Share on Facebook

Main News Page

ਪ੍ਰਸਿੱਧ ਕਥਾਵਾਚਕ ਗਿ. ਦਲੇਰ ਸਿੰਘ ਜੋਸ਼ ਹਰਟ ਅਟੈਕ ਹੋਣ 'ਤੇ ਮੌਤ ਦੇ ਮੂੰਹੋਂ ਵਾਲ-ਵਾਲ ਬਚੇ

(ਅਵਤਾਰ ਸਿੰਘ ਮਿਸ਼ਨਰੀ) ਪ੍ਰਸਿੱਧ ਕਥਾਵਾਚਕ ਗਿ. ਦਲੇਰ ਸਿੰਘ ਜੋਸ਼ ਲੁਧਿਆਨੇ ਵਾਲੇ ਜੋ ਦੇਸ਼-ਵਿਦੇਸ਼ ਵਿੱਚ ਵਿਚਰ ਕੇ ਗੁਰਮਤਿ ਪ੍ਰਚਾਰ ਕਰ ਰਹੇ ਸਨ ਪਿਛਲੇ 5-6 ਮਹੀਨੇ ਤੋਂ ਅਮਰੀਕਾ ਦੇ ਵੱਖ-ਵੱਖ ਗੁਰਦੁਆਰਿਆਂ ਵਿੱਚ ਵੀ ਹਾਜ਼ਰੀਆਂ ਭਰ ਰਹੇ ਸਨ। ਗਿਆਨੀ ਜੀ ਜਿੱਥੇ ਕਥਾਕਾਰ ਹਨ ਓਥੇ ਸੁਲਝੇ ਹੋਏ ਲਿਖਾਰੀ ਵੀ ਹਨ। ਗੁਰਬਾਣੀ ਗਿਆਨ ਦੀ ਤਰਕ ਦੇ ਅਧਾਰ ਤੇ ਕਥਾ ਕਰਦੇ ਅਤੇ ਲਿਖਦੇ ਹਨ। ਦਾਸ ਵੀ ਪਹਿਲੇ ਕਈ ਥਾਂਵਾਂ ਤੇ ਕਥਾ ਕਰ ਚੁੱਕਾ ਹੈ। ਜਦ ਗਿਆਨੀ ਜੀ 16 ਸਾਲ ਪਹਿਲੇ ਪਹਿਲੀ ਵਾਰ ਥਾਈਲੈਂਡ ਗਏ ਸਨ ਤਾਂ ਆਪਣੀ ਥਾਂ ਗੁਰਦੁਆਰਾ 19-ਡੀ ਚੰਡੀਗੜ੍ਹ ਵਿਖੇ ਦਾਸ ਨੂੰ ਕਥਾ ਲਈ ਛੱਡ ਗਏ ਸਨ। ਗਿਆਨੀ ਜੀ ਸੁਭਾਅ ਦੇ ਭੜੇ ਮਿੱਠੇ ਅਤੇ ਮਿਲਾਪੜੇ ਹਨ। ਹਰ ਰੋਜ ਗੁਰਬਾਣੀ ਅਤੇ ਗੁਰ-ਇਤਿਹਾਸ ਦੀ ਡੂੰਘੀ ਵਿਚਾਰ ਕਰਦੇ ਹਨ। ਇਨ੍ਹਾਂ ਕੋਲ ਗੁਰਮਤਿ ਗਿਆਨ ਦਾ ਭੰਡਾਰ ਹੈ। ਇੱਕ ਦਿਨ ਦਾਸ ਇਨ੍ਹਾਂ ਤੋਂ ਕੁਛ ਗੁਰਮਤਿ ਬਾਰੇ ਪੁੱਛ ਰਿਹਾ ਸੀ ਜੋ ਇਨ੍ਹਾਂ ਨੇ ਬੜਾ ਬਾ-ਦਲੀਲ ਉੱਤਰ ਦਿੱਤਾ ਅਤੇ ਦਾਸ ਨੇ ਕਿਹਾ ਗਿਆਨੀ ਜੀ ਲਿਖਣਾ ਸ਼ੁਰੂ ਕਰੋ ਤੁਹਾਡੀ ਕਲਮ ਵਿੱਚ ਬਹੁਤ ਦਮ ਹੈ। ਫਿਰ ਇਨ੍ਹਾਂ ਨੇ ਕਈ ਲੇਖ ਲਿਖੇ ਹਨ ਜਿਨ੍ਹਾ ਵਿੱਚ ਗੁਰਮਤਿ ਦੀ ਭਰਪੂਰ ਜਾਣਕਾਰੀ ਹੈ। ਦਾਸ ਨਾਲ ਗਿਆਨੀ ਜੀ ਦਾ ਵੱਡੇ ਭਰਾਵਾਂ ਵਾਲਾ ਪਿਆਰ ਹੈ।

