Share on Facebook

Main News Page

ਸਾਡਾ ਸਭਿਆਚਾਰ ਸਰਹੰਦ ਦੀ ਨੀਂਹ ਹੈ, ਸੰਸਾਰ ਚ ਸੱਚ ਦੇ ਵਪਾਰੀ ਘੱਟ ਹਨ: ਪ੍ਰਿੰ. ਪੰਨੂਵਾਂ, ਪ੍ਰੋ. ਧੂੰਦਾ

ਲੁਧਿਆਣਾ 19 ਜੁਲਾਈ (ਸੰਦੀਪ ਸਿੰਘ) ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਵੱਲੋਂ ਪਿੰਡ ਚੱਕ ਕਲਾਂ (ਨਕੋਦਰ) ਵਿਖੇ 2 ਰੋਜਾ ਗੁਰਮਤਿ ਸਮਾਗਮ ਕੀਤਾ ਗਿਆ ਜਿਸ ਵਿੱਚ ਪ੍ਰੋ. ਸਰਬਜੀਤ ਸਿੰਘ ਧੂੰਦਾ ਤੇ ਪ੍ਰਿੰ: ਗੁਰਬਚਨ ਸਿੰਘ ਜੀ ਪੰਨੂਵਾਂ ਨੇ ਦੋਵੇਂ ਦਿਨ ਹਾਜਰੀ ਭਰੀ ਤੇ ਗੁਰਬਾਣੀ ਦੀ ਸਰਲ ਵਿਆਖਿਆ ਕਰਕੇ ਸੰਗਤਾਂ ਨੂੰ ਗੁਰਬਾਣੀ ਸਿਧਾਤਾਂ ਤੋਂ ਜਾਣੂੰ ਕਰਵਾਇਆ।  ਇਹ ਸਮਾਗਮ ਸ੍ਰ: ਗੁਰਨੇਕ ਸਿੰਘ ਯੂ.ਐਸ.ਏ. ਦੇ ਪ੍ਰੀਵਾਰ ਵੱਲੋ ਨਗਰ ਨਿਵਾਸੀਆਂ, ਤੇ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਪਿੰਡ ਦੇ ਗੁਰੂ ਘਰ ਵਿਖੇ ਰੱਖਿਆ ਗਿਆ।

ਇਸ ਸਮਾਗਮ ਦੀ ਵਿਲੱਖਣਤਾ ਇਹ ਹੋਈ ਕਿ ਇਸ ਚ ਪ੍ਰਬੰਧਕ ਕਮੇਟੀ ਨੇ ਦਾਲ ਪ੍ਰਸ਼ਾਦੇ ਦੇ ਲੰਗਰ ਨਾਲ ਸ਼ਬਦ ਗੁਰੂ ਦਾ ਵੀ ਲੰਗਰ ਲਾਇਆ, ਜਿਸ ਦੌਰਾਨ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਵੱਲੋਂ ਲਗਾਇਆ ਗਿਆ ਧਾਰਮਿਕ ਪੁਸਤਕਾਂ ਦਾ ਸਾਰਾ ਸਟਾਲ (17500) ਸਤਾਰਾਂ ਹਜਾਰ ਪੰਜ ਸੋ ਰੁਪਏ ਦਾ ਖ੍ਰੀਦ ਸੰਗਤਾਂ 'ਚ ਵੰਡ ਦਿੱਤਾ। ਇਸ ਸਮਾਗਮ 'ਚ ਭਾਈ ਗੁਰਜੰਟ ਸਿੰਘ ਮਲਟੀਮੀਡੀਆ ਇੰਚਾ: ਤੇ ਭਾਈ ਸੰਦੀਪ ਸਿੰਘ ਖਾਲੜਾ ਕੇਂਦਰ ਇੰਚਾ: ਨੇ ਵੀ ਸ਼ਿਰਕਤ ਕੀਤੀ, ਗੁਰਮਤਿ ਵੀਚਾਰਾਂ ਦੌਰਾਨ ਪ੍ਰਿੰਸੀਪਲ ਪੰਨੂਵਾਂ ਜੀ ਨੇ ਸੰਗਤਾਂ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ “ਕੀ ਅੱਜ ਅਸੀਂ ਕਬਰਾਂ ਤੇ ਮੇਲੇ ਇਸ ਲਈ ਲਵਾ ਰਹੇ ਹਾਂ ਕਿ ਸਾਡੇ ਬੱਚੇ ਵੱਡੇ ਹੋ ਕੇ ਮਿਰਜੇ ਆਦਿ ਦੀ ਰੀਸ ਕਰਨ, ਕਿਉਂਕਿ ਉਹਨਾਂ ਥਾਵਾਂ ਤੇ ਅਜਿਹੇ ਲੋਕਾਂ ਦੀ ਹੀ ਗਾਥਾ ਸੁਣਾਈ ਜਾ ਰਹੀ ਹੈ। ਜਿਹੜੇ ਕਿ ਸਮਾਜ ਦੇ ਵਿਗੜੇ ਹੋਏ ਨਿਆਣੇ ਸਨ, ਉਹਨਾਂ ਕਿਹਾ ਕਿ ਇਹ ਅੱਜ ਦੇ ਸਭਿਆਚਾਰ ਦੀ ਹੀ ਦੇਣ ਹੈ, ਕਿ ਘਰ ਘਰ ਮਹੀਵਾਲ ਤੇ ਪੁਨੂੰ ਆਦਿ ਜਨਮ ਲੈ ਰਹੇ ਹਨ, ਜਿਹਨਾਂ ਦੇ ਕਿਸੇ ਅੱਜ ਅਖਬਾਰਾਂ 'ਚ ਪੜਨ ਨੂੰ ਮਿਲਦੇ ਹਨ। ਉਹਨਾਂ ਕਿਹਾ ਕਿ ਸਾਡਾ ਸਭਿਆਚਾਰ ਤਾਂ ਸਰਹੰਦ ਦੀ ਨੀਂਹ ਤੇ ਗੁਰੂ ਗ੍ਰੰਥ ਸਾਹਿਬ ਜੀ ਹਨ।

