂ ਦੀ ਗੁਲਾਮੀ ਕਬੂਲ ਕਰਦੇ ਹੋਏ ਕਹਿੰਦੇ ਹਨ: ਜੀ ਸਾਡੇ ਲਈ ਤੁਸੀਂ ਸਰਬਉਚ ਹੋ, ਜੋ ਤੁਸੀਂ ਹੁਕਮਨਾਮਾ ਜਾਰੀ ਕਰ ਦਿੱਤਾ, ਅਸੀਂ ਉਸ ਅੱਗੇ ਸਿਰ ਝੁਕਾਉਂਦੇ ਹਾਂ ਤੇ ਇਸ ਨੂੰ ਸਿਰਮੱਥੇ ਮੰਨਾਂਗੇ। ਇਹ ਸ਼ਬਦ ਇੰਟਰਨੈੱਟ ’ਤੇ ਪਈ ਇੱਕ ਵੀਡੀਓ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ ਨੰ: 482 ’ਤੇ ਆਸਾ ਰਾਗੁ ਵਿੱਚ ਦਰਜ ਸ਼ਬਦ ‘ਹਮ ਘਰਿ ਸੂਤੁ, ਤਨਹਿ ਨਿਤ ਤਾਨਾ, ਕੰਠਿ ਜਨੇਊ ਤੁਮਾਰੇ ॥’ ਦੇ ਕੀਰਤਨ ਦੌਰਾਨ ਇਸ ਸ਼ਬਦ ਦੀ ਵਿਆਖਿਆ ਕਰਦਿਆਂ ਕਹੇ।

ਉਨ੍ਹਾਂ ਕਿਹਾ ਕਿ ਬਾਬਾ ਕਬੀਰ ਜੀ ਨੇ ਬ੍ਰਾਹਮਣ ਨੂੰ ਲਲਕਾਰ ਕੇ ਕਿਹਾ: ਹੇ ਝੱਲੇ ਬ੍ਰਾਹਮਣ! ਜੇ ਤੈਨੂੰ ਇਸ ਕਰਕੇ ਆਪਣੀ ਉੱਚੀ ਜਾਤ ਦਾ ਮਾਣ ਹੈ ਕਿ ਤੇਰੇ ਗਲ ਵਿਚ ਜਨੇਊ ਹੈ (ਜੋ ਸਾਡੇ ਗਲ ਨਹੀਂ ਹੈ, ਤਾਂ ਵੇਖ, ਉਹੋ ਜਿਹਾ ਹੀ) ਸਾਡੇ ਘਰ (ਬਥੇਰਾ) ਸੂਤਰ ਪਿਆ ਹੈ (ਜਿਸ ਨਾਲ) ਅਸੀ ਨਿੱਤ ਤਾਣਾ ਤਣਦੇ ਹਾਂ। ਤੇਰੇ ਤਾਂ 4 ਧਾਗਿਆਂ ਦਾ ਬਾਹਰ ਹੀ ਜਨੇਊ ਪਾਇਐ ਪਰ ਮੈਂ ਤਾਂ ਜਦੋਂ ਇਸ ਤਾਣੇ ਨੂੰ ਸੁਲਝਾਉਣ ਲਈ ਇਸ ’ਤੇ ਬੁਰਸ਼ ਮਾਰਦਾ ਹਾਂ ਤਾਂ ਉਸ ਨਾਲ ਸੂਤਰ ਉਡ ਕੇ ਮੇਰੇ ਅੰਦਰ ਵੀ ਚਲਾ ਜਾਂਦਾ ਹੈ। ਇਸ ਲਈ ਮੈਂ ਤਾਂ ਤੇਰੇ ਨਾਲੋਂ ਵੱਡਾ ਬ੍ਰਹਮਣ ਹਾਂ ਕਿਉਂਕਿ ਮੇਰੇ ਤਾਂ ਅੰਦਰ ਵੀ ਤੇ ਬਾਹਰ ਵੀ ਸੂਤ (ਜਨੇਊ) ਪਿਆ ਹੈ।

ਪ੍ਰੋ: ਦਰਸਨ ਸਿੰਘ ਨੇ ਕਿਹਾ ਕਿ ਕਬੀਰ ਸਾਹਿਬ ਜੀ ਦੇ ਇਹਨਾਂ ਭਾਵਾਂ ਦੀ ਪ੍ਰੋੜਤਾ ਗੁਰੂ ਨਾਨਕ ਸਾਹਿਬ ਜੀ ਨੇ ਵੀ ਕਰਦਿਆਂ ਕਿਹਾ ਹੈ, ਕਿ ਹੇ ਬ੍ਰਾਹਮਣ ਜੇ ਤੇਰੇ ਪਾਸ ਅਜੇਹਾ ਜਨੇਊ ਹੈ, ਜਿਹੜਾ ਮੇਰੇ ਅੰਦਰ ਦਇਆ, ਸੰਤੋਖ, ਜਤੁ, ਸਤੁ ਆਦਿ ਗੁਣ ਪੈਦਾ ਕਰ ਦੇਵੇ ਤੇ ਹਮੇਸ਼ਾ ਮੇਰੇ ਨਾਲ ਨਿਭ ਸਕੇ, ਤਾਂ ਉਹ ਮੇਰੇ ਗਲ ਵਿੱਚ ਪਾ ਦੇ, ਪਰ ਚਾਰ ਕੌਡੀਆਂ ਦਾ ਸੂਤ ਲਿਆ ਕੇ ਬਣਾਇਆ ਗਿਆ ਜਨੇਊ ਤਾ ਇਥੇ ਹੀ ਸੜ ਜਾਣਾ ਹੈ, ਤੇ ਮਰਨ ਵਾਲਾ ਜਨੇਊਧਾਰੀ ਬਿਨਾ ਜਨੇਊ ਤੋਂ ਹੀ ਅੱਗੇ ਜਾਂਦਾ ਹੈ। ‘ਦਇਆ ਕਪਾਹ ਸੰਤੋਖੁ ਸੂਤੁ ਜਤੁ ਗੰਢੀ ਸਤੁ ਵਟੁ ॥ ਏਹੁ ਜਨੇਊ ਜੀਅ ਕਾ ਹਈ ਤ ਪਾਡੇ ਘਤੁ ॥ ਨਾ ਏਹੁ ਤੁਟੈ ਨਾ ਮਲੁ ਲਗੈ ਨਾ ਏਹੁ ਜਲੈ ਨ ਜਾਇ ॥ ਧੰਨੁ ਸੁ ਮਾਣਸ ਨਾਨਕਾ ਜੋ ਗਲਿ ਚਲੇ ਪਾਇ ॥ ਚਉਕੜਿ ਮੁਲਿ ਅਣਾਇਆ ਬਹਿ ਚਉਕੈ ਪਾਇਆ ॥ ਸਿਖਾ ਕੰਨਿ ਚੜਾਈਆ ਗੁਰੁ ਬ੍ਰਾਹਮਣੁ ਥਿਆ ॥ ਓਹੁ ਮੁਆ ਓਹੁ ਝੜਿ ਪਇਆ ਵੇ ਤਗਾ ਗਇਆ ॥

ਵੀਚਾਰ ਅਧੀਨ ਇਸ ਸ਼ਬਦ ਦੇ ਪਹਿਲੇ ਪਦੇ ਦੀ ਦੂਸਰੀ ਤੁਕ ਵਿੱਚ ਭਗਤ ਕਬੀਰ ਜੀ ਫ਼ੁਰਮਾਉਂਦੇ ਹਨ: ‘ਤੁਮ੍‍ ਤਉ, ਬੇਦ ਪੜਹੁ ਗਾਇਤ੍ਰੀ, ਗੋਬਿੰਦੁ ਰਿਦੈ ਹਮਾਰੇ ॥1॥’ ਤੇਰਾ ਵੇਦ ਆਦਿਕ ਪੜ੍ਹਨ ਦਾ ਮਾਣ ਭੀ ਨਿਰਾ ਕੂੜਾ ਹੈ, ਕਿਉਂਕਿ ਤੁਸੀ ਤਾਂ ਵੇਦ ਤੇ ਗਾਇਤ੍ਰੀ-ਮੰਤ੍ਰ ਨਿਰੇ ਜੀਭ ਨਾਲ ਹੀ ਉਚਾਰਦੇ ਹੋ, ਪਰ ਪਰਮਾਤਮਾ ਮੇਰੇ ਹਿਰਦੇ ਵਿਚ ਵੱਸਦਾ ਹੈ ।1। ਇਸ ਦੀ ਪ੍ਰੋੜਤਾ ਕਰਦੇ ਹੋਏ ਕਬੀਰ ਸਾਹਿਬ ਪੰਨਾ ਨੰ: 1102 ’ਤੇ ਇਸ ਤਰ੍ਹਾ ਫ਼ੁਰਮਾਨ ਕਰਦੇ ਹਨ: ‘ਬੇਦ ਪੁਰਾਨ ਪੜੇ ਕਾ ਕਿਆ ਗੁਨੁ ਖਰ ਚੰਦਨ ਜਸ ਭਾਰਾ ॥ ਰਾਮ ਨਾਮ ਕੀ ਗਤਿ ਨਹੀ ਜਾਨੀ ਕੈਸੇ ਉਤਰਸਿ ਪਾਰਾ ॥1॥

ਮੇਰੀ ਜਿਹਬਾ ਬਿਸਨੁ, ਨੈਨ ਨਾਰਾਇਨ, ਹਿਰਦੈ ਬਸਹਿ ਗੋਬਿੰਦਾ॥’ ਹੇ ਕਮਲੇ ਬ੍ਰਾਹਮਣ! ਪ੍ਰਭੂ ਜੀ ਮੇਰੀ ਤਾਂ ਜੀਭ ਉੱਤੇ, ਮੇਰੀਆਂ ਅੱਖਾਂ ਵਿਚ ਤੇ ਮੇਰੇ ਦਿਲ ਵਿਚ ਵੱਸਦੇ ਹਨ। ‘ਜਮ ਦੁਆਰ ਜਬ ਪੂਛਸਿ ਬਵਰੇ ਤਬ ਕਿਆ ਕਹਸਿ ਮੁਕੰਦਾ ॥1॥ ਰਹਾਉ ॥’ ਪਰ ਤੈਨੂੰ ਜਦੋਂ ਧਰਮਰਾਜ ਦੀ ਹਜ਼ੂਰੀ ਵਿਚ ਪ੍ਰਭੂ ਵਲੋਂ ਪੁੱਛ ਹੋਵੇਗੀ ਤਾਂ ਕੀ ਉੱਤਰ ਦੇਵੇਂਗਾ (ਕਿ ਕੀ ਕਰਦਾ ਰਿਹਾ ਇੱਥੇ ਸਾਰੀ ਉਮਰ)? ।1।ਰਹਾਉ।

ਹਮ ਗੋਰੂ, ਤੁਮ ਗੁਆਰ ਗੁਸਾਈ, ਜਨਮ ਜਨਮ ਰਖਵਾਰੇ ॥’ ਕਈ ਜਨਮਾਂ ਤੋਂ ਤੁਸੀਂ ਲੋਕ ਸਾਡੇ ਰਾਖੇ ਬਣੇ ਆ ਰਹੇ ਹੋ, ਅਸੀਂ ਤੁਹਾਡੀਆਂ ਗਾਈਆਂ ਬਣੇ ਰਹੇ, ਤੁਸੀਂ ਸਾਡੇ ਖਸਮ ਗੁਆਲੇ ਬਣੇ ਰਹੇ। ‘ਕਬਹੂੰ ਨ ਪਾਰਿ ਉਤਾਰਿ ਚਰਾਇਹੁ, ਕੈਸੇ ਖਸਮ ਹਮਾਰੇ ॥2॥’ ਪਰ ਤੁਸੀਂ ਸਾਡੇ ਕਿਸ ਤਰ੍ਹਾਂ ਦੇ ਮਾਲਕ ਹੋ, ਕਿ ਹੁਣ ਤਕ ਨਕਾਰੇ ਹੀ ਸਾਬਤ ਹੋਏ, ਕਿਉਂਕਿ ਤੁਸਾਂ ਕਦੇ ਭੀ ਸਾਨੂੰ (ਨਦੀਓਂ) ਪਾਰ ਲੰਘਾ ਕੇ ਨਾਹ ਚਾਰਿਆ (ਭਾਵ, ਇਸ ਸੰਸਾਰ-ਸਮੁੰਦਰ ਤੋਂ ਪਾਰ ਲੰਘਣ ਵਾਲੀ ਕੋਈ ਮੱਤ ਨਾ ਦਿੱਤੀ) ।2।