ਜੁਲਾਈ ਦੇ ਪਹਿਲੇ ਹਫਤੇ ਜਦ ਗਿਆਨੀ ਜੀ ਗੁਰਦੁਆਰਾ ਸਾਹਿਬ ਮੈਡਸਟੋ ਸੀਰੀਸ ਆਏ ਹੋਏ ਸਨ। ਇੱਕ ਦਿੱਨ ਅਚਾਨਕ ਸੈਰ ਕਰਦੇ ਸਮੇਂ ਹਰਟ ਅਟੈਕ ਦਾ ਸਿ਼ਕਾਰ ਹੋ ਧਰਤੀ ਤੇ ਡਿੱਗ ਪਏ। ਭਲੇ ਨੂੰ ਗਿ. ਮਨਜੀਤ ਸਿੰਘ ਅਤੇ ਅਮਰਜੀਤ ਸਿੰਘ ਜੋ ਮੈਡਸਟੋ ਗੁਰਦੁਆਰੇ ਸੇਵਾ ਨਿਭਾਅ ਰਹੇ ਹਨ ਦੇ ਪ੍ਰਵਾਰ ਨੇ ਦੇਖ ਲਿਆ ਅਤੇ 911 ਫੋਨ ਕਰ ਦਿੱਤਾ। ਕੁਝ ਮਿੰਟਾਂ ਵਿੱਚ ਹੀ ਐਂਬੂਲੈਂਸ ਆ ਗਈ ਅਤੇ ਉਹ ਵੇਲੇ ਸਿਰ ਹਸਪਤਾਲ ਪਹੁੰਚ ਗਏ, ਜਿੱਥੇ ਗਿਆਨੀ ਜੀ ਦੇ ਜਦ-ਲਖਤ ਪੰਜ ਬਾਈਪਾਸ ਅਪ੍ਰੇਸ਼ਨ ਹੋਏ, ਗਿਆਨੀ ਜੀ ਵਾਲ ਵਾਲ ਬਚ ਗਏ, ਅਮਰੀਕਾ ਦੇ ਮੈਡੀਕਲ ਵਾਲੇ ਗਿਆਨੀ ਜੀ ਲਈ ਰੱਬ ਹੋ ਕੇ ਬਹੁੜੇ ਅਤੇ ਇਨਸਾਨੀਅਤ ਤੌਰ ਤੇ ਉਨ੍ਹਾਂ ਦਾ ਇਲਾਜ ਕੀਤਾ। ਦਾਸ ਵੀ ਹਰਸਿਮਰਤ ਕੌਰ ਖਾਲਸਾ ਸਮੇਤ ਗਿਆਨੀ ਜੀ ਦਾ ਹਾਲ ਚਾਲ ਪੁੱਛਣ ਲਈ ਫਰੀਮਾਂਟ ਤੋਂ ਮੈਡਸਟੋ ਪਹੁੰਚਿਆ। ਜਿੱਥੇ ਗਿਆਨੀ ਜੀ ਐਂਮਰਜੈਂਸੀ ਵਿੱਚ ਜੇਰੇ ਇਲਾਜ ਸਨ। ਅਸੀਂ ਗਿਆਨੀ ਜੀ ਦੀਆਂ ਉਸ ਹਾਲਤ ਦੀਆਂ ਪਿਕਚਰਾਂ ਲਈਆਂ ਅਤੇ ਪਿਛੇ ਉਨ੍ਹਾਂ ਦੇ ਪ੍ਰਵਾਰ ਨੂੰ ਵੀ ਭੇਜੀਆਂ ਅਤੇ ਹੌਂਸਲਾ ਦਿੱਤਾ ਜੋ ਗਿਆਨੀ ਜੀ ਦੀ ਹਾਲਤ ਸੁਣ ਕੇ ਘਬਰਾਏ ਹੋਏ ਸਨ। ਇਉਂ ਕਈ ਦਿਨ ਗਿਆਨੀ ਜੀ ਨੂੰ ਹਸਪਤਾਲ ਰਹਿਣਾ ਪਿਆ ਜਿਸ ਕਰਕੇ ਕਥਾ ਦੇ ਪ੍ਰੋਗ੍ਰਾਮ ਮਿਸ ਹੋ ਗਏ। ਇਸ ਅਉਖੀ ਘੜੀ ਵਿੱਚ ਦਿੱਤੇ ਸਮੇਂ ਪਰ ਕਥਾ ਨਾਂ ਕਰ ਸੱਕਣ ਦੀ ਗਿਆਨੀ ਜੀ ਪ੍ਰਬੰਧਕਾਂ ਅਤੇ ਸੰਗਤਾਂ ਤੋਂ ਖਿਮਾਂ ਮੰਗਦੇ ਹਨ। ਹੁਣ ਪਤਾ ਲੱਗਾ ਹੈ ਕਿ ਉਹ ਗੁਰਦੁਆਰਾ ਮੈਡਸਟੋ ਆ ਗਏ ਹਨ।

