Share on Facebook

Main News Page

ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ’ਚ ਭੰਗੜਾ ਪਾਉਣਾ ਨਿੰਦਣਯੋਗ: ਪ੍ਰੋ. ਇੰਦਰ ਸਿੰਘ ਘੱਗਾ

ਗੁਰਿੰਦਰ ਸਿੰਘ ਕੋਟਕਪੂਰਾ : ਪਿਛਲੇ ਦਿਨੀਂ ਕਾਹਨਾ ਢੇਸੀਆਂ ਵਿਖੇ ਹੋਏ ਇਕ ਸਮਾਗਮ ਦੌਰਾਨ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ’ਚ ਹਾਜ਼ਰ ਸੰਗਤਾਂ ਵਲੋਂ ਖੜੇ ਹੋ ਕੇ ਕਿਸੇ ਸਾਧ ਦੀਆਂ ਕੱਚੀ ਬਾਣੀ ਦੀਆਂ ਤਰਜ਼ਾਂ ਉਪਰ ਨੱਚਣ, ਟੱਪਣ ਦੀ ਸਖ਼ਤ ਸ਼ਬਦਾਂ ’ਚ ਨਿਖੇਧੀ ਕਰਦਿਆਂ ਪੰਥਕ ਵਿਦਵਾਨ ਪ੍ਰੋ. ਇੰਦਰ ਸਿੰਘ ਘੱਗਾ ਨੇ ਕਿਹਾ ਕਿ ਜਦੋਂ ਸ਼੍ਰੋਮਣੀ ਕਮੇਟੀ ਦੇ ਇਸ਼ਾਰਿਆਂ ’ਤੇ ਨੱਚਣ ਵਾਲੇ ਖ਼ੁਦ ਤਖ਼ਤਾਂ ਦੇ ਜਥੇਦਾਰ ਕਬੂਲ ਕਰਨ ਕਿ ਉਨ੍ਹਾਂ ਦੀ ਨਿਯੁਕਤੀ ਦਾ ਅਧਿਕਾਰ ਸ਼੍ਰੋਮਣੀ ਕਮੇਟੀ ਦੀ ਕਾਰਜਕਾਰਨੀ ਕੋਲ ਹੈ ਤਾਂ ਅਜਿਹੀਆਂ ਸਿੱਖ ਵਿਰੋਧੀ ਤਾਕਤਾਂ ਨੂੰ ਚੁਨੌਤੀ ਦੇਣ ਦੀ ਹਿੰਮਤ ਇਹ ਜਥੇਦਾਰ ਕਿਵੇਂ ਦਿਖਾਉਣਗੇ? ਉਨ੍ਹਾਂ ਕਿਹਾ ਕਿ ਸਾਡੇ ਤਖ਼ਤਾਂ ਦੇ ਜਥੇਦਾਰਾਂ ਦੀ ਕੌਮ ਮਾਰੂ ਸੋਚ ਨੇ ਸਿੱਖ ਧਰਮ ਦਾ ਬਹੁਤ ਨੁਕਸਾਨ ਕੀਤਾ ਹੈ।

ਉਨ੍ਹਾਂ ਕਿਹਾ ਕਿ ਨਗਰ ਕੀਰਤਨ ਦੌਰਾਨ ਸਭਿਅਕ ਦਾਇਰੇ ’ਚ ਰਹਿ ਕੇ ਭੰਗੜਾ ਪਾਉਣਾ ਜਾਂ ਗਤਕਾ ਖੇਡਣਾ ਸਿੱਖ ਰਹਿਤ ਮਰਿਆਦਾ ਦੀ ਉਲੰਘਣਾ ਨਹੀਂ ਪਰ ਕਿਸੇ ਧਾਰਮਕ ਸਮਾਗਮ ਦੌਰਾਨ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ’ਚ ਹੋਛੀਆਂ ਹਰਕਤਾਂ ਨਾਲ ਕੌਮ ਦਾ ਸਿਰ ਨੀਵਾਂ ਕਰਨਾ ਹੈ। ਕਾਹਨਾ ਢੇਸੀਆਂ ਵਿਖੇ ਹੋਏ ਸਮਾਗਮ ਨੂੰ ਉਨ੍ਹਾਂ ਨਿਰੋਲ ਸਿੱਖ ਵਿਰੋਧੀ ਤਾਕਤਾਂ ਦਾ ਸਮਾਗਮ ਕਰਾਰ ਦਿੰਦਿਆਂ ਕਿਹਾ ਕਿ ਅਜਿਹੇ ਵਰਤਾਰੇ ਦਾ ਸਖ਼ਤੀ ਨਾਲ ਵਿਰੋਧ ਹੋਣਾ ਚਾਹੀਦਾ ਹੈ।

ਉਨ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ’ਚ ਵਾਪਰੀ ਇਸ ਘਟਨਾ ਲਈ ਭਾਈ ਜਸਬੀਰ ਸਿੰਘ ਪਾਉਂਟਾ ਸਾਹਿਬ ਵਾਲਿਆਂ ਸਮੇਤ ਉਥੇ ਹਾਜ਼ਰ ਹੋਰ ਰਾਗੀਆਂ ਨੂੰ ਵੀ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਕਿਹਾ ਕਿ ਜਦੋਂ ਇਹ ਪਾਗਲਪਨ ਕਿਸੇ ਅਖੌਤੀ ਗਾਇਕ ਵਲੋਂ ਗਾਏ ਜਾ ਰਹੇ ਗੀਤ ਸਮੇਂ ਹੋ ਰਿਹਾ ਸੀ ਤਾਂ ਭਾਈ ਜਸਬੀਰ ਸਿੰਘ ਪਾਉਂਟਾ ਸਾਹਿਬ ਸਮੇਤ ਦੂਜੇ ਰਾਗੀ ਗੁਰੂ ਸਾਹਿਬ ਦੀ ਬੇਅਦਬੀ ਦਾ ਵਾਸਤਾ ਪਾ ਕੇ ਸੰਗਤ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਬਾਰੇ ਦੱਸਦੇ ਪਰ ਉਹ ਤਾਂ ਖ਼ੁਦ ਵੀ ਉਸ ਨਿੰਦਣਯੋਗ ਗਾਣੇ ’ਤੇ ਝੂਮਦੇ ਨਜ਼ਰ ਆਏ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top