Share on Facebook

Main News Page

ਸੁਨਿਹਰੀ ਸਰੂਪਾਂ ਦੀ ਛਪਵਾਈ ਜਿਥੇ ਸਿੱਖ ਮਰਿਆਦਾ ਦੀ ਉਲੰਘਣਾ ਹੈ, ਉਥੇ ਪੰਜਾਬ ਸਰਕਾਰ ਵਲੋਂ ਪਾਸ ਕੀਤੇ ਐਕਟ ਦੀ ਵੀ ਅਣਦੇਖੀ ਹੋਈ ਹੈ:  ਮਨਜੀਤ ਸਿੰਘ ਕਲਕੱਤਾ

* ਦਿਲੀ ਦੇ ਜਮੁਨਾ ਪਾਰ ਇਲਾਕੇ ਵਿਚ ਦਾਦਾ ਚੇਲਾ ਰਾਮ ਟਰੱਸਟ ਵਲੋਂ ਸ੍ਰੀ ਗੁਰੁ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਹੋਈ ਬੇਅਦਬੀ ਬਾਰੇ ਰਿਪੋਰਟ ਪਿਛਲੇ ਕਈ ਮਹੀਨਿਆਂ ਤੋਂ ਸ੍ਰੀ ਅਕਾਲ ਤਖਤ ਸਾਹਿਬ ਪਾਸ ਕਾਰਵਾਈ ਦੀ ਉਡੀਕ ਕਰ ਰਹੀ ਹੈ
* ਨਿਜੀ ਪ੍ਰਕਾਸ਼ਕ ਵਲੋਂ ਸਰੂਪ ਛਪਵਾਏ ਜਾਣ ’ਤੇ ਪਬੰਦੀ ਲੱਗੇ ਹੋਣ ਦੀ ਜਾਣਕਾਰੀ ਹੁੰਦਿਆਂ ਵੀ ਪ੍ਰਕਾਸ਼ਕ ਖਿਲਾਫ ਕਾਨੂੰਨੀ ਕਾਰਵਾਈ ਕਿਉਂ ਨਹੀਂ ਕੀਤੀ ਗਈ
* ਸ਼੍ਰੋਮਣੀ ਕਮੇਟੀ ਵਲੋਂ ਇਟਲੀ ਲਈ ਭੇਜੇ ਸਰੂਪਾਂ ਦੀ ਵੰਡ ਨੂੰ ਲੈ ਕੇ ਸ਼ਰੋਮਣੀ ਕਮੇਟੀ ਅਧਿਕਾਰੀਆਂ ਦੀ ਹੋਈ ਬੇਇਜਤੀ ਦਾ ਮਾਮਲੇ ’ਤੇ ਵੀ ਕੋਈ ਕਾਰਵਾਈ ਨਹੀਂ ਹੋਈ
* ਵਿਆਨਾ ਕਾਂਡ ਮਾਮਲੇ ਵਿਚ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਸ਼੍ਰੋਮਣੀ ਕਮੇਟੀ ਨੇ ਅਣਦੇਖੀ ਕੀਤੀ