ਡਾਕਟਰਾਂ ਨੇ ਗਿਆਨੀ ਜੀ ਨੂੰ ਕੁਝ ਦਿਨ ਹੋਰ ਅਰਾਮ ਕਰਨ ਦੀ ਸਲਾਹ ਦਿੱਤੀ ਹੈ। ਕਿਸੇ ਵੀ ਹਮਦਰਦ ਜਾਂ ਉਨ੍ਹਾਂ ਦੇ ਸਨੇਹੀ ਨੇ ਗਿਆਨੀ ਜੀ ਦਾ ਹਾਲ ਚਾਲ ਪੁੱਛਣਾ ਹੋਏ ਤਾਂ ਗੁਰਦੁਆਰਾ ਸਾਹਿਬ ਦੇ ਨੰਬਰ 209-538-4100 ਜਾਂ ਫਿਰ ਉਨ੍ਹਾਂ ਦੇ ਘਰ ਦੇ ਨੰਬਰ 9888151686 ਤੇ ਫੋਨ ਕਰ ਸਕਦੇ ਹੋ ਕਿਉਂਕਿ ਗਿਆਨੀ ਜੀ 24 ਜੁਲਾਈ 2011 ਦੀ ਰਾਤ ਨੂੰ ਭਾਰਤ ਵਾਪਸ ਜਾ ਰਹੇ ਹਨ। ਆਪ ਜੀ ਖਾਸ ਕਰ ਅਮਰੀਕਨ ਮੈਡੀਕਲ ਅਤੇ ਉਨ੍ਹਾਂ ਸਭ ਦੋਸਤਾਂ, ਮਿਤਰਾਂ, ਪ੍ਰਬੰਧਕਾਂ ਅਤੇ ਸੰਗਤਾਂ ਦੇ ਸ਼ੁਕਰਗੁਜ਼ਾਰ ਹਨ ਜਿਨ੍ਹਾਂ ਨੇ ਗਿਆਨੀ ਜੀ ਦੀ ਔਖੇ ਵੇਲੇ ਮਦਦ ਕੀਤੀ, ਆ ਕੇ ਹਾਲ ਚਾਲ ਪੁੱਛਿਆ ਜਾਂ ਫੋਨ ਕਰਕੇ ਹਮਦਰਦੀ ਪ੍ਰਗਟ ਕੀਤੀ। ਦਾਸ ਵੀ ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਆਫ ਯੂ.ਐੱਸ.ਏ. ਦੇ ਸਮੂੰਹ ਪ੍ਰਵਾਰ ਵੱਲੋਂ ਰੱਬ ਦਾ ਲੱਖ ਲੱਖ ਸ਼ੁਕਰਗੁਜਾਰ ਹੈ ਜਿਸ ਨੇ ਗਿਆਨੀ ਜੀ ਨੂੰ ਨਵੀਂ ਜਿ਼ੰਦਗੀ ਬਖਸ਼ੀ ਹੈ ਅਤੇ ਅਰਦਾਸ ਹੈ ਕਿ ਕਰਣਹਾਰ-ਕਰਤਾਰ ਗਿਆਨੀ ਜੀ ਨੂੰ ਜਲਦੀ ਤੰਦਰੁਸਤੀ ਬਖਸ਼ਣ ਤਾਂ ਕਿ ਉਹ ਜਲਦੀ ਤੋਂ ਜਲਦੀ ਪ੍ਰਭੂ ਵੱਲੋਂ ਬਖਸਿ਼ਸ਼ ਗਿਆਨ ਨੂੰ ਹੋਰ ਵੰਡਦੇ ਹੋਏ ਕਲਮਬੰਧ ਵੀ ਕਰ ਸੱਕਣ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top