Share on Facebook

Main News Page

ਤੱਤ ਗੁਰਮਤਿ ਪਰਿਵਾਰ ਦੇ ਵੀਰਾਂ ਨੂੰ ਬੇਨਤੀ

ਤੱਤ ਗੁਰਮਤਿ ਪਰਿਵਾਰ ਦੇ ਵੀਰਾਂ ਨੂੰ,

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ

ਤੁਹਾਡਾ ਸੁਨਹਰੀ ਅਖਰਾਂ ਵਾਲੇ ਸਰੂਪਾਂ ਬਾਰੇ ਲੇਖ ਪੜ੍ਹਿਆ। ਸਾਡੇ ਸਾਰੇ ਪੱਖਾਂ ਦੀ ਅਗਵਾਈ ਉਨ੍ਹਾਂ ਦੇ ਹੱਥਾਂ ਵਿਚ ਹੈ, ਜੋ ਬ੍ਰਾਹਮਣ ਲਾਬੀ ਦੀ ਕਠਪੁਤਲੀ ਬਣੇ, ਸਿੱਖੀ ਦਾ ਬੇੜਾ ਗਰਕ ਕਰਨ ਦਾ ਸਿਰ-ਤੋੜ ਉਪਰਾਲਾ ਕਰ ਰਹੇ ਹਨ। ਭਾਵੇਂ ਉਹ ਅਕਾਲੀ-ਦਲ ਹੋਣ, ਸ਼੍ਰੋਮਣੀ ਕਮੇਟੀ ਹੋਵੇ, ਦਿੱਲੀ ਕਮੇਟੀ ਹੋਵੇ, ਸੰਤ-ਸਮਾਜ ਹੋਵੇ, ਯੂਨੀਵਰਸਟੀਆਂ ਵਿਚ ਸਥਾਪਤ ਵਿਦਵਾਨ ਲਾਬੀ ਹੋਵੇ, ਮੀਡੀਆ ਹੋਵੇ, ਸਿੰਘਾਂ ਦੇ ਸਾਹਿਬ ਹੋਣ ਜਾਂ ਸਿਆਸੀ ਅਤੇ ਧਾਰਮਿਕ ਮੁਖੀ ਹੋਣ। ਅਜਿਹੀ ਹਾਲਤ ਵਿਚ ਅਗਿਆਨੀ ਲੋਕ, ਉਨ੍ਹਾਂ ਦੀਆਂ ਸ਼ਿਕਾਇਤਾਂ, ਉਨ੍ਹਾਂ ਕੋਲ ਹੀ ਕਰ-ਕਰ ਕੇ ਸਮਾਂ ਬਰਬਾਦ ਕਰ ਰਹੇ ਹਨ। ਕਿਸੇ ਹੱਲ ਵਲ ਨੂੰ ਇਕ ਇੰਚ ਵੀ ਗੱਲ ਵਧਣ ਦੀ, ਕੋਈ ਸੰਭਾਵਨਾ ਨਜ਼ਰ ਨਹੀਂ ਆ ਰਹੀ।

