Share on Facebook

Main News Page

ਹਾਂਗ ਕਾਂਗ ਦੇ ਗੁਰਦਵਾਰਾ ਸਹਿਬ ਵਿੱਚ ਮਰਿਯਾਦਾ ਤੋ ਉਲਟ ਅਨੰਦ ਕਾਰਜ ਕਰਨ ਤੇ ਸੰਗਤ ਵਿੱਚ ਰੋਸ!

ਹਾਂਗ ਕਾਂਗ 14 ਜੁਲਾਈ - ਬਲਦੇਵ ਸਿੰਘ ‘ਬੁੱਧ ਸਿੰਘ ਵਾਲਾ’ : ਭਾਂਵੇ ਸ੍ਰੀ ਅਕਾਲ ਤਖਤ ਸਹਿਬ ਤੋ ਪੰਥਕ ਏਕਤਾ ਦੇ ਮੱਦੇਨਜ਼ਰ ‘ਸਿੱਖ ਰਹਿਤ ਮਰਿਯਾਦਾ’ ਲਾਗੂ ਕੀਤੀ ਗਈ ਹੈ। ਪਰ ਸਮੇਂ-ਸਮੇਂ ਡੇਰੇਦਾਰਾਂ ਅਤੇ ਅਖੌਤੀ ਪ੍ਰਬੰਧਕਾਂ ਵੱਲੋ ਅਪਣੀ-ਅਪਣੀ ਸੋਚ ਅਨੁਸਾਰ ਵੱਖੋ-ਵੱਖ ਮਰਿਯਾਦਾਵਾਂ ਲਾਗੂ ਕਰਨ ਕਾਰਨ ਸਿੱਖ ਦੁਬਿਧਾ ’ਚ ਫਸੇ ਨਿੱਤਾਂ ਪ੍ਰਤੀ ਆਪਸੀ ਕਲੇਸ਼ ਦਾ ਸ਼ਿਕਾਰ ਹੋ ਰਹੇ ਹਨ। ਜੇਕਰ ਇਹਨਾਂ ਅਖੌਤੀ ਸਾਧਾਂ ਦੇ ਉਪਾਸ਼ਕਾਂ ਨਾਲ ਗੁਰਮਤਿ ਸਿਧਾਂਤਾਂ ਅਨੁਸਾਰ ਨਾਲ ਕਰਨ ਦੀ ਕੋਸ਼ਿਸ਼ ਵੀ ਕੀਤੀ ਜਾਵੇ ਤਾਂ ਇਹ ਲੋਕ ਗੁਰੂ ਘਰ ਦੀ ਹਦੂਦ ਅੰਦਰ ਮਾਂਵਾਂ ਭੈਣਾਂ ਦੀਆਂ ਗਾਲਾਂ ਕੱਢਣ ਤੋ ਵੀ ਗੁਰੇਜ਼ ਨਹੀ ਕਰਦੇ। ਅੱਗੇ ਹੀ ਕਈ ਮਸਲਿਆਂ ਨੂੰ ਲੈਕੇ ਪਿਛਲੇ ਦਿਨਾਂ ਤੋ ਹਾਂਗ ਕਾਂਗ ਵਿੱਚ ਕੁੱਝ ਘਟਨਾਂਵਾਂ ਬੜੀ ਤੇਜ਼ੀ ਨਾਲ ਵਾਪਰ ਰਹੀਆਂ ਹਨ, 3 ਜੁਲਾਈ ਦਿਨ ਐਤਵਾਰ ਨੂੰ ਖਾਲਸਾ ਦੀਵਾਂਨ ਪ੍ਰਬੰਧਕ ਕਮੇਟੀ ਦੀ ਮੀਟਿੰਗ ਵਿੱਚ ਮੌਜੂਦਾ ਹੈਡ ਗ੍ਰੰਥੀ ਗਿਆਨੀ ਅਮਰਜੀਤ ਸਿੰਘ ਨੂੰ ਤਲਬ ਕੀਤਾ ਗਿਆ ਅਤੇ ਸ੍ਰੀ ਅਕਾਲ ਤਖਤ ਦੀ ਮਰਿਯਾਦਾ ਨੂੰ ਨਕਾਰ ਕੇ ਕਮੇਟੀ ਦੀਆਂ ਹਦਾਇਤਾਂ ਅਨੁਸਾਰ ਮਰਿਯਦਾ ਲਾਗੂ ਕਰਨ ਲਈ ਕਿਹਾ ਗਿਆ। ਪਰ ਗਿਆਨੀ ਅਮਰਜੀਤ ਸਿੰਘ ਜੀ ਵੱਲੋ ਸਿੱਖ ਸਿਧਾਂਤਾਂ ਤੋ ਮੁਨਕਰ ਹੋਣ ਤੋ ਸ਼ਪਸ਼ਟ ਇਨਕਾਰ ਕਰਨ ਤੇ ਜ਼ਬਰੀ 11 ਦਿਨ ਦੀ ਛੁੱਟੀ ਤੇ ਭੇਜ ਦਿੱਤਾ ਗਿਆ ਅਤੇ ਮੀਤ ਗ੍ਰੰਥੀ ਭਾਈ ਹਰਜੀਤ ਸਿੰਘ ਵੱਲੋ ਸ੍ਰੀ ਅਕਾਲ ਤਖਤ ਸਹਿਬ ਦੀ ਮਰਿਯਾਦਾ ਨੂੰ ਛੱਡ ਕੇ ਕਮੇਟੀ ਦੀਆ ਹਦਾਇਤਾਂ ਅਨੁਸਾਰ ਮਰਿਯਾਦਾ ਲਾਗੂ ਕਰਨ ਵਿੱਚ ਸਹਿਮਤੀ ਤੇ ਉਨ੍ਹਾਂ ਨੂੰ ਹੈਡ ਗ੍ਰੰਥੀ ਦਾ ਵਾਧੂ ਚਾਰਜ ਦੇ ਦਿੱਤਾ। ਹਾਂਗ ਕਾਂਗ ਦੀ ਸੰਗਤ ਵਿੱਚ ਇਸ ਗੱਲ ਨੂੰ ਲੈਕੇ ਕਾਫੀ ਰੋਸ ਪਾਇਆ ਜਾ ਰਿਹਾ ਹੈ।

ਸੰਗਤ ਅਨੁਸਾਰ ਇਹ ਸਭ ਹੈਡ ਗ੍ਰੰਥੀ ਗਿਆਨੀ ਜੀ ਨੂੰ ਜਲੀਲ ਕਰਨ ਲਈ ਕੀਤਾ ਜਾ ਰਿਹਾ ਹੈ, ਕਿਉ ਜੋ ਗਿਆਨੀ ਜੀ ਸਮੇ-ਸਮੇ ਅਖੌਤੀ ਸਾਧਾਂ ਅਤੇ ਮਨਮਤੀ ਕਰਮਕਾਂਡਾਂ ਦਾ ਗੁਰਮਤਿ ਦ੍ਰਿਸ਼ਟੀ ਕੋਣ ਦੇ ਆਧਾਰ ਤੇ ਵਿਰੋਧ ਕਰਦੇ ਆਏ ਹਨ, ਜੋ ਕੁੱਝ ਲੋਕਾਂ ਨੂੰ ਚੰਗਾ ਨਹੀ ਲਗਦਾ। ਨਹੀ ਤਾਂ ਗਿਆਨੀ ਜੀ ਨੇ ਤਾਂ 1 ਅਗਸਤ ਨੂੰ ਆਪਦੀ ਸੇਵਾ ਨਿਭਾ ਕੇ ਇੰਡੀਆ ਚਲੇ ਜਾਣਾਂ ਸੀ, ਜੇ ਕੋਈ ਮਰਿਯਾਦਾ ਬਦਲਨੀ ਸੀ ਤਾਂ ਉਹ ਕੁੱਝ ਸਮੇ ਬਾਅਦ ਵੀ ਲਾਗੂ ਕੀਤੀ ਜਾ ਸਕਦੀ ਸੀ। ਪਰ ਕਾਹਲੀ ਵਿੱਚ ਕੀਤੀ ਕਾਰਵਾਈ ਨਾਲ ‘ਦਾਲ ਵਿੱਚ ਕੁਛ ਕਾਲਾ’ ਨਜ਼ਰ ਆ ਰਿਹਾ ਹੈ। ਸੰਗਤ ਵਿੱਚ ਹਾਲੇ ਇਸ ਗੱਲ ਨੂੰ ਲੈਕੇ ਚਰਚਾ ਚੱਲ ਹੀ ਰਹੀ ਸੀ ਕਿ ਮਿਤੀ 8-7-2011 ਦਿਨ ਸੁਕਰਵਾਰ ਨੂੰ ਅਨੰਦਕਾਰਜ ਵੇਲੇ ਕਮੇਟੀ ਦੀਆ ਹਦਾਇਤਾਂ ਅਨੁਸਾਰ ਮਰਿਯਾਦਾ ਬਦਲਣ ਦੀ ਅਸਹਿ ਕਾਰਵਾਈ ਕਾਰਨ ਸਿੱਖ ਸੰਗਤਾਂ ਦੇ ਹਿਰਦੇ ਬੁਰੀ ਤਰਾਂ ਵਲੂੰਧਰੇ ਗਏ।

ਹੋਇਆ ਇਵੇ ਕਿ ਮਿਤੀ 8-7-11 ਨੂੰ ‘ਖਾਲਸਾ ਦੀਵਾਨ’ ਵਿਖੇ ਅਨੰਦ ਕਾਰਜ ਦੀ ਰਸਮ ਵੱਡੇ ਦਰਬਾਰ ਵਿੱਚ ਨਿਭਾਈ ਗਈ। ਇਸ ਸਮੇ ਵੱਢੇ ਦੀਵਾਂਨ ਹਾਲ ਵਿੱਚ ਅਖੰਡ ਪਾਠ ਵੀ ਚੱਲ ਰਿਹਾ ਸੀ। ਭਾਈ ਹਰਜੀਤ ਸਿੰਘ ਵੱਲੋ ਸੈਕਟਰੀ ਸ੍ਰ ਦਲਜੀਤ ਸਿੰਘ ਜੀਰਾ ਦੀਆਂ ਹਦਾਇਤਾਂ ਤੇ ਅਖੰਡ ਪਾਠ ਦੇ ਦੌਰਾਂਨ ਗੁਰੂ ਗ੍ਰੰਥ ਸਹਿਬ ਜੀ ਦੇ ਸਰੂਪ ਨਾਂਲ ਹੀ ਪੋਥੀ ਤੋ ਲਾਵਾਂ ਦਾ ਪਾਠ ਕਰਵਾ ਕੇ ਅਨੰਦ ਕਾਰਜ ਕਰ ਦਿੱਤਾ। ਇਸ ਸਮੇ ਪ੍ਰਵਾਰ ਵੱਲੋ ਗੁਰੂ ਮਹਾਂਰਾਜ ਵਾਸਤੇ ਭੇਟ ਕੀਤੇ ਰੁਮਾਲੇ ਵੀ ਪੋਥੀ ਉਤੇ ਹੀ ਪਾ ਦਿੱਤੇ ਗਏ। ਅਜਿਹੀ ਗੈਰ ਸਿਧਾਂਤਕ ਮਰਿਯਦਾ ਨਾਂ ਪਹਿਲਾ ਕਦੇ ਦੇਖੀ ਹੈ ਤੇ ਨਾਂ ਹੀ ਸੁਣੀ ਹੈ! ਸਿੱਖ ਮਰਿਯਾਦਾ ਅਨੁਸਾਰ ਵੈਸੇ ਵੀ ਇੱਕ ਸਮੇ ਇੱਕੋ ਹੀ ਕਾਰਜ ਜਿਵੇ ਅਖੰਡ ਪਾਠ, ਕਥਾ ਜਾਂ ਕੀਰਤਨ ਗੁਰੂ ਮਹਾਰਾਜ ਦੀ ਹਜੂਰੀ ਵਿੱਚ ਕੀਤਾ ਜਾ ਸਕਦਾ ਹੈ।

ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ‘ਖਾਲਸਾ ਦੀਵਾਂਨ’ ਵਿੱਚ ਹੋਣ ਵਾਲੇ ਅਖੰਡਪਾਠ ਜਾਂ ਅਨੰਦ ਕਾਰਜ ਜਾਂ ਹੋਰ ਸਮਾਗਮ ਦੀ ਜਾਣਕਾਰੀ ਕਮੇਟੀ ਨੂੰ ਦੋ ਹਫਤੇ ਪਹਿਲਾਂ ਦੇ ਦਿੱਤੀ ਜਾਦੀ ਹੈ। ਇਸ ਦੌਰਾਂਨ ਵੱਢੇ ਦਰਬਾਰ ਹਾਲ ਵਿੱਚ ਅਖੰਡ ਪਾਠ ਲਈ ਬਣਾਇਆ ਛੋਟਾ ਕਮਰਾ ਵੀ ਵਿਹਲਾ ਪਿਆ ਸੀ, ਜੇ ਪ੍ਰਬੰਧਕ ਚਾਹੁੰਦੇ ਤਾਂ ਛੋਟੇ ਕਮਰੇ ’ਚ ਅਖੰਡ ਪਾਠ ਅਰੰਭ ਕਰਵਾਕੇ ਗੁਰੂ ਮਹਾਰਾਜ ਦੀ ਘੋਰ ਅਵੱਗਿਆ ਤੋ ਬਚਿਆ ਜਾ ਸਕਦਾ ਸੀ। ਪਰ ਸਾਰੇ ਹੱਲ ਮੌਜੂਦ ਹੋਣ ਦੇ ਬਾਵਜੂਦ ਕੀ ਇਹ ਜਾਂਣ ਬੁੱਝਕੇ ਕੀਤਾ ਗਿਆ? ਇਥੇ ਇਹ ਵੀ ਜਵਾਬ ਦੇਣਾਂ ਬਣਦਾ ਹੈ ਕਿ ਇਹ ਕਿਹੜੀ ਮਰਿਯਾਦਾ ਦੇ ਤਹਿਤ ਕੀਤਾ ਗਿਆ ਹੈ? ਤੇ ਕਿੱਥੇ ਲਿਖਿਆ ਹੈ ਕਿ ਅਖੰਡ ਪਾਠ ਦਾ ਪਾਠ ਹੁੰਦੇ ਹੋਏ ਨਾਲ ਨਾਲ ਕਿਸੇ ਹੋਰ ਬਾਣੀ ਦਾ ਪਾਠ ਵੀ ਕੀਤਾ ਜਾ ਸਕਦਾ ਹੈ? ਕੀ ਅਜੇਹੀਆਂ ਆਪ ਹੁਦਰੀਆਂ ਕਰਨ ਲਈ ਹੀ ਗਿਆਨੀ ਅਮਰਜੀਤ ਸਿੰਘ ਜੀ ਨੂੰ ਲਾਂਭੇ ਕੀਤਾ ਗਿਆ? ਇਸ ਵਰਤਾਰੇ ਨੂੰ ਲੈਕੇ ਸੰਗਤ ਵਿੱਚ ਸਵਾਲ ਖੜੇ ਹੋ ਰਹੇ ਹਨ।