ਬਠਿੰਡਾ,18 ਜੁਲਾਈ (ਕਿਰਪਾਲ ਸਿੰਘ): ਸੁਨਿਹਰੀ ਸਰੂਪਾਂ ਦੀ ਛਪਵਾਈ ਦੇ ਮਾਮਲੇ ਵਿੱਚ ਜਿਥੇ ਸਿੱਖ ਮਰਿਆਦਾ ਦੀ ਉਲੰਘਣਾ ਹੋਈ ਹੈ, ਉਥੇ ਪੰਜਾਬ ਸਰਕਾਰ ਵਲੋਂ ਪਾਸ ਕੀਤੇ ਉਸ ਐਕਟ ਦੀ ਵੀ ਅਣਦੇਖੀ ਹੋਈ ਹੈ। ਇਹ ਸ਼ਬਦ ਸ਼੍ਰੋਮਣੀ ਪੰਥਕ ਕੌਂਸਲ ਦੇ ਚੇਅਰਮੈਨ ਸ੍ਰ ਮਨਜੀਤ ਸਿੰਘ ਕਲਕੱਤਾ ਨੇ, ਇਕ ਨਿਜੀ ਪ੍ਰਕਾਸ਼ਕ ਵਲੋਂ ਛਾਪੇ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸੁਨਿਹਰੀ ਸਰੂਪਾਂ ਦੇ ਮਾਮਲੇ ’ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵਲੋਂ 22 ਜੁਲਾਈ ਨੂੰ ਹੋਣ ਵਾਲੀ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਵਿਚ ਵਿਚਾਰੇ ਜਾਣ ਦੇ ਕੀਤੇ ਐਲਾਨ ਤੇ ਪ੍ਰਤੀਕਰਮ ਕਰਦਿਆਂ ਕਿਹਾ ਕਿ ਇਹ ਦੇਰ ਨਾਲ ਕੀਤੀ ਕਾਰਵਾਈ ਹੈ। ਉਨ੍ਹਾਂ ਮੰਗ ਕੀਤੀ ਕਿ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਵਿਚ ਜਿਥੇ ਸਰੂਪਾਂ ਦੀ ਛਪਵਾਈ ਲਈ ਦੋਸ਼ੀਆਂ ਖਿਲਾਫ ਕਾਰਵਾਈ ਕੀਤੀ ਜਾਵੇ ਉਥੇ ਸ੍ਰੀ ਅਕਾਲ ਤਖਤ ਸਾਹਿਬ ਪਾਸ ਚਿਰਾਂ ਤੋਂ ਵਿਚਾਰ ਅਧੀਨ ਸ੍ਰੀ ਗੁਰੁ ਗ੍ਰੰਥ ਸਾਹਿਬ ਦੇ ਅਦਬ ਸਤਿਕਾਰ ਨੂੰ ਢਾਹ ਲਾਉਣ ਵਾਲੇ ਹੋਰ ਮਾਮਲਿਆਂ ਤੇ ਵੀ ਵਿਚਾਰ ਕੀਤੀ ਜਾਵੇ।

ਸ੍ਰ. ਮਨਜੀਤ ਸਿੰਘ ਕਲਕੱਤਾ ਨੇ ਦੱਸਿਆ ਕਿ ਵਿਆਨਾ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਖਾਤਰ ਜੂਝਣ ਵਾਲੇ ਸਿੱਖ ਨੌਜੁਆਨਾਂ ਦੀ ਮਦਦ ਅਤੇ ਸਮੁਚੇ ਮਾਮਲੇ ਦੀ ਪੜਤਾਲ ਕਰਨ ਲਈ ਸ਼੍ਰੋਮਣੀ ਕਮੇਟੀ ਨੂੰ ਇਕ ਕਮੇਟੀ ਦਾ ਗਠਨ ਕਰਨ ਲਈ ਆਦੇਸ਼ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਹੋਏ ਸਨ ਲੇਕਿਨ ਉਹ ਸਿੱਖ ਨੌਜੁਆਨ ਵਿਆਨਾ ਦੀ ਜੇਲ੍ਹ ਵਿਚ ਸਜਾ ਭੁਗਤ ਰਹੇ ਹਨ। ਸ੍ਰ ਕਲਕੱਤਾ ਨੇ ਦੱਸਿਆ ਕਿ ਦਿਲੀ ਦੇ ਜਮੁਨਾ ਪਾਰ ਇਲਾਕੇ ਵਿਚ ਦਾਦਾ ਚੇਲਾ ਰਾਮ ਟਰੱਸਟ ਵਲੋਂ ਸ੍ਰੀ ਗੁਰੁ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਹੋਈ ਬੇਅਦਬੀ ਬਾਰੇ ਰਿਪੋਰਟ ਪਿਛਲੇ ਕਈ ਮਹੀਨਿਆਂ ਤੋਂ ਸ੍ਰੀ ਅਕਾਲ ਤਖਤ ਸਾਹਿਬ ਪਾਸ ਕਾਰਵਾਈ ਦੀ ਉਡੀਕ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾ ਸ਼੍ਰੋਮਣੀ ਕਮੇਟੀ ਵਲੋਂ ਇਟਲੀ ਲਈ ਭੇਜੇ ਸਰੂਪਾਂ ਦੀ ਵੰਡ ਨੂੰ ਲੈ ਕੇ ਸ਼ਰੋਮਣੀ ਕਮੇਟੀ ਅਧਿਕਾਰੀਆਂ ਦੀ ਹੋਈ ਬੇਇਜਤੀ ਦਾ ਮਾਮਲਾ ਵੀ ਵਿਚਾਰ ਅਧੀਨ ਹੈ ਲੇਕਿਨ ਸੁਨਿਹਰੀ ਸਰੂਪਾਂ ਦੀ ਛਪਵਾਈ ਦਾ ਮਾਮਲਾ ਬਿਲਕੁਲ ਵੱਖਰਾ ਹੈ ਜਿਥੇ ਸਿਖ ਮਰਿਆਦਾ ਦੀ ਵੀ ਉਲੰਘਣਾ ਹੋਈ ਹੈ ਉਥੇ ਪੰਜਾਬ ਸਰਕਾਰ ਵਲੋਂ ਪਾਸ ਕੀਤੇ ਉਸ ਐਕਟ ਦੀ ਵੀ ਅਣਦੇਖੀ ਹੋਈ ਹੈ ਜਿਸਨੂੰ ਪਾਸ ਕਰਾਉਣ ਲਈ ਸ੍ਰੀ ਅਕਾਲ ਤਖਤ ਸਾਹਿਬ ਦਾ ਆਦੇਸ਼ ਹੋਇਆ ਤੇ ਸ਼੍ਰੋਮਣੀ ਕਮੇਟੀ ਨੇ ਪੂਰਾ ਟਿਲ ਲਾ ਦਿੱਤਾ।

ਸ੍ਰ. ਕਲਕੱਤਾ ਨੇ ਮੰਗ ਕੀਤੀ ਕਿ ਪੰਜ ਸਿੰਘ ਸਾਹਿਬਾਨ ਦੀ ਇਕਤਰਤਾ ਵਿਚ ਇਹ ਵੀ ਵਿਚਾਰਿਆ ਜਾਵੇ ਕਿ ਨਿਜੀ ਪ੍ਰਕਾਸ਼ਕ ਵਲੋਂ ਸਰੂਪ ਛਪਵਾਏ ਜਾਣ’ਤੇ ਪਬੰਦੀ ਲੱਗੇ ਹੋਣ ਦੀ ਜਾਣਕਾਰੀ ਹੁੰਦਿਆਂ ਵੀ ਪ੍ਰਕਾਸ਼ਕ ਖਿਲਾਫ ਕਾਨੂੰਨੀ ਕਾਰਵਾਈ ਕਿਉਂ ਨਹੀਂ ਕੀਤੀ ਗਈ, ਵਿਆਨਾ ਕਾਂਡ ਮਾਮਲੇ ਵਿਚ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਅਣਦੇਖੀ ਕਿਉਂ ਕੀਤੀ ਗਈ ।ਉਨ੍ਹਾ ਸਪਸ਼ਟ ਕੀਤਾ ਕਿ 19 ਜੁਲਾਈ ਦੀ ਲੁਧਿਆਣਾ ਵਿਖੇ ਹੋਣ ਵਾਲੀ ਇਕਤਰਤਾ ਕੋਈ ਰਾਜਨੀਤਕ ਨਹੀ ਸਗੋਂ ਪੰਥਕ ਧਿਰਾਂ ਦੀ ਗੁਰੁ ਗ੍ਰੰਥ ਸਾਹਿਬ ਦੀ ਹਜੂਰੀ ਵਿਚ ਹੋਣ ਵਾਲੀ ਇਕਤਰਤਾ ਸੀ ਜਿਸ ਵਿਚ ਸ੍ਰੀ ਗੁਰੁ ਗ੍ਰੰਥ ਸਾਹਿਬ ਦਾ ਸਤਿਕਾਰ ਬਹਾਲ ਰੱਖੇ ਜਾਣ ਬਾਰੇ ਵਿਚਾਰਾਂ ਹੋਣੀਆਂ ਸਨ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top