Share on Facebook

Main News Page

ਭਨਿਆਰੇ ਵਾਲੇ ਸਾਧ ਦੇ ‘ਭਵ ਸਾਗਰ ਗ੍ਰੰਥ’ ਬਾਰੇ ਪੜਚੋਲ ਕਮੇਟੀ ਬਣਾਉਣ ਦਾ ਫੈਸਲਾ ਰੱਦ

ਚੰਡੀਗੜ੍ਹ: ਸੁਪਰੀਮ ਕੋਰਟ ਨੇ ਪੰਜਾਬ ਹਰਿਆਣਾ ਹਾਈ ਕੋਰਟ ਦਾ ਉਹ ਹੁਕਮ ਰੱਦ ਕਰ ਦਿੱਤਾ ਹੈ ਜਿਸ ਵਿਚ ਬਾਬਾ ਪਿਆਰਾ ਸਿੰਘ ਭਨਿਆਰਾਂ ਵੱਲੋਂ ਲਿਖੇ ਵਿਵਾਦਗ੍ਰਸਤ ‘ਭਵ ਸਾਗਰ ਸਮੁੰਦਰ ਅਮਰਬਾਣੀ ਗ੍ਰੰਥ’ ਦੀ ਘੋਖ ਕਰਨ ਬਾਰੇ ਮਾਹਰਾਂ ਦੀ ਪੰਜ ਮੈਂਬਰੀ ਕਮੇਟੀ ਕਾਇਮ ਕਰਨ ਲਈ ਕਿਹਾ ਗਿਆ ਸੀ।

ਚੇਤੇ ਰਹੇ ਕਿ ਪੰਜਾਬ ਸਰਕਾਰ ਨੇ ਸਤੰਬਰ 2001 ਵਿਚ ਵਿਵਾਦਗ੍ਰਸਤ ਧਾਰਮਿਕ ਪੁਸਤਕ ‘ਤੇ ਪਾਬੰਦੀ ਲਾ ਦਿੱਤੀ ਸੀ ਜਿਸ ਨੂੰ ਬਾਬਾ ਭਨਿਆਰਾਂ ਨੇ ਹਾਈ ਕੋਰਟ ਵਿਚ ਚੁਣੌਤੀ ਦਿੱਤੀ ਸੀ ਤੇ ਸਰਕਾਰ ਨੂੰ ਨਵੇਂ ਸਿਰਿਓਂ ਹੁਕਮ ਜਾਰੀ ਕਰਨ ਲਈ ਕਿਹਾ ਗਿਆ ਸੀ। ਸਰਕਾਰ ਨੇ 15 ਦਸੰਬਰ, 2008 ਨੂੰ ਨਵਾਂ ਨੋਟੀਫਿਕੇਸ਼ਨ ਜਾਰੀ ਕਰਕੇ ਪੁਸਤਕ ‘ਤੇ ਮੁੜ ਪਾਬੰਦੀ ਲਾ ਦਿੱਤੀ ਸੀ। ਬਾਬਾ ਭਨਿਆਰਾਂ ਨੇ ਦੂਜੇ ਨੋਟੀਫਿਕੇਸ਼ਨ ਨੂੰ ਵੀ ਚੁਣੌਤੀ ਦਿੱਤੀ। ਉਸ ਦੀ ਅਰਜ਼ੀ ‘ਤੇ ਸੁਣਵਾਈ ਕਰਦਿਆਂ ਹਾਈ ਕੋਰਟ ਨੇ ਇਸ ਕਿਤਾਬ ਦੀ ਪੜਚੋਲ ਲਈ ਕਮੇਟੀ ਕਾਇਮ ਕਰਨ ਦਾ ਫੈਸਲਾ ਸੁਣਾਇਆ ਜਿਸ ਵਿਚ ਦੋ ਸਿੱਖੀ ਦੇ ਮਾਹਰ ਤੇ ਦੋ ਹਿੰਦੂ ਮੱਤ ਦੇ ਮਾਹਰ ਸ਼ਾਮਲ ਕਰਨ ਤੇ ਪੰਜਵਾਂ ਮੈਂਬਰ ਬਾਬਾ ਭਨਿਆਰਾਂ ਵੱਲੋਂ ਨਾਮਜ਼ਦ ਕਰਨ ਲਈ ਕਿਹਾ ਸੀ।

ਇਸ ‘ਤੇ ਪੰਜਾਬ ਸਰਕਾਰ ਨੇ ਹਾਈ ਕੋਰਟ ਵਿਚ ਇਸ ਆਧਾਰ ‘ਤੇ ਨਵੇਂ ਫੈਸਲੇ ਲਈ ਅਰਜ਼ੀ ਦਾਇਰ ਕੀਤੀ ਕਿ ਸ਼੍ਰੋਮਣੀ ਕਮੇਟੀ ਵੱਲੋਂ ਮਾਹਰਾਂ ਦੀ ਸਿਫਾਰਸ਼ ਕਰਨ ਤੋਂ ਇਨਕਾਰ ਕੀਤਾ ਗਿਆ ਕਿਉਂਕਿ ਉਹ ਭਨਿਆਰਾਂ ਵਾਲੇ ਨੂੰ ਪਹਿਲਾਂ ਹੀ ਪੰਥ ਵਿਚੋਂ ਛੇਕ ਚੁੱਕੀ ਹੈ। ਹਾਈ ਕੋਰਟ ਨੇ ਆਪਣਾ ਫੈਸਲਾ ਬਦਲਣ ਤੋਂ ਇਨਕਾਰ ਕਰ ਦਿੱਤਾ ਤੇ 20 ਅਗਸਤ, 2010 ਨੂੰ ਸੁਣਾਏ ਆਪਣੇ ਪਹਿਲੇ ਫੈਸਲੇ ਨੂੰ ਹੀ ਦ੍ਰਿੜ੍ਹਾਇਆ। ਪੰਜਾਬ ਸਰਕਾਰ ਨੇ ਹਾਈ ਕੋਰਟ ਦੇ ਫੈਸਲੇ ਖ਼ਿਲਾਫ਼ ਸੁਪਰੀਮ ਕੋਰਟ ਵਿਚ ਅਪੀਲ ਦਾਇਰ ਕੀਤੀ ਸੀ ਜਿਸ ‘ਤੇ ਰਾਜ ਸਰਕਾਰ ਵੱਲੋਂ ਅਪਰਾਜਿਤਾ ਸਿੰਘ ਤੇ ਕੁਲਦੀਪ ਸਿੰਘ ਬੈਂਚ ਸਾਹਮਣੇ ਪੇਸ਼ ਹੋਏ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top