ਜਦੋਂ ਇਸ ਸਬੰਧੀ ਭਾਈ ਹਰਜੀਤ ਸਿੰਘ ਜੀ ਨਾਲ ਮੋਬਾਇਲ ਤੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਇਹ ਸਭ ਸੈਕਟਰੀ ਸਹਿਬ ਦੀਆਂ ਹਦਾਇਤਾ ਅਨੁਸਾਰ ਹੀ ਕੀਤਾ ਗਿਆ। ਉਨ੍ਹਾਂ ਕਿਹਾ ਕਿ ਵਿਆਹ ਵਾਲੇ ਪ੍ਰਵਾਰ ਨੂੰ ਬੇਨਤੀ ਕੀਤੀ ਸੀ ਕਿ ਛੋਟੇ ਦਰਬਾਰ ਹਾਲ ਵਿੱਚ ਅਨੰਦ ਕਾਰਜ ਦੀ ਰਸਮ ਨਿਭਾ ਲਈ ਜਾਵੇ। ਪਰ ਪ੍ਰਵਾਰ ਦੇ ਕਹਿਣ ਤੇ ਕਿ ਉਨ੍ਹਾਂ ਨਾਲ ਸੰਗਤ ਜਿਆਦਾ ਹੈ, ਤਾਂ ਇਹ ਤਰੀਕਾ ਅਪਨਾਂ ਲਿਆ ਗਿਆ। ਜਦੋਂ ਸੈਕਟਰੀ ਸ੍ਰ ਦਲਜੀਤ ਸਿੰਘ ਜੀਰਾ ਨੂੰ ਇਸ ਨਵੀ ਮਰਿਯਾਦਾ ਬਾਰੇ ਪੁੱਛਿਆ ਗਿਆ ਤਾਂ ਪਹਿਲਾਂ ਤਾਂ ਉਨ੍ਹਾਂ ਕਿਹਾ ਕਿ ਜੇ ਤੁਸੀ ਇਸ ਤਰਾਂ ਦੇ ਸਵਾਲ. ਪੁਛਣੇ ਹਨ ਤਾਂ ਮੈਨੂੰ ਫੂਨ ਨਾਂ ਕਰਿਆ ਕਰੋ ਪਰ ਜਦੋਂ ਜਿਆਦਾ ਜ਼ੋਰ ਦੇਕੇ ਪੁੱਛਿਆ ਗਿਆ ਤਾ ਉਨ੍ਹਾਂ ਕਿਹਾ ਕਿ ਹੈਡ ਗ੍ਰੰਥੀ ਨੇ ਛੁੱਟੀ ਤੇ ਜਾਂਣ ਤੋ ਪਹਿਲਾਂ ਇਹ ਜਾਣਕਾਰੀ ਮੀਤ ਗ੍ਰੰਥੀ ਨੂੰ ਨਹੀ ਸੀ ਦਿੱਤੀ। ਜਦੋਂ ਉਨ੍ਹਾਂ ਦਾ ਧਿਆਨ ਦੋ ਹਫਤੇ ਪਹਿਲਾਂ ਹੋਣ ਵਾਲੀ ਬੁਕਿੰਗ ਤੇ ਦੁਆਇਆ ਗਿਆ ਤਾਂ ਉਨ੍ਹਾਂ ਕਿਹਾ ਕਿ ਜੇ ਇਸ ਤਰਾਂ ਕਰ ਵੀ ਲਿਆ ਤਾਂ ਕੀ ਫਰਕ ਪੈਂਦਾ ਹੈ? ਪ੍ਰਕਰਮਾਂ ਤਾਂ ਗੁਰੂ ਗ੍ਰੰਥ ਸਹਿਬ ਜੀ ਦੀ ਹੀ ਲਈ ਗਈ ਹੈ। ਨਾਲੇ ਤੁਸੀ ਇਹਨਾਂ ਗੱਲਾਂ ਤੋ ਕੀ ਲੈਣਾਂ? ਤੁਸੀ ਨਾਂਮ ਜਪਿਆ ਕਰੋ, ਜੇ ਸਾਡੇ ਤੋ ਕੋਈ ਗਲਤੀ ਹੋ ਵੀ ਗਈ ਤਾਂ ਮਹਾਰਾਜ ਸਾਂਨੂੰ ਆਪ ਹੀ ਬਖਸ਼ ਲੈਣਗੇ। ਸਾਡੀ ਰੋਜ ਗੁਰੂ ਮਹਾਰਾਜ ਨਾਂਲ ਗੱਲ ਹੁੰਦੀ ਰਹਿੰਦੀ ਹੈ।

ਜਦੋਂ ਉਨ੍ਹਾਂ ਨੂੰ ਸ੍ਰੀ ਅਕਾਲ ਤਖਤ ਸਹਿਬ ਤੋ ਪੰਥ ਪ੍ਰਵਾਨਤ ਸਿੱਖ ਰਹਿਤ ਮਰਿਯਾਦਾ ਦਾ ਹਵਾਲਾ ਦਿੱਤਾ ਗਿਆ ਤਾਂ ਉਨ੍ਹਾਂ ਨੇ ਕਿਹਾ ‘ਮੈ ਇਸ ਮਰਿਯਾਦਾ ਨੂੰ ਨਹੀ ਮੰਨਦਾ ਇਹ ਸ੍ਰੋਮਣੀ ਕਮੇਟੀ ਦੀ ਮਰਿਯਾਦਾ ਹੈ' ਉਨ੍ਹਾਂ ਦੁਬਾਰਾ ਫਿਰ ਸਖਤ ਹਦਾਇਤ ਕਰਦਿਆਂ ਕਿਹਾ ਕਿ ‘ਅੱਗੇ ਤੋ ਜੇ ਨਾਮ ਸਿਮਰਨ ਦੇ ਵਿਸ਼ੇ ਤੇ ਗੱਲ ਕਰਨੀ ਹੋਵੇ ਤਾਂ ਹੀ ਫੂਨ ਕਰਨਾਂ ਮੈ ਇਸ ਸਮੇ ਨਾਂਮ ਜਪਣਾਂ ਸੀ ਤੁਸੀ ਮੇਰਾ ਬਹੁਤ ਸਾਰਾ ਸਮਾਂ ਬਰਬਾਦ ਕਰ ਦਿੱਤਾਂ।’ ਸੰਗਤ ਵਿੱਚ ਇਹ ਵੀ ਚਰਚਾ ਹੈ ਕਿ ਭਾਈ ਹਰਜੀਤ ਸਿੰਘ ਨੂੰ ਇੰਗਲੈਂਡ ਦਾ ਵੀਜ਼ਾਂ ਵੀ ਇਸੇ ਕਰਕੇ ਲਗਵਾ ਕੇ ਦਿੱਤਾ ਗਿਆ ਤਾਂ ਜੋ ਕਮੇਟੀ ਦੀਆਂ ਗੈਰ ਸਿਧਾਂਤਕ ਮਰਿਯਾਦਾਵਾਂ ਲਾਗੂ ਕਰਵਾਉਣ ਵਿੱਚ ਸਾਥ ਦੇਣ। ਜਦੋਂ ਕਿ ਭਾਈ ਹਰਜੀਤ ਸਿੰਘ ਸਿੱਖ ਮਿਸ਼ਨਰੀ ਕਾਲਜ ਅਨੰਦਪੁਰ ਸਹਿਬ ਤੋ ਪੜੇ ਹੋਏ ਹਨ ਅਤੇ ਗੁਰਮਤ ਸਿਧਾਂਤਾਂ ਦੇ ਚੰਗੇ ਵਿਆਖਿਆ ਕਾਰ ਹੁੰਦੇ ਹੋਏ ਲਾਲਚ ਵੱਸ ਇਹ ਸਭ ਕਰ ਰਹੇ ਹਨ। ਜਦੋਂ ਸੈਕਟਰੀ ਸਹਿਬ ਨਾਂਲ ਹੈਡ ਗ੍ਰੰਥੀ ਨੂੰ ਜ਼ਬਰੀ ਛੁੱਟੀ ਤੇ ਭੇਜਣ ਅਤੇ ਤਿੰਨ ਗ੍ਰੰਥੀ ਸਿੰਘਾ ਵਿੱਚੋ ਕੇਵਲ ਭਾਈ ਹਰਜੀਤ ਸਿੰਘ ਨੂੰ ਹੀ ਇੰਗਲੈਂਡ ਦਾ ਵੀਜ਼ਾ ਲਗਵਾਉਣ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਇਹ ਕਮੇਟੀ ਨੇ ਤਹਿ ਕਰਨਾਂ ਹੈ ਕਿ ਕਿਹੜਾ ਇਨਸਾਨ ਉਨ੍ਹਾਂ ਮੁਤਾਬਿਕ ਯੋਗ ਹੈ।

ਅਨੰਦ ਕਾਰਜ ਲਈ ਅਪਨਾਈ ਗਈ ਇਸ ਨਵੀ ਨਿਵੇਕਲੀ ਮਰਿਯਾਦਾ ਬਾਰੇ ਜਦੋਂ ‘ਜੱਥੇਦਾਰ’ ‘ਸ੍ਰੀ ਅਕਾਲ ਤਖਤ ਸਹਿਬ’ ਗਿਆਨੀ ਗੁਰਬਚਨ ਸਿੰਘ ਜੀ ਨੂੰ ਫੂਨ ਤੇ ਪੁੱਛਿਆ ਗਿਆ, ਤਾਂ ਉਨ੍ਹਾਂ ਨੇ ਸ਼ਪਸ਼ਟ ਲਫਜਾਂ ਵਿੱਚ ਕਿਹਾ ਕਿ ਇਹ ਬਿਲਕੁੱਲ ਗੈਰ ਸਿਧਾਂਤਕ ਕਾਰਵਾਈ ਹੈ, ਅਨੰਦ ਕਾਰਜ ਲਈ ਲਾਂਵਾਂ ਦਾ ਪਾਠ ਸਿਰਫ ਤੇ ਸਿਰਫ ਸ੍ਰੀ ਗੁਰੂ ਗ੍ਰੰਥ ਸਹਿਬ ਦੇ ਪਾਵਨ ਸਰੂਪ ਤੋ ਹੀ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਇਸ ਸਬੰਧੀ ਕੋਈ ਸ਼ਕਾਇਤ ਆਉਦੀ ਹੈ ਤਾਂ ਸ਼ਕਾਇਤ ਦੇ ਅਧਾਰ ਤੇ ਸਖਤ ਕਾਰਵਾਈ ਕੀਤੀ ਜਾਵੇਗੀ।

ਹਾਂਗ ਕਾਂਗ ਵਿੱਚ ਲਗਾਤਾਰ ਵਾਪਰ ਰਹੀਆਂ ਇਹਨਾਂ ਗੈਰ ਸਿਧਾਂਤਕ ਘਟਨਾਂਵਾਂ ਨੂੰ ਲੈ ਕੇ ਸੰਗਤ ਵਿੱਚ ਦੁਬਿਧਾ ਦੀ ਹਾਲਤ ਬਣੀ ਹੋਈ ਹੈ। ਇੱਥੇ ਇਹ ਗੱਲ ਵੀ ਸੋਚਣ ਤੇ ਮਜਬੂਰ ਹੋਣਾਂ ਪੈ ਰਿਹਾ ਹੈ ਕਿ ਮੌਜੂਦਾ ਕਮੇਟੀ ਸਿੱਖ ਭਾਂਵਨਾਂਵਾਂ ਨੂੰ ਛਿੱਕੇ ਤੇ ਟੰਗ ਕੇ ਅਜਿਹੀ ਕਿਹੜੀ ਮਰਿਯਾਦਾ ਲਾਗੂ ਕਰਵਾਉਣੀ ਚਾਹੁੰਦੀ ਹੈ ਜੋ ਕਿ ਬਿਨਾਂ ਡਾਂਗ ਖੜਕਾਏ ਜਾਂ ਗਿਆਨੀਆਂ ਨੂੰ ਖਰੀਦੇ ਬਿਨਾਂ ਲਾਗੂ ਹੀ ਨਹੀ ਹੋ ਸਕਦੀ! ਮਰਿਯਾਦਾ ਨੂੰ ਲੈਕੇ ਹਾਂਗ ਕਾਂਗ ਦੀ ਸੰਗਤ ਵਿੱਚ ਪਏ ਇੱਸ ਵਖਰੇਵੇ ਨੂੰ ਦੂਰ ਕਰਨ ਲਈ ਹਾਂਗ ਕਾਂਗ ਦੇ ਮੋਹਤਬਰ ਸੱਜਣਾਂ ਨੂੰ ਅੱਗੇ ਆਉਣਾਂ ਚਾਹੀਦਾ ਹੈ ਤਾਂ ਜੋ ਸਿੱਖ ਸੰਗਤ ਨੂੰ ਆਪਸੀ ਪਾਟੋ ਧਾੜ ਤੋ ਬਚਾਇਆ ਜਾ ਸਕੇ!

ਇਸ ਸਾਰੇ ਘਟਨਾਂ ਕਰਮ ਦਾ ਵੇਰਵੇ ਸਹਿਤ ਖੁਲਾਸਾ ਕਰਨ ਤੇ ਸ੍ਰ ਜੰਗ ਬਹਾਦਰ ਸਿੰਘ ਤੇ ਸਪੋਕਸਮੈਨ ਦੇ ਪੱਤਰਕਾਰ ਸ੍ਰ ਬਲਦੇਵ ਸਿੰਘ ‘ਬੁੱਧ ਸਿੰਘ ਵਾਲਾ’ ਨੂੰ ਪ੍ਰਾਈਵੇਟ ਨੰਬਰ ਤੋ ਫੂਨ ਕਰਕੇ ਜਾਂਨੋ ਮਾਂਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਇਸ ਸਬੰਧੀ ਹਾਂਗ ਕਾਂਗ ਦੀ ਪੁਲੀਸ ਨੂੰ ਸੂਚਿਤ ਕੀਤਾ ਜਾ ਚੁੱਕਾ ਹੈ। ਪੁਲੀਸ ਅਨੁਸਾਰ ਹਾਂਗ ਕਾਂਗ ਦੇ ਕਾਂਨੂੰਨ ਮੁਤਾਬਿਕ ਬੋਲਕੇ ਜਾਂ ਲਿਖਕੇ ਵਿਚਾਰਾ ਦਾ ਪ੍ਰਗਟਾਵਾ ਕਰਨ ਦੀ ਪੂਰਨ ਤੌਰ ਤੇ ਆਜਾਦੀ ਦਿੰਦਾ ਹੈ। ਇਸ ਸ਼਼ਕਾਇਤ ਦੇ ਅਧਾਰ ਤੇ ਜੇਕਰ ਕੋਈ ਦੋਸ਼ੀ ਪਾਇਆ ਜਾਦਾ ਹੈ ਤਾਂ ਵਿਅਕਤੀਗਤ ਸੁਰੱਖਿਆ ਨੂੰ ਮੁੱਖ ਰਖਦੇ ਹੋਏ ਕਾਂਨੂੰਨ ਮੁਤਾਬਿਕ ਕਾਰਵਾਈ ਕੀਤੀ ਜਾਵੇਗੀ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top