ਸਿੱਖ ਜਾਗਰੂਕ ਧਿਰਾਂ ਦੇ ਏਕੇ ਦੀ ਗੱਲ ਵੀ ਅੱਜ ਤਾਂ, ਸਿਆਸੀ ਲੋਕਾਂ ਦੇ ਲੁਭਾਵਣੇ ਨਾਅਰਿਆਂ ਵਾਂਙ ਇਕ ਲੁਭਾਵਣਾ ਨਾਅਰਾ ਹੀ ਜਾਪਦਾ ਹੈ, ਜਿਸ ਦੀ ਆੜ ਵਿਚ ਹਰ ਧੜਾ ਆਪਣੀ ਚੌਧਰ ਚਮਕਾਉਣ ਦੀ ਕੋਸ਼ਿਸ਼ ਕਰਦਾ ਜਾਪਦਾ ਹੈ। ਸਿਆਸੀ ਲੋਕ ਤਾਂ ਪੰਜਾਂ ਸਾਲਾਂ ਮਗਰੋਂ ਕੁਝ ਦਿਨ ਇਹ ਡਰਾਮੇਬਾਜ਼ੀ ਕਰਦੇ ਹਨ, ਪਰ ਅਸੀਂ ਤਾਂ ਲਗਾਤਾਰ ਤਿੰਨ ਸਦੀਆਂ ਤੋਂ ਇਹ ਡਰਾਮੇਬਾਜੀ ਕਰ ਰਹੇ ਹਾਂ। ਦੇਖਣ-ਸੁਣਨ ਨੂੰ ਤਾਂ ਇਹ ਬੜੀ ਚੰਗੀ ਗੱਲ ਲਗਦੀ ਹੈ, ਪਰ ਜ਼ਮੀਨੀ ਹਕੀਕਤ ਇਹ ਹੈ ਕਿ ਅਸੀਂ ਇਕ ਦੂਸਰੇ ਤੋਂ ਏਨੇ ਦੂਰ ਜਾ ਚੁੱਕੇ ਹਾਂ ਕਿ ਏਕੇ ਲਈ ਕੀਤੇ ਕਿਸੇ ਵੀ ਇਕੱਠ ਵਿਚ, ਲੀਡਰਾਂ ਅਤੇ ਉਨ੍ਹਾਂ ਦੇ ਸਹਿਯੋਗੀਆਂ ਵਲੋਂ ਕੀਤੀ ਚੁਸਤੀ ਦੀ ਇਕ ਗੱਲ ਵੀ, ਸਾਰਾ ਮਾਹੌਲ ਵਿਗਾੜ ਕੇ, ਉਸ ਇਕੱਠ ਨੂੰ ਤੂੰ-ਤੂੰ ਮੈਂ-ਮੈਂ ਦਾ ਅਖਾੜਾ ਬਣਾ ਦੇਵੇਗੀ।

ਅੱਜ ਦੇ ਹਾਲਾਤ ਵਿਚ, ਜਦ ਕਿ ਜਾਗਰੂਕ ਧਿਰਾਂ, ਅਜਿਹੇ ਇਕੱਠਾਂ ਤੇ ਆਪਣਾ ਪੈਸਾ ਅਤੇ ਸਮਾਂ ਬਰਬਾਦ ਕਰ ਕਰ ਕੇ ਅੱਕ ਚੁੱਕੀਆਂ ਹਨ, ਕੋਈ ਵੀ ਜਾਗਰੂਕ ਧਿਰ ਏਕੇ ਬਾਰੇ ਮੀਟਿੰਗ ਸੱਦਣ ਦੀ ਪਹਿਲ ਨਹੀਂ ਕਰੇਗੀ। ਅਜਿਹੇ ਮਾਹੌਲ ਵਿਚ, ਏਕੇ ਦੀ ਮੀਟਿੰਗ ਸੱਦਣ ਦੀ ਗੱਲ ਸੋਚਣ ਲਗਿਆਂ ਇਹ ਵੀ ਸੋਚਣਾ ਪਵੇਗਾ ਕਿ, ਕਿਤੇ ਇਹ ਮੀਟਿੰਗ ਸਦੀਆਂ ਦੇ ਵਖਰੇਵੇਂ ਦਾ ਕਾਰਨ ਤਾਂ ਨਹੀਂ ਬਣ ਜਾਵੇਗੀ ?

ਲੀਡਰਸ਼ਿਪ ਕੋਲ ਆਪਣੇ-ਆਪ ਨੂੰ ਸਥਾਪਤ ਕਰਨ ਦੇ ਬਹੁਤ ਸਾਰੇ ਘੜੇ ਘੜਾਏ ਬਹਾਨੇ ਹੁੰਦੇ ਹਨ, ਜਿਵੇਂ 1985 ਵਿਚ ਜਦ ਸਿੱਖਾਂ ਤੇ ਕਹਰ ਦੀ ਹਨੇਰੀ ਚਲ ਰਹੀ ਸੀ, ਤਦ ਵੀ ਇਕ ਸੱਜਣ ਨੇ ਮੈਨੂੰ ਬਹੁਤ ਨੇਕ ਸਲਾਹ ਦਿੱਤੀ ਸੀ ਕਿ “ਵੇਖੋ ਜੀ ਹੁਣ ਤਾਂ ਸੰਤ ਗੁਰਬਚਨ ਸਿੰਘ ਜੀ ਦੇ ਪੋਤਰੇ, ਸੰਤ ਕਰਤਾਰ ਸਿੰਘ ਜੀ ਦੇ ਪੁਤ੍ਰ ਅਤੇ ਸੰਤ ਜਰਨੈਲ ਸਿੰਘ ਜੀ ਦੇ ਪਿਤਾ ਜੀ, ਸਾਰੇ ਹੀ ਇਕੱਠੇ ਹੋ ਗਏ ਹਨ, ਹੁਣ ਤਾਂ ਸਿੱਖਾਂ ਨੂੰ ਇਨ੍ਹਾਂ ਦੀ ਅਗਵਾਈ ਵਿਚ ਚਲਣਾ ਹੀ ਬਣਦਾ ਹੈ” ਅੱਜ ਜਾਗਰੂਕ ਲੋਕ ਇਨ੍ਹਾਂ ਲੀਡਰਾਂ ਤੋਂ ਅੱਕ ਚੁੱਕੇ ਹਨ, ਉਹ ਸਿਰਫ ਉਨ੍ਹਾਂ ਆਗੂਆਂ ਨੂੰ ਹੀ ਬਰਦਾਸ਼ਤ ਕਰਨਗੇ, ਜੋ ਸਿਰਫ ਤੇ ਸਿਰਫ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਵਿਚ, ਹਉਮੈ ਰਹਿਤ ਹੋ ਕੇ ਚੱਲਣ ਵਾਲੇ ਹੋਣ।

ਜੇ ਇਸ ਹੋਣ ਵਾਲੀ ਮੀਟਿੰਗ ਦਾ ਵੀ ਕੋਈ ਸਾਰਥਿਕ ਸਿੱਟਾ ਨਾ ਨਿਕਲਿਆ ਤਾਂ ਜਾਗਰੂਕ ਲੋਕ, ਆਪਣੀ ਜ਼ਿੰਦਗੀ ਵਿਚ, ਅਜਿਹੀ ਕਿਸੇ ਮੀਟਿੰਗ ਬਾਰੇ ਵਿਚਾਰ ਵੀ ਨਹੀਂ ਕਰਨਗੇ। ਜੇ ਕੁਝ ਅਜਿਹਾ ਪ੍ਰਬੰਧ ਹੋ ਸਕੇ ਕਿ, ਇਸ ਬੈਠਕ ਵਿਚ, ਹਉਮੈ ਰਹਿਤ ਜਾਗਰੂਕ ਸਿੱਖ ਹੀ ਭਾਗ ਲੈ ਸਕਣ, ਤਾਂ ਤੇ ਠੀਕ ਹੈ, ਨਹੀਂ ਤਾਂ ਇਹ ਮੀਟਿੰਗ ਏਕੇ ਬਾਰੇ ਆਖਰੀ ਮੀਟਿੰਗ ਹੋ ਨਿਬੜੇਗੀ, ਜਿਸ ਤੋਂ ਬਚਣ ਦੀ ਲੋੜ ਹੈ। ਆਪਸੀ ਕੁੜੱਤਣ ਹੋਰ ਵਧਾਉਣ ਨਾਲੋਂ, ਅਜਿਹੀ ਮੀਟਿੰਗ ਤੋਂ ਪਾਸਾ ਵੱਟ ਲੈਣਾ ਹੀ ਠੀਕ ਰਹੇਗਾ।

ਮੁਆਫ ਕਰਨਾ ਗੱਲਾਂ ਕੁਝ ਜ਼ਿਆਦਾ ਹੀ ਕੌੜੀਆਂ ਕਹਿ ਗਿਆ ਹਾਂ, ਪਤਾ ਨਹੀਂ ਜਾਗਰੂਕ ਵੀਰ, ਇਨ੍ਹਾਂ ਗੱਲਾਂ ਨੂੰ ਕਿੰਨਾ ਕੁ ਹਜ਼ਮ ਕਰ ਪਾਉਣਗੇ ? ਕਿਉਂਕਿ ਜਾਗਰੂਕ ਧਿਰਾਂ ਵਿਚੋਂ ਵੀ ਹਉਮੈ ਰਹਿਤ ਸਿੱਖ ਲੱਭਣੇ, ਤੂੜੀ ਦੇ ਢੇਰ ਵਿਚੋਂ ਸੂਈ ਲੱਭਣ ਬਰਾਬਰ ਹੈ।

ਅਮਰਜੀਤ ਸਿੰਘ ਚੰਦੀ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top