ਪ੍ਰੋ: ਦਰਸ਼ਨ ਸਿੰਘ ਨੇ ਕਿਹਾ ਜਿਸ ਤਰ੍ਹਾਂ ਬ੍ਰਾਹਮਣ ਆਪਣੇ ਆਪ ਨੂੰ ਗਵਾਲਾ ਖਸਮ ਤੇ ਬਾਕੀਆਂ ਨੂੰ ਆਪਣੀਆਂ ਗਊਆਂ ਸਮਝਦਾ ਹੈ, ਇਸੇ ਤਰ੍ਹਾਂ ਈਸਾ ਨੇ ਆਪਣੇ ਸੇਵਕਾਂ ਨੂੰ ਆਪਣੀਆਂ ਭੇਡਾਂ ਤੇ ਆਪਣੇ ਆਪ ਨੂੰ ਉਨ੍ਹਾਂ ਦਾ ਚਰਵਾਹਾ ਦੱਸਿਆ ਹੈ। ਪਰ ਗੁਰੂ ਸਾਹਿਬ ਜੀ ਨੇ ਆਪਣੇ ਸਿੱਖਾਂ ਨੂੰ ਆਪਣੀਆਂ ਭੇਡਾਂ, ਗਊਆਂ ਨਹੀਂ ਬਲਕਿ ਆਪਣੇ ਸਮਾਨ ਦਰਜਾ ਦਿੱਤਾ ਹੈ। ਫ਼ੁਰਮਾਨ ਹੈ: ‘ਗੁਰੂ ਸਿਖ, ਸਿਖੁ ਗੁਰੂ ਹੈ, ਏਕੋ ਗੁਰ ਉਪਦੇਸੁ ਚਲਾਏ ॥ ਰਾਮ ਨਾਮ ਮੰਤੁ ਹਿਰਦੈ ਦੇਵੈ, ਨਾਨਕ ਮਿਲਣੁ ਸੁਭਾਏ ॥8॥2॥9॥’ (ਪੰਨਾ 442) ਪ੍ਰੇਮ ਦੀ ਬਰਕਤਿ ਨਾਲ ਗੁਰੂ ਸਿੱਖ ਨਾਲ ਇਕ-ਰੂਪ ਹੋ ਜਾਂਦਾ ਹੈ ਅਤੇ ਸਿੱਖ ਗੁਰੂ ਵਿਚ ਲੀਨ ਹੋ ਜਾਂਦਾ ਹੈ, ਸਿੱਖ ਭੀ ਗੁਰੂ ਵਾਲੇ ਉਪਦੇਸ਼ (ਦੀ ਲੜੀ) ਨੂੰ ਅਗਾਂਹ ਤੋਰਦਾ ਰਹਿੰਦਾ ਹੈ । ਹੇ ਨਾਨਕ! ਜਿਸ ਮਨੁੱਖ ਨੂੰ ਗੁਰੂ ਪਰਮਾਤਮਾ ਦੇ ਨਾਮ ਦਾ ਮੰਤਰ ਹਿਰਦੇ ਵਿਚ (ਵਸਾਣ ਲਈ) ਦੇਂਦਾ ਹੈ, ਪ੍ਰੇਮ ਦਾ ਸਦਕਾ ਉਸ ਦਾ ਮਿਲਾਪ (ਪਰਮਾਤਮਾ ਨਾਲ) ਹੋ ਜਾਂਦਾ ਹੈ ।8।2।9।