ਪ੍ਰੋ. ਧੂੰਦਾ ਜੀ ਨੇ ਕਿਹਾ ਕਿ ਅੱਜ ਦੁਨੀਆਂ ਦੀ ਬਹੁਤਾਤ ਗਿਣਤੀ ਝੂਠ ਦੇ ਵਪਾਰੀਆਂ ਦੀ ਹੈ, ਤੇ ਸੱਚ ਦੇ ਵਣਜਾਰੇ ਬਹੁਤ ਘੱਟ ਹਨ, ਰਾਜਨੀਤਿਕ ਇਕੱਠਾਂ ਰੈਲੀਆਂ, ਅਖਾੜਿਆਂ 'ਚ ਸੱਚ ਦੀ ਗਿਣਤੀ ਘੱਟ ਹੀ ਹੁੰਦੀ ਹੈ, ਅੱਜ ਯੋਗ ਗੱਦੀਆਂ ਤੇ ਅਯੋਗ ਵਿਅਕਤਾਂ ਬੈਠੇ ਹਨ, ਕੇਵਲ ਅਹੁਦਿਆਂ ਤੇ ਬੈਠਣ ਨਾਲ ਹੀ ਸੇਵਾ ਨਹੀਂ ਹੁੰਦੀ, ਅੱਜ ਝੂਠੀਆਂ ਲੋੜਾਂ ਵਧਣ ਕਰਕੇ ਹੀ ਮਨੁੱਖ ਚਿੰਤਾ ਦਾ ਮਰੀਜ ਬਣਦਾ ਜਾ ਰਿਹਾ ਹੈ। ਉਹਨਾਂ ਅਖੀਰ 'ਤੇ ਕਿਹਾ ਕਿ ਜਦੋਂ ਗੁਰਬਾਣੀ ਦੀ ਵੀਚਾਰ ਦਾ ਮੀਂਹ ਪੈਂਦਾ ਹੈ, ਤਾਂ ਸਾਰਿਆਂ ਨੂੰ ਚਾਅ ਨਹੀਂ ਚੜਦਾ, ਚਾਅ ਉਹਨਾਂ ਨੂੰ ਹੀ ਚੜਦਾ ਹੈ ਜਿਹਨਾਂ ਦੇ ਅੰਦਰ ਸੱਚ ਦੀ ਵੀਚਾਰ ਹੁੰਦੀ ਹੈ, ਇਸ ਸਮੇਂ ਪਿੰਡ ਚ ਬੱਚਿਆਂ ਨੂੰ ਗੁਰਬਾਣੀ ਨਾਲ ਜੋੜਨ ਲਈ ਪ੍ਰਚਾਰ ਕੇਂਦਰ ਖੋਹਲਨ ਲਈ ਪ੍ਰੇਰਿਆ ਗਿਆ।

ਰਿਪੋਰਟ: ਸੰਦੀਪ ਸਿੰਘ ਖਾਲੜਾ
ਇੰਚਾਰਜ ਗੁਰਮਤਿ ਪ੍ਰਚਾਰ ਕੇਂਦਰ
ਗੁਰਮਤਿ ਗਿਆਨ ਮਿਸ਼ਨਰੀ ਕਾਲਜ, ਲੁਧਿਆਣਾ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top