ਭਗਤ ਕਬੀਰ ਸਾਹਿਬ ਜੀ ਅਖੀਰਲੇ ਪਦੇ ਵਿੱਚ ਫ਼ੁਰਮਾਨ ਕਰਦੇ ਹਨ: ‘ਤੂੰ ਬਾਮ੍‍ਨੁ ਮੈ ਕਾਸੀ ਕ ਜੁਲਹਾ ਬੂਝਹੁ ਮੋਰ ਗਿਆਨਾ॥’ ਇਹ ਠੀਕ ਹੈ ਕਿ ਤੂੰ ਕਾਂਸ਼ੀ ਦਾ ਬ੍ਰਾਹਮਣ ਹੈਂ (ਭਾਵ, ਤੈਨੂੰ ਮਾਣ ਹੈ ਆਪਣੀ ਵਿੱਦਿਆ ਦਾ, ਜੋ ਤੂੰ ਕਾਂਸ਼ੀ ਵਿਚ ਹਾਸਲ ਕੀਤੀ), ਤੇ ਮੈਂ (ਜਾਤ ਦਾ) ਜੁਲਾਹਾ ਹਾਂ (ਜਿਸ ਨੂੰ ਤੁਹਾਡੀ ਵਿੱਦਿਆ ਪੜ੍ਹਨ ਦਾ ਹੱਕ ਨਹੀਂ ਹੈ)। ਤੁਮ੍‍ ਤਉ ਜਾਚੇ ਭੂਪਤਿ ਰਾਜੇ ਹਰਿ ਸਉ ਮੋਰ ਧਿਆਨਾ ॥3॥4॥26॥’ ਪਰ, ਮੇਰੀ ਵਿਚਾਰ ਦੀ ਇਕ ਗੱਲ ਸੋਚ (ਕਿ ਵਿੱਦਿਆ ਪੜ੍ਹ ਕੇ ਤੁਸੀ ਆਖ਼ਰ ਕਰਦੇ ਕੀ ਹੋ?), ਤੁਸੀ ਤਾਂ ਰਾਜੇ ਰਾਣਿਆਂ ਦੇ ਦਰ ’ਤੇ ਮੰਗਦੇ ਫਿਰਦੇ ਹੋ, ਤੇ ਮੇਰੀ ਸੁਰਤਿ ਪ੍ਰਭੂ ਨਾਲ ਜੁੜੀ ਹੋਈ ਹੈ ।3।4।26।

ਪ੍ਰੋ: ਦਰਸਨ ਸਿੰਘ ਨੇ ਕਿਹਾ ਕਿ ਬਾਬਾ ਕਬੀਰ ਜੀ ਦੇ ਇਸ ਸ਼ਬਦ ਦਾ ਅੱਖਰ ਅੱਖਰ ਅੱਜ ਦੇ ਹਾਲਾਤਾਂ ’ਤੇ ਪੂਰਾ ਪੂਰਾ ਢੁਕਦਾ ਹੈ। ਜੇ ਉਸ ਸਮੇਂ ਬ੍ਰਾਹਮਣ ਨੇ ਜਨੇਊ ਤੇ ਹੋਰ ਵਿਖਾਵੇ ਦੇ ਚਿੰਨ੍ਹ ਧਾਰਨ ਕਰਨ ਨੂੰ ਹੀ ਧਰਮ ਸਮਝ ਲਿਆ ਸੀ, ਤੇ ਅੰਦਰਲੇ ਗੁਣਾਂ ਨੂੰ ਪ੍ਰਫੁਲਤ ਕਰਨ ਦੇ ਕੋਈ ਯਤਨ ਨਹੀਂ ਸਨ ਕਰਦੇ, ਉਸੇ ਤਰ੍ਹਾਂ ਅੱਜ ਸਿੱਖੀ ਦੇ ਸ੍ਰਬਰਾਹ ਅਖਵਾਉਣ ਵਾਲਿਆਂ ਨੇ ਭੇਖ ਨੂੰ ਹੀ ਸਿੱਖੀ ਸਮਝ ਲਿਆ ਹੈ। ਖਾਸ ਰੰਗਾਂ, ਤੇ ਕਛਹਿਰਿਆਂ ਦੇ ਸਾਈਜ ਨੂੰ ਹੀ ਸਿੱਖੀ ਦੀ ਨਿਸ਼ਾਨੀ ਵਜੋਂ ਪ੍ਰਚਾਰਿਆ ਜਾ ਰਿਹਾ ਹੈ, ਅਖੇ ਜੇ ਇਹ ਰੰਗ ਦੇ ਬਸਤਰ ਪਹਿਨੇ ਹੋਏ ਹਨ ਤਾਂ ਸਿੱਖ ਹੈ ਵਰਨਾ ਨਹੀਂ, ਕਛਹਿਰਾ ਇਤਨਾ ਲੰਬਾ ਪਾਇਆ ਹੈ ਤਾਂ ਸਿੱਖ ਹੈ ਨਹੀਂ ਤਾਂ ਨਹੀਂ। ਹਜੂਰ ਸਾਹਿਬ ਵਾਲੇ ਕਹਿੰਦੇ ਐ ਕਛਹਿਰਾ ਗੋਡਿਆਂ ਤੋਂ ਨੀਵਾਂ ਹੋਵੇ, ਪਜਾਮਾਂ ਨਾ ਪਾਇਆ ਹੋਵੇ ਤਾਂ ਹੀ ਸਿੱਖ ਹੈ। ਸ਼ਬਦ ਗੁਰੂ ਨਾਲੋਂ ਤੋੜਨ ਦੀ ਸਾਜਿਸ ਅਧੀਨ ਪ੍ਰਚਾਰਿਆ ਜਾ ਰਿਹਾ: ‘ਅਸਿ ਕ੍ਰਿਪਾਨ ਖੰਡੋ ਖੜਗ ਤੁਪਕ ਤਬਰ ਅਰੁ ਤੀਰ॥ ਸੈਫ ਸਰੋਹੀ ਸੈਹਥੀ ਯਹੈ ਹਮਾਰੈ ਪੀਰ॥’ {ਸਸਤ੍ਰ ਨਾਮ ਮਾਲਾ (ਅਖੌਤੀ ਦਸਮ ਗ੍ਰੰਥ)}

 

ਪ੍ਰੋ: ਦਰਸ਼ਨ ਸਿੰਘ ਨੇ ਕਿਹਾ ਕਿ ਕ੍ਰਿਪਾਨ ਗੁਰੂ ਸਾਹਿਬ ਵਲੋਂ ਬਖਸ਼ਿਆ ਗਿਆ ਇੱਕ ਕਕਾਰ ਹੈ ਤੇ ਸਾਡੇ ਜੀਵਨ ਦਾ ਇੱਕ ਅੰਗ ਹੈ। ਗੁਰੂ ਸਾਹਿਬ ਵਲੋਂ ਸਸ਼ਤ੍ਰਧਾਰੀ ਹੋਣ ਲਈ ਪ੍ਰੇਰਿਆ ਹੈ, ਕਿਉਂਕਿ ਉਸ ਦੀ ਜਰੂਰਤ ਸੀ ਕਿ ਲੋੜ ਸਮੇਂ ਸਿੱਖ ਆਪਣੀ ਰਾਖੀ ਆਪ ਕਰ ਸਕੇ। ਪਰ ਸਿੱਖਾਂ ਵਿੱਚ ਬ੍ਰਾਹਮਣੀ ਕ੍ਰਮਕਾਂਡ ਨਿਭਾਉਣ ਵਾਲਿਆਂ ਨੇ ਸਸ਼ਤ੍ਰਾਂ ਨੂੰ ਹੀ ਸਾਡੇ ਪੀਰ ਬਣਾ ਧਰਿਆ ਹੈ। ਪ੍ਰੋ: ਦਰਸ਼ਨ ਸਿੰਘ ਨੇ ਕਿਹਾ ਕਿ ਇੰਟਰਨੈੱਟ ਤੇ ਉਨ੍ਹਾਂ ਵੇਖਿਆ ਕਿ ਪਾਲਕੀ ਵਿਚ ਗੁਰੂ ਗ੍ਰੰਥ ਸਾਹਿਬ ਦੀ ਤਰ੍ਹਾਂ ਸਸ਼ਤ੍ਰ ਸਜਾਏ ਹੋਏ ਸਨ, ਤੇ ਉਪਰ ਚੌਰ ਕੀਤਾ ਜਾ ਰਿਹਾ ਸੀ। ਜੇ ਇਹ ਸਸ਼ਤ੍ਰ ਸਾਡੇ ਪੀਰ ਹਨ ਤਾਂ ਇਹ ਸਾਡੇ ਨਾਲ ਕਿਉਂ ਨਹੀਂ ਨਿਭਦੇ? ਉਨ੍ਹਾਂ ਕਿਹਾ ਕਿ ਸਾਨੂੰ ਭੁਲੇਖੇ ਵਿੱਚ ਰੱਖਣ ਲਈ ਝੂਠੀਆਂ ਕਹਾਣੀਆਂ ਘੜੀਆਂ ਗਈਆਂ ਕਿ ਚਿਖਾ ਵਿਚੋਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਣੇ ਘੋੜੇ ਦਰਗਾਹ ਨੂੰ ਚਲੇ ਗਏ। ਪਰ ਉਨ੍ਹਾਂ ਦੇ ਝੂਠ ਦਾ ਪਰਦਾ ਉਨ੍ਹਾਂ ਵਲੋਂ ਘੜੀ ਕਹਾਣੀ ਵਿਚੋਂ ਹੀ ਉਠ ਜਾਂਦਾ ਹੈ, ਜਦੋਂ ਉਹ ਆਖਦੇ ਹਨ ਕਿ ਚਿਖਾ ਫਰੋਲਣ ’ਤੇ ਉਸ ਵਿੱਚੋਂ ਕੰਘਾ ਤੇ ਕ੍ਰਿਪਾਨ ਮਿਲੀ।

ਪ੍ਰੋ: ਦਰਸਨ ਸਿੰਘ ਨੇ ਕਿਹਾ ਕਿ ਘੋੜਾ ਤਾਂ ਸਾਡੀ ਰਹਿਤ ਦਾ ਹਿੱਸਾ ਨਹੀਂ ਤੇ ਨਾਂ ਹੀ ਗੁਰੂ ਸਾਹਿਬ ਨੇ ਘੋੜੇ ਨੂੰ ਹਮੇਸ਼ਾਂ ਅੰਗ ਸੰਗ ਰੱਖਣ ਦਾ ਉਪਦੇਸ਼ ਦਿੱਤਾ ਹੈ। ਫਿਰ ਉਹ ਘੋੜਾ ਤਾਂ ਆਪਣੇ ਨਾਲ ਲੈ ਗਏ, ਪਰ ਕੰਘਾ ਤੇ ਕ੍ਰਿਪਾਨ ਜਿਹੜੇ ਸਾਡੀ ਰਹਿਤ ਦਾ ਹਿੱਸਾ ਹਨ, ਤੇ ਗੁਰੂ ਸਾਹਿਬ ਵੱਲੋਂ ਬਖ਼ਸ਼ੇ ਕਕਾਰਾਂ ਵਿੱਚੋਂ ਦੋ ਕਕਾਰ ਹਨ ਉਹ ਇੱਥੇ ਹੀ ਛੱਡ ਗਏ ਹਨ। ਗੁਰੂ ਸਾਹਿਬ ਤਾਂ ਕਹਿ ਰਹੇ ਹਨ: ‘ਗੁਰੁ ਮੇਰੈ ਸੰਗਿ ਸਦਾ ਹੈ ਨਾਲੇ॥’ ਇਸ ਲਈ ਜੇ ਇਹ ਸਸ਼ਤ੍ਰ ਜਾਂ ਕ੍ਰਿਪਾਨ ਸਾਡੇ ਪੀਰ ਹਨ, ਭਾਵ ਗੁਰੂ ਹਨ ਤਾਂ ਇਹ ਨਾਲ ਕਿਉਂ ਨਹੀਂ ਨਿਭਦੇ, ਭਾਵ ਇਹ ਜਨੇਊ ਵਾਂਗ ਸੜ ਕੇ ਇਥੇ ਹੀ ਕਿਉਂ ਰਹਿ ਜਾਂਦੀ ਹੈ